ਬਿਜੜਿਆਂ ਦੇ ਆਲ੍ਹਣੇ.......... ਕਹਾਣੀ / ਰਵੀ ਸਚਦੇਵਾ

ਅੰਤਾਂ ਦੀ ਗਰਮੀ ਸੀ। ਧੁੱਪ ਨਾਲ ਤਪਦੀਆਂ ਸ਼ਾਂਤ ਪਿੰਡ ਦੀਆਂ ਗਲੀਆਂ, ਸੱਪ ਵਾਂਗ ਛੂਕ ਰਹੀਆਂ ਸਨ। ਕਦੇ-ਕਦੇ ਆਉਂਦਾ ਤੱਤੀ ਹਵਾ ਦਾ ਬੁੱਲਾ ਪੂਰੇ ਜਿਸਮ ਨੂੰ ਵਲੂੰਧੜ ਕੇ ਰੱਖ ਦਿੰਦਾ ਸੀ। ਇੱਕ ਅਜੀਬ ਜਿਹੀ ਚੁੱਪੀ ਸੀ। ਗੁਰਦੁਆਰੇ ਵਾਲਾ ਤਖਤਪੋਸ਼ ਵੀ ਅੱਜ ਖਾਲੀ ਸੀ। ਪਿੰਡ ਦੀ ਸੱਥ ਵਿੱਚ ਪੱਸਰਿਆ ਸੰਨਾਟਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆਂ ਹੋਇਆ ਸੀ। ਇੱਕ ਦੋ ਘਰਾਂ 'ਚ ਪੈਂਦਾ ਵੈਣ ਪਿੰਡ ਦੀ ਚੁੱਪੀ ਨੂੰ ਤੋੜਣ ਦੀ ਕੋਸ਼ਿਸ ਕਰ ਰਿਹਾ ਸੀ। ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ । ਪਿੰਡ ਵਿੱਚ ਰੌਲਾ ਪੈ ਗਿਆ ਸੀ ਕਿ ਪਿੰਡ ਵਾਸੀਆਂ ‘ਤੇ ਛੂਤ ਦਾ ਕਹਿਰ ਹੈ, ਜੋ ਭੂਰੇ ਕਣਕਵੰਨੇ ਰੰਗ ਦੇ ਫਕੋਸਾਇਨੀ ਜਾਤੀ ਦੇ ਛੋਟੇ ਜਿਹੇ ਪੰਛੀ ਬਿਜੜਿਆਂ ਦੇ ਮਰਨ ਕਾਰਨ ਪੈਦਾ ਹੋਇਆ ਹੈ। ਪਤਾ ਨਹੀਂ ਕਿਉਂ... ?  ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਬਿਜੜੇ ਅਚਾਨਕ ਮਰ ਰਹੇ ਸਨ। ਪੜ੍ਹੇ ਲਿਖੇ ਤਬਕੇ ਦੇ ਕੁਝ ਸਿਆਣੇ ਲੋਕ, ਪਿੰਡ ਦੀ ਫ਼ਿਰਨੀ  ‘ਤੇ ਸ਼ਹਿਰ ਜਾਂਦੀ ਸੜਕ ਵਾਲੇ ਪਾਸੇ, ਬਾਹਰ-ਬਾਹਰ ਲੱਗੇ ਕਾਰਖਾਨੇ ਦੀ ਚਿਮਨੀ 'ਚੋਂ ਨਿਕਲਦੇ ਧੂੰਏ ਨੂੰ ਇਸਦਾ ਕਾਰਨ ਮੰਨ ਰਹੇ ਸਨ। 'ਤੇ ਕੁਝ ਕਾਰਖਾਨੇ ਕਾਰਨ ਛੱਪੜ, ਨਦੀ ਦੇ ਲਗਾਤਾਰ ਦੂਸ਼ਿਤ ਹੁੰਦੇ ਪਾਣੀ ਨੂੰ ਮੰਨ ਰਹੇ ਸਨ। ਪਰ…ਇੱਕ ਡਰ ਕਾਰਨ ਚੁੱਪ ਸਨ। ਕਿਉਂਕਿ ਕਾਰਖਾਨਾ ਪਿੰਡ ਦੇ ਬਹੁਤੇ ਲੋਕਾਂ ਦਾ ਦਾਲ-ਫੁਲਕਾ ਤੋਰਕੇ, ਉਨ੍ਹਾਂ ਦਾ ਪੇਟ ਭਰਦਾ ਸੀ। ਚਿਮਨੀ 'ਚੋਂ ਨਿਕਲਦਾ ਇਹ ਧੂੰਆਂ ਪਾਪੀ ਪੇਟ ਦੀ ਹਸਤ ਰੇਖਾ ਹੈ। ਇਸਦੇ ਬੁਝਣ ਨਾਲ ਬਹੁਤੇ ਘਰਾਂ ਦੇ ਚੁੱਲੇ ਠੰਢੇ ਪੈ ਜਾਣੇ ਸਨ। 
ਕੁਝ ਵਿਹਲੜ,ਅਧ-ਪੜ੍ਹ ਜਿਹੀ ਖੋਪੜੀ ਵਾਲੇ ਨੌਜਵਾਨਾਂ ਦੀ ਟੋਲੀ ਨੇ ਇਸ ਕਹਿਰ ਤੋਂ ਬਚਨ ਲਈ ਪੰਛੀਆਂ ਦੀ ਠਾਹਰ ਬਣੀ ਛੱਪੜ ਨੁਮਾ ਜਗ੍ਹਾ ਦੁਆਲੇ ਉੱਗੇ ਸੰਘਾੜੇ, ਨਾੜ 'ਤੇ ਦੱਬ ਦਾ ਸਫਾਇਆ ਕਰਨ ਲਈ ਨਾੜ ਸਰਕੰਡੇ ਨੂੰ ਅੱਗ ਲਾ ਕੇ ਸਾੜ-ਫ਼ੂਕ ਦਿੱਤਾ। ਖੇਤਾਂ ਦੇ ਆਲੇ-ਦੁਆਲੇ ਦੇ ਸਾਰੇ ਰੁੱਖਾਂ ਤੋਂ ਬਿਜੜਿਆਂ ਦੇ ਆਲ੍ਹਣੇ ਧੂਹ-ਧੂਹਕੇ ਉਤਾਰੇ ਗਏ। ਬੇਜ਼ੁਬਾਨ, ਬੇਕਸੂਰ ਭੋਲੇ-ਭਾਲੇ ਬਿਜੜਿਆਂ ਦੇ ਤੀਲਾ-ਤੀਲਾ ਕਰਕੇ ਜੋੜੇ ਕੱਖਾਂ ਦੇ ਆਲ੍ਹਣੇ, ਤੀਲ੍ਹੋ-ਤੀਲ੍ਹ ਹੋ ਕੇ ਵਿਹਲੜ ਫਿਰੀ ਖੋਪੜੀ ਵਾਲਿਆਂ ਦੀ ਮੂਰਖਤਾ ਦੀ ਭੇਂਟ ਚੜ੍ਹ ਗਏ ਸਨ। ਪਰ ਇਸ ਛੂਤ ਰੋਗ ਦਾ ਹੱਲ ਫਿਰ ਵੀ ਨਾ ਹੋਇਆ । ਛੂਤ ਦਾ ਕਹਿਰ ਹੋਰ ਤੇਜ਼ੀ ਨਾਲ ਫੈਲ ਰਿਹਾ ਸੀ। ਪਿੰਡ ਵਿੱਚ ਦਸ ਬਾਰ੍ਹਾਂ ਮੌਤਾਂ ਵੀ ਹੋ ਚੁੱਕੀਆਂ ਸਨ। ਪਿੰਡ ਦੇ ਬਾਹਰ-ਵਾਰ ਸਰਕਾਰੀ ਹਸਪਤਾਲ ਵਿੱਚ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਇਆਂ ਸਨ। ਡਾਕਟਰ ਨੂੰ ਸਿਰ ਖੁਰਕਣ ਦੀ ਵੀ ਵੇਹਲ ਨਹੀਂ ਸੀ। ਸ਼ਹਿਰੋਂ ਆਇਆ ਇੱਕ ਮੈਡੀਸਨ ਪ੍ਰਤੀਨਿਧ ਸਵੇਰ ਦਾ ਬੈਠਾ-ਬੈਠਾ ਅੱਕ ਚੁੱਕਾ ਸੀ। ਡਾਕਟਰ ਭੀਮ ਸਿੰਘ ਸੇਖੋਂ ਵਾਰ ਵਾਰ ਟੇਬਲ ਘੰਟੀ ਮਾਰ ਰਹੇ ਸਨ। ਪਰ ਹਸਪਤਾਲ ਦੇ ਚਪੜਾਸੀ, ਕਾਂਸ਼ੀ ਰਾਮ ਦਾ ਕੋਈ ਪਤਾ ਨਹੀਂ ਸੀ। ਦਰਵਾਜ਼ੇ ਕੋਲ ਖੜ੍ਹ ਕੇ ਸੇਖੋਂ ਸਾਹਬ ਨੇ ਪਰਚੀ ਕੱਟਣ ਵਾਲੇ ਛਿੰਦੇ ਨੂੰ ਅਵਾਜ਼ ਮਾਰੀ 'ਤੇ ਕਿਹਾ, "ਕਾਕਾ ਛਿੰਦਰ, ਪੁੱਤ ਬਣਕੇ ਇੱਕ ਮਿੰਟ ਇੱਥੇ ਆਂਈ” । ਛਿੰਦਾ ਡਾਕਟਰ ਕੋਲ ਆ ਕੇ ਅੱਖਾਂ ਮਲਣ ਲੱਗਾ। ਪੁੱਤ ਛਿੰਦੇ.., ਕੰਨਟੀਨ ਵਾਲੇ ਨੂੰ ਚਾਹ ਦੀ ਹਾਕ ਤਾਂ ਮਾਰੀ.. ਮਲਾਈ ਮਾਰਕੇ ਮਿੱਠਾ ਪੱਤੀ ਠੋਕ ਕੇ । ਸਵੇਰ ਦੀ ਸਾਲੀ ਖੋਪੜੀ ਫਟੀ ਜਾਂਦੀ ਐ..।
-"ਜੀ ਡਾਕਟਰ ਸਾਹਬ...,
ਛਿੰਦਾ ਕੰਨਟੀਨ ਵਾਲੇ ਨੂੰ ਚਾਹ ਕਹਿਣ ਲਈ ਹਸਪਤਾਲ ਦੇ ਗੇਟ 'ਚੋਂ ਬਾਹਰ ਨਿਕਲ ਗਿਆ। ਕਤਾਰ ਵਿੱਚ ਲੱਗੇ ਲੋਕ ਬਾਹਰ ਜਾਂਦੇ ਛਿੰਦਰ ਨੂੰ ਘੂਰੀ ਵੱਟ ਰਹੇ ਸਨ। ਸੱਤ ਅੱਠ ਮਿੰਟੱ ਬਾਦ ਘਸਮੈਲੇ ਤੇ ਨਿਕੜ ਜਿਹੇ ਕੱਪ 'ਚ ਮੂਤ ਵਰਗੀ ਕਾਲੀ ਚਾਹ, ਸਿਰ ਖੁਰਕਦੇ ਕੰਨਟੀਨ ਵਾਲੇ ਮੁੰਡੇ ਨੇ ਟੇਬਲ ਤੇ ਪਟੱਕ ਦੇਣੇਂ ਮਾਰੀ। ਸਵੇਰ ਦਾ ਵਿਚਾਰਾ ਉਹ ਵੀ ਅੱਕਿਆ ਸੜਿਆ ਪਿਆ ਸੀ।
- ਕਾਕਾ ! ਇਹ ਚਾਹ ਏ ਜਾਂ ਕਾਲਾ ਬੱਤਾ ???
- ਡਾਕਟਰ ਸਾਹਬ... ਅੱਜ ਹੱਟੀ 'ਤੇ ਕੰਮ ਬਥੇਰਾ ਏ। ਬਾਈ ਜੀ ਚਾਹ ਬਣਾ-ਬਣਾ ਧਰੀ ਜਾਂਦੇ ਨੇ, 'ਤੇ ਮੈਂ ਦਵਾ ਦਵ ਵਰਤਾਈ ਜਾਂਦਾ ਹਾਂ। ਨਾਲੇ... ਡਾਕਟਰ ਸਾਹਬ  ਦੁੱਧ ਤਾਂ ਅੱਜ ਸਵੇਰ ਦਾ ਹੈ ਨੀ। ਬਾਈ ਜੀ ਸੁੱਕੇ ਪਾਉਡਰ ਨਾਲ ਹੀ ਡੰਗ ਟਪਾਊ ਕਰਦੇ, ਚਾਹ ਨੂੰ ਟੀ ਬਣਾਈ ਜਾਂਦੈ। ਹੁਣ ਅੰਗਰੇਜ਼ੀ ਸਮਝ ਕੇ, ਬਿਨਾਂ ਫੂਕਾਂ ਮਾਰੇ ਟੀ ਦੀਆਂ ਚੁਸਕੀਆਂ ਭਰ ਲਵੋ ਜਨਾਬ…! ਆਥਣੇ ਦੇਸੀ ਬਣਾ ਕੇ, ਉਬਲਦੀ ਪਤੀਲੇ ਤੋਂ ਲਾ ਦਿਆਂਗੇ।
- “ਚੱਲ ਕਾਕਾ... ਛੱਡ ਇਨ੍ਹਾਂ ਗੱਲਾਂ ਨੂੰ..., ਤੂੰ ਇਹ ਦੱਸ.. ਅੱਜ ਕਾਸ਼ੀ ਰਾਮ ਕਿੱਥੇ ਮਰਿਆਂ ਏ…! ਕਦ ਦਾ ਘੰਟੀ ਤੇ ਘੰਟੀ ਮਾਰੀ ਜਾਂਦਾ ਹਾਂ।
- ਡਾਕਟਰ ਸਾਹਬ... ਉਹ ਤਾਂ ਅੱਜ ਛੁੱਟੀ 'ਤੇ ਆ।
- "ਕਿਉਂ ਬਾਈ... ਉਸਨੂੰ ਵੀ..ਕੇ..,?  ਇਹ ਰੋਗ ਤਾਂ ਨੀ ਹੋ ਗਿਆ। 
- ਨਹੀਂ ਸਾਹਬ... ਉਸਦੀ ਬਹੂ ਨੂੰ ਹੋਇਆ ਏ।
- 'ਤੇ ਫਿਰ... ਉਹ ਉਸਨੂੰ ਹਸਪਤਾਲ ਕਿਉਂ ਨਹੀਂ ਲੈ ਕੇ ਆਇਆ?
- ਜੀ.... ਉਹ ਬਹੂ ਨੂੰ ਸ਼ਹਿਰ ਲੈ ਗਿਆ। ਪ੍ਰਾਈਵੇਟ ਹਸਪਤਾਲ 'ਚ।
- "ਕਿਉਂ ਬਾਈ... ਸਰਕਾਰੀ ਮੁਲਾਜ਼ਮ ਹੋ ਕੇ ਉਹ ਆਪਣੀ ਬਹੂ ਨੂੰ ਪ੍ਰਾਈਵੇਟ  ਡਾਕਟਰਾਂ ਕੋਲ ਕਿਉਂ ਦਿਖਾਉਂਦਾ ਫਿਰਦੈ?
- "ਡਾਕਟਰ ਸਾਹਬ..., ਮਾਫ਼ ਕਰਨਾ ਛੋਟਾ ਮੂੰਹ ਵੱਡੀ ਗੱਲ, ਕੱਲ ਮੈਂ 'ਤੇ ਬਾਈ ਰਾਤ ਨੂੰ ਉਨ੍ਹਾਂ ਦੇ ਘਰ ਗਏ ਸਾਂ... ਉਸਦੀ ਬਹੂ ਦਾ ਪਤਾ ਲੈਣ। ਉਹ ਕਹਿ ਰਿਹਾ ਸੀ...? ਤੜਕੇ ਪਹਿਲੀ ਬੱਸ 'ਤੇ ਸ਼ਹਿਰ ਜਾਣ ਲਈ। ਬਾਈ ਨੇ ਉਨ੍ਹਾਂ ਨੂੰ ਬਥੇਰਾ ਆਖਿਆ ਸੀ ਇੱਥੇ ਚੈਕਅੱਪ ਕਰਵਾ ਲਵੋ। ਪਰ..."ਕਾਂਵਾਂ ਦੇ ਆਖਿਆਂ ਵੀ ਕਦੇ ਢੱਗੇ ਮਰੇ ਨੇ !" ਉਸਨੇ ਬਾਈ ਦੀ ਇੱਕ ਨੀ ਸੁਣੀ..। "ਡਾਕਟਰ ਸਾਹਬ.., ਉਹ ਕਹਿ..ਰਿ..ਹਾ... ਸੀ... ਕਿ..
-"ਕੀ ਕਹਿ ਰਿਹਾ ਸੀ... ਕਾਸ਼ੀ ਰਾਮ... ?
- ਜੀ.. ਉਹ ਕਹਿ ਰਿਹਾ ਸੀ ਕਿ ਉਸਨੂੰ ਸਭ ਪਤੈ.. ਸ਼ਹਿਰੀ ਕੋਟ ਪੈਂਟ ਵਾਲੇ ਜਿੰਨਾਂ ਦੇ ਹੱਥ 'ਚ ਬੈਗ ਹੁੰਦੈ, ਉਹ ਤੁਹਾਨੂੰ ਭਿੰਨ ਭਿੰਨ ਪ੍ਰਕਾਰ ਦੀ ਦਵਾ-ਦਾਰੂ ਦੇ ਮੁਫ਼ਤ ਨਮੂਨੇ 'ਤੇ ਨਾਲ ਬਹੁਤ ਕੁਝ ਹੋਰ ਵੀ ਦੇ ਕੇ ਜਾਂਦੇ ਨੇ।
- "ਹੋਰ ਵੀ ਬਹੁਤ ਕੁਝ"..? ਮੈਂ ਕੁਝ ਸਮਝਿਆ ਨੀ..? ਨਾਲੇ ਕਾਕਾ..ਤੂੰ ਕਿਸ ਕੋਟ ਪੈਂਟ ਵਾਲਿਆਂ ਦੀ ਗੱਲ ਕਰਦੈਂ..?
-"ਜੀ.., ਅੱਜ ਵੀ.. ਬਾਹਰ ਬੈਠਾ ਇੱਕ ਕੋਟ ਪੈਂਟ ਵਾਲਾ ਪੁੱਛ-ਗਿੱਛ ਕੇਂਦਰ ਵਾਲੀ ਕੁੜੀ ਨਾਲ ਸਵੇਰ ਦਾ ਆਸ਼ਕੀ ਭੋਰਦਾ ਹੋਇਆ, ਤੁਹਾਡੇ ਬੁਲਾਵੇ ਦੀ ਉਡੀਕ 'ਚ, ਤਿੰਨ ਵਾਰ ਚਾਹ ਪੀ ਚੁੱਕੈ।
- " ਠੀਕ ਏ.. ਠੀਕ ਏ.. ਕਾਕਾ ਮੈਂ ਸਮਝਿਆ ਤੂੰ ਐਮ. ਆਰ. ਦੀ ਗੱਲ ਕਰਦੈ। ਕੀ ਕਹਿੰਦਾ ਸੀ ਕਾਂਸ਼ੀ ਰਾਮ ਉਨ੍ਹਾਂ ਬਾਰੇ..?
- "ਜਨਾਬ..।, "ਉਹ ਕਹਿੰਦਾ ਸੀ, ਉਸ ਤੋਂ ਕੁਝ ਨੀਂ ਲੁਕਿਆ। ਤੁਹਾਡੇ ਕੋਲ ਨਿੱਤ ਨਵੀਆਂ-ਨਵੀਆਂ ਕੰਪਨੀਆਂ ਦੇ ਬੰਦੇ ਆਉਂਦੇ ਜਾਂਦੇ ਆ। ਜਿਹੜਾ ਤੁਹਾਡੀ ਜੇਬ ਗਰਮ ਕਰ ਜਾਂਦੈ, ਤੁਸੀਂ ਓਦੀ ਦਾਰੂ-ਬੂਟੀ ਲਿਖਣ ਲਗਦੇ ਓ। ਚੰਗੀ ਕੰਪਨੀ ਦੀ ਦਵਾ-ਦਾਰੂ ਤੁਸੀ ਕਦੇ ਲਿਖੀ ਨੀਂ।  ਨੋਟਾਂ ਦੇ ਖੁੱਲ੍ਹੇ ਗੱਫੇ ਮਾਰਦੇ ਤੁਸੀਂ ਗਰੀਬਾਂ ਨੂੰ ਭੁੱਲ ਗਏ ਓ। ਭੋਲੀ ਗਰੀਬੜੀ ਆਦਮ ਜ਼ਾਤ ਨੂੰ ਕੀ ਪਤੈ..।? ਜਿੱਥੇ ਉਨ੍ਹਾਂ ਦਾ ਸੌ ਨਾਲ ਸਰਦੈ, ਉੱਥੇ ਉਨ੍ਹਾਂ ਦਾ ਪੰਜ ਸੌ ਲੱਗ ਜੂ..”
“ਡਾਕਟਰ ਸਾਹਬ.. ਗੁੱਸਾ ਨਾ ਕਰਿਓ, ਕਾਂਸ਼ੀ ਰਾਮ ਸੱਚ ਕਹਿੰਦੈ.. ਚੱਲਦੇ ਘਰਾਂ ਦਾ ਤਾਂ ਚਲੋ ਸਰਦੈ। ਪਰ ਇੱਟਾਂ 'ਚ ਖੂਨ ਪਸੀਨਾ ਤਾਂ ਗਰੀਬਾਂ ਦਾ ਹੀ ਹੁੰਦੈ। ਵਿਚਾਰੇ ਗਰੀਬੜੇ ਰੋਗੀ.. ਇਹ ਨਜਾਇਜ਼ ਬਿੱਲ ਕਿੱਥੋਂ ਭਰਨ..? ਪਿੰਡ ਵਾਲੇ ਵਾਕਿਆ ਹੀ ਬਿਜੜਿਆਂ ਦੀ ਤਰ੍ਹਾਂ ਭੋ..ਲੇ.. ਆ.. .. ਬੇ..ਕ..ਸੂ..ਰ..। .. ਆ… ..!
- "ਬਸ.. ਕਰ.. ਬਸ.. ਕਰ.. ਕਾਕਾ.., ਹੋਰ ਕੁਝ ਨਾ ਬੋਲ।  ਡਾਕਟਰ ਭੀਮ ਸਿੰਘ ਸੇਖੋਂ ਨੇ ਪਾਸਾ ਵੱਟ ਲਿਆ 'ਤੇ ਠੰਡੀ ਚਾਹ, ਇੱਕ ਘੁੱਟ 'ਚ ਹੀ ਪੀ ਗਿਆ। 
ਚਪੜਾਸੀ ਦੀਆਂ ਖਰੀਆਂ 'ਤੇ ਸੱਚੀਆਂ ਗੱਲਾਂ, ਕੰਨਟੀਨ ਵਾਲੇ ਮੁੰਡੇ ਦੇ ਮੂੰਹ 'ਚੋਂ ਸੁਣ ਕੇ, ਖੁਦਗਰਜ਼ ਡਾਕਟਰ ਦੇ ਮੂੰਹ ਤੇ ਤਰੇਲੀ ਆ ਗਈ। ਇਸ ਪੇਚੀਦਾ ਵਿਅੰਗ ਦਾ ਉਸ ਕੋਲ ਕੋਈ ਸੰਭਾਵਿਤ ਉੱਤਰ ਨਹੀਂ ਸੀ। ਨਿਰ-ਉਤਰ ਹੋਏ ਡਾਕਟਰ ਨੂੰ ਕੁਝ ਕੁ ਪਲ ਲਈ ਇੰਝ ਲੱਗਾ ਜਿਵੇਂ  ਉਸਦੀ ਮੁੱਠੀ 'ਚ ਰੱਖੀ ਹੋਈ, ਕੋਈ ਬਹੁ-ਮੁੱਲੀ ਚੀਜ਼ ਰੇਤ ਦੇ ਕਿਰਨ ਵਾਂਗ ਕਿਰ ਗਈ ਹੋਵੇ। ਤੜਕੇ ਤੋਂ ਹਸਪਤਾਲ ਦੇ ਵਿਹੜੇ 'ਚ ਬੈਠੇ ਮੈਡੀਸਨ ਪ੍ਰਤੀਨਿਧ ਨੂੰ ਭੁੱਲ ਕੇ, ਹੁਣ ਉਹ ਅਗਲੇ ਮਰੀਜ਼ਾਂ ਨੂੰ ਵੇਖਣ ਵਿੱਚ ਰੁਝ ਗਿਆ। ਸ਼ਾਇਦ…ਆਪਣੇ ਵਿਗੜੇ ਅਕਸ 'ਤੇ ਡਾਵਾਡੋਲ ਸਥਿਤੀ ਨੂੰ ਬਹਾਲ ਕਰਨ ਦੇ ਲਈ....? 
****

No comments: