ਚੁੰਨੀਆਂ.......... ਗੀਤ / ਚਰਨਜੀਤ ਕੌਰ ਧਾਲੀਵਾਲ ਸੈਦੋਕੇ

ਆਇਆ ਏ ਲਲਾਰੀ ਲੈ ਕੇ ਸੋਹਣੇ-ਸੋਹਣੇ ਰੰਗ ਨੀ, ਰੰਗਾ ਲੋ ਚੁੰਨੀਆਂ...
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

ਦੁਨੀਆਂ ਦੇ ਵਿਚ ਕਿੱਡੀ ਸੋਹਣੀ ਲੱਗਦੀ, ਪੱਗ ਸਰਦਾਰ ਦੀ
ਵੱਖਰਾ ਜਿਹਾ ਰੂਪ ਨਾਲ ਲੈ ਕੇ ਆਉਂਦੀ ਹੈ, ਚੁੰਨੀ ਮੁਟਿਆਰ ਦੀ
ਨਵੇਂ-ਨਵੇਂ ਸੂਟਾਂ ਨਾਲ, ਨਵੇਂ ਰੰਗ ਨੀ, ਆਹ ਮਿਲਾ ਲਉ ਚੁੰਨੀਆਂ...
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

ਬੇਬੇ ਰਹਿੰਦੀ ਨੰਗੇ ਸਿਰੋਂ ਨਿੱਤ ਘੂਰਦੀ, ਕਿੱਥੇ ਐ ਦੁਪੱਟੇ ਨੀ?
ਵਾਲ਼ ਤੇਰੇ ਕਾਲ਼ੀਆਂ ਘਟਾਵਾਂ ਵਰਗੇ, ਦੱਸ ਕਾਹਤੋਂ ਕੱਟੇ ਨੀ?
ਪੱਛਮੀ ਰਿਵਾਜਾਂ ਵਿਚ ਰੁਲ-ਖੁਲ ਕੇ, ਨਾ ਭੁਲਾਵੋ ਚੁੰਨੀਆਂ...
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

ਵੇਖਦਾ ਨਹੀਂ ਕੋਈ ਤੇਰੀ ਵਾਅ ਵੱਲ ਨੀ, ਬਣ ਜਾ ਦਲੇਰ ਤੂੰ
ਆਖਿਆ ਗੁਰਾਂ ਨੇ ਲੱਖਾਂ ਨਾਲ ਲੜੇਂਗਾ, 'ਕੱਲਾ ਸਿੰਘ ਸ਼ੇਰ ਤੂੰ
ਸਿੰਘਣੀ ਹੈਂ ਤੂੰ ਵੀ ਸ਼ੇਰ ਸਰਦਾਰ ਦੀ, ਨੀ ਸਜਾ ਲਉ ਚੁੰਨੀਆਂ...
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

ਫਤਹਿ ਕਹਿਣ ਲੱਗੇ ਨਾ ਸ਼ਰਮ ਮੰਨੀਏ, ਗੱਜ ਕੇ ਬੁਲਾਈਏ ਜੀ
ਧਾਲੀਵਾਲ ਕਹੇ ਮਨ ਭਾਉਂਦਾ ਖਾ ਲੀਏ, ਜੱਗ ਭਾਉਂਦਾ ਪਾਈਏ ਜੀ
ਸੈਦੋ ਪਿੰਡ ਸੂਟ ਮੈਂ ਪੰਜਾਬੀ ਪਹਿਨਣਾ, ਕਢਵਾ ਲੋ ਚੁੰਨੀਆਂ
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

****

1 comment:

Shabad shabad said...

ਚਰਨਜੀਤ ਭੈਣ ਜੀ ਨੇ ਬਹੁਤ ਹੀ ਵਧੀਆ ਸੁਨੇਹਾ ਲਿਖਿਆ ਹੈ ਪੰਜਾਬੀ ਕੁੜੀ ਦੇ ਨਾਂ......ਚੁੰਨੀ ਸੰਭਾਲਣ ਦਾ....
ਤੇ ਆਪਣੇ-ਆਪ ਦੀ ਬਹੁਤ ਸੋਹਣੇ ਢੰਗ ਨਾਲ਼ ਜਾਣ-ਪਛਾਣ ਕਰਵਾਈ ਹੈ... ਸੈਦੋਕੇ ਪਿੰਡ ਬਾਰੇ ਦੱਸ ਕੇ।
ਇੱਕ ਗੱਲ ਥੋੜੀ ਵਿਚਾਰਨ ਵਾਲ਼ੀ ਹੈ....ਏਸ ਗਜ਼ਲ ਦੀ....ਜੋ ਮੇਰੀ ਸਮਝ ਨੇ ਸਮਝੀ ਹੈ.....ਕਿ ਜੇ ਜੱਗ ਭਾਉਂਦਾ ਪਾਉਣ ਲੱਗੇ ਤਾਂ ਪੱਛਮੀ ਫੈਸ਼ਨ ਹਾਵੀ ਹੋ ਜਾਵੇਗਾ....ਸੋ ਪਾਉਣਾ ਵੀ ਓਹੀ ਹੈ....ਜੋ ਪੰਜਾਬੀ ਸੱਭਿਆਚਾਰ ਨੁੰ ਭਾਵੇ.....ਸਾਰੇ ਜੱਗ ਨੂੰ ਭਾਉਂਦਾ ਪਾ ਕੇ ਕੀ ਲੈਣਾ?

ਹਰਦੀਪ