ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਸਨਮਾਨਿਤ.......... ਸਨਮਾਨ ਸਮਾਰੋਹ

ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਨੇ ਪਰਵਾਸੀ ਗ਼ਜ਼ਲਗੋ ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੇ ਸਨਮਾਨ ਵਿਚ ਮਈ ਦੇ ਪਹਿਲੇ ਐਤਵਾਰ ਨੂੰ ਇਕ ਸ਼ਾਨਦਾਰ ਸਮਾਰੋਹ ਦਾ ਪ੍ਰਬੰਧ ਕੀਤਾ, ਜਿਸ ਵਿਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਦੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ। ਇਸ ਸਮੇਂ ਇਕ ਕਵੀ ਦਰਬਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਬਹੁਤ ਸਾਰੇ ਕਵੀਆਂ ਨੇ ਹਿੱਸਾ ਲਿਆ। ਪ੍ਰਸਿੱਧ ਸ਼ਾਇਰ ਅਤੇ ਵਕੀਲ ਅਜਾਇਬ ਸਿੰਘ ਹੁੰਦਲ ਨੇ ਇਸ ਦੀ ਸਦਾਰਤ ਕੀਤੀ। ਸਟੇਜ ਸੰਚਾਲਣ ਅੰਮ੍ਰਿਤਸਰ ਦੇ ਪ੍ਰਸਿਧ ਸ਼ਾਇਰ ਦੇਵ ਦਰਦ ਨੇ ਕੀਤਾ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਬਾਰੇ ਜਾਣਕਾਰੀ ਦੇਂਦਿਆਂ ਉਹਨਾ ਦੱਸਿਆ ਕਿ ਪ੍ਰੋ. ਸੰਧੂ ਨੇ 65 ਸਾਲ ਦੇ ਹੋਣ ਪਿਛੋਂ ਪੰਜਾਬੀ ਗ਼ਜ਼ਲ ਵੱਲ ਮੁਹਾੜਾਂ ਮੋੜੀਆਂ ਤੇ ਗ਼ਜ਼ਲ ਲਿਖਣੀ ਸ਼ੁਰੂ ਕੀਤੀ। ਹੁਣ 75 ਸਾਲ ਦੇ ਹੋਣ ਤਕ ਉਹਨਾਂ ਨੇ 500 ਤੋਂ ਵੱਧ ਮਿਆਰੀ ਗ਼ਜ਼ਲਾਂ ਲਿਖੀਆਂ ਹਨ। ਉਹਨਾਂ ਦੀਆਂ ਸੱਤ ਕਿਤਾਬਾਂ ਛਪ ਚੁਕੀਆਂ ਹਨ। (1) ਗਾ ਜ਼ਿੰਦਗੀ ਦੇ ਗੀਤ ਤੂੰ 2003 (2) ਜੋਤ ਸਾਹਸ ਦੀ ਜਗਾ 2005 (3) ਬਣ ਸੁਆ ਤੂੰ 2006 (4) ਰੌਸ਼ਨੀ ਦੀ ਭਾਲ 2007 (5) ਸੁਲਗਦੀ ਲੀਕ 2008 (6) ਗੀਤ ਤੋਂ ਸੁਲਗਦੀ ਲੀਕ ਤਕ 2009 (7) ਢਲ ਰਹੇ ਐ ਸੂਰਜਾ 2011। 2003 ਵਿਚ ਉਹਨਾਂ ਨੇ ਕੈਨੇਡਾ ਦੇ ਰਾਸ਼ਟਰ ਗੀਤ ‘ਓ ਕੈਨੇਡਾ’ ਦਾ ਪੰਜਾਬੀ ਵਰਸ਼ਨ ਤਿਆਰ ਕੀਤਾ ਜੋ ਕੈਨੇਡਾ ਦੇ ਆਰਕਾਈਵਜ਼ ਵਿਚ ਰੱਖਿਆ ਗਿਆ। 2005 ਵਿਚ ਉਹਨਾਂ ਦਾ ਤਿਆਰ ਕੀਤਾ ‘ਓ ਕੈਨੇਡਾ’ ਅਤੇ ਅਤੇ ਅਲਬਰਟਾ ਸੂਬੇ ਦੇ ਗੀਤ ‘ਅਲਬਰਟਾ’ ਦਾ ਪੰਜਾਬੀ ਵਰਸ਼ਨ ਅਲਬਰਟਾ ਸੂਬੇ ਦੀ ਅਸੈਂਬਲੀ ਦੇ ਸਥਾਈ ਰੀਕਾਰਡ ਤੇ ਰੱਖਿਆ ਗਿਆ ਤੇ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨੂੰ ਇਕ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਕੈਨੇਡਾ ਅਤੇ ਭਾਰਤ ਦੀਆਂ ਕਈ ਉਘੀਆਂ ਸੰਸਥਾਵਾਂ ਹੁਣ ਤਕ ਪ੍ਰੋ. ਸੰਧੂ ਨੂੰ ਸਨਮਾਨਿਤ ਕਰ ਚੁਕੀਆਂ ਹਨ।
ਪ੍ਰੋ. ਸੰਧੂ ਨੇ ਬੜੇ ਮਾਣ ਨਾਲ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਕੈਲਗਰੀ ਵਿਚ ਖਾਲਸਾ ਸਕੂਲ ਵੀ ਚਲ ਰਿਹਾ ਹੈ ਜਿਥੇ ਹੋਰ ਵਿਸ਼ਿਆਂ ਦੇ ਨਾਲ ਨਾਲ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ। ਇਸ ਤੋਂ ਇਲਾਵਾ ਜਿਥੇ ਪੰਜਾਬੀ ਦੇ ਪਰਸਾਰ ਲਈ ਦਸ਼ਮੇਸ਼ ਕਲਚਰ ਸੈਂਟਰ ਵੀ ਭਰਪੂਰ ਯਤਨ ਕਰ ਰਿਹਾ ਹੈ ਓਥੇ ਰਾਈਟਰਜ਼ ਫੋਰਮ, ਪੰਜਾਬੀ ਸਾਹਿਤ ਸਭਾ ਅਤੇ ਲਿਖਾਰੀ ਸਭਾ ਵੀ ਯੋਗਦਾਨ ਪਾ ਰਹੀਆਂ ਹਨ।ਮੈਗਜ਼ੀਨ ਸਿੱਖ ਵਿਰਸਾ, ਰੇਡੀਓ ਸੁਰ ਸੰਗਮ, ਰੇਡੀਓ ਸਭ ਰੰਗ ਅਤੇ ਰੇਡੀਓ ਸਪਾਈਸ ਤੇ ਹੋਰ ਕਈ ਸੰਸਥਾਵਾਂ ਵੀ ਪੂਰੀ ਤਰ੍ਹਾਂ ਸਰਗਰਮ ਹਨ। ਪ੍ਰਸਿੱਧ ਕਹਾਣੀਕਾਰ ਤਲਵਿੰਦਰ ਸਿੰਘ ਨੇ ਇਸ ਗੱਲ ਦੀ ਭਰਪੂਰ ਸ਼ਲਾਘਾ ਕੀਤੀ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾਕੇ ਵੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਹੀਂ ਵਿਸਾਰਿਆ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨੂੰ ਦੇਵ ਦਰਦ, ਅਜਾਇਬ ਸਿੰਘ ਹੁੰਦਲ, ਜਗਦੀਸ਼ ਸਚਦੇਵਾ, ਤਲਵਿੰਦਰ ਸਿੰਘ, ਭੂਪਿੰਦਰ ਸਿੰਘ ਸੰਧੂ, ਪ੍ਰੋ. ਬਿਕਰਮਜੀਤ ਸਿੰਘ ਘੁਮਨ, ਰਾਜ ਕੁਮਾਰ ਅਤੇ ਹੋਰ ਪਤਵੰਤਿਆਂ ਵਲੋਂ ਪ੍ਰੋ. ਸੰਧੂ ਦੀਆਂ ਪੰਜਾਬੀ ਗ਼ਜ਼ਲ ਵਿਚ ਪ੍ਰਾਪਤੀਆਂ ਲਈ, ਸਨਮਾਨ ਚਿੰਨ੍ਹ ਵਜੋਂ ਇਕ ਸ਼ਾਨਦਾਰ ਟਰਾਫੀ ਭੇਂਟ ਕੀਤੀ ਗਈ। ਪ੍ਰੋ. ਸੰਧੂ ਨੇ ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਇਸ ਕਵੀ ਦਰਬਾਰ ਵਿਚ ਬੋਲਦਿਆਂ ਆਪਣੀਆਂ ਕੁਛ ਗ਼ਜ਼ਲਾਂ ਸੁਣਾਈਆਂ ਤੇ ਵਧੀਆ ਸਮਾਗਮ ਲਈ ਸਭ ਦਾ ਧੰਨਵਾਦ ਕੀਤਾ।
1-ਬਣ ਸ਼ੁਆ ਤੂੰ  ਨ੍ਹੇਰਿਆਂ ਦੀ, ਹਿੱਕ ਨੂੰ ਵੀ ਚੀਰ ਦੇ
ਜੋ ਜ਼ਮਾਨਾ  ਬਦਲ  ਦੇਵੇ, ਕਲਮ ਨੂੰ  ਤਾਸੀਰ ਦੇ।
ਜੇ ਨਹੀਂ  ਕੁਰਬਾਨ  ਹੋਣਾ, ਜਾਣਦਾ ਤੂੰ  ਲਕਸ਼ ਤੋਂ
ਫਿਰ ਨ ਰੋਣੇ  ਰੋ ਤੂੰ  ਬੈਠਾ, ਕੈਦ ਦੀ  ਜ਼ੰਜੀਰ ਦੇ।
ਭਗਤ  ਵਰਗੇ  ਜਿੰਦ ਵੀ ਜੋ, ਦੇਸ਼ ਤੋਂ ਸਨ ਵਾਰਗੇ
ਹਸ਼ਰ ਤਕ ਵੀ ਲੋਕ ਗਾਸਣ,ਸੁਹਲੜੇ ਉਸ ਬੀਰਦੇ।

2- ਭੀਲਣੀ ਦੇ  ਬੇਰ  ਰਾਮਾ  ਰੁਲ ਰਹੇ  ਬਾਜ਼ਾਰ  ਵਿਚ।
ਆ ਰਲਾ ਲੈ  ਸਾਥ ਅਪਣੇ ਕੂੰਜ ਵਿਛੜੀ ਡਾਰ ਵਿਚ।
ਨਾਨਕਾ  ਆ  ਵੇਖ  ਆਕੇ  ਹਾਲ  ਅਪਣੇ  ਯਾਰ ਦਾ
ਲਾਲੁਆਂ  ਮਰਦਾਨਿਆਂ ਦੀ  ਦੁਰਗਤੀ ਸੰਸਾਰ ਵਿਚ।
ਫਸ ਗਏ ਨੇ  ਧਰਮ ਸਾਰੇ  ਕਰਮ ਕਾਂਡੀ  ਜਾਲ ਵਿਚ
ਸਭ  ਕੁਰਾਹੇ  ਪੈ ਰਹੇ ਨੇ  ਝੂਠੜੀ  ਤਕਰਾਰ  ਵਿਚ।

3- ਓਦਰੇ ਨੇ  ਚਾਅ ਤੁਧ ਬਿਨ, ਆ ਜ਼ਰਾ ਤੂੰ  ਮੁਸਕਰਾ
ਥੱਕਗੇ  ਅੱਖਾਂ  ਦੇ  ਪੋਟੇ, ਔਂਸੀਆਂ  ਰਾਹਾਂ ਚ’ ਪਾ।

ਰਾਤ ਜੀਕਣ  ਕਰ ਰਹੀ ਹੈ, ਬਸ ਉਡੀਕਾਂ  ਤੇਰੀਆਂ
ਗਗਨ ਦੀ ਥਾਲੀ ਚ’ ਦੀਵੇ, ਤਾਰਿਆਂ ਦੇ ਜਗਮਗਾ।
ਓਦਰੇ  ਘਰਬਾਰ  ਸਾਰੇ, ਹਨ  ਤਿਰੇ  ਬਿਨ  ਜਾਪਦੇ
ਤੱਕਦੇ  ਨੇ  ਵਾਟ  ਤੇਰੀ, ਆਸ  ਨੂੰ  ਝੋਲੀ ਚ’ ਪਾ।

****

No comments: