ਪੰਜਾਬ ਦਾ ਸ਼ੇਰ; ਰੁਸਤੁਮ-ਇ-ਜ਼ਮਾਂ “ਗਾਮਾ”.......... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਕੁਸ਼ਤੀ ਜਾਂ ਘੋਲ ਇੱਕ ਪੁਰਾਤਨ ਖੇਡ ਹੈ । ਇਸ ਵਿੱਚ ਕਿਸੇ ਵਿਸ਼ੇਸ਼ ਖੇਡ ਮੈਦਾਨ ਜਾਂ ਕਿਸੇ ਖੇਡ ਸਾਧਨ ਦੀ ਲੋੜ ਨਹੀਂ ਸੀ ਪਿਆ ਕਰਦੀ। ਬੱਸ ਜਾਂਘੀਆ ਜਾਂ ਲੰਗੋਟ ਹੀ ਪਹਿਨਿਆ ਹੁੰਦਾ ਸੀ। ਰਾਜੇ ਆਪਣੇ ਦਰਬਾਰਾਂ ਵਿੱਚ ਭਲਵਾਨਾਂ ਨੂੰ ਬਹੁਤ ਚਾਅ ਨਾਲ ਰੱਖਿਆ ਕਰਦੇ ਸਨ। ਇੱਕ ਸਮਾਂ ਅਜਿਹਾ ਸੀ ਜਦ ਇਸ ਖੇਤਰ ਵਿੱਚ ਚਾਰ ਨਾਂਅ ਹੀ ਬਹੁਤ ਮਕਬੂਲ ਸਨ । ਜੌਰਜ ਹੈਕਿਨ ਸਕੈਮਿਡਟ, ਸਟੈਨਸਲੋਸ਼ ਜ਼ਬਿਸਕੋ, ਪਰੈਂਕ ਗੌਟਿਚ ਤੋਂ ਇਲਾਵਾ ਚੌਥਾ ਨਾਂਅ ਪੰਜਾਬ ਦੇ ਸ਼ੇਰ ਗੁਲਾਮ ਮੁਹੰਮਦ ਉਰਫ਼ ਗਾਮਾ ਦਾ ਗਿਣਿਆ ਜਾਂਦਾ ਸੀ। ਜਿੱਥੇ ਉਹ ਨਾਮਵਰ ਭਲਵਾਨ ਸੀ, ਉਥੇ ਉਸਦੀ ਪੂਰੀ ਜ਼ਿੰਦਗੀ ਅੱਗ ਉਤੇ ਤੁਰਨ ਵਰਗੀ ਸੀ। ਉਸਦਾ ਜਨਮ ਪੰਜਾਬ ਦੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 1878 ਨੂੰ ਜੰਮੂ ਕਸ਼ਮੀਰ ਤੋਂ ਹਿਜਰਤ ਕਰਕੇ ਆਏ ਅਜ਼ੀਜ਼ ਬਖ਼ਸ਼ ਦੇ ਪਰਿਵਾਰ ਵਿੱਚ ਹੋਇਆ। ਅਸਲ ਵਿੱਚ ਇਸ ਪਰਿਵਾਰ ਦਾ ਸਬੰਧ ਦਤੀਆ ਰਿਆਸਤ ਨਾਲ ਸੀ। ਪਰ ਜੰਮੂ ਰਿਆਸਤ ਦੇ ਰਾਜਾ ਗੁਲਾਬ ਚੰਦ ਦੇ ਸਤਾਉਣ ਸਦਕਾ ਇਹ ਪਰਿਵਾਰ ਪੰਜਾਬ ਵਿੱਚ ਆ ਵਸਿਆ ਸੀ।

ਗੁਲਾਮ ਮੁਹੰਮਦ ਦੇ ਪਿਤਾ ਅਜ਼ੀਜ਼ ਬਖ਼ਸ਼ ਖ਼ੁਦ ਇੱਕ ਭਲਵਾਨ ਸਨ । ਇਸ ਤਰ੍ਹਾਂ ਗੁਲਾਮ ਮੁਹੰਮਦ ਗਾਮਾ ਨੂੰ ਇਹ ਕਲਾ ਵਿਰਸੇ ਵਿੱਚੋਂ ਮਿਲੀ। ਪਰ ਮੁਸੀਬਤ ਦਾ ਸਮਾਂ ਉਦੋਂ ਆ ਗਿਆ, ਜਦੋਂ 4 ਸਾਲ ਦੇ ਗਾਮੇ ਦੇ ਪਿਤਾ ਦਾ ਇੰਤਕਾਲ ਹੋ ਗਿਆ। ਗਾਮੇ ਦੀਆਂ ਮੁਸ਼ਕਲਾਂ ਵਿੱਚ ਉਦੋਂ ਹੋਰ ਵਾਧਾ ਹੋ ਗਿਆ। ਜਦ ਉਸਦੇ ਨਾਨਾ ਲੂਣ ਮੁਹੰਮਦ ਵੀ ਅੱਲਾ ਨੂੰ ਪਆਰੇ ਹੋ ਗਏ। ਜਿੱਥੇ ਪਹਿਲਾਂ ਗਾਮੇ ਲਈ ਉਹਦੇ ਮਾਮਾ ਈਦਾ ਨੇ ਯਤਨ ਜੁਟਾਏ ਸਨ । ਉਥੇ ਉਹਦਾ ਛੋਟਾ ਮਾਮਾ ਬੂਟਾ ਖ਼ਾਨ ਉਸ ਨੂੰ ਜੋਧਪੁਰ ਦੇ ਰਾਜਾ ਜਸਵੰਤ ਸਿੰਘ ਕੋਲ ਵਰਜਿਸ਼ ਮੁਕਾਬਲੇ ਵਿੱਚ ਲੈ ਗਿਆ। ਗਾਮਾ 400 ਵਿੱਚੋਂ ਪਹਿਲੇ ਪੰਦਰਾਂ ਵਿੱਚ ਆ ਗਿਆ। ਪਰ ਮਹਾਰਾਜਾ ਪਟਿਆਲਾ ਨਰਿੰਦਰ ਸਿੰਘ ਵੱਲੋਂ 1891 ਤੋਂ ਹੀ ਇਸ ਭਲਵਾਨ ਨੂੰ ਅਪਣਾਇਆ ਹੋਇਆ ਸੀ ਅਤੇ ਫਿਰ ਇਹ ਜ਼ਿੰਮੇਵਾਰੀ 1911 ਤੋਂ ਰਾਜਾ ਭੁਪਿੰਦਰ ਸਿੰਘ ਨੇ ਸੰਭਾਲੀ ਲਈ ਸੀ। ।                 

ਗਾਮੇ ਨੇ ਆਪਣੇ ਭਰਾ ਇਮਾਮ ਬਖ਼ਸ਼ ਅਤੇ ਮਾਧੋ ਸਿੰਘ ਤੋਂ ਵੀ ਤਰਬੀਅਤ ਹਾਸਲ ਕੀਤੀ। ਉਹਦੀ ਖ਼ੁਰਾਕ ਅਤੇ ਵਰਜਿਸ਼ ਬਾਰੇ ਸੁਣ ਕੇ ਅੱਜ ਯਕੀਨ ਕਰਨ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਸ ਦੀ ਤਸੱਲੀ ਦਾ ਸਬੂਤ ਪਟਿਆਲੇ ਪਈ 95 ਕਿੱਲੋ ਦੀ ਡਿਸਕ ਵੇਖੀ ਜਾ ਸਕਦੀ ਹੈ। ਜਦ ਉਸਨੇ ਆਪਣੀ ਪਹਿਲੀ ਭਿੜਤ ਵਿੱਚ ਰੀਵਾ ਰਿਆਸਤ ਦੇ ਪੰਡਤ ਵਿੱਦੋ ਨੂੰ ਹਰਾ ਕੇ ਵਿਦਾ ਕੀਤਾ ਤਾਂ ਉਸਦੀ ਤੂਤੀ ਬੋਲਣ ਲੱਗੀ। ਫਿਰ ਇੰਦੌਰ ਰਿਆਸਤ ਦੇ ਸ਼ਿਵਾ ਜੀ ਰਾਓ ਹੌਲਕਰ ਦੇ ਸਾਹਮਣੇ, ਜਦ ਭਲਵਾਨ ਰਹੀਮ ਬਖ਼ਸ਼ ਨਾਲ ਪੌਣੇ ਦੋ ਘੰਟੇ ਮੁਕਾਬਲਾ ਚੱਲਿਆ ਤਾਂ ਬਗੈਰ ਕਿਸੇ ਫੈਸਲੇ ਤੋਂ ਹੀ ਇਹ ਰੋਕ ਦਿੱਤਾ ਗਿਆ। ਪਰ ਕੋਲਕਾਤਾ ਵਿੱਚ ਹੁਸੈਨ ਬਖ਼ਸ਼ ਮੁਲਤਾਨੀ ਨੂੰ ਜਦ ਦੋ ਕੁ ਮਿੰਟਾਂ ਵਿੱਚ ਹੀ ਚਿੱਤ ਕਰ ਦਿੱਤਾ ਤਾਂ ਰਹੀਮ ਬਖ਼ਸ਼ ਨਾਲ ਟੱਕਰ ਹੋਈ। ਪਰ ਇਹ ਮੁਕਾਬਲਾ ਵੀ 2 ਘੰਟੇ 20 ਮਿੰਟ ਤੱਕ ਬਰਾਬਰ ਰਿਹਾ।

ਏਸੇ  ਦੌਰਾਨ 10 ਸਤੰਬਰ 1910 ਨੂੰ ਲੰਡਨ ਦੇ ਸ਼ੈਫਰਡ ਬੁਸ਼ ਸਟੇਡੀਅਮ ਵਿਚਲੇ ਮੁਕਾਬਲੇ ਲਈ ਗਾਮੇ ਨੂੰ ਬੰਗਾਲ ਦੇ ਸੇਠ ਸ਼ਰਤ ਕੁਮਾਰ ਨੇ ਭੇਜ ਦਿੱਤਾ। ਪਰ ਜਦ ਗਾਮੇ ਨੂੰ ਅਯੋਗ ਕਿਹਾ ਗਿਆ, ਤਾਂ ਉਸ ਨੇ 5 ਮਿੰਟ ਘੁਲਣ ਵਾਲੇ ਨੂੰ 15 ਪੌਂਡ ਦੇਣਾ ਕਹਿ ਕੇ, ਕੀਤੇ ਚੈਲਿੰਜ ਤਹਿਤ ਅਮਰੀਕਾ ਦੇ ਰੋਲਰ ਨੂੰ ਚਿੱਤ ਕਰਨ ਮਗਰੋਂ ਦੋ ਦਿਨਾਂ ਵਿੱਚ ਕਈ ਹੋਰਨਾਂ ਨੂੰ ਵੀ ਰੋਲ ਦਿੱਤਾ। ਇਹ ਵੇਖ ਉਹਦਾ ਮੁਕਾਬਲਾ ਵਿਸ਼ਵ ਜੇਤੂ ਸਟੈਨਲੀ ਜ਼ਬਿਸਕੋ ਨਾਲ 10 ਸਤੰਬਰ 1910 ਨੂੰ ਕਰਵਾਇਆ ਗਿਆ। ਜਿਸਦਾ 2 ਘੰਟੇ 40 ਮਿੰਟ ਤੱਕ ਫੈਸਲਾ ਨਾ ਹੋਣ ‘ਤੇ ਅਗਲਾ ਦਿਨ ਮਿਥਿਆ ਗਿਆ। ਪਰ ਜ਼ਬਿਸਕੋ ਨਾ ਆਇਆ ਅਤੇ ਗਾਮਾ ਰੁਸਤੁਮ-ਇ-ਜ਼ਮਾਂ ਬਣਕੇ “ਜੌਹਨ ਬੁਲ ਬੈਲਟ” ਲੈਣ ਵਿੱਚ ਸਫ਼ਲ ਰਿਹਾ। ਉਹ ਗੁਜਰਾਂ ਵਾਲੀਏ ਰਹੀਮ ਬਖ਼ਸ਼ ਨੂੰ ਇਸਲਾਮਾਬਾਦ ਵਿਖੇ 45 ਮਿੰਟਾਂ ਵਿੱਚ ਹੀ ਹਰਾ ਕੇ ਰੁਸਤੁਮ-ਇ-ਹਿੰਦ ਬਣਿਆ। ਪਟਿਆਲੇ ਤਮਾਮ ਸਹੂਲਤਾਂ ਵਾਲੀ ਆਲੀਸ਼ਾਨ ਕੋਠੀ ਵਿੱਚ ਰਿਹਾਇਸ਼ ਸਮੇ ਉਸਨੇ ਚੰਦਾ ਸਿੰਘ ਮੰਡਾਲੀ ਵਰਗਿਆਂ ਨੂੰ ਅਤੇ 28 ਜਨਵਰੀ 1928 ਨੂੰ 18 ਸਾਲਾਂ ਬਾਅਦ ਬਦਲਾ ਲੈਣ ਆਏ ਜ਼ਬਿਸਕੋ ਨੂੰ 150 ਸੈਕਿੰਡ ਵਿੱਚ ਮਾਤ ਦੇ ਕੇ ਵਾਹ ਵਾਹ ਖੱਟੀ। ਜੌਸ ਪੀਟਰਸਨ ਨੂੰ ਫਰਵਰੀ 1929 ਵਿੱਚ ਹਰਾਇਆ।

ਗਾਮੇ ਦੀ ਦੂਜੀ ਪਤਨੀ ਵਜ਼ੀਰ ਬੇਗਮ ਤੋਂ 5 ਪੁੱਤ ਅਤੇ 4 ਧੀਆਂ ਨੇ ਜਨਮ ਲਿਆ। ਪਰ ਕੋਈ ਨਾ ਬਚਿਆ। ਸਭ ਤੋਂ ਛੋਟਾ ਜਲਾਲ ਖਾਂ ਹੀ 1932 ਤੋਂ 1945 ਤੱਕ ਜੀਵਿਆ। ਪਹਿਲਾਂ ਵਾਂਗ ਹੀ ਗਾਮੇ ਕੋਲ ਆਨੰਤਨਾਗ  ਕਸ਼ਮੀਰ ਤੋਂ ਆਉਂਦਾ ਇੱਕ ਜੋਗੀ ਜਦ 1945 ਵਿੱਚ ਆਇਆ, ਤਾਂ ਉਸ ਦੇ ਕੋਲ ਦੋ ਸ਼ੇਰ ਦੇ ਬੱਚੇ ਵੀ ਸਨ। ਗਾਮੇ ਦੀ ਪਤਨੀ ਦੇ ਇਨਕਾਰ ਕਰਨ ‘ਤੇ ਵੀ ਜਲਾਲ ਖਾਂ ਦੀਆਂ ਫੋਟੋਆਂ ਉਹਨਾਂ ਨਾਲ ਕਰਵਾਈਆਂ ਗਈਆਂ। ਜਦ ਗਾਮਾ ਪੈਰ ਹੇਠਾਂ ਲਟਕਾ ਕੇ ਬੈਠਦਾ ਤਾਂ ਉਹ ਬੱਚੇ ਉਸਦੀਆਂ ਤਲੀਆਂ ਚਟਦੇ । ਪਰ ਜੋਗੀ, ਜਿਸ ਨੂੰ ਲੋਕ ਬਾਵਾ ਜੀ ਵੀ ਕਹਿੰਦੇ ਸਨ, ਇਸ ਵਾਰੀ ਬਹੁਤ ਉਦਾਸ ਸੀ। ਕਈਆਂ ਦੇ ਪੁੱਛਣ ‘ਤੇ ਉਸਨੇ ਕਿਹਾ ਕਿ ਜਲਾਲ ਖਾਂ ਦੀ ਉਮਰ ਬਹੁਤ ਥੋਹੜੀ ਰਹਿ ਗਈ ਹੈ। ਇਸ ਵਿੱਚ ਖੌਰੇ ਕੀ ਸਚਾਈ ਸੀ ਜਾਂ ਕੋਈ ਦੂਰ ਅੰਦੇਸ਼ੀ ਸੋਚ ਸੀ ਕਿ ਉਹਦੀ ਗੱਲ ਕਿਵੇਂ ਸਹੀ ਸਿੱਧ ਹੋਈ? ਜਲਾਲ ਖਾਂ ਦੀ ਮੌਤ ਦੇ ਸਦਮੇ ਨਾਲ ਗਾਮੇ ਦੀ ਆਵਾਜ਼ ਹੀ ਬੰਦ ਹੋ ਗਈ। ਜੋ ਮਹਾਰਾਜਾ ਯਾਦਵਿੰਦਰਾ ਸਿੰਘ ਦੀ ਕੋਸ਼ਿਸ਼ ਨਾਲ ਜੰਡਿਆਲਾ ਗੁਰੂ ਜਾਣ ਸਮੇਂ ਵਾਪਸ ਪਰਤੀ।                                         

19 ਸਾਲ ਦੀ ਉਮਰ ਤੋਂ 66 ਸਾਲ ਦੀ ਉਮਰ ਤੱਕ ਘੋਲ ਕਰਨ ਵਾਲੇ ਗਾਮੇ ਨੂੰ ਪਾਕਿਸਤਾਨ ਜਾਣ ਮਗਰੋਂ ਜ਼ਿੰਦਗੀ ਬਸਰ ਕਰਨ ਲਈ ਵੀ ਘੋਲ ਕਰਨਾ ਪਿਆ। ਪਹਿਲਾਂ ਉਹ ਆਪਣੇ ਭਰਾਵਾਂ ਅਤੇ ਭਤੀਜਿਆਂ ਨਾਲ ਰਹਿੰਦਾ ਰਿਹਾ। ਫਿਰ ਰਾਵੀ ਨਦੀ ਦੇ ਕਿਨਾਰੇ ਇੱਕ ਝੁੱਗੀਨੁਮਾਂ ਘਰ ਵਿੱਚ ਟੱਪਰੀਵਾਸਾਂ ਵਾਂਗ ਦਿਨ ਬਤੀਤ ਕੀਤੇ। ਮਿਹਨਤ ਨਾਲ ਜਿੱਤੀਆਂ 7 ਵਿੱਚੋਂ 6 ਗੁਰਜਾਂ ਵੀ ਵੇਚਣੀਆਂ ਪਈਆਂ। ਸੇਠ ਬਿਰਲਾ ਨੇ 5000 ਅਤੇ ਹੋਰਨਾਂ ਨੇ ਵੀ ਮਦਦ ਭੇਜੀ। ਮਹਾਰਾਜਾ ਪਟਿਆਲਾ ਨੇ ਵੀ ਇਮਦਾਦ ਘੱਲੀ। ਛੇ ਸਾਲਾਂ ਤੋਂ ਬਲੱਡ ਪ੍ਰੈਸ਼ਰ ਨਾਲ ਪੀੜਤ ਰੁਸਤੁਮ–ਇ-ਜ਼ਮਾਂ ਗਾਮਾ 82 ਵਰ੍ਹਿਆਂ ਦੀ ਉਮਰ ਬਿਤਾ ਕੇ ਲਾਹੌਰ ਦੇ ਮਿਓ ਹਸਪਤਾਨ ਵਿੱਚ 22 ਮਈ 1960 ਨੂੰ ਜਰਵਾਣੀ ਮੌਤ ਹੱਥੋਂ ਜ਼ਿੰਦਗੀ ਦਾ ਆਖ਼ਰੀ ਘੋਲ ਹਾਰ ਗਿਆ। ਜਿਸ ਨੂੰ ਪੀਰ ਮੱਕੀ ਦੀ ਦਰਗਾਹ ਵਿਖੇ ਸਪੁਰਦ –ਇ-ਖ਼ਾਕ ਕਰ ਦਿੱਤਾ ਗਿਆ।

****

No comments: