ਐਡੀਲੇਡ ਵਿਖੇ ਪੰਜਾਬੀ ਨੌਜਵਾਨਾਂ ਖੂਨਦਾਨ ਕਰਕੇ ਕੀਤਾ ਰੋਸ ਦਾ ਪ੍ਰਗਟਾਵਾ .......... ਰਿਸ਼ੀ ਗੁਲਾਟੀ

ਐਡੀਲੇਡ : ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਦੇ ਮੌਕੇ ‘ਤੇ ਐਡੀਲੇਡ ਵਿਚ ਵੱਸਦੇ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਵੱਲੋਂ ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਦੇ ਝੰਡੇ ਹੇਠ ਖੂਨਦਾਨ ਕੈਂਪ ਲਗਾਇਆ ਗਿਆ । ਇਸ ਖੂਨਦਾਨ ਕੈਂਪ ਦਾ ਮਕਸਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ‘ਚ ਹੋ ਰਹੇ ਬੇ-ਇਨਸਾਫ਼ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਨਾ ਵੀ ਸੀ । ਇਸ ਮੌਕੇ ‘ਤੇ ਪੰਜਾਬੀ ਨੌਜਵਾਨਾਂ ਨੇ ਬੜੇ ਹੀ ਉਤਸ਼ਾਹ ਨਾਲ਼ ਖੂਨਦਾਨ ਕਰਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ।

ਇਸ ਤੋਂ ਪਹਿਲਾਂ ਗੁਰਦੁਆਰਾ ਸਰਬੱਤ ਖਾਲਸਾ, ਪ੍ਰਾਸਪੈਕਟ ਵਿਖੇ ਗਿਆਨੀ ਬਲਜੀਤ ਸਿੰਘ ਨੇ ਸੰਗਤਾਂ ਨਾਲ ਮਿਲ ਕੇ ਕੌਮ ਦੀ ਚੜ੍ਹਦੀ ਕਲਾ ਅਤੇ ਅਜਿਹੇ ਨਾਜ਼ੁਕ ਮੌਕੇ ‘ਤੇ ਸ਼ਾਂਤੀ ਬਣਾਈ ਰੱਖਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ‘ਚ ਅਰਦਾਸ ਕੀਤੀ । ਇਸ ਮੌਕੇ ‘ਤੇ ਬੋਲਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ) ਨੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਇਸ ਸ਼ਾਂਤੀ ਪੁਰਵਕ ਰੋਸ ਪ੍ਰਗਟਾਵੇ ਦੀ ਸ਼ਲਾਘਾ ਕੀਤੀ ਅਤੇ ਚਿੰਤਾ ਜ਼ਾਹਿਰ ਕੀਤੀ ਕਿ ਘੁੱਗ ਵੱਸਦੇ ਪੰਜਾਬ ਅਤੇ ਪੰਜਾਬੀਆਂ ਲਈ ਇਹ ਵਕਤ ਬਹੁਤ ਹੀ ਨਾਜ਼ਕ ਹੈ, ਕਿਉਂਕਿ ਭਾਈ ਰਾਜੋਆਣਾ ਦੀ ਫਾਂਸੀ, ਪੰਜਾਬ ਦੇ ਸ਼ਾਂਤਮਈ ਹਾਲਾਤਾਂ ‘ਚ ਵਿਗਾੜ ਪੈਦਾ ਕਰ ਸਕਦੀ ਹੈ । ਜਿਸਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪਵੇਗਾ । ਇਸ ਮੌਕੇ ‘ਤੇ ਬੋਲਦਿਆਂ ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਕਈ ਸਿਆਸੀ ਲੋਕ ਭਾਈ ਰਾਜੋਆਣਾ ਦੀ ਫਾਂਸੀ ‘ਤੇ ਸਿਆਸਤ ਖੇਡ ਰਹੇ ਹਨ, ਜੋ ਕਿ ਕੌਮ ਦੇ ਹਿਤ ਵਿਚ ਨਹੀਂ ਹੈ ।

ਇਸ ਮੌਕੇ ‘ਤੇ ਨੌਜਵਾਨ ਆਗੂ ਦਵਿੰਦਰ ਧਾਲੀਵਾਲ ਨੇ ਸਾਰੇ ਨੌਜਵਾਨਾਂ ਦਾ ਖੂਨਦਾਨ ਕੈਂਪ ‘ਚ ਭਾਗ ਲੈਣ ਲਈ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ ਉਹ ਭੜਕਾਊ ਗੱਲਾਂ ‘ਚ ਆਉਣ ਦੀ ਥਾਂ ‘ਤੇ ਸ਼ਾਂਤੀ ਨਾਲ਼ ਆਪਣੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਉਣ । ਉਨ੍ਹਾਂ ਆਸ ਪ੍ਰਗਟਾਈ ਕਿ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫੁਰਮਾਨ ਭਾਈ ਰਾਜੋਆਣਾ ਦੇ ਮਾਮਲੇ ‘ਚ ਹੋਵੇਗਾ, ਉਹ ਸਾਰੇ ਪੰਥ ਦੇ ਭਲੇ ਲਈ ਹੀ ਹੋਵੇਗਾ ।
 
ਇਸ ਸਾਰੇ ਕੈਂਪ ਦੇ ਯੋਗਦਾਨ ‘ਚ ਰਣਜੀਤ ਸਿੰਘ ਸੇਖੋਂ, ਜਗਦੇਵ ਸਿੰਘ, ਇੰਦਰ ਸਿੰਘ, ਹਰਿੰਦਰ ਸਿੰਘ ਗੁਰਨਾ, ਦੀਪ ਵਿਰਕ, ਭਾਈ ਰੁਪਿੰਦਰ ਸਿੰਘ ਅਤੇ ਬਲਵਿੰਦਰ ਭੈਣੀਪਾਲ ਨੇ ਵਧ ਚੜ੍ਹ ਕੇ ਯੋਗਦਾਨ ਪਾਇਆ ।

****

No comments: