ਸਾਹਿਤਕ ਪੱਤਰਕਾਰੀ ਦੇ ਨੈਣ-ਨਕਸ਼........ ਲੇਖ / ਸ਼ਾਮ ਸਿੰਘ ਅੰਗ-ਸੰਗ

ਪੱਤਰਕਾਰੀ ਦੇ ਖੇਤਰ ਵਿੱਚ ਸਾਹਿਤਕ ਪੱਤਰਕਾਰੀ ਭਾਵੇਂ ਬਹੁਤੀ ਥਾਂ ਨਹੀਂ ਮੱਲ ਜਾਂ ਬਣਾ ਸਕੀ, ਫੇਰ ਵੀ ਇਸ ਦੇ ਵੱਖਰੇ ਮੁਹਾਂਦਰੇ ਦੀ ਪਛਾਣ ਨੂੰ ਅੱਖੋਂ ਓਹਲੇ ਕਰਨਾ ਆਸਾਨ ਨਹੀਂ। ਇਸ ਦੇ ਮੁਹਾਂਦਰੇ ਦੇ ਨੈਣ-ਨਕਸ਼ ਸਿਰਜਣ / ਘੜਨ ਵਾਲਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦਾ ਰੁਝਾਨ ਵੱਖਰੀ ਕਿਸਮ ਦੀ ਵਿਧਾ ਨੂੰ ਜਨਮ ਦੇ ਰਿਹਾ ਹੈ ਅਤੇ ਨਵੇਂ ਅੰਦਾਜ਼ ਵਾਲੀ ਭਾਸ਼ਾ ਨੂੰ ਵੀ। ਪਹਿਲਾਂ-ਪਹਿਲ ਅਜਿਹੇ ਰੁਝਾਨ ਨਾਲ ਤੁਰਨ ਵਾਲੇ ਬਹੁਤੇ ਨਹੀਂ ਹੁੰਦੇ, ਪਰ ਆਲੋਚਨਾ ਕਰਨ ਵਾਲਿਆਂ ਦੀ ਘਾਟ ਨਹੀਂ ਹੁੰਦੀ। ਹੌਲੀ-ਹੌਲੀ ਜਦੋਂ ਇਸ ਰੁਝਾਨ ਨਾਲ ਲਿਖੀਆਂ ਰਚਨਾਵਾਂ ਚੋਂ ਸੁਹਜ-ਸੁਆਦ ਆਉਣ ਲੱਗ ਪੈਂਦਾ ਹੈ ਤਾਂ ਉਨ੍ਹਾਂ ਦਾ ਨਿੰਦਾ-ਪਾਠ ਬੋਲਣ ਜੋਗਾ ਨਹੀਂ ਰਹਿੰਦਾ। ਭਾਸ਼ਾ ਦੀ ਵਰਤੋਂ ਚ ਚਾਲੂ ਵਿਆਕਰਣ ਨਾ ਮਿਲਣ ਕਰ ਕੇ ਨਵੇਂ ਅੰਦਾਜ਼ ਦੇ ਪ੍ਰਭਾਵ ਦਾ ਜਾਦੂ ਆਪਣੇ ਕੌਤਕ ਦਿਖਾਏ ਬਿਨਾਂ ਨਹੀਂ ਰਹਿੰਦਾ। ਨਵਾਂ, ਸੱਜਰਾ ਅਤੇ ਵਿਲੱਖਣ ਮਸਾਲਾ ਪੜ੍ਹਨ ਨੂੰ ਮਿਲਣ ਕਰ ਕੇ ਉਸ ਵਿੱਚ ਗਹਿਰੀ ਰੁਚੀ ਪੈਦਾ ਹੋ ਜਾਣੀ ਕੋਈ ਦੂਰ ਦੀ ਗੱਲ ਨਹੀਂ ਰਹਿੰਦੀ।

ਥੋੜ੍ਹੀ ਸਪੇਸ ਮਿਲਣ ਦੇ ਬਾਵਜੂਦ ਸਾਹਿਤਕ ਪੱਤਰਕਾਰੀ ਨੇ ਆਪਣੀ ਮਿਆਰੀ ਭੂਮਿਕਾ ਨਾਲ ਉਨ੍ਹਾਂ ਗੰਭੀਰ ਅਤੇ ਸੁਹਿਰਦ ਪਾਠਕਾਂ ਦਾ ਧਿਆਨ ਖਿੱਚਿਆ ਹੈ, ਜਿਹੜੇ ਸਧਾਰਨ ਭਾਸ਼ਾ ਅਤੇ ਸਧਾਰਨ ਘਟਨਾਵਾਂ ਦੇ ਸੰਸਾਰ ਵਿੱਚ ਵਿਚਰਦਿਆਂ ਉਨ੍ਹਾਂ ਹੀ ਸਫਿਆਂ ਤੇ ਉਹ ਕੁੱਝ ਵੀ ਪੜ੍ਹ / ਵਿਚਾਰ ਲੈਂਦੇ ਹਨ, ਜਿਹੜੀ ਉਨ੍ਹਾਂ ਦੇ ਦਿਲ ਦੀ ਖ਼ੁਰਾਕ ਵੀ ਹੁੰਦੀ ਹੈ ਅਤੇ ਰੂਹ ਦੀ ਵੀ। ਸਾਹਿਤਕ ਸੰਸਾਰ ਦੀਆਂ ਵਿਲੱਖਣ ਖ਼ਬਰਾਂ ਅਤੇ ਰੌਚਿਕ ਘਟਨਾਵਾਂ  ਨੂੰ ਸਾਹਿਤਕ ਭਾਸ਼ਾ ਅਤੇ ਸਾਹਿਤਕ ਅੰਦਾਜ਼ ਵਿੱਚ ਜਦੋਂ ਬਿਆਨਿਆ ਜਾਂਦਾ ਹੈ ਤਾਂ ਇੱਕ ਅਜਿਹਾ ਆਲਮ ਸਿਰਜਿਆ ਜਾਂਦਾ ਹੈ, ਜਿਹੜਾ ਕਿਸੇ ਸਾਹਿਤਕ ਰਚਨਾ ਤੋਂ ਘੱਟ ਆਨੰਦ ਨਹੀਂ ਦਿੰਦਾ।

ਪੱਤਰਕਾਰੀ ਅਤੇ ਸਾਹਿਤਕ ਪੱਤਰਕਾਰੀ ਵਿੱਚ ਮੋਟੀ ਲੀਕ ਖਿੱਚਣੀ ਸੰਭਵ ਨਹੀਂ, ਕਿਉਂਕਿ ਦੋਹਾਂ ਵਿੱਚ ਵਖਰੇਵਾਂ ਹੁੰਦਿਆਂ ਵੀ ਕੋਈ ਬਹੁਤਾ ਫ਼ਰਕ ਨਹੀਂ ਹੁੰਦਾ। ਖੇਤੀ, ਖੇਡਾਂ, ਸਾਹਿਤ, ਸਿਹਤ ਅਤੇ ਬਾਕੀ ਸਮਾਜਕ ਖਬਰਾਂ  ਨੂੰ ਆਪਣੀ ਲਪੇਟ ਵਿੱਚ ਲੈਂਦੀ ਪੱਤਰਕਾਰੀ ਉਦੋਂ ਹੀ ਸਾਹਿਤਕ ਹੋ ਸਕਦੀ ਹੈ, ਜਦੋਂ ਇਸ ਦੇ ਨੈਣ-ਨਕਸ਼ਾਂ ਚੋਂ ਭਾਸ਼ਾ, ਘਟਨਾ ਅਤੇ ਅੰਦਾਜ਼ ਚੋਂ ਨਵੇਂ ਵਰਤਾਰੇ ਅਤੇ ਸੱਜਰੇ ਇਸ਼ਾਰੇ ਝਾਕਦੇ ਹੋਣ। ਇਸ ਦੀ ਪਰਿਭਾਸ਼ਾ ਤਾਂ ਸਾਹਿਤ ਦੇ ਕਾਮੇ, ਵਿਦਵਾਨ, ਪਾਰਖੂ ਹੀ ਤਲਾਸ਼ ਸਕਦੇ ਹਨ, ਪਰ ਕੁਝ ਨੁਕਤਿਆਂ ਨੂੰ ਵਿਚਾਰ ਲੈਣਾ ਕੁਥਾਂ ਨਹੀਂ ਹੋਵਗਾ।

*  ਆਮ ਤੌਰ ਤੇ ਸਾਹਿਤਕ ਪੱਤਰਕਾਰੀ ਉਸ ਪੱਤਰਕਾਰੀ ਨੂੰ ਕਹਿ ਲਿਆ ਜਾਂਦਾ ਹੈ, ਜਿਸ ਦਾ ਸੰਬੰਧ ਸਾਹਿਤ ਨਾਲ ਹੋਵੇ। ਮੋਟੇ ਤੌਰ ਤ ਭਾਵੇਂ ਇਹ ਠੀਕ ਹੀ ਹੋਵੇ, ਪਰ ਸਾਹਿਤ ਨਾਲ ਕਿੰਨਾ ਕੁ ਸੰਬੰਧ ਹੋਵੇ, ਕਿਸ ਤਰ੍ਹਾਂ ਦਾ ਸੰਬੰਧ ਹੋਵੇ ਅਤੇ ਕੀ ਸੰਬੰਧ ਹੋਵੇ, ਇਹ ਗੱਲਾਂ ਵਿਚਾਰਨ ਯੋਗ ਹਨ।

*  ਸਾਹਿਤ ਸਭਾਵਾਂ ਦੇ ਹੁੰਦੇ ਇਕੱਠਾਂ ਬਾਰੇ ਛਪੀ ਖ਼ਬਰ ਨੂੰ ਧੱਕੇ ਨਾਲ ਪੱਤਰਕਾਰੀ ਦੇ ਸਾਹਿਤਕ ਪੱਖ ਨਾਲ ਜੋੜ ਲਿਆ ਜਾਂਦਾ ਹੈ, ਜੋ ਸਹੀ ਨਹੀਂ। ਇਹ ਦੇਖਣ ਦੀ ਲੋੜ ਪਵੇਗੀ ਕਿ ਇਕੱਠ ਦੀ ਹੈਸੀਅਤ ਕੀ ਹੈ ਅਤੇ ਖ਼ਬਰ ਦਾ ਮਿਆਰ ਕੀ ਹੈ? ਕੀ ਉਸ ਵਿੱਚ ਨਾਂਅ ਹੀ ਛਪੇ ਹਨ ਲੇਖਕਾਂ ਦੇ, ਜਾਂ ਫੇਰ ਉੱਠੇ ਮੁੱਦਿਆਂ ਨੂੰ ਮਿਆਰੀ ਅਤੇ ਸਾਹਿਤਕ ਭਾਸ਼ਾ ਵਿੱਚ ਵਿਚਾਰਿਆ ਤੇ ਲਿਖਿਆ ਗਿਆ ਹੈ?

*  ਅਖ਼ਬਾਰ ਚ ਛਪੀ ਕਹਾਣੀ, ਕਵਿਤਾ ਅਤੇ ਨਾਵਲ ਨੂੰ ਕੀ ਸਾਹਿਤਕ ਪੱਤਰਕਾਰੀ ਦੇ ਖੇਤਰ ਵਿੱਚ ਗਿਣਿਆ ਜਾ ਸਕਦਾ ਹੈ ਜਾਂ ਨਹੀਂ?  ਕੇਵਲ  ਅਖ਼ਬਾਰ / ਰਸਾਲੇ ਚ ਛਪਣ ਨਾਲ ਉਨ੍ਹਾਂ ਸਾਹਿਤਕ ਕਿਰਤਾਂ ਦਾ ਰੁਤਬਾ ਘਟ ਕੇ ਪੱਤਰਕਾਰੀ ਨਹੀਂ ਹੋ ਸਕਦਾ। ਜਦੋਂ ਇਹੀਓ ਕਿਰਤਾਂ ਕਿਤਾਬ ਦਾ ਰੂਪ ਧਾਰ ਲੈਣਗੀਆਂ ਤਾਂ ਇਹ ਸਾਹਿਤ ਦਾ ਅੰਗ ਹੋ ਜਾਣਗੀਆਂ। ਇਸ ਕਰ ਕੇ ਇਨ੍ਹਾਂ ਨੂੰ ਸਾਹਿਤਕ ਪੱਤਰਕਾਰੀ ਵਿੱਚ ਗਿਣਨ / ਸ਼ਾਮਲ ਕਰਨ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ।

*  ਮਹੀਨਾਵਾਰ ਪਰਚਿਆਂ ਚ ਛਪਦੀਆਂ ਰਚਨਾਵਾਂ ਵਿੱਚੋਂ ਕੁਝ ਇੱਕ ਸਾਹਿਤ ਦਾ ਅੰਗ ਹੁੰਦੀਆਂ ਹਨ ਅਤੇ ਕੁੱਝ ਇੱਕ ਸਾਹਿਤਕ ਪੱਤਰਕਾਰੀ ਦਾ ਹਿੱਸਾ ਹੁੰਦੀਆਂ ਹਨ। ਸਾਹਿਤਕ ਘਟਨਾਵਾਂ ਬਾਰੇ ਟਿੱਪਣੀਆਂ, ਸਾਹਿਤਕਾਰਾਂ ਨਾਲ ਮੁਲਾਕਾਤਾਂ, ਸਾਹਿਤਕ ਮੁੱਦਿਆਂ ਬਾਰੇ ਵਿਚਾਰ-ਚਰਚਾ ਨੂੰ ਸਾਹਿਤਕ ਪੱਤਰਕਾਰੀ ਮੰਨਿਆ ਜਾ ਸਕਦਾ ਹੈ, ਸ਼ਰਤ ਇਹ ਹੈ ਕਿ ਵਰਨਣ ਵਾਸਤੇ ਸਾਹਿਤਕ ਭਾਸ਼ਾ ਵਰਤੀ ਗਈ ਹੋਵੇ।

*  ਸਾਹਿਤਕ ਰਸਾਲਾ ਉਸ ਨੂੰ ਆਖਿਆ ਜਾ ਸਕਦਾ ਹੈ, ਜਿਸ ਵਿੱਚ ਸਾਹਿਤਕ ਰਚਨਾਵਾਂ ਦੀ ਭਰਮਾਰ ਹੋਵੇ। ਅਜਿਹੇ ਪਰਚੇ ਚ ਬਹੁਤਾ ਯੋਗਦਾਨ ਲੇਖਕਾਂ ਦਾ ਹੀ ਹੁੰਦਾ ਹੈ, ਪਰ ਕੇਵਲ ਰਚਨਾਵਾਂ ਦੀ ਚੋਣ ਕਾਰਨ ਸੰਪਾਦਕ ਆਪਣੀ ਧੌਣ ਉੱਚੀ ਕਰਨ ਵਿੱਚ ਹੀ ਲੱਗਿਆ ਰਹਿੰਦਾ ਹੈ। ਜੇ ਅਜਿਹੇ ਪਰਚੇ ਵਿੱਚ ਸਾਹਿਤਕ ਮਸਲਿਆਂ, ਘਟਨਾਵਾਂ, ਚਰਚਾਵਾਂ ਅਤੇ ਬਹਿਸਾਂ ਬਾਰੇ ਗੱਲਾਂ ਹੋਣ ਤਾਂ ਉਹ ਹਿੱਸਾ ਸਾਹਿਤਕ ਪੱਤਰਕਾਰੀ ਹੀ ਹੋਵਗਾ।

* ਸਾਹਿਤ ਦੇ ਖੇਤਰ ਵਿੱਚ ਵਾਪਰਦੀਆਂ ਘਟਨਾਵਾਂ ਬਾਰੇ ਖ਼ਬਰਾਂ ਦੀ ਸਾਹਿਤਕ ਭਾਸ਼ਾ ਵਿੱਚ ਖ਼ਬਰ-ਸਾਰ ਲੈਣੀ ਵੀ ਸਾਹਿਤਕ ਪੱਤਰਕਾਰੀ ਤੋਂ ਬਾਹਰ ਦੀ ਗੱਲ ਨਹੀਂ ਹੁੰਦੀ। ਮਿਸਾਲ ਵਜੋਂ ਇਨਾਮਾਂ ਦੀ ਗ਼ਲਤ ਵੰਡ ਬਾਰੇ ਤਬਸਰੇ / ਟਿੱਪਣੀਆਂ ਨੂੰ ਸਾਹਿਤਕ ਭਾਸ਼ਾ ਵਿੱਚ ਲਿਖਣਾ ਸਾਹਿਤਕ ਪੱਤਰਕਾਰੀ ਹੀ ਅਖਵਾਵੇਗੀ।

*  ਸਾਹਿਤਕ ਪੱਤਰਕਾਰੀ ਕਾਹਲੀ / ਤੇਜ਼ੀ ਨਾਲ ਲਿਖਿਆ ਸਾਹਿਤ ਹੀ ਹੁੰਦਾ ਹੈ, ਜਿਸ ਨੂੰ ਬਾਕਾਇਦਾ ਸਾਹਿਤ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਪੱਤਰਕਾਰੀ ਦੇ ਖੇਤਰ ਵਿੱਚ ਸਾਹਿਤ ਦਾ ਮਿਸ਼ਰਣ ਹੀ ਸਾਹਿਤਕ ਪੱਤਰਕਾਰੀ ਦੇ ਨੈਣ-ਨਕਸ਼ ਉਭਾਰਨ ਵਿੱਚ ਸਹਾਈ ਹੁੰਦਾ ਹੈ। ਸਾਹਿਤ ਦੇ ਮਿਸ਼ਰਣ ਬਿਨਾਂ ਪੱਤਰਕਾਰੀ ਨੂੰ ਸਾਹਿਤਕ ਪੱਤਰਕਾਰੀ ਨਹੀਂ ਕਿਹਾ ਜਾ ਸਕਦਾ।

*  ਪੱਤਰਕਾਰੀ ਨੂੰ ਸਾਹਿਤਕ ਅੰਦਾਜ਼ ਵਿੱਚ ਨਿਭਾਉਣਾ ਵੀ ਸਾਹਿਤਕ ਪੱਤਰਕਾਰੀ ਬਣ ਜਾਂਦੀ ਹੈ। ਜੇ ਸਾਹਿਤਕ ਭਾਸ਼ਾ ਵਿੱਚ ਸੰਪਾਦਕੀ ਜਾਂ ਕੋਈ ਲੇਖ ਲਿਖਿਆ ਗਿਆ ਹੋਵੇ, ਉਸ ਨੂੰ ਸਾਹਿਤਕ ਪੱਤਰਕਾਰੀ ਦਾ ਭਾਗ ਮੰਨਣਾ ਗ਼ਲਤ ਨਹੀਂ। ਹਾਂ, ਅਜਿਹਾ ਨਿਖੇੜਾ ਕਰਨਾ ਸੌਖਾ ਨਹੀਂ।

*  ਸਾਹਿਤਕ ਪੱਤਰਕਾਰੀ ਸਾਹਿਤ ਵਾਂਗ ਬਹੁਤਾ ਕਰ ਕੇ ਗਹਿਰਾ ਨਹੀਂ ਵਿਚਰਦੀ, ਸਗੋਂ ਸੱਤਹੀ ਹੀ ਰਹਿੰਦੀ ਹੈ, ਜਿਵੇਂ ਸਾਹਿਤ ਦੇ ਪਾਣੀਆਂ ਤੇ ਸਾਹਿਤਕ ਘਟਨਾਵਾਂ ਦਾ ਫੁੱਲ ਤਰਦਾ ਹੋਵੇ। ਹੋਵੇਗੀ ਤਾਂ ਉਹ ਵੀ ਪੱਤਰਕਾਰੀ ਹੀ, ਪਰ ਉਸ ਵਿੱਚੋਂ ਮਹਿਕ ਸਾਹਿਤਕ ਆਵੇਗੀ।

*  ਸਾਹਿਤਕ ਪੱਤਰਕਾਰੀ ਲਈ ਜ਼ਰੂਰੀ ਹੈ ਕਿ ਮਸਲਾ ਵੀ ਸਾਹਿਤਕ ਹੋਵ ਅਤੇ ਮਸੌਦਾ ਵੀ, ਭਾਸ਼ਾ ਵੀ ਸਾਹਿਤਕ ਹੋਵੇ ਅਤੇ ਅੰਦਾਜ਼ ਵੀ। ਆਮ ਪੱਤਰਕਾਰੀ ਅਤੇ ਸਾਹਿਤਕ ਪੱਤਰਕਾਰੀ ਦੇ ਫ਼ਰਕ ਨੂੰ ਪਾਠਕ ਸਹਿਜ ਹੀ ਮਹਿਸੂਸ ਕਰ ਸਕਦਾ ਹੈ। ਇਹ ਫ਼ਰਕ ਮਹਿਸੂਸ ਕਰਵਾਉਣਾ ਹੀ ਸਾਹਿਤਕ ਪੱਤਰਕਾਰੀ ਦੀ ਵਿਲੱਖਣਤਾ ਹੈ।

*  ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਭਾਵੇਂ ਇਹ ਪੂਰੀ ਤਰ੍ਹਾਂ ਅਜ ਸਾਫ਼ ਨਹੀਂ ਹੋ ਸਕਿਆ ਕਿ ਸਾਹਿਤਕ ਪੱਤਰਕਾਰੀ ਦੀ ਕੋਈ ਇੱਕ ਹੀ ਪਰਿਭਾਸ਼ਾ ਹੈ, ਪਰ ਇਹ ਜ਼ਰੂਰ ਹੈ ਕਿ ਸਾਹਿਤਕ ਪੱਤਰਕਾਰੀ ਦਾ ਮੁਹਾਂਦਰਾ ਵੱਖਰਾ ਅਤੇ ਵਿਲੱਖਣ ਹੈ, ਜਿਸ ਨੂੰ ਦੇਖਣ-ਪਰਖਣ ਲਈ ਸੂਝ ਵੀ ਚਾਹੀਦੀ ਹੈ ਅਤੇ ਸਿਆਣਪ ਵੀ।

ਚਾਰਲਸ ਡਿਕਨਜ਼-ਨਾਨਕ ਸਿੰਘ

ਅਧਿਆਪਨ ਦੇ ਖੇਤਰ ਚੋਂ ਸੇਵਾ-ਮੁਕਤ ਹੋਣ ਤੋਂ ਬਾਅਦ ਅੰਗਰੇਜ਼ੀ-ਪੰਜਾਬੀ ਦੇ ਖੇਤਰ ਵਿੱਚ ਜੋ ਕੰਮ ਪ੍ਰੋ: ਕੇ ਬੀ ਐੱਸ ਸੋਢੀ ਕਰ ਰਹੇ ਹਨ, ਸ਼ਾਇਦ ਇਸ ਤਰ੍ਹਾਂ ਦਾ ਹੋਰ ਕੋਈ ਨਹੀਂ ਕਰ ਰਿਹਾ। ਪਹਿਲਾਂ ਸ਼ੈਕਸਪੀਅਰ ਦੀਆਂ ਰਚਨਾਵਾਂ ਪੰਜਾਬੀ ਚ ਕਰ ਕੇ, ਫੇਰ ਕੀਟਸ ਅਤੇ ਬਟਾਲਵੀ ਦੀ ਤੁਲਨਾ ਕਰ ਕੇ ਉਨ੍ਹਾਂ ਲੋਕਾਂ ਦੇ ਦਿਲਾਂ ਤੱਕ ਪਹੁੰਚਾਈ, ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ। ਦੋਵੇਂ ਮਾਅਰਕੇ ਦੀਆਂ ਵਿਲੱਖਣ ਕਿਤਾਬਾਂ ਹਨ, ਜਿਹੜੀਆਂ ਪੰਜਾਬੀ ਪਾਠਕਾਂ ਲਈ ਜਾਣਕਾਰੀ / ਗਿਆਨ ਦਾ ਖ਼ਜ਼ਾਨਾ ਵੀ ਹਨ ਅਤੇ ਕੀਮਤੀ ਤੋਹਫ਼ਾ ਵੀ।

ਹੁਣ ਪ੍ਰੋ: ਸੋਢੀ ਨੇ ਅੰਗਰਜ਼ੀ ਨਾਵਲਕਾਰ ਚਾਰਲਸ ਡਿਕਨਜ਼ ਅਤੇ ਪੰਜਾਬੀ ਨਾਵਲਕਾਰ ਨਾਨਕ ਸਿੰਘ ਦੀ ਸੋਚ, ਵਿਚਾਰਧਾਰਾ, ਸੰਘਰਸ਼ ਦੀ ਵੀ ਤੁਲਨਾ ਕੀਤੀ ਹੈ ਅਤੇ ਉਨ੍ਹਾਂ ਸਮਿਆਂ ਦੇ ਹਾਲਾਤ ਅਤੇ ਸੰਘਰਸ਼ ਦੀ ਵੀ। ਦੋਵਾਂ ਦਾ ਬਚਪਨ ਚਾਵਾਂ ਅਤੇ ਖੁਸ਼ੀਆਂ ਬਿਨਾਂ ਗੁਜ਼ਰਿਆ। ਸਕੂਲ ਦੀ ਵਿੱਦਿਆ ਤੋਂ ਕੋਰੇ, ਪਰ ਦੋਹਾਂ ਨੇ ਸਮਾਜ ਦੇ ਅੰਦਰਲੀ ਕਰੂਪਤਾ ਅਤੇ ਕਰੂਰਤਾ ਨੂੰ ਗਹਿਰਾਈ ਤੱਕ ਪੜ੍ਹਿਆ, ਵਿਚਾਰਿਆ ਅਤੇ ਮਹਿਸੂਸਿਆ। ਗ਼ਰੀਬਾਂ ਅਤੇ ਦੀਨ-ਦੁਖੀਆਂ ਦੇ ਦਿਲਾਂ ਵਿੱਚ ਬੈਠ ਕੇ ਪੀੜ ਭੋਗੀ ਅਤੇ ਉਸ ਨੂੰ ਲੋਕਾਈ ਦਾ ਦਰਦ ਕਰ ਕੇ ਬਿਆਨਿਆਂ।

ਇਹ ਨਹੀਂ ਕਿ ਡਿਕਨਜ਼-ਨਾਨਕ ਸਿੰਘ ਤੋਂ ਪਹਿਲਾਂ ਨਾਵਲ ਨਹੀਂ ਲਿਖ ਗਏ, ਪਰ ਉਨ੍ਹਾਂ ਦੋਹਾਂ ਨੇ ਆਪੋ-ਆਪਣੀਆਂ ਬੋਲੀਆਂ ਵਿੱਚ ਲਿਖੇ ਨਾਵਲਾਂ ਦਾ ਸਮਾਜਕ ਘੇਰਾ ਵਧਾਇਆ। ਸਮਾਜਕ ਸਰੋਕਾਰਾਂ ਨੂੰ ਭਾਵਕਤਾ ਨਾਲ ਪੇਸ਼ ਕਰ ਕੇ ਪਾਠਕਾਂ ਦੀ ਹਮਦਰਦੀ ਹਾਸਲ ਕੀਤੀ, ਜੋ ਆਸਾਨ ਕੰਮ ਨਹੀਂ। ਭਾਵੇਂ ਭਾਵਕਤਾ ਅਤੇ ਪਾਤਰ-ਉਸਾਰੀ ਨੂੰ ਯਥਾਰਥ ਤੇ ਸੱਟ ਮਾਰਨਾ ਕਿਹਾ ਜਾ ਰਿਹਾ ਹੈ, ਜੋ ਠੀਕ ਨਹੀਂ।

ਪੰਜਾਬੀ ਨਾਵਲ ਦਾ ਡਿਕਨਜ਼-ਨਾਨਕ ਸਿੰਘਨਾਂਅ ਦੀ ਕਿਤਾਬ ਵਿੱਚ ਪ੍ਰੋ: ਸੋਢੀ ਨੇ ਦੋਹਾਂ ਨਾਵਲਕਾਰਾਂ ਦੇ ਜੀਵਨ ਵੀ ਦੱਸੇ ਹਨ, ਹਾਲਾਤ ਵੀ ਅਤੇ ਉਨ੍ਹਾਂ ਦੀਆਂ ਸੁਧਾਰਵਾਦੀ ਪ੍ਰਾਪਤੀਆਂ ਵੀ। ਜਿਵੇਂ ਡਿਕਨਜ਼ ਦੇ ਨਾਵਲਾਂ ਨੇ ਸਮਾਜ ਸੁਧਾਰ ਦੇ ਕੰਮ ਕੀਤੇ ਹਨ, ਉਵੇਂ ਹੀ ਨਾਨਕ ਸਿੰਘ ਦੇ ਨਾਵਲੀ-ਵਿਚਾਰਾਂ ਨੇ ਪੰਜਾਬੀਆਂ ਦੇ ਮਨਾਂ ਨੂੰ ਵੱਡਾ ਹਲੂਣਾ ਦਿੱਤਾ। ਕਿਤਾਬ ਵਿੱਚ ਦੋਹਾਂ ਬਾਰੇ ਤੁਲਨਾਤਮਿਕ ਜਾਣਕਾਰੀ ਮਿਲਦੀ ਹੈ, ਨਾਵਲਾਂ ਦਾ ਵੇਰਵਾ ਵੀ ਅਤੇ ਵਿਸਥਾਰਤ ਚਰਚਾ ਵੀ।
****

No comments: