ਧੀਆਂ - ਅਣਮੁੱਲਾ ਸਰਮਾਇਆ……… ਗੱਜਣਵਾਲਾ ਸੁਖਮਿੰਦਰ

ਬਾਈ ਜੀਉ! ਕੋਈ ਵੇਲਾ ਹੁੰਦਾ ਸੀ ਜਦ ਸਰਮਾਏਦਾਰ ਲੋਕ ਪੁੰਨ ਦਾ ਕੰਮ ਸਮਝ ਕੇ ਤੀਰਥ ਅਸਥਾਨਾਂ ਤੇ ਧਰਮਸ਼ਾਲਾ ਬਣਾਉਂਦੇ ਸਨ  ਤਾਂ ਜੋ ਰਾਹੀ ਪਾਂਧੀ ਬਿਸਰਾਮ ਕਰ ਸਕਣ ਰਾਤਾਂ ਕੱਟ ਸਕਣ । ਪਰ ਅੱਜਕੱਲ ਵੱਡੇ ਵੱਡੇ ਸ਼ਹਿਰਾਂ ਡੇਰਿਆਂ ‘ਚ ਬਿਰਧ ਆਸ਼ਰਮ ਬਣਾਉਣਾ ਵੱਡਾ ਪੁੰਨ ਦਾ ਕਾਰਜ ਸਮਝਿਆ ਜਾਣ ਲੱਗਾ ਹੈ ਤਾਂ ਜੋ ਘਰਾਂ ਚੋਂ ਕੱਢੇ , ਦੁਰਕਾਰੇ  ਬੇਸਹਾਰੇ ਬਜ਼ੁਰਗਾਂ ਨੂੰ ਰਹਿਣ ਲੲ ਿਛੱਤ ਮਿਲ ਸਕੇ।ਦੁਨਿਆਵੀ ਵਰਤਾਰੇ ਨੂੰ ਵੇਹਦਿਆਂ ਐਂ ਲਗਦਾ  ਇਨਾਂ ਦੀ ਲੋੜ ਦਿਨੋ ਦਿਨ ਹੋਰ ਵਧ ਜਾਣੀ ਹੈ ।ਬਿਰਧ ਆਸ਼ਰਮਾਂ ਜਿਨ੍ਹਾਂ ਨੂੰ ਆਪਾਂ ਓਲਡ ਏਜ਼ ਹੋਮ ਵੀ ਕਹਿੰਦੇ ਹਾਂ ਉਥੇ ਜਾ ਕੇ ਵੇਖੀਦਾ ਤਾਂ ਪਤਾ ਲਗਦਾ  ਉਥੇ ਆਪਣੇ ਜੱਦੀ ਘਰਾਂ ਨੂੰ ਛੱਡ ਕੇ ਆਏ ਬਹੁਤੇ ਬਜ਼ੁਰਗ ਉਹ ਹੁੰਦੇ ਜੋ ਪੁੱਤਰਾਂ ਵਾਲੇ ਹੁੰਦੇ ਜਿਨ੍ਹਾਂ ਨੂੰ ਔਲਾਦ ਨੇ ਸਿਆਣਿਆਂ  ਨਹੀਂ ਹੁੰਦਾ  ਜਿਨ੍ਹਾਂ  ਨੂੰ ਉਨ੍ਹਾਂ ਦੇ ਪੁੱਤ  ਸਾਂਭ ਨਹੀਂ ਸਕੇ ਹੁੰਦੇ । ਪਰ ਉੇਥੇ  ਕੋਈ ਵੀ ਅਜਿਹਾ  ਬਜ਼ੁਰਗ ਨਹੀਂ ਸੀ ਦਿਸਿਆ ਜੋ ਧੀ ਵਾਲਾ ਹੋਵੇ  ਜਿਸ ਨੂੰ  ਉਸ ਦੀ ਧੀ ਸਾਂਭਣ ਤੋਂ ਨਾਬਰ ਜਾਂ ਮੁਨਕਰ ਹੋ ਗਈ  ਹੋਵੇ ।

ਸਮਾਜ ‘ਚ ਮੁਢ ਕਦੀਮ ਤੋਂ ਮੁੰਡੇ ਜਾਂ ਪੁੱਤਰ ਦਾ  ਸਥਾਨ  ਬਹੁਤ ਉਚਾ ਰਿਹਾ ,। ਕੋਈ ਵੇਲਾ ਸੀ ਜਿਸ ਦੇ ਕੁੜੀ ਜੰਮ ਪੈਂਦੀ ਉਹ – ਬਈ ਰੱਬ ਦਾ ਜੀਅ ਆ– ਕਹਿ ਕੇ ਉਤਲੇ ਮੂੰਹੋਂ ਤਾਂ ਦਿਲ ਧਰ ਲੈਂਦੇ ਪਰ ਘਰ ‘ਚ ਉਨਾਂ ਦੇ ਸੋਗ ਪੈ ਗਿਆ ਹੁੰਦਾ।  ਕਈ ਤਾਂ –ਫੇਰ ਪੱਥਰ ਆ ਗਿਆ- ਵੀ  ਆਖ ਦਿੰਦੇ । ਇਕ ਤਾਂ ਸਾਡੇ ਤੂੰਬੇ ਵਜਾਉਣ ਵਾਲਿਆਂ ਤੇ ਚਾਦਰੇ ਬੰਨ੍ਹ ਕੇ ਗਾਉਣ ਵਾਲਿਆਂ ਨੇ ਸਮਾਜ ਦੇ ਮਨਾਂ ਵਿੱਚ ਪੱਕੀ ਤਰ੍ਹਾਂ ਹੀ ਤਿੰਘ ਤਿੰਘ ਕੇ ਵਸਾ ਦਿਤੀ - ਪੁੱਤਰ ਮਿਠੜੇ ਮੇਵੇ ਅੱਲ੍ਹਾ ਸੱਭ  ਨੂੰ ਦੇਵੇ ।ਪੁੱਤਰ ਬਿਨ ਵੰਸ਼ ਨਾ ਚੱਲੇ : ਪੁਤਰ  ਜੜ ਘਰ ਦੀ ਉਏ ਅਤੇ ਧੀਆਂ ਧਨ ਬੇਗਾਨਾ ,ਗੱਡੀ ਨੂੰ ਧੱਕਾ ਮਾਰ ਬਾਬਲਾ ; ਚਿੜੀਆਂ ਦੇ ਚੰਬੇ ਨੇ ਇਕ ਦਿਨ ਉਡ ਜਾਣਾ –ਇਉਂ ਗਾ ਗਾ ਕੇ ਕੁੜੀ ਦੇ ਨੰਬਰ ਹੀ ਘਟਾ ਦਿਤੇ । ਸਮੇਂ ਦੇ ਰੰਗ ਵੇਖੋ ਅੱਜ ਇਨ੍ਹਾਂ ਗੱਲਾਂ ‘ਚ ਕੋਈ ਵਜ਼ਨ ਹੀ ਨਹੀਂ ਦਿਸ ਰਿਹਾ ।ਅੱਜ ਜੋ ਕੁੜੀ ਦੇ ਰੁਤਬੇ ਨੂੰ ਨੀਵਾਂ ਕਹਿੰਦਾ , ਘਟਾ ਕੇ, ਛੋਟਾ ਕਰਕੇ ਵੇਖਦਾ ਹੈ ਉਸ ਬੰਦੇ ‘ਚ ਦਿਮਾਗੀ ਨੁਕਸ ਜੇਹਾ ਲਗਦਾ ।ਹੁਣ ਜੋੜੀ ਵਾਲੀ   ਗੱਲ ਤਾਂ ਮੂਲੋਂ ਮੱਠੀ ਪੈ ਗਈ ਹੈ  ਲੋਕ ਤਾਂ ਹੁਣ ਇਹ ਸੋਚਣ ਲੱਗ ਪਏ ਘਰ ਵਿੱਚ  ਧੀ ਹੋਣੀ ਬਹੁਤ ਜਰੂਰੀ  ਹੈ ।ਵੇਖਣ ‘ਚ ਆੳਂੁਦਾ ਜੇਹੜੇ ਜੋੜੀਆਂ ਜਾਂ ਤਿਕੜੀਆਂ ਵਾਲੇ ਹਨ ਉਨ੍ਹਾਂ ਦੇ ਘਰੀਂ ਜੈਦਾਦਾਂ ਦੀਆਂ ਵੰਡ ਵੰਡਾਈਆਂ ਪਿਛੇ  ਬਾਪੂਆਂ ਬਜ਼ੁਰਗਾ ਦੀ ਬੜੀ ਧੁਹ ਘੜੀਸੀ ਹੁੰਦੀ ਆਂ ਚੰਗੇ ਭਲਿਆ ਦੇ ਮੌਅਰਾਂ ‘ਚ ਠੁਕਦੀਆਂ ਚੂਕਣੇ ਨਿਕਲ ਜਾਂਦੇ । ਵੰਸ਼ ਨੂੰ ਅੱਗੇ ਤੋਰਨ ਵਾਲਿਆਂ  ਨੇ ਬਾਹਲਿਆਂ ਦੀਆਂ ਜੀਭਾਂ ਬਾਹਰ ਕਢਾਈਆਂ ਪਈਆਂ । ਜਦਕਿ ਕੁੜੀਆਂ ਵਾਲੇ ਬਾਹਲੇ ਸੁਖੀ ਸਕੂਨ ਦੇ ਦਿਨ ਕੱਟ ਰਹੇ ਜਾਪਦੇ।

ਬਈ ਮੋਠੂ ਮਲੰਗਾ! ਵੇਖ ਦੁਨੀਆ ਲੱਖ ਗਿਣਤੀਆ ਮਿਣਤੀਆਂ ਲਾ ਕੇ ਵਾਰਸਾਂ ਦੀ ਗੱਲ ਕਰੀ ਜਾਵੇ   ਪਰ ਜਿਸ ਘਰ ਵਿੱਚ ਲੜਕੀ ਨਹੀ  ਹੈਗੀ  ਉਸ ਘਰ ਨੂੰ ਜ਼ਿੰਦਗੀ ਦੇ ਅਸਲ ਮੈਹਨਿਆਂ ਦਾ ਹੀ ਪਤਾ  ਨ੍ਹੀ ਲੱਗ ਸਕਦਾ  ॥ਲੜਕੀ ਦੇ ਚਰਨ ਤਾਂ ਘਰ ਨੂੰ ਨੂਰੋ ਨੂਰ ਕਰ ਦਿੰਦੇ ਆ।ਲੜਕੀ  ਤਾਂ ਘਰ ਦੀ ਰੂਹ ਹੁੰਦੀ ਹੈ । ਘਰਾਂ ਨੂੰ ਚਾਰ ਚੰਨ ਧੀਆਂ ਦੀ ਹੋਂਦ ਨਾਲ ਹੀ ਲਗਦੇ ਹਨ।ਕਹਿੰਦੇ ਨੇ ਧੀ ਦੀਆਂ ਦੋ ਨਹੀਂ ਤਿੰਨ ਅੱਖਾਂ ਹੁੰਦੀਆਂ ਉਸ ਦੀ ਇਕ ਅੱਖ ਹਮੇਸ਼ਾ  ਮਾਂ ਬਾਪ ਦੇ ਬਸੇਰੇ ਵੱਲ ਪਿਛੇ ਹੀ ਵੇਖਦੀ ਰਹਿੰਦੀ ਤੇ ਉਮਰ ਭਰ ਅੰਮੀ  ਦੇ ਘਰ ਦੀਆਂ   ਹੀ ਖੈਰਾਂ ਲੋਚਦੀ ਰਹਿੰਦੀ ਹੈ।

ਬਈ ਦੋਸਤੋ ਦੁਨੀਆਦਾਰੀ ਦੀ ਏਸੇ ਗੱਲ ਨੂੰ ਮੁੱਖ ਰਖਦਿਆਂ ਅੱਜ ਦੀ ਗੱਲ ਦਾ ਸਿਰਲੇਖ ਹੈ

ਧੀਆਂ - ਅਣਮੁੱਲਾ ਸਰਮਾਇਆ
ਮੋਠੂ ਮਲੰਗਾ! ਮੈਂ ਤੈਨੂੰ ਇਕ ਗੱਲ ਸੁਣਾਉਨਾ – ਸਿੰਘਾਪੁਰ  ਵਾਲੇ ਮਨਿੰਦਰ ਨੂੰ ਤਾਂ ਤੂੰ ਜਾਣਦਾ ਹੀ ਹੈਂ ਉਹ ਇਕ ਦਿਨ ਫੋਨ ਤੇ ਦੱਸੇ – ਮਨਿੰਦਰ ਆਹਦਾ ਮੈਂ ਸਿੰਘਾਪੁਰ ‘ਚ ਇਕ ਜਾਣ ਪਛਾਣ ਵਾਲੇ ਘਰ ਗਿਆ ।ਜਾ ਕੇ ਵੇਖਿਆ ਮੇਰੇ ਭੈਣਾਂ ਦੇ ਥਾਂ ਲਗਦੀ ਲੜਕੀ ਆਪਣੇ ਬਾਪ ਨੂੰ ਜੋ ਵ੍ਹੀਲ ਚੇਅਰ ‘ਤੇ ਸੀ  ਲੱਤਾਂ ਬਾਹਾਂ ਉਸ ਦੀਆਂ ਮਾਰੀਆਂ ਸਨ, ਉਸ ਨੂੰ ਬਾਥਰੂਮ ਵੱਲ ਲਈ ਜਾਵੇ ।ਜਦ ਬਾਥ ਰੂਮ ਦੇ ਨੇੜੇ ਜੇਹੇ ਲੈ ਕੇ ਗਈ ਤਾਂ  ਉਹ ਬਜ਼ੁਰਗ ਉਸ ਕੁੜੀ ਦਾ ਪਿਉ ਪੁਰੀ ਜਿਦ ਕੀਤੀ ਹੋਈ ਤੇ ਇਹ ਹੀ ਕਹੀ ਜਾਵੇ -ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ –।ਬਹੁਤ ਹੀ ਨਾਂਹ ਨੁਕਰ ਕਰਦਾ ਹੋਇਆ ਸ਼ੋਰ ਪਾਈ ਜਾਵੇ  ।ਪਰ ਉਹ  ਲੜਕੀ ਉਸ ਦੇ ਰੌਲੇ ਦੀ ਕੋਈ ਪਰਵਾਹ ਨਾ ਕਰਦੀ ਹੋਈ  ਉਸ ਨੂੰ ਬਾਥਰੂਮ ਵਿੱਚ ਲੈ ਗਈ  । ਜਦ ਉਹ –ਨਹੀਂ ਨਹੀਂ ; ਮੈਂ ਨਹੀਂ; ਰਹਿਣ  ਦੇ ਤੂੰ ਮੈਨੂੰ  ਛੱਡ  ਦੇ: ਮੈਂ ਨਹੀਂ ਮੈਂ ਨਹੀਂ- ਬਜ਼ੁਰਗ ਬਹੁਤਾ ਹੀ ਲੜਕੀ ਨੂੰ ਉਚੀ ਉਚੀ ਰੋਕਦਾ ਹੋਇਆ ਕਹਿਣ ਲੱਗ ਪਿਆ ਤਾਂ ਮਨਿੰਦਰ ਆਂਹਦਾ  ਮੈਂ ਆਖਿਆਂ  ਭੈਣ ! ਤੁਸੀਂ ਪਾਸੇ ਹੋ ਜਾਵੋ  ਮੈਂ  ਇਸ ਨੂੰ  ਸੰਭਾਲ ਲੈਂਦਾ ਹਾਂ ਮੈਂ ਇਸ ਨੂੰ ਪਿਸ਼ਾਬ ਪਾਣੀ ਕਰਵਾ ਲਿਆਉਨਾ  – ਪਰ ਉਹ ਲੜਕੀ  ਬਾਪ ਨੂੰ ਕੁਰਲਾਂਦੇ ਸ਼ੋਰ ਪਾਉਂਦੇ ਨੂੰ ਅੰਦਰ ਲੈ ਗਈ ਤੇ ਕੁਝ ਮਿੰਟਾਂ ਬਾਅਦ  ਉਸ ਦੇ ਲੋੜੀਂਦੇ ਵਸਤਰ ਵਗੈਰਾ ਠੀਕ ਕਰਕੇ ਬਾਹਰ ਆ ਕੇ   ਦੱਸਣ ਲੱਗੀ – ਵੀਰ ਜੀ! ਇਹ ਰੋਣਾ ਕੁਰਲਾਉਣਾ ਬਾਪੂ ਜੀ ਦਾ ਰੋਜ਼ ਦਾ ਕੰਮ  ਹੈ ।ਇਹ ਸ਼ਰਮ ਮੰਨਦਾ ਤੇ  ਰੋਜ਼ਾਨਾ  ਇਉਂ ਹੀ ਕਰਦਾ । ਪਰ ਕੀ ਕੀਤਾ ਜਾਵੇ ਪਿਸ਼ਾਬ ਪਾਣੀ ਤਾਂ ਇਸ ਨੂੰ ਕਿਸੇ ਨੇ ਕਰਾਉਣਾ ਹੀ ਹੈ ਨਾ ਤੇ  ਮੈਂ ਹੀ ਇਸ ਨੂੰ ਲੈ ਕੇ ਜਾਣਾ ਹੋਰ ਤਾਂ  ਲਿਜਾਣ ਵਾਲਾ ਹੈ ਨਹੀਂ।ਮੈਂ ਇਸ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ –ਬਾਪੂ ਤੂੰ ਇਉਂ ਨਾ ਕਰਿਆ ਕਰ ।ਵੇਖ ! ਜਦ ਮੈਂ ਨਿੱਕੀ ਜੇਹੀ  ਸਾਲ ਛੇ ਮਹੀਨੇ ਦੀ ਹੁੰਦੀ ਸੀ ਜਦ ਮਾਂ ਮਰ ਗਈ ਸੀ ਤਾਂ ਉਦੋਂ ਤੂੰ ਆਪਣੇ ਹੱਥੀ ਮੈਂਨੂੰ  ਲਿਬੜੀ ਤਿਬੜੀ ਨੂੰ ਨੁਹਾਉਂਦਾ  ਸੀ ।ਤੂੰ ਹੀ ਬਦਲ ਬਦਲ ਕੇ ਮੇਰੇ ਫਰਾਕਾਂ , ਲੀੜੇ ਪਾਇਆ ਕਰਦਾ ਸੀ ਨਾ।ਉਦੋਂ ਤੂੰ ਵੀ ਤਾਂ ਮੇਰਾ ਖਿਆਲ ਕਰਦਾ ਸੀ ਤੇ ਤੁੰ ਮੈਨੂੰ ਪਲ ਪਲ ਸਾਂਭ ਕੇ ਮੇਰੇ ਵੇਖਣ ਨੂੰ ਇਹ  ਸੁੰਦਰ ਜਗਤ ਦਿੱਤਾ ਹੈ ਨਾਲੇ ਤੈਨੂੰ ਸਾਭਣ ਵਾਲਾ ਹੋਰ ਹੈ ਕੌਣ ਮੈਂ ਹੀ ਤਾਂ ਤੈਨੂੰ ਸਾਂਭਣਾ-।  ਬੱਸ ਵੀਰ ਜੀ!  ਇਸ ਤਰਾਂ ਕਰਨਾ ਤਾਂ ਇਸਦਾ ਨਿੱਤ ਦਾ ਕਿਸਬ ਹੀ ਹੋ ਗਿਆ।ਕੋਈ ਦਿਲ ਤੇ ਲਾਉਣ ਵਾਲੀ ਗੱਲ ਨਹੀਂ ਹੈ ਬਾਪੂ ਨੇ ਤਾਂ ਰੋਜ਼ ਹੀ ਐਂ ਰੋਂਦੇ ਕੁਰਲਾਂਉਂਦੇ ਰਹਿਣਾ ਤੇ ਮੈੰ ਆਪਣਾ ਫਰਜ਼ ਨਿਭਾਂਉਂਦੇ ਰਹਿਣਾ -।
ਮੋਠੂਆ! ਮਨਿੰਦਰ ਦੀ ਗੱਲ ਸੁਣ ਕੇ ਮੈਨੂੰ ਉਹ ਕੁੜੀ ‘ਧੰਨ ‘ਲੱਗੀ , ਮੁੰਡਿਆਂ ਤੋਂ ਵੀ ਉਪਰ ਬਹੁਤ ਹੀ ਮਹਾਨ ਲੱਗੀ ।


ਤੂੰ ਮਾੜੀ ਜੇਹੀ ਨਿਗਾਹ ਮਾਰ ਕੇ ਵੇਖ ਤੈਨੂੰ ਲਗਦਾ ਨਹੀਂ ਬਈ ਜਿਸ ਘਰ ਵਿੱਚ ਧੀ ਨ੍ਹੀ ਹੁੰਦੀ ,ਜਿਸ ਘਰ ‘ਚ ਭੈਣ ਨਹੀਂ ਹੁੰਦੀ ਉਹ ਘਰ ਖੁੱਸੇ ਖੁੱਸੇ ਰੁੱਖੇ ਜੇਹੇ ਹੋਏ ਪਏ ਹੁੰਦੇ ।ਇਨ੍ਹਾਂ ਕੁੜੀਆਂ ਚਿੜੀਆਂ ਦੀ ਨਿਵੇਕਲੀ  ਬੋਲੀ, ਇਨ੍ਹਾਂ ਦੀ  ਚੁੱਲਿਆਂ ਚੌਂਕਿਆਂ ‘ਚ  ਹਾਜ਼ਰੀ ਘਰਾਂ ਨੂੰ ਮਹਿਕਦਾ ਟਹਿਕਦਾ ਹੀ ਨਹੀਂ ਰੱਖਦੀ ਸਗੋਂ ਇਨ੍ਹਾਂ ਦੀ ਅਜੀਬ ਜੇਹੀ ਦਿਲੀ ਸਾਂਝ ,ਇਕ ਬਹੁਤ ਹੀ ਪਿਆਰੇ ਆਪਣੇਪਣ ਦਾ ਅਹਿਸਾਸ ਕਰਵਾਉਂਦੀ ਹੈ  । ਜਿਨ੍ਹਾਂ ਘਰਾਂ ਵਿੱਚ ਧੀ ਧਿਆਣੀ ਨਹੀਂ ਹੁੰਦੀ ਉਹ ਘਰ  ਰਿਸ਼ਿਤਆਂ ਦੇ ਕੋਮਲ ਅਹਿਸਾਸਾਂ ਤੋਂ ਵਿਰਵੇ ਰਹਿ ਜਾਂਦੇ ਹਨ ।ਉਨ੍ਹਾ ਘਰਾਂ ਚੋਂ ਮੋਹ ਪਿਆਰ ,ਮੋਹ ਮਹੱਬਤਾਂ ਦੀ  ਵਾਸ਼ਨਾ  ਹੀ ਨਹੀਂ ਆਉਂਦੀ।ਕਿਤੇ ਕਿਤੇ ਤਾਂ ਐਂ ਲੱਗਦਾ ਬਈ ਜਿੰਨਾ ਭਰਾਵਾਂ ਦੀ ਕੋਈ ਭੈਣ ਨਹੀਂ ਹੁੰਦੀ ਉਨ੍ਹਾਂ ਨੂੰ ਪਿਆਰ ਦੇ ਅਰਥਾਂ ਦਾ ਹੀ  ਨਹੀਂ ਸਗੋਂ ਰੋਣ ਦੇ ਅਰਥਾਂ ਦਾ ਵੀ ਪਤਾ ਨਹੀਂ ਲਗਦਾ ।

ਵਿਆਹਾਂ ਸ਼ਾਦੀਆਂ ਕੱਠਾਂ ਵੇਲੇ ਘਰਾਂ ‘ਚ ਰੌਣਕਾਂ ਦੀ ਬਖਸ਼ਸ ਦਾ ਕਾਰਨ ਇਹ ਕੁੜੀਆਂ ਚਿੜੀਆਂ ਹੀ ਹੁੰਦੀਆਂ ।ਜਦ ਇਹ ਦਿਨੀਂ ਦਿਹਾੜੀਂ ਅੰਮੀ ਦੇ ਵੇਹੜੇ ‘ਚ ਦਾਖਲ ਹੁੰਦੀਆਂ ਹਨ ਤਾਂ ਇਨ੍ਹਾਂ ਧੀਆਂ ਭੈਣਾਂ ਦੇ ਪੈਰਾਂ ਦੀ ਆਹਟ ਘਰ ਨੂੰ ਭਰਿਆ ਭਰਿਆ ਬਣਾ ਦਿੰਦੀ ਹੈ ਤੇ ਨਣਾਨਾਂ ਭਾਬੀਆਂ ਦੇ ਰਿਸ਼ਤੇ  ਉਜਾਗਰ ਹੋ ਜਾਂਦੇ ਹਨ ।ਘਰ ਦੇ ਕੰਧਾਂ ਕੌਅਲੇ ਮੋਹਖੋਰੇ ਲੱਗਣ ਲੱਗ ਪੈਂਦੇ ਹਨ।ਜਿਥੇ ਇਹ ਕੁੜੀਆਂ ਚਿੜੀਆਂ ਨਹੀਂ ਹੁੰਦੀਆਂ ਉਹ ਘਰ ਲੋਹੜੀਆਂ ਦਿਵਾਲੀਆਂ ਵੇਲੇ ਛੋਟਾ  ਮੋਟਾ ਨਿੱਕ ਸੁਕ ਜੇਹਾ ਦੇਣ ਦੇ ਕਾਰਨਾਂ ਤੋਂ ਬੇਸਮਝ ਜੇਹੇ ਹੋ ਕੇ ਰਹਿ ਜਾਂਦੇ ਹਨ ।ਇਹ ਕੁੜੀਆਂ ਚਿੜੀਆਂ ਘਰਾਂ ਦਰਾਂ ਤੋਂ ਦੂਰ ਰਹਿ ਕੇ ਆਖਰੀ ਪਲ ਤੱਕ ਆਪਣੇ ਦਿਲਾਂ ‘ਚ ਮਹੱਬਤ ਦੀ ਜੋਤ ਜਗਾਈ ਰੱਖਦੀਆਂ ਤੇ  ਆਪਣੇ ਹਿਰਦੇ ਚੋਂ  ਮਾਪੇ ਘਰਾਂ ਨੂੰ  ਗੁਆਚਣ ਨਹੀਂ ਦਿੰਦੀਆਂ ।ਤੂੰ ਆਪ ਹੀ ਦੱਸ ਫਿਰ ਇਹ ਪਰਾਇਆ ਧਨ ਕਿਵੇਂ ਹੋਇਆ ;ਇਹ ਧੀਆਂ ਤਾਂ ਇਕ ਤਰਾਂ ਅਣਮੁੱਲਾ ਸਰਮਾਇਆ ਹੀ ਹੋਇਆ ।

****

1 comment:

Anonymous said...

ਸੁਖਮਿੰਦਰ ਜੀ ਦੀ ਲਿਖੀ ਵਾਰਤਾ ਧੀਆਂ ਅਣਮੁੱਲਾ ਸਰਮਾਇਆ ਪੜ੍ਹੀ, ਬਹੁਤ ਚੰਗੀ ਲੱਗੀ। ਧੀਆਂ ਦਾ ਆਪਣੇ ਮਾਪਿਆਂ ਨਾਲ਼ ਮੋਹ ਦਾ ਅਟੁੱਟ ਰਿਸ਼ਤਾ ਹੁੰਦਾ ਹੈ ਜੋ ਸਾਹਾਂ ਨਾਲ਼ ਨਿਭਦਾ ਹੈ। ਸੁਖਮਿੰਦਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਮਾਂ-ਪਿਓ ਦੇ ਵਿਹੜੇ ਇੱਕ ਧੀ ਸਿਰਜਣਾ ਹੁੰਦੀ ਹੈ,ਓਸ ਘਰ ਦੀ ਦਿੱਖ ਹੀ ਵੱਖਰੀ ਹੁੰਦੀ ਹੈ। ਓਸ ਘਰ 'ਚ ਵਰਤਾਓ ਦਾ ਸਲੀਕਾ ਹੁੰਦਾ ਹੈ।
ਵਧੀਆ ਰਚਨਾ ਲਈ ਵਧਾਈ।

ਹਰਦੀਪ