ਵਿਸ਼ਵ ਕਬੱਡੀ ਇਤਿਹਾਸ ਵਿੱਚੋਂ ਜੇ ਕੁਝ ਕਬੱਡੀ ਖਿਡਾਰੀਆਂ ਦੇ ਨਾਂਅ ਮਨਫ਼ੀ ਕਰ ਦੇਈਏ, ਤਾਂ ਕਬੱਡੀ ਖੇਡ ਅਪਾਹਜ ਹੋਈ ਜਾਪੇਗੀ। ਜੇ ਕਿਤੇ ਇਕੱਠੇ ਹੀ ਚਾਰ ਨਾਮਵਰ ਖਿਡਾਰੀ ਇਸ ਦੁਨੀਆਂ ਤੋਂ ਤੁਰ ਜਾਣ ਤਾਂ ਕਬੱਡੀ ਮੈਦਾਨ ਹੀ ਰੋਂਦਾ-ਵਿਲਕਦਾ ਪ੍ਰਤੀਤ ਹੋਵੇਗਾ। ਇਹ ਦੁਖਦਾਈ ਭਾਣਾ 16 ਅਪ੍ਰੈਲ 1998 ਨੂੰ ਲੁਧਿਆਣਾ-ਚੰਡੀਗੜ੍ਹ ਸੜਕ ‘ਤੇ ਖ਼ਰੜ ਲਾਗੇ ਘੜੂੰਆਂ ਪਿੰਡ ਕੋਲ ਵਾਪਰਿਆ। ਜਦ ਹਰਜੀਤ ਬਰਾੜ ਬਾਜਾਖ਼ਾਨਾ, ਆਪਣੇ ਨੇੜਲੇ ਸਾਥੀਆਂ ਕੇਵਲ ਲੋਪੋ, ਕੇਵਲ ਸ਼ੇਖਾ, ਅਤੇ ਤਲਵਾਰ ਤਾਰਾ ਕਾਉਂਕੇ ਨਾਲ ਜਿਪਸੀ ‘ਤੇ ਜਾ ਰਹੇ ਸਨ, ਤਾਂ ਇੱਕ ਟਰੱਕ ਜਿਪਸੀ ਨਾਲ ਆ ਟਕਰਾਇਆ ਅਤੇ ਚਾਰੇ ਖਿਡਾਰੀਆਂ ਦੀ ਕਬੱਡੀ- ਕਬੱਡੀ ਕਹਿੰਦੀ ਜ਼ੁਬਾਨ ਸਦਾ ਸਦਾ ਲਈ ਖ਼ਾਮੋਸ਼ ਹੋ ਗਈ। ਹਰਜੀਤ ਪਰਿਵਾਰ ਲਈ ਅਪ੍ਰੈਲ ਮਹੀਨਾ ਹੀ ਮੰਦਭਾਗਾ ਰਿਹਾ। ਪਹਿਲਾਂ ਉਸ ਦੇ ਵੱਡੇ ਭਰਾ ਸਰਬਜੀਤ ਸਿੰਘ ਦੀ 28 ਅਪ੍ਰੈਲ 1986 ਨੂੰ ਮੌਤ ਹੋ ਗਈ ਸੀ। ਜੋ ਆਪਣੇ ਪਿਤਾ ਵਾਂਗ ਹੀ ਕਬੱਡੀ ਦੀ ਖੇਡ ਦੇ ਸਹਾਰੇ ਪੁਲੀਸ ਵਿਚ ਭਰਤੀ ਹੋਇਆ ਸੀ। ਇਵੇਂ ਹੀ 5 ਅਪ੍ਰੈਲ 1998 ਨੂੰ ਫਰੀਦਕੋਟ ਵਿਖੇ ਪਾਕਿਸਤਾਨ ਵਿਰੁੱਧ ਹੋਣ ਵਾਲੇ ਕੌਮਾਂਤਰੀ ਕਬੱਡੀ ਮੈਚ ਸਮੇ ਗੁੱਟ ‘ਤੇ ਗੰਭੀਰ ਸੱਟ ਲੱਗਣ ਦੀ ਵਜ੍ਹਾ ਕਰਕੇ ਹਰਜੀਤ ਮੈਚ ਹੀ ਨਹੀਂ ਸੀ ਖੇਡ ਸਕਿਆ। ਅਪ੍ਰੈਲ ਮਹੀਨੇ ਦੀ 26 ਤਾਰੀਖ ਨੂੰ ਹਰਜੀਤ ਬਰਾੜ ਦੀ ਯਾਦ ਵਿੱਚ ਬਾਜਾਖ਼ਾਨਾ ਵਿਖੇ ਬਹੁਤ ਵੱਡਾ ਸ਼ਰਧਾਂਜਲੀ ਸਮਾਗਮ ਹੋਇਆ। ਉਸ ਦੇ ਚਹੇਤੇ ਯਾਦ ਕਰ ਕਰ ਰੁਮਾਲ ਗਿੱਲੇ ਕਰ ਰਹੇ ਸਨ।
5 ਦਸੰਬਰ 1971 ਨੂੰ ਬਖ਼ਸ਼ੀਸ਼ ਸਿੰਘ ਸੇਵਾ ਮੁਕਤ ਪੁਲੀਸ ਇਨਸਪੈਕਟਰ ਅਤੇ ਸੁਰਜੀਤ ਕੌਰ ਦੇ ਵਿਹੜੇ ਬਾਜਾਖ਼ਾਨਾ ਵਿਖੇ ਇਸ ਬਾਲਕ ਨੇ ਜਨਮ ਲਿਆ, ਤਾਂ ਇਹਦਾ ਵਜ਼ਨ ਆਮ ਬੱਚਿਆਂ ਤੋਂ ਡੇਢਾ ਸੀ। ਉਦੋਂ ਉਹ ਬਾਜਾਖ਼ਾਨਾ ਦੇ ਸਕੂਲ ਦੀ ਅੱਠਵੀਂ ਜਮਾਤ ਵਿੱਚ ਹੀ ਪੜ੍ਹਦਾ ਸੀ। ਜਦੋਂ ਉਸ ਨੇ ਕਬੱਡੀ ਖੇਡਦਿਆਂ ਸਕੂਲ ਨੂੰ ਜ਼ਿਲ੍ਹਾ ਜੇਤੂ ਬਣਾਇਆ। ਫਿਰ ਪੰਜਾਬ ਮਿੰਨੀ ਖੇਡਾਂ ਵਿੱਚ ਉਹ ਤਲਵਾੜੇ ਗਿਆ ਅਤੇ ਪੰਜਾਬ ਦੀ ਟੀਮ ਨੂੰ ਗੁਹਾਟੀ (ਅਸਾਮ) ਵਿਖੇ ਕੌਮੀ ਜੇਤੂ ਬਣਾਇਆ। ਵੱਡੇ ਭਰਾ ਦੀ ਮੌਤ ਮਗਰੋਂ ਉਦਾਸ ਹਰਜੀਤ ਨੂੰ ਜਲੰਧਰ ਦੇ ਸਪੋਰਟਸ ਵਿੰਗ ਵਿਚ ਭੇਜਿਆ ਗਿਆ। ਜਿੱਥੇ ਅਜੀਤ ਮਾਲੜੀ ਅਤੇ ਗੁਰਪਾਲ ਸਿੰਘ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਰਾਜਿੰਦਰਾ ਕਾਲਜ ਬਠਿੰਡਾ ਵਿਖੇ ਪੜ੍ਹਨ ਵਾਲੇ ਛੇ ਫੁੱਟੇ ਇਸ ਖਿਡਾਰੀ ਨੂੰ ਬੇ-ਜੋੜ, ਬੇ-ਰੋਕ ਧਾਵੀ ਵਜੋਂ ਜਾਣਿਆ ਜਾਂਦਾ ਸੀ। ਅਣਜਾਣੇ ਜਿਹੇ ਕਸਬੇ ਬਾਜਾਖ਼ਾਨਾ ਨੂੰ ਦੁਨੀਆਂ ਦੇ ਨਕਸ਼ੇ ‘ਤੇ ਉਭਾਰਨ ਵਾਲੇ ਹਰਜੀਤ ਦੀ ਇੱਕ ਵਾਰੀ ਖੱਬੀ ਲੱਤ ਵੀ ਟੁੱਟੀ, ਪਰ ਉਸ ਨੇ ਹਿੰਮਤ ਨੂੰ ਯਾਰ ਬਣਾਈ ਰੱਖਿਆ। ਸਰਕਲ ਸਟਾਈਲ ਕਬੱਡੀ ਵਿਚ ਉਸਦੀ ਗਿਣਤੀ ਬਲਵਿੰਦਰ ਫਿੱਡੂ, ਬਲਵਿੰਦਰ ਭੀਮਾਂ, ਮੁਖਤਾਰ ਪੱਪਾ, ਜਸਵੀਰ ਮੰਗੀ, ਹਰਪ੍ਰੀਤ ਬਾਬਾ, ਸਰਬਜੀਤ ਸੱਬਾ ਅਤੇ ਭਿੰਦਰ ਵਰਗੇ ਨਾਮੀ ਖਿਡਾਰੀਆਂ ਵਿਚ ਹੋਣ ਲੱਗ ਪਈ ਸੀ।
ਜਿੱਥੇ ਹਰਜੀਤ ਨੇ ਸੁੱਖੀ ਯਾਦਗਾਰੀ ਕੱਪ, ਮਥਰਾ ਦਾਸ ਕੌਮਾਂਤਰੀ ਕਬੱਡੀ ਟੂਰਨਾਮੈਂਟ, ਹਰਬੰਸ ਸਿੰਘ ਯਾਦਗਾਰੀ ਕਬੱਡੀ ਮੁਕਾਬਲਾ, ਲਾਲਾ ਲਾਜਪਤ ਰਾਇ ਕਬੱਡੀ ਟੂਰਨਾਮੈਂਟ ਵਰਗੇ ਮੁਕਾਬਲੇ ਖੇਡੇ, ਉਥੇ ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਮਿਸਜ਼ ਸ਼ੀਲਾ ਕੋਪਸ ਦੇ ਵਿਚਾਰਾਂ ਦਾ ਮਾਈਕਲ ਟਾਈਸਨ, ਭਲਵਾਨ ਦਾਰਾ ਸਿੰਘ ਤੋਂ ਥਾਪੜਾ ਪ੍ਰਾਪਤ ਕਰਤਾ, ਜਲੰਧਰ ਦੇ ਕੌਮਾਂਤਰੀ ਕਬੱਡੀ ਕੱਪ ਸਮੇਂ ਮਿਸ ਕੋਲੀਨ ‘ਤੇ ਆਪਣੀ ਅਮਿੱਟ ਛਾਪ ਛੱਡਣ ਵਾਲੇ ਹਰਜੀਤ ਨੇ 1995 ਵਿਚ ਪਾਕਿਸਤਾਨ ਵਿਰੁੱਧ ਯਾਦਗਾਰੀ ਖੇਡ ਦਾ ਮੁਜ਼ਾਹਿਰਾ ਕੀਤਾ। ਕੌਪਸ ਕੌਲਸ਼ਿਅਮ ਖੇਡ ਮੈਦਾਨ ਵਿਚ 1995 ਨੂੰ ਚਹੇਤਾ ਖਿਡਾਰੀ ਬਣਿਆਂ । ਅਗਲੇ ਵਰ੍ਹੇ 1996 ਵਿਚ ਖੋਜੇਵਾਲ (ਜਲੰਧਰ) ਦੀ ਵਾਸੀ ਅਤੇ ਕੈਨੇਡਾ ਰਹਿੰਦੀ ਨਰਿੰਦਰਜੀਤ ਕੌਰ ਨਾਲ ਜੀਵਨ ਸਾਥ ਨਿਭਾਉਣ ਦੇ ਬੰਧਨ ਵਿਚ ਬੱਝ ਗਏ। ਉਹ ਲੜਕੀ ਗਗਨ ਦਾ ਪਿਤਾ ਵੀ ਬਣਿਆਂ ।
1997-98 ਵਿਚ ਕਬੱਡੀ ਦਾ ਰੁਸਤਮ-ਇ-ਜ਼ਮਾਂ ਅਖਵਾਇਆ ਇਹ ਖਿਡਾਰੀ 23 ਅਪ੍ਰੈਲ ਦੇ ਦਿਨ ਬਾਜਾਖਾਨਾ ਦੇ ਸਕੂਲ ਵਿੱਚ ਇਗਲੈਂਡ ਵਿਰੁੱਧ ਖੇਡਦਿਆਂ ਮਹਿੰਦਰ ਮੌੜ ਨੇ ਵੇਖਿਆ, ਤਾਂ ਉਸ ਨੇ ਮਨ ਬਣਾ ਲਿਆ ਕਿ ਇਸ ਨੂੰ ਵਿਦੇਸ਼ਾਂ ਵਿਚ ਜੌਹਰ ਦਿਖਾਉਣੇ ਚਾਹੀਦੇ ਹਨ। ਮੌੜ ਦੀ ਇਹ ਖਵਾਇਸ਼ ਹਰਜੀਤ ਨੇ ਪੁਲਿਸ ਦੀ ਸਬ-ਇੰਸਪੈਕਟਰੀ ਛਡਦਿਆਂ, ਹਰਪ੍ਰੀਤ ਬਾਬਾ ਅਤੇ ਲਹਿੰਬਰ ਸਿੰਘ ਵਰਗਿਆਂ ਦੀ ਮੱਦਦ ਨਾਲ ਵਿਦੇਸ਼ ਪਹੁੰਚ ਪੂਰੀ ਕਰ ਵਿਖਾਈ।
26 ਅਪ੍ਰੈਲ ਨੂੰ 50 ਹਜ਼ਾਰ ਤੋਂ ਵੱਧ ਲੋਕਾਂ ਨੇ ਹਰਜੀਤ ਦੇ ਅੰਤਮ ਵਿਦਾਇਗੀ ਸਮਾਗਮ ਵਿਚ ਹਾਜ਼ਰੀ ਭਰੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਕੈਬਨਿਟ ਮੰਤਰੀ, ਹਰ ਪਾਰਟੀ ਦੇ ਨੇਤਾ ਸ਼ਾਮਲ ਹੋਏ। ਇਸ ਖਿਡਾਰੀ ਦਾ ਆਦਮ ਕੱਦ ਬੁੱਤ ਸਥਾਪਤ ਕੀਤਾ ਗਿਆ ਹੈ । ਹਰਜੀਤ ਸਟੇਡੀਅਮ ਬਣ ਚੁੱਕਿਆ ਹੈ, ਜਿੱਥੇ ਹਰ ਸਾਲ ਫਰਵਰੀ ਦੇ ਮੁੱਢਲੇ ਦਿਨਾਂ ਵਿਚ ਹਰਜੀਤ ਦੀ ਯਾਦ ਵਿੱਚ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਹਰਜੀਤ ਦੀ ਸਮਾਧ ਤੇ ਰਖਾਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੇਡ ਮੇਲਾ ਸ਼ੁਰੂ ਹੋਇਆ ਕਰਦਾ ਹੈ।। ਟੀਮਾਂ ਅਤੇ ਸਰਵੋਤਮ ਖਿਡਾਰੀਆਂ ਨੂੰ ਵੱਡੇ ਵੱਡੇ ਇਨਾਮ-ਸਨਮਾਨ ਵੀ ਦਿੱਤੇ ਜਾਂਦੇ ਹਨ। ਆਖ਼ਰੀ ਦਿਨ ਖੁੱਲ੍ਹਾ ਅਖ਼ਾੜਾ ਭਰਿਆ ਕਰਦਾ ਹੈ। ।ਲੋਕ ਦੂਰੋਂ–ਦੂਰੋਂ ਅਤੇ ਵਿਦੇਸ਼ਾਂ ਤੋਂ ਵੀ ਪਹੁੰਚਿਆ ਕਰਦੇ ਹਨ, ਜੋ ਹਰਜੀਤ ਬਰਾੜ ਨੂੰ ਅਤੇ ਉਹਦੇ ਪਿਆਰ ਨੂੰ ਯਾਦ ਕਰਨਾ ਨਹੀਂ ਭੁੱਲਦੇ ।
****
No comments:
Post a Comment