ਐਡੀਲੇਡ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਤੇ ਮਸ਼ਹੂਰ ਗੁਰਦੁਆਰਾ ਸਾਹਿਬ ਗਲੈਨਵੁੱਡ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ, ਆਸਟ੍ਰੇਲੀਆ ਦੇ ਪਹਿਲੇ 24 ਘੰਟੇ ਚੱਲਣ ਵਾਲੇ ਹਰਮਨ ਰੇਡੀਓ ਤੋਂ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਸ਼ੁਰੂ ਕੀਤਾ ਗਿਆ ਹੈ । ਇਸਦਾ ਰਿਵਾਈਤੀ ਉਦਘਾਟਨ ਜਲਦੀ ਹੀ ਗੁਰਦੁਆਰਾ ਸਾਹਿਬ ‘ਚ ਕੀਤਾ ਜਾ ਰਿਹਾ ਹੈ । ਇਸ ਮੌਕੇ ‘ਤੇ ਹਰਮਨ ਰੇਡੀਓ ਦੇ ਨਿਰਦੇਸ਼ਕ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗਲੈਨਵੁੱਡ ਗੁਰਦੁਆਰਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ 6 ਤੇ “ਆਈ ਫੋਨ”, “ਐਂਡਰਾਇਡ”, ਵਾਈ ਫਾਈ ਰੇਡੀਓ ਅਤੇ ਕੰਪਿਊਟਰ ‘ਤੇ ਸੁਣਿਆ ਜਾ ਸਕਦਾ ਹੈ । ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਗੁਰਦੁਆਰਾ ਰਿਵਜਵੀ ਸਾਹਿਬ, ਸਿਡਨੀ ਤੋਂ ਵੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਚੈਨਲ 5 ਤੇ ਸ਼ੁਰੂ ਕੀਤਾ ਗਿਆ ਸੀ, ਜਿਸ ਰਾਹੀਂ ਸੰਗਤਾਂ ਆਸਟ੍ਰੇਲੀਆ ‘ਚ ਬਾਹਰੋਂ ਆਏ ਰਾਗੀ ਜੱਥਿਆਂ ਦਾ ਮਨੋਹਰ ਕੀਰਤਨ ਸੁਣ ਸਕਦੀਆਂ ਹਨ । ਉਮੀਦ ਹੈ ਕਿ ਆਸਟ੍ਰੇਲੀਆ ਦੇ ਹੋਰ ਗੁਰੂਘਰ ਵੀ ਦੂਰ ਦੁਰੇਡੇ ਬੈਠੀਆਂ ਸੰਗਤਾਂ ਤੱਕ ਹਰਮਨ ਰੇਡੀਓ ਰਾਹੀਂ ਪਹੁੰਚ ਕਰਨਗੇ । ਸਿੱਧੂ ਹੋਰਾਂ ਦੱਸਿਆ ਕਿ ਇਸ ਵੇਲੇ ਹਰਮਨ ਰੇਡੀਓ ਦੇ ਮੁੱਖ ਚੈਨਲ ਤੋਂ 24 ਘੰਟੇ ‘ਚੋਂ ਕਰੀਬ 17 ਘੰਟੇ ਰੋਜ਼ਾਨਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ, ਜਿਸ ‘ਚ ਗੀਤ ਸੰਗੀਤ, ਦੇਸ਼ ਵਿਦੇਸ਼ ਦੀਆਂ ਖਬਰਾਂ, ਚਰਚਿਤ ਮੁੱਦੇ, ਸੱਭਿਆਚਾਰ ਨਾਲ਼ ਜੁੜੀਆਂ ਗੱਲਾਂ ਬਾਤਾਂ, ਕਹਾਣੀਆਂ ਆਦਿ ਸਰੋਤਿਆਂ ਦੇ ਮਨੋਰੰਜਨ ਲਈ ਪੇਸ਼ ਕੀਤਾ ਜਾਂਦਾ ਹੈ ।
****
****
No comments:
Post a Comment