ਤਿੜਕੀ ਹੋਈ ਦੀਵਾਰ........ ਗਜ਼ਲ / ਜਸ ਸੈਣੀ

ਸਭ ਕੁਝ ਜਾਇਜ਼ ਹੋ ਗਿਆ, ਜੰਗ ਤੇ ਪਿਆਰ ਵਿੱਚ
ਅੰਤਰ ਮਿਟਦਾ ਜਾ ਰਿਹਾ, ਹੁਣ ਧੋਖੇ ਤੇ ਇਕਰਾਰ ਵਿੱਚ

ਰੇਲਵੇ ਸਟੇਸ਼ਨ ਤੇ ਕਤਾਰਾਂ ਬੰਨੀ, ਬਿਰਖ ਪਏ ਨੇ ਸੋਚਦੇ
ਆਖਿਰ ਅਸੀ ਖੜ੍ਹੇ ਹਾਂ, ਕਿਸਦੇ  ਇੰਤਜ਼ਾਰ ਵਿੱਚ

ਗਿਲਾ ਨਾ ਕਰੀਂ ਕਦੇ, ਆਪਣੇ ਬੀਜਾਂ ਦੇ ਨਾ ਪੁੰਗਰਨ ਦਾ
ਪਿੱਪਲ ਵੀ ਉੱਗ ਪੈਂਦੇ ਨੇ, ਤਿੜਕੀ ਹੋਈ ਦੀਵਾਰ ਵਿੱਚ

ਸਾਰੀ ਉਮਰ ਮੁੱਲ ਨਾ ਪਾਇਆ,  ਜਿਸ ਨੇ ਪਿਆਰ ਦਾ
ਆਖਿਰ ਇਕ ਦਿਨ ਜਾ ਵਿਕੇ, ਉਸੇ ਦੇ ਬਜ਼ਾਰ ਵਿੱਚ

ਵਿਛੜੇ ਸੱਜਣਾਂ ਨੂੰ ਰੋ ਕੇ, ਅੱਖਾਂ ਨੇ ਜੋ ਪੂੰਝਦੀਆਂ
ਲੰਮਾ ਪੂੰਝਾ ਪੈ ਜਾਂਦਾ ਹੈ, ਕਜਲੇ ਵਾਲੀ ਧਾਰ ਵਿੱਚ

ਹਰ ਸ਼ਖਸ ਡਰਦਾ ਹੈ, ਭਲਕੇ ਮੇਰੇ ਨਾਲ ਨਾ ਬੀਤ ਜਾਵੇ
ਮਨਹੂਸ ਖਬਰ ਛਪੀ ਹੈ ਜੋ, ਅੱਜ ਦੀ ਅਖਬਾਰ ਵਿੱਚ

ਵਾਹਿਗੁਰੂ ਦੀ ਸੌਂਹ, ਸੀ ਵੱਡਾ ਰੌਲਾ ਪੈ ਗਿਆ
ਵੜੇ ਪੰਡਿਤ ਜੀ ਭੁਲੇਖੇ ਨਾਲ, ਮੰਦਰ ਦੀ ਜਗ੍ਹਾ ਮਜ਼ਾਰ ਵਿੱਚ

ਉਚੇ ਨੀਂਵੇ ਦਾ ਫ਼ਰਕ, ਜਿਨਾਂ ਮਰਜ਼ੀ ਕਰ ਲੈ ਬੰਦਿਆ
ਆਖਿਰ ਸਭ ਬਰਾਬਰ ਖੜੇ ਹੋਣਗੇ, ਰੱਬ ਦੇ ਦਰਬਾਰ ਵਿੱਚ

ਹਰ ਮੌਸਮ ਨੂੰ ਬਦਲਣ ਦੀ, ਤਾਕਤ ਹੈ ਕਲਮ ਵਿੱਚ
ਇਕੱਲਾ ਸੂਰਜ ਨਹੀਂ ਹੈ ਬਦਲਦਾ, ਪਤਝੜ ਨੂੰ ਬਹਾਰ ਵਿੱਚ

ਮੰਨਿਆ ਕਿ ਤੇਰੀ ਸ਼ੋਹਰਤ ਹੈ, ਲੱਖਾਂ ਵਿੱਚ ਅੱਜਕਲ
ਮੈਨੂੰ ਵੀ ਪਛਾਣ ਲੈਣਗੇ, ਜਦੋਂ ਤੁਰਾਂਗਾ ਦਸ ਹਜ਼ਾਰ ਵਿੱਚ

****

1 comment:

Sumeet Singh Banwait said...

awesome is really small word 4 appreciation :) shoot high n keep up cheers n best of luck