ਸੋਹਲ ਸੱਚਾਈ.......... ਨਜ਼ਮ/ਕਵਿਤਾ / ਦਵਿੰਦਰ ਕੌਰ ਸਿੱਧੂ (ਪ੍ਰੋ.), ਦਾਉਧਰ (ਮੋਗਾ)

ਇਹ ਜੋ ਮਹਿਕ ਪੁਰੇ 'ਚੋਂ ਉੱਡਦੀ ਆਈ ਹੈ
ਮੇਰੇ ਅੰਤਰ ਮਨ ਦੀ ਸੋਹਲ ਸੱਚਾਈ ਹੈ

ਤੇਰੀ ਝੋਲ਼ੀ ਸੂਰਜ ਆਣ ਵਿਰਾਜੇਗਾ
ਅੱਜ ਸੁਬ੍ਹਾ ਦੀ ਲਾਲੀ ਖ਼ਬਰ ਲਿਆਈ ਹੈ

ਉਡੀਕਾਂ ਸੂਰਜ ਅੱਖੀਂ ਚਾਨਣ ਭਰਨ ਲਈ
ਰੂਹ ਮੇਰੀ ਨੇ ਲਈ ਹੁਣ ਅੰਗੜਾਈ ਹੈ

ਸਾਜਾਂ ਸੰਗ ਨੇ ਪੌਣਾਂ ਘੋੜੀਆਂ ਗਾ ਰਹੀਆਂ
ਦਿਲ ਦੇ ਬਰੂਹੀਂ ਵੱਜੀ ਅੱਜ ਸ਼ਹਿਨਾਈ ਹੈ

ਮਨ ਦੀ ਟਹਿਣੀ ਖਿੜਿਆ ਫੁੱਲ ਗੁਲਾਬ ਦਿਸੇ
ਰੂਹ ਮੇਰੀ ਜੀਹਨੇ ਅੰਬਰਾਂ ਤੱਕ ਮਹਿਕਾਈ ਹੈ

ਬੁੱਲ੍ਹਾਂ ਉੱਤੇ ਆਪ-ਮੁਹਾਰੇ ਸੱਤ ਸੁਰਾਂ ਨੇ ਗਾ ਰਹੀਆਂ
ਸੱਤ-ਸੁਰਾਂ ਨੂੰ ਸ਼ਬਦ ਪੁਆ 'ਸਿੱਧੂ' ਕਵਿਤਾ ਲਿਆਈ ਹੈ
****

4 comments:

SURINDER RATTI said...

ਦਵਿੰਦਰ ਜੀ,

ਬਹੁਤ ਹੀ ਸੁੰਦਰ ਭਾਵ ਹਨ ਇਸ ਗ਼ਜ਼ਲ ਦੇ, ਹਰ ਮਿਸਰਾ ਡੂੰਗੇ ਵਿਚਾਰਾਂ ਨਾਲ ਲਬਰੇਜ਼ ਹੈ , ਮਤਲਾ ਵੀ ਸ਼ਾਨਦਾਰ ਹੈ - ਸੁਰਿੰਦਰ ਰੱਤੀ - ਮੁੰਬਈ


ਇਹ ਜੋ ਮਹਿਕ ਪੁਰੇ 'ਚੋਂ ਉੱਡਦੀ ਆਈ ਹੈ
ਮੇਰੇ ਅੰਤਰ ਮਨ ਦੀ ਸੋਹਲ ਸੱਚਾਈ ਹੈ

Shabad shabad said...

ਪ੍ਰੋ.ਦਵਿੰਦਰ ਕੌਰ ਜੀ ਇੱਕ ਵਧੀਆ ਲਿਖਾਰਣ ਹੈ, ਜਿਸ ਦੀਆਂ ਰਚਨਾਵਾਂ ਸਮੇਂ ਸਮੇਂ 'ਤੇ ਪੰਜਾਬ ਦੇ ਨਾਮੀ ਅਖ਼ਬਾਰਾਂ ਤੇ ਰਸਾਲਿਆਂ 'ਚ ਛਪਦੀਆਂ ਰਹਿੰਦੀਆਂ ਹਨ ਤੇ ਬੜੀ ਦਿਲਚਸਪੀ ਨਾਲ਼ ਪੜ੍ਹੀਆਂ ਜਾਂਦੀਆਂ ਹਨ। ਪਿੱਛੇ ਜਿਹੇ ਉਹਨਾਂ ਦੀ ਇੱਕ ਕਾਵਿ-ਪੁਸਤਕ 'ਬੇਦਰਦ ਪਲਾਂ ਦੀ ਦਾਸਤਾਨ'ਆਈ ਸੀ ਜਿਸ ਨੂੰ ਭਰਪੂਰ ਹੁੰਗਾਰਾ ਮਿਲ਼ਿਆ।
ਇਹ ਗਜ਼ਲ ਲੇਖਿਕਾ ਦੀ ਅੰਦਰਲੀ ਖੁਸ਼ੀ ਨੂੰ ਦਰਸਾਉਂਦੀ ਹੈ ਜੋ ਸ਼ਬਦੀ ਜਾਮਾ ਪਾ ਕੇ ਓਸ ਦੀ ਕਲਮ ਦਾ ਸ਼ਿੰਗਾਰ ਬਣੀ।
"ਮਨ ਦੀ ਟਹਿਣੀ ਖਿੜਿਆ ਫੁੱਲ ਗੁਲਾਬ ਦਿਸੇ
ਰੂਹ ਮੇਰੀ ਜੀਹਨੇ ਅੰਬਰਾਂ ਤੱਕ ਮਹਿਕਾਈ ਹੈ"
ਕਿੰਨੀ ਸੋਹਣੇ ਭਾਵ ਇਸ ਸ਼ੇਅਰ 'ਚ ਨੇ .....ਪੜ੍ਹਦਿਆਂ ਸੱਚੀਂ ਹੀ ਜਾਣੋ ਰੂਹ ਖਿੜ ਉੱਠੀ ਹੈ।
ਇਓਂ ਲੱਗਦਾ ਹੈ ਕਿ ਲੇਖਿਕਾ ਦੇ ਅੰਤਰ ਮਨ 'ਚ ਜਦੋਂ ਖੁਸ਼ੀਆਂ ਠਾਠਾਂ ਮਾਰਨ ਲੱਗੀਆਂ ਹੋਣਗੀਆਂ ਤਾਂ ਆਪ-ਮੁਹਾਰੇ ਸ਼ਬਦੀ ਸੰਗੀਤ ਨਾਲ਼ ਬੁੱਲ੍ਹ ਫਰਕੇ ਹੋਣਗੇ ਤੇ ਪਤਾ ਹੀ ਨਹੀਂ ਲੱਗਾ ਹੋਣਾ ਕਦੋਂ ਓਨ੍ਹਾਂ ਸ਼ਬਦਾਂ ਨੇ ਇਸ ਗਜ਼ਲ ਦਾ ਰੂਪ ਲੈ ਲਿਆ । ਸਭ ਕੁਝ ਕਿੰਨਾ ਸੁਭਾਵਿਕ ਤੇ ਰਸੀਲਾ ਹੈ ਕਿ ਪੜ੍ਹਦਿਆਂ ਮਨ ਝੂਮ ਉੱਠਦਾ ਹੈ।
ਦਵਿੰਦਰ ਮੇਰੀ ਵੱਡੀ ਭੈਣ ਹੈ,ਜੋ ਵੱਡੀ ਭੈਣ ਦਾ ਫ਼ਰਜ਼ ਨਿਭਾਉਣ ਦੇ ਨਾਲ਼-ਨਾਲ਼, ਸਮੇਂ ਸਮੇਂ 'ਤੇ ਆਵਦੀ ਸਾਹਿਤਕ ਨਜ਼ਰ ਨਾਲ਼ ਮੇਰੀਆਂ ਲਿਖਤਾਂ ਨੂੰ ਵੀ ਸੇਧ ਦਿੰਦੀ ਰਹਿੰਦੀ ਹੈ।
ਸ਼ਾਲਾ ! ਇਹ ਕਲਮ ਏਸੇ ਤਰਾਂ ਲਿਖਦੀ ਰਹੇ....ਏਹੋ ਕਾਮਨਾ ਕਰਦੀ ਹਾਂ।
ਛੋਟੀ ਭੈਣ
ਹਰਦੀਪ
http://punjabivehda.wordpress.com

HARVINDER DHALIWAL said...

ਤੇਰੀ ਝੋਲ਼ੀ ਸੂਰਜ ਆਣ ਵਿਰਾਜੇਗਾ
ਅੱਜ ਸੁਬ੍ਹਾ ਦੀ ਲਾਲੀ ਖ਼ਬਰ ਲਿਆਈ ਹੈ....ਬਹੁਤ ਹੀ ਵਧੀਆ ਰਚਨਾ .......!!!!!!!!

Harman said...

Sat sri Akal Bhen Ji

Tuhadi Poem bahut hi vadiya lagi. Es poem nu jini var vi padu, man nu ek vakhri je khushi mildi e.

Thanks for sharing.
Ur Sister
Harman