ਐਡੀਲੇਡ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਬੀਤੇ ਦਿਨੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਵੱਲੋਂ ਏ.ਏ.ਆਈ.ਸੀ. ਕਾਲਜ ਵਿਚ ਉੱਘੇ ਰੰਗਕਰਮੀ ਕਰਮਜੀਤ ਅਨਮੋਲ ਅਤੇ ਰਵਿੰਦਰ ਮੰਡ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਤਕਰੀਬਨ ਚਾਰ ਘੰਟੇ ਚਲਿਆ ਇਹ ਸਮਾਗਮ ਕਈ ਰੂਪ ਧਾਰਨ ਕਰ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਦੇ ਸੁਆਗਤੀ ਭਾਸ਼ਣ ਨਾਲ ਹੋਈ। ਜਿਸ ਵਿਚ ਉਨ੍ਹਾਂ ਸਾਊਥ ਆਸਟ੍ਰੇਲੀਆ ਵਿਖੇ ਪੰਜਾਬੀ ਅਤੇ ਪੰਜਾਬੀਅਤ ਲਈ ਹੋ ਰਹੇ ਉਪਰਾਲਿਆਂ ਤੇ ਤਸੱਲੀ ਪ੍ਰਗਟਾਈ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਬਖਸ਼ਿੰਦਰ ਸਿੰਘ ਨੇ ਆਪਣੀਆਂ ਨਜ਼ਮਾਂ ਦੇ ਨਾਲ ਨਾਲ ਪ੍ਰੋਗਰਾਮ ਦੇ ਸੂਤਰਧਾਰ ਦੀ ਭੂਮਿਕਾ ਬਾਖ਼ੂਬੀ ਨਿਭਾਈ।ਇਸ ਤੋਂ ਬਾਅਦ ਲੋਕਲ ਸ਼ਾਇਰਾਂ ਤੇ ਫ਼ਨਕਾਰਾਂ, ਜਿੰਨਾਂ ਵਿਚ ਮਨਪ੍ਰੀਤ ਸਿੰਘ ਗਿੱਲ, ਦਵਿੰਦਰ ਧਾਲੀਵਾਲ, ਕਰਨ ਬਰਾੜ, ਵੀਰ ਭੰਗੂ, ਕਮਲ ਸੰਧੂ, ਲਾਲੀ ਗੁਰਨਾ, ਗੁਰਵਿੰਦਰ ਸਿੰਘ, ਸੁਖਦੀਪ ਬਰਾੜ, ਰਾਜ ਕੁਮਾਰ ਸ਼ਰਮਾ, ਰਮਨਪ੍ਰੀਤ ਕੌਰ ਅਤੇ ਰਾਜੀਵ ਕੁਮਾਰ ਆਦਿ ਸ਼ਾਮਲ ਹਨ, ਨੇ ਆਪਣੇ ਫ਼ਨ ਦਾ ਮੁਜ਼ਾਹਿਰਾ ਕੀਤਾ ਅਤੇ ਮਹਿਮਾਨਾਂ ਤੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਇਸ ਵਕਤ ਇਕ ਵਾਰ ਤਾਂ ਇਹ ਸਮਾਗਮ ਰੂਬਰੂ ਘੱਟ ਤੇ ਕਵੀ ਦਰਬਾਰ ਜ਼ਿਆਦਾ ਲੱਗਣ ਲੱਗ ਪਿਆ ਸੀ।
ਇਸ ਪਿੱਛੋਂ ਰਵਿੰਦਰ ਮੰਡ ਨੇ ਖ਼ੁਦ ਨੂੰ ਦਰਸ਼ਕਾਂ ਨਾਲ ਰੂਬਰੂ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਿੱਕੇ-ਨਿੱਕੇ ਅਤੇ ਬੜੇ ਹੀ ਤਿੱਖੇ ਕਮੈਂਟਾਂ ਨੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਅਤੇ ਸੋਚਣ ਤੇ ਮਜਬੂਰ ਕਰ ਦਿੱਤਾ। ਉਨ੍ਹਾਂ ਆਪਣੀ ਜ਼ਿੰਦਗੀ ਦੇ ਹੁਣ ਤੱਕ ਦੇ ਸਫ਼ਰ ਬਾਰੇ ਗੱਲਾਂ ਕਰਦਿਆਂ ਦੱਸਿਆ ਕਿ ਉਹ ਪੈਰੋਡੀ ਗੀਤ ਲਿਖਦੇ-ਲਿਖਦੇ ਐਕਟਿੰਗ ਵੱਲ ਨੂੰ ਆ ਗਏ ਅਤੇ ਅੱਜ ਕੱਲ੍ਹ ਉਹ ਕਈ ਫ਼ਿਲਮਾਂ ’ਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਇਕ ਚੰਗੇ ਸਮਾਜ ਨੂੰ ਸਿਰਜਣ ’ਚ ਯੋਗਦਾਨ ਪਾਉਣਾ ਹੈ। ਜਿਸ ਤਹਿਤ ਉਹ ਹੌਲੀ ਹੌਲੀ ਅੱਗੇ ਵੱਧ ਰਹੇ ਹਨ। ਇਸ ਤੋਂ ਬਾਅਦ ਵਾਰੀ ਆਈ ਸੁਰੀਲੇ ਗਾਇਕ ਕਰਮਜੀਤ ਅਨਮੋਲ ਦੀ, ਉਨ੍ਹਾਂ ਆਪਣੀ ਜ਼ਿੰਦਗੀ ਦੇ ਕਈ ਕੌੜੇ ਮਿੱਠੇ ਤਜਰਬੇ ਦਰਸ਼ਕਾਂ ਨਾਲ ਸਾਂਝੇ ਕੀਤੇ। ਕਰਮਜੀਤ ਅਨਮੋਲ ਜਿੱਥੇ ਇਕ ਸੁਰੀਲਾ ਗਾਇਕ ਹੈ, ਉਥੇ ਉਹ ਲੋਕਾਂ ਦੀ ਕਚਹਿਰੀ ’ਚ ਇਕ ਚੰਗੇ ਕਾਮੇਡੀਅਨ ਦੇ ਰੂਪ ਵਿਚ ਵੀ ਪ੍ਰਵਾਨ ਹੋ ਚੁੱਕਿਆ ਹੈ। ਪਰ ਇਸ ਮੌਕੇ ‘ਤੇ ਮੌਜੂਦ ਦਰਸ਼ਕਾਂ ਨੂੰ ਉਨ੍ਹਾਂ ਵਿਚ ਇਕ ਸੁਲਝਿਆ ਹੋਇਆ ਇਨਸਾਨ ਵੀ ਨਜ਼ਰ ਆਇਆ। ਇਸ ਕਰ ਕੇ ਜਦੋਂ ਉਹ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਤਾਂ ਇਹ ਸਮਾਗਮ ਇਕ ਸੈਮੀਨਾਰ ਦਾ ਰੂਪ ਧਾਰਨ ਕਰ ਗਿਆ ਤੇ ਇਸ ਸੈਮੀਨਾਰ ਵਿਚ ਗਾਇਕੀ ਵਿਚ ਲੱਚਰਤਾ ਅਤੇ ਹਿੰਸਾ ਬਾਰੇ ਵਿਚਾਰ ਚਰਚਾ ਹੋਈ। ਇਸ ਦੌਰਾਨ ਦਰਸ਼ਕਾਂ ਨੇ ਬੜੇ ਤਿੱਖੇ ਤਿੱਖੇ ਸਵਾਲ ਕਰਮਜੀਤ ਅਨਮੋਲ ਹੋਰਾਂ ਨੂੰ ਕੀਤੇ, ਜਿੰਨਾਂ ਦਾ ਜਵਾਬ ਉਨ੍ਹਾਂ ਨੇ ਬੜੀ ਹਲੀਮੀ ਅਤੇ ਸੂਝ ਬੂਝ ਨਾਲ ਦਿੱਤਾ ਜਿਸ ਤੋਂ ਲੋਕ ਕਾਫ਼ੀ ਸੰਤੁਸ਼ਟ ਦਿਖਾਈ ਦਿਤੇ।ਇਸ ਦੌਰਾਨ ਉਨ੍ਹਾਂ ਆਪਣਾ ਪਾਲੀਵੁੱਡ ਤੋਂ ਬਾਲੀਵੁੱਡ ਹੁੰਦੀਆਂ ਹਾਲੀਵੁੱਡ ਤਕ ਦੇ ਸਫ਼ਰ ਬਾਰੇ ਵੀ ਦਰਸ਼ਕਾਂ ਸਾਂਝ ਪਾਈ। ਇਸ ਸਮਾਗਮ ਦੇ ਅੰਤ ਵਿਚ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਆਏ ਕਲਾਕਾਰਾਂ ਨੂੰ ਯਾਦਗਾਰ ਪੱਤਰ ਭੇਂਟ ਕੀਤੇ ਗਏ। ਰਾਬਤਾ ਰੇਡੀਉ ਵੱਲੋਂ ਰੌਬੀ ਬੈਨੀਪਾਲ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਮਾਲੀ ਮਦਦ ਕੀਤੀ। ਉੱਘੇ ਬਿਜ਼ਨਸਮੈਨ ਬੌਬੀ ਗਿੱਲ ਨੇ ਵੀ ਕਲਾਕਾਰਾਂ ਅਤੇ ਦਰਸ਼ਕਾਂ ਲਈ ਜਿੱਥੇ ਚਾਹ-ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਹੋਇਆ ਸੀ, ਉੱਥੇ ਉਨ੍ਹਾਂ ਕਲਾਕਾਰਾਂ ਦੀ ਮਾਲੀ ਮੱਦਦ ਵੀ ਕੀਤੀ। ਇਸ ਪ੍ਰੋਗਰਾਮ ਦੇ ਅੰਤ ਵਿਚ ਹਰਮਨ ਰੇਡੀਓ ਨਾਲ ਗੱਲ ਕਰਦਿਆਂ ਦੋਨਾਂ ਕਲਾਕਾਰਾਂ ਨੇ ਆਸਟ੍ਰੇਲੀਆ ਵਿਚ ਆਏ ਨੌਜਵਾਨ ਵਰਗ ਦੀ ਜੰਮ ਕੇ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਇਸ ਟੂਰ ਨੂੰ ਕਾਮਯਾਬ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਪਹੁੰਚਣ ਵਾਲੀਆਂ ਹਸਤੀਆਂ ਵਿਚ ਰਿਟਾਇਰ ਕਰਨਲ ਬਿੱਕਰ ਸਿੰਘ ਬਰਾੜ, ਅਮਰੀਕ ਸਿੰਘ ਥਾਂਦੀ, ਨਵਤੇਜ ਸਿੰਘ ਬਲ, ਗੁਰਬੀਰ ਸਿੰਘ (ਅਜੀਤ), ਨਿਕ ਆਹਲੂਵਾਲੀਆ, ਮੋਹਨ ਸਿੰਘ ਮਲਹਾਂਸ, ਸੁਮਿਤ ਟੰਡਨ, ਜਗਤਾਰ ਨਾਗਰੀ, ਜੇ ਜੇ ਸਿੰਘ, ਜਸਦੀਪ ਢੀਂਡਸਾ, ਰਣਜੀਤ ਸੇਖੋਂ, ਭੁਪਿੰਦਰ ਬਰਾੜ, ਧੰਮੀ ਜਟਾਣਾ, ਮੋਂਟੀ ਬੈਨੀਪਾਲ, ਰਛਪਾਲ ਬੈਨੀਪਾਲ, ਜੋਗਿੰਦਰ ਕੁੰਡੀ, ਜਗਦੇਵ ਸਿੰਘ, ਅਮਨ ਚੀਮਾ, ਜਸਪ੍ਰੀਤ ਵਿੱਕੀ ਆਦਿ ਸ਼ਾਮਿਲ ਸਨ।
****
No comments:
Post a Comment