ਸਚ ਅਤੇ ਸਿਖ……… ਲੇਖ / ਮਨਜੀਤ ਸਿੰਘ ਔਜਲਾ

ਸਿਖ ਦਾ ਦੂਜਾ ਨਾਂ ਸਚ ਹੈ ਅਤੇ ਸਚ ਦਾ ਦੂਜਾ ਨਾਂ ਕਰਾਂਤੀ। ਜੋ ਇਨਸਾਨ ਸਚਾ ਨਹੀਂ ਅਤੇ ਪੂਰਾ ਸਚ ਨਹੀਂ ਬੋਲਦਾ ਉਹ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਅਨੁਸਾਰ ਸਿਖ ਨਹੀਂ ਹੋ ਸਕਦਾ। ਸਚ ਕੌੜਾ ਹੁੰਦਾ ਹੈ, ਸਚ ਨਿਗਲਿਆ ਜਾਂਦਾ ਹੈ ਖਾਦਾ ਨਹੀਂ। ਸਚ ਜਹਿਰ ਹੈ ਅਤੇ ਝੂਠ ਗੁੜ। ਸਿਖ ਧਰਮ ਵਿਚ ਇਸ ਪੌਦੇ ਦਾ ਬੀਜ ਗੁਰੂ ਨਾਨਕ ਦੇਵ ਜੀ ਨੇ ਬੀਜਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਕਰਾਂਤੀਕਾਰੀ ਅਤੇ ਕੁਰਾਹੀਆ ਵੀ ਕਿਹਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਰੰਭ ਤੋਂ ਹੀ ਝੂਠ ਤੋਂ ਪਰਦਾ ਲਾਉਣ ਅਤੇ ਸਚ ਬੋਲਣ ਦੀ ਸਿਖਿਆ ਦਿਤੀ। ਹਰਿਦੁਆਰ ਜਾ ਕੇ ਗੰਗਾ ਦਾ ਪਾਣੀ ਲਹਿੰਦੇ ਵਲ ਸੁਟ ਕੇ ਪੰਡਤਾਂ ਦੇ ਝੂਠ ਤੋਂ ਪਰਦਾ ਲਾਇਆ ਸੀ। ਇਸੇ ਤਰਾਂ ਜਦ ਬਾਬਰ ਨੂੰ ਨਿਹਥੇ ਲੋਕਾਂ ਉਤੇ ਜੁਲਮ ਕਰਦਿਆਂ ਦੇਖਿਆ ਤਾਂ ਵੀ ਉਸ ਨੂੰ ਛੀਂ ਅਤੇ ਉਸਦੇ ਅਫਸਰਾਂ ਨੂੰ ਕੁਤੇ ਕਿਹਾ ਸੀ ਅਤੇ ਬਦਲੇ ਵਿਚ ਉਸਦੀ ਕੈਦ ਵਿਚ ਵੀ ਰਹੇ ਸਨ ਪ੍ਰੰਤੂ ਸਚ ਨਹੀਂ ਸੀ ਤਿਆਗਿਆ। ਅਜਿਹਾ ਹੀ ਕੌਤਕ ਉਨ੍ਹਾਂ ਸੁਲਤਾਨ ਪੁਰ ਲੋਧੀ ਵਿਚ ਮੋਦੀ-ਖਾਨੇ ਦੀ ਨੌਕਰੀ ਵੇਲੇ ਵੀ ਵਰਤਾਇਆ। ਇਸ ਤੋਂ ਬਿਨ੍ਹਾਂ ਜਨਮ ਤੋਂ ਲੈ ਕੇ 1539 ਭਾਵ 70 ਸਾਲ ਦੀ ਉਮਰ ਤਕ ਹਰ ਜਾਲਮ ਅਤੇ ਝੂਠੇ ਦੀ ਨਿੰਦਿਆ ਕੀਤੀ ਅਤੇ ਆਪਣੇ ਪਾਸ ਆਏ ਸਰਧਾਲੂਆਂ ਨੂੰ ਸਚ ਦੀ ਸਿਖਿਆ ਦੇ ਕੇ ਆਪਣੇ ਸਿਖ ਦਾ ਨਾਮ ਦਿਤਾ। ਜਿਹੜਾ ਸਿਖ ਉਨ੍ਹਾਂ ਦੀ ਇਸ ਕਸਵਟੀ ਉਤੇ ਪੂਰਾ ਉਤਰਿਆ ਉਸਨੂੰ ਆਪਣੇ ਚਲਾਏ ਮਾਰਗ ਦੀ ਵਾਗ-ਡੋਰ ਸੰਭਾਲ ਕੇ ਆਪ ਆਪਣੀ ਸੰਸਾਰਕ ਯਾਤਰਾ ਪੂਰਣ ਕਰ ਗਏ। ਨੌਂ ਗੁਰੂਆਂ ਨੇ 169 ਸਾਲ ਇਸ ਬੂਟੇ ਨੂੰ ਪਾਣੀ ਪਾਇਆ ਅਤੇ ਸੰਭਾਲ ਕੀਤੀ। ਪਾਸ ਆਏ ਸਰਧਾਲੂ ਨੂੰ ਇਕ ਹੀ ਸਿਖਿਆ ਸਚੀ ਕਮਾਈ ਅਤੇ ਸਚ ਦਾ ਪਾਠ ਪੜਾਇਆ। ਕਿਉਂਕਿ ਸਚ ਕੜਵਾ ਹੁੰਦਾ ਹੈ ਇਸ ਲਈ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿਖਾਂ ਨੂੰ ਸਮੇਂ ਦੀਆਂ ਸਰਕਾਰਾਂ ਦੇ ਜੁਲਮ ਅਤੇ ਤਸੀਹੇ ਵੀ ਝਲਣੇ ਪਏ ਪ੍ਰੰਤੂ ਨਾਂ ਹੀ ਗੁਰੂ ਅਤੇ ਨਾਂ ਹੀ ਉਨ੍ਹਾਂ ਦੇ ਕਿਸੇ ਸਿਖ ਨੇ ਸਚ ਨੂੰ ਤਿਆਗਿਆ। ਸਮੇਂ ਅਨੁਸਾਰ ਜਾਲਮਾਂ ਅਤੇ ਰਾਜਿਆਂ ਨਾਲ ਯੁਧ ਵੀ ਹੋਏ ਪ੍ਰੰਤੂ ਉਹ ਵੀ ਸਚ ਦੇ ਇਸ ਪੌਦੇ ਨੂੰ ਹਰਿਆ ਭਰਿਆ ਰਖਣ ਵਾਸਤੇ ਹੀ ਨਾਂ ਕਿ ਕਿਸੇ ਤਾਕਤ ਦੇ ਵਿਖਾਵੇ ਵਾਸਤੇ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਚਾਰ ਲੜਾਈਆਂ ਲੜੀਆਂ ਪ੍ਰੰਤੂ ਕਿਸੇ ਵੀ ਲੜਾਈ ਵਿਚ ਹਮਲਾ-ਆਵਰ ਨਹੀਂ ਬਣੇ ਸਗੋਂ ਝੜਾਈ ਕਰਕੇ ਆਏ ਦੁਸਮਣ ਦਾ ਮੁਕਾਬਲਾ ਕੀਤਾ ਅਤੇ ਉਸਨੂੰ ਹਰਾਇਆ। ਆਖਰੀ ਲੜਾਈ ਜੋ ਕਰਤਾਰ ਪੁਰ ਵਿਚ ਲੜੀ ਗਈ ਛੇਵੇਂ ਪਾਤਿਸਾਹ ਨੇ 1800 ਸਿਖ ਜਵਾਨਾਂ ਨਾਲ 75,000 ਫੌਜ ਦਾ ਟਾਕਰਾ ਕੀਤਾ ਅਤੇ ਸੂਰਜ ਛੁਪਣ ਤੋਂ ਪਹਿਲਾਂ ਚਾਰ ਮੁਗਲ ਜਰਨੈਲਾਂ ਨੂੰ ਮਾਰਕੇ ਫਤਿਹ ਦਾ ਕੇਸਰੀ ਝੰਡਾ ਝੁਲਾ ਦਿਤਾ। 
ਗੁਰੂ ਗੋਬਿੰਦ ਸਿੰਘ ਜੀ ਨੇ 14 ਲੜਾਈਆਂ ਲੜੀਆਂ ਪ੍ਰੰਤੂ ਇਕ ਵਾਰ ਵੀ ਵੈਰੀ ਤੇ ਚੜਾਈ ਨਹੀਂ ਕੀਤੀ ਸਗੋਂ ਆਏ ਦੁਸਮਣ ਦਾ ਟਾਕਰਾ ਕੀਤਾ ਅਤੇ ਉਹ ਵੀ ਜਦੋਂ ਕੋਈ ਜਾਲਮ ਚੜ ਕੇ ਆਇਆ (ਚੜਾਈ ਹਮੇਸਾਂ ਜਾਲਮ ਹੀ ਕਰਿਆ ਕਰਦਾ ਹੈ)। ਜਦੋਂ ਗੁਰੁ ਸਾਹਿਬ ਨੇ ਚਮਕੌਰ ਦਾ ਯੁਧ ਕੀਤਾ ਤਾਂ ਮੁਗਲ ਸੈਨਾਂ ਦੀ ਗਿਣਤੀ ਦਸ ਲਖ ਸੀ ਅਤੇ ਪਹਿਲੇ ਤਿੰਨ ਜਥੇ ਗੁਰੂ ਸਾਹਿਬ ਨੇ 8-8 ਸਿੰਘਾਂ ਦੇ ਭੇਜੇ ਸਨ। ਇਸ ਤਰਾਂ ਇਕ ਸਿੰਘ ਨੂੰ ਸਵਾ ਲਖ ਮੁਗਲ ਆਉਂਦਾ ਸੀ ਅਤੇ ਗੁਰੂ ਦਾ ਸਿਖ ਸਵਾ ਲਖ ਨਾਲ ਲੜਿਆ ਅਤੇ ਸਹੀਦੀ ਪਾਉਣ ਤੋਂ ਪਹਿਲਾਂ ਵੈਰੀ ਦੇ ਸੈਂਕੜੇ ਜੁਆਨ ਮਾਰੇ। ਇਨ੍ਹਾਂ ਸਾਰੀਆਂ ਲੜਾਈਆਂ ਵਿਚ ਜਿਤ ਸਚ ਦੀ ਹੀ ਹੋਈ ਅਤੇ ਉਹ ਸਚ ਗੁਰੂ ਅਤੇ ਸਿੰਘਾਂ ਕੋਲ ਸੀ। ਅੰਤ ਇਸਦਾ ਜੋ ਗੁਲਦਸਤਾ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਨੇ ਗੂੰਦਿਆ ਸੀ ਉਸਨੂੰ ਸੰਪੂਰਣ ਕਰਕੇ ਅਤੇ 5867 ਸੁੰਦਰ ਗੁਛਿਆਂ (ਸਬਦਾਂ) ਨੂੰ ਲੜੀ ਵਿਚ ਪਰੋ ਕੇ ਆਪਣੇ ਸਿਖਾਂ ਨੂੰ ਹਰ ਦੁਖ, ਸੁਖ, ਖੁਛੀ, ਗਮੀਂ ਵਿਚ ਉਸ ਤੋਂ ਆਪਣੀ ਸੋਚ ਅਨੁਸਾਰ ਸਿਖਿਆ ਲੈ ਕੇ ਅਤੇ ਉਸ ਅਨੁਸਾਰ ਚਲ ਕੇ ਜਾਂ ਆਪਣਾ ਜੀਵਨ ਢਾਲ ਕੇ ਆਪਣੇ ਜੀਵਨ ਨੂੰ ਚਲਾਉਣ ਅਤੇ ਢਾਰਸ ਲੈਣ ਦੀ ਸਿਖਿਆ ਦਿਤੀ ਅਤੇ ਸਿਖਾਂ ਦੇ ਗੁਰੂ ਥਾਪ ਕੇ ਆਦਿ-ਗ੍ਰੰਥ ਤੋਂ ਗੁਰੂ ਗ੍ਰੰਥ ਦੀ ਉਪਾਧੀ ਦਿਤੀ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਤੋਂ ਅੰਤ ਤਕ ਹਰ ਸਿਖ ਨੂੰ ਗੁਰੂ ਦੀ ਸਿਖਿਆ ਅਨੁਸਾਰ ਕੇਵਲ ਤੇ ਕੇਵਲ ਸਚ ਦੇ ਮਾਰਗ ਤੇ ਚਲਣ ਦੀ ਇਕੋ ਇਕ ਸਿਖਿਆ ਮਿਲਦੀ ਹੈ। 239 ਸਾਲ ਦਾ ਇਹ ਪੌਦਾ (ਸਿਖੀ) 1708 ਤੋਂ ਬਾਦ ਥੋੜੀ ਦੇਰ ਤਕ ਤਾਂ ਖੂਬ ਵਧਿਆ ਫੁਲਿਆ ਪ੍ਰੰਤੂ ਅਠਾਰਵੀਂ ਸਦੀ ਦੇ ਅਜੇ ਦੋ ਦਹਾਕੇ ਵੀ ਪੂਰੇ ਨਹੀਂ ਸਨ ਹੋਏ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਅਤੇ ਸਿਖ ਫੌਜ ਗੁਰਦਾਸ ਨੰਗਲ ਦੇ ਕਿਲ੍ਹੇ ਵਿਚ ਮੁਗਲ ਫੌਜ ਦੇ ਘੇਰੇ ਵਿਚ ਆ ਗਏ। ਘੇਰੇ ਵਿਚ ਆਉਣ ਤੋਂ ਬਾਦ ਇਸ ਪੌਦੇ ਨੂੰ ਸਿਂਉਕ ਲਗ ਗਈ ਅਤੇ ਸਿਖ ਫੌਜ ਦੋ ਧੜਿਆਂ, ਤਤ ਖਾਲਸਾ ਅਤੇ ਬੰਧਈ ਖਾਲਸਾ (ਜੋ ਅਜ ਬੁਢਾ-ਦਲ ਅਤੇ ਤਰਨਾਂ-ਦਲ ਬਣਕੇ ਵਿਚਰ ਰਿਹਾ ਹੈ) ਵਿਚ ਵੰਡੀ ਗਈ। ਤਤ ਖਾਲਸਾ ਸਿਖਾਂ ਦੇ ਛਾਪਾ-ਮਾਰ ਲੜਾਈ ਦੇ ਢੰਗ ਦਾ ਸਮਰਥਕ ਸੀ ਇਸ ਲਈ ਕਿਲਾ ਛਡ ਗਿਆ ਅਤੇ ਬੰਧਈ ਖਾਲਸਾ ਬੰਦਾ ਸਿੰਘ ਬਹਾਦੁਰ ਸਮੇਤ ਮੁਗਲਾਂ ਦੇ ਘੇਰੇ ਵਿਚ ਆ ਗਿਆ। ਘੇਰੇ ਵਿਚ ਆਏ ਸਾਰੇ ਸਿੰਘਾਂ ਨੁੰ ਕੈਦ ਕਰ ਲਿਆ ਗਿਆ ਅਤੇ ਦਿਲੀ ਲੈਜਾਇਆ ਗਿਆ ਜਿਥੇ ਤਰਾਂ ਤਰਾਂ ਦੇ ਤਸੀਹੇ ਦੇ ਕੇ ਸਿੰਘਾਂ ਨੂੰ ਸਹੀਦ ਕੀਤਾ ਗਿਆ। ਜਦੋਂ ਸਾਰੇ ਸਿੰਘ ਸਹੀਦ ਹੋ ਗਏ ਤਾਂ ਅੰਤ ਵਿਚ ਜੂਨ, 1716 ਵਿਚ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਵੀ ਮੁਗਲ ਰਾਜ ਨੇ ਬੇਰਹਿਮੀ ਨਾਲ ਸਹੀਦ ਕਰ ਦਿਤਾ। ਇਸਦੇ ਨਾਲ ਹੀ ਪੰਜਾਬ ਵਿਚ ਸਿਖੀ ਦੇ ਪੌਦੇ ਨੂੰ ਲਗੀ ਸਿਉਂਕ ਹੋਰ ਜੋਰ ਫੜਨ ਲਗੀ।
ਇਸ ਤੋਂ ਬਾਦ ਸਿਖ ਟੋਲਿਆ ਵਿਚ ਵੰਡੇ ਗਏ। ਖਾਲਸਾ ਫੌਜ  ਜਿਸ ਵਿਚ ਨਿਹੰਗ ਸਿੰਘ ਹੀ ਸਾਮਲ ਹੋ ਸਕਦਾ ਸੀ ਦੋ ਗਰੁਪਾਂ ਵਿਚ ਵਿਚਰਨ ਲਗੀ। ਸਿਖੀ ਦੇ ਪੌਦੇ ਦੀਆਂ ਜੜਾਂ ਕਮਜੋਰ ਕਰਨ ਵਾਸਤੇ ਬਿਪਰਵਾਦ ਦਾ ਸਿਖੀ ਵਿਚ ਵਾਧਾ ਹੋਣ ਲਗਾ ਅਤੇ ਝੂਠ ਦੇ ਘਣਛਾਂਵੇ ਦਰਖਤ ਦੇ ਸਾਹਮਣੇ ਸਿਖੀ ਦਾ ਪੌਦਾ ਨਿਮੋਝੂਣਾ ਜਿਹਾ ਲਗਣ ਲਗ ਪਿਆ। ਟੋਲਿਆਂ ਤੋਂ ਅਗੇ ਮਿਸਲਾਂ ਬਣ ਕੇ ਰਾਜਿਆਂ ਵਾਂਗ ਹੁਕਮ ਚਲਾਉਣ ਅਤੇ ਲੁਟ ਮਾਰ ਕਰਕੇ ਰਾਜ ਕਰਨ ਕਰਨ ਲਗੀਆਂ ਜਿਨ੍ਹਾਂ ਨੂੰ ਰਣਜੀਤ ਨੇ ਸੁਲਾਹਨਾਮੇ ਅਤੇ ਜੋਰ ਨਾਲ ਆਪਣੇ ਵਸ ਵਿਚ ਕਰਕੇ ਪੰਜਾਬ ਦਾ ਰਾਜ ਸੰਭਾਲ ਲਿਆ ਜੋ 1845 ਵਿਚ ਆਪਸੀ ਫੁਟ ਕਾਰਨ ਖਤਮ ਹੋ ਗਿਆ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਵੈਸੇ ਤਾਂ ਹਰੀ ਸਿੰਘ ਨਲੂਆ ਵੀ ਸੀ ਜਿਸਦਾ ਦਾ ਲੋਹਾ ਮੰਨਿਆਂ ਜਾਂਦਾ ਸੀ ਪ੍ਰੰਤੂ ਆਕਾਲੀ ਫੂਲਾ ਸਿੰਘ ਹੀ ਇਕੋ ਇਕ ਜਰਨੈਲ ਸੀ ਜੋ 20,000 ਸਿੰਘਾਂ (ਨਿਹੰਗ ਸਿੰਘਾਂ) ਦੇ ਜਥੇ ਨਾਲ ਆਕਾਲ ਤਖਤ ਤੇ ਰਹਿੰਦਾ ਸੀ ਅਤੇ ਆਕਾਲ ਤਖਤ ਦਾ ਜਥੇਦਾਰ ਵੀ ਅਖਵਾਉਂਦਾ ਸੀ। ਉਹ ਅਟਕ ਦਾ ਕਿਲਾ ਫਤਿਹ ਕਰਨ ਤਕ (ਜਿਸ ਵਿਚ ਉਸਦੀ ਮੌਤ ਹੋ ਗਈ) ਹਰ ਲੜਾਈ ਵਿਚ ਬਿਨ ਤਨਖਾਹ ਤੋਂ ਰਣਜੀਤ ਸਿੰਘ ਦੇ ਹਕ ਵਿਚ ਲੜਿਆ ਸੀ। ਗੁਰੂ ਦਾ ਸਚਾ ਸਿਖ ਸੀ ਇਸ ਲਈ ਮਹਾਂਰਾਜਾ ਰਣਜੀਤ ਸਿੰਘ ਜਦੋਂ ਕੋਈ ਗਲਤੀ ਕਰਦਾ ਸੀ ਤਾਂ ਆਕਾਲੀ ਫੂਲਾ ਸਿੰਘ ਹੀ ਸੀ ਜੋ ਉਸਨੂੰ ਕਾਣਾ ਤਕ ਵੀ ਕਹਿ ਦਿਆ ਕਰਦਾ ਸੀ ਅਤੇ ਜਦੋਂ ਮਹਾਂਰਾਜਾ ਰਣਜੀਤ ਸਿੰਘ ਮੋਰਾਂ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਆਇਆ ਤਾਂ ਅਕਾਲੀ ਫੂਲਾ ਸਿੰਘ ਨੇ ਉਸ (ਰਣਜੀਤ ਸਿੰਘ) ਨੂੰ ਤਨਖਾਹ (ਸਜਾ) ਲਾਈ ਸੀ ਜੋ ਮਹਾਂਰਾਜੇ ਨੇ ਬਿਨਾਂ ਹੀਲ ਹੁਜਤ ਪੂਰੀ ਕੀਤੀ। ਆਕਾਲੀ ਫੂਲਾ ਸਿੰਘ ਦੀ ਮੌਤ ਤੋਂ ਬਾਦ ਤਾਂ ਜਿਵੇਂ ਇਹ ਪੌਦਾ ਮੁਰਜਾ ਹੀ ਗਿਆ ਹੋਵੇ, ਕੋਈ ਇਕਾ ਦੁਕਾ ਸਿਖ ਹੀ ਹੋਏ ਹਨ ਜਿਨ੍ਹਾਂ ਨੇ ਇਸਨੂੰ ਕਾਇਮ ਰਖਣ ਲਈ ਆਪਣਾ ਖੂਨ ਦਿਤਾ ਨਹੀਂ ਤਾਂ ਇਸ ਬੂਟੇ ਨੂੰ ਆਪਣੀ ਰੋਟੀ, ਰੋਜੀ ਦਾ ਸਾਧਨ ਬਣਾ ਕੇ ਹੀ ਵਰਤਿਆ ਅਤੇ ਵਰਤ ਰਹੇ ਹਨ। ਅਜ ਕਲ ਤਾਂ ਸੁਆਰਥੀ ਲੋਕਾਂ ਨੇ ਗੁਰੂ ਤੋਂ ਸਿਖਿਆ ਲੈਣ ਦੀ ਥਾਂ ਸਬਦਾਂ ਨੂੰ ਆਪਣੇ ਕਿਤਾਬਚਿਆਂ ਵਿਚ ਲਿਖ ਲਿਖ ਕੇ ਸਰਧਾ-ਵਾਨ ਸਿਖਾਂ ਦੇ ਵਲਵਲਿਆਂ ਨੂੰ ਵਲੂੰਦਰਨਾਂ ਆਰੰਭ ਕੀਤਾ ਹੋਇਆ ਹੈ। ਕੀ ਇਹ ਬਿਪਰਵਾਦ ਨਹੀਂ? ਸਿਖ ਅਖਵਾਉਣ ਵਾਲਾ ਪਰਾਣੀ ਜੇਕਰ ਸਚ ਨਹੀਂ ਬੋਲਦਾ ਅਤੇ ਸਚ ਨਹੀਂ ਲਿਖਦਾ ਤਾਂ ਉਹ ਸਿਖ ਕਿਵੇਂ ਹੋ ਸਕਦਾ ਹੈ।
ਹੁਣੇ ਹੁਣੇ ਇਕ ਪੁਸਤਕ ਹਥ ਲਗੀ ਜਿਸ ਵਿਚ ਮੈਲਬੌਰਨ ਦੇ ਗੁਰਦੁਆਰਾ “ਸ੍ਰੀ ਗੁਰੂ ਸਿੰਘ ਸਭਾ” ਬਾਰੇ ਇਤਿਹਾਸ ਦੇ ਰੂਪ ਵਿਚ ਲਿਖਿਆ ਮਿਲਿਆ। ਇਤਿਹਾਸਕਾਰ ਤਾਂ ਸਿਖ ਤੋਂ ਵੀ ਉਪਰ ਹੁੰਦਾ ਹੈ ਕਿਉਂਕਿ ਸਚ ਲਿਖਣ ਵਾਸਤੇ ਉਸਨੂੰ ਸਿਖ ਦੇ ਨਾਲ ਨਾਲ ਖੋਜੀ ਵੀ ਬਣਨਾ ਪੈਂਦਾ ਹੈ। ਮਿਲੀ ਪੁਸਤਕ ਨੂੰ ਪੜਨ ਤੋਂ ਬਾਦ ਹੈਰਾਨੀ ਇਸ ਗਲ ਦੀ ਹੋਈ ਕਿ ਇਸ ਵਿਚ ਅਜਿਹੀਆਂ ਮਨ-ਘੜਤ ਗਲਾਂ ਦਾ ਵਰਣਨ ਕੀਤਾ ਹੈ ਜੋ ਕਦੇ ਵਾਪਰੀਆਂ ਹੀ ਨਹੀਂ। ਉਦਾਹਰਣ ਵਜੋਂ ਮੈਲਬੌਰਨ ਵਿਚ ਸਭ ਤੋਂ ਪਹਿਲਾ ਗੁਰਦੁਆਰਾ 116 ਟੇਅਲਰ ਸਟਰੀਟ ਪਰੈਸਟਨ ਵਿਚ ਬਣਿਆ ਸੀ ਜਿਸਦਾ ਆਰੰਭ ਅਪ੍ਰੈਲ 1980 ਵਿਚ ਹੋਇਆ ਸੀ ਜਦੋਂ ਕਾਰਲਟਨ ਦੇ ਸਕੂਲ ਵਿਚ ਲਾਏ ਜਾਂਦੇ ਦੀਵਾਨ ਵਿਚ ਮੁਠੀ-ਭਰ ਸੰਗਤ ਵਿਚ ਹਰਚਰਨ ਸਿੰਘ ਫੌਜੀ ਨੇ ਸੁਝਾ ਦਿਤਾ ਸੀ ਕਿ ਸਾਨੂੰ ਗੁਰਦੁਆਰਾ ਬਣਾਉਣਾ ਚਾਹੀਦਾ ਹੈ। ਰਣਜੀਤ ਸਿੰਘ ਬਾਈ ਨੇ ਉਸਦੀ ਪ੍ਰੋੜਤਾ ਕੀਤੀ ਸੀ। ਉਹ ਸੁਝਾ ਹਰ ਇਕ ਨੂੰ ਚੰਗਾ ਲਗਾ ਜਿਸਦੇ ਫਲ-ਸਰੂਪ ਦੋ ਤਿੰਨ ਸਾਲ ਵਿਚ ਹੀ ਮੈਲਬੌਰਨ ਦੇ ਸਿਖਾਂ ਦਾ ਆਪਣਾ ਗੁਰਦੁਆਰਾ ਬਣ ਗਿਆ। ਗੁਰਦੁਆਰਾ ਉਹ ਅਸਥਾਨ ਹੁੰਦਾ ਹੈ ਜਿਸ ਵਿਚ ਸਿਖ ਗੁਰੂ (ਗੁਰੂ ਗ੍ਰੰਥ ਸਾਹਿਬ) ਪ੍ਰਕਾਸਮਾਨ ਹੋਵੇ। ਇਮਾਰਤ ਉਤੇ ਗੁੰਬਦ ਜਰੂਰੀ ਨਹੀਂ ਕੇਸਰੀ ਨਿਸਾਨ ਜਰੂਰ ਹੋਣਾ ਚਾਹੀਦਾ ਹੈ ਦੂਸਰਾ, ਗੁਰਦੁਆਰੇ ਦੀ ਇਮਾਰਤ ਉਤੇ ਉਲਟਾ ਕਮਲ-ਫੁਲ ਹੈ ਅਤੇ ਸਿਖ ਇਸ ਦੇ ਵਡੇ ਆਕਾਰ ਨੂੰ ‘ਗੁਮਟ’ਅਤੇ ਛੋਟੇ ਆਕਾਰ ਨੂੰ ‘ਗੁਮਟੀ ਆਖਦੇ ਹਨ। ਗੁੰਬਦ ਗੋਲ ਹੁੰਦੇ ਹਨ ਜੋ ਅਕਸਰ ਮਸਜਿਦ ਦੀ ਨਿਸਾਨੀ ਹੈ ਅਤੇ ਗੁੰਬਦ ਤੋਂ ਬਿਨਾਂ ਬਣੀ ਇਮਾਰਤ ਨੂੰ ਮਸੀਤ ਨਹੀਂ ਕਿਹਾ ਜਾ ਸਕਦਾ। ਬਿਨਾਂ ਗੁਮਟ ਦੇ ਗੁਰਦੁਆਰਾ ਹੋ ਸਕਦਾ ਹੈ ਕਿਉਂਕਿ ਸਭ ਤੋਂ ਪਹਿਲੀ ਧਰਮਸਾਲ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾਈ ਸੀ ਜਿਸਦਾ ਵਰਣਨ ਗੁਰੂ ਗ੍ਰੰਥ ਸਾਹਿਬ ਵਿਚ ਵੀ ਹੈ। ਕਿਤਾਬਚੇ ਵਿਚ ਇਸ ਇਤਿਹਾਸਕ ਸਚਾਈ ਦਾ ਨਾਮ ਤਕ ਨਹੀਂ ਆਇਆ। 1989 ਵਿਚ ਦਲਜੀਤ ਸਿੰਘ ਅਤੇ ਰਣਜੀਤ ਸਿੰਘ ਬਾਈ ਦੇ ਲੰਗਰ ਵਾਲੇ ਦਿਨ ਕਮੇਟੀ ਬਨਾਉਣ ਦੀ ਗਲ ਤੇ ਬਹਿਸ ਹੋਈ ਜਿਸ ਤੋਂ ਮਨਜੀਤ ਸਿੰਘ ਸੇਖੋਂ ਸੰਗਤ ਨਾਲ ਨਰਾਜ ਹੋ ਗਿਆ ਤਾਂ ਸੇਖੋਂ ਦੇ ਭਰਾ ਜਗਜੀਤ ਸਿੰਘ ਸੇਖੋਂ (ਜੋ ਉਸ ਪਾਸ ਸੈਰ ਸਪਾਟੇ ਦੇ ਵੀਜੇ ਉਤੇ ਆਇਆ ਹੋਇਆ ਸੀ) ਨੇ ਸਿਖ ਭਾਈਚਾਰੇ ਨੂੰ ਹੌਸਲਾ ਦਿਤਾ ਅਤੇ ਵਾਪਸ ਜਾਣ ਤੋਂ ਪਹਿਲਾਂ “ਪੇਰਾਮਿਡ ਸੋਸਾਇਟੀ” ਦੇ ਤਿੰਨ ਖਾਤੇ ਦੇ ਕੇ ਗਿਆ ਜਿਨ੍ਹਾਂ ਕਰਕੇ ਸੇਖੋਂ ਚਿਤ ਹੋਇਆ, ਇਸਦਾ ਵੀ ਨਾਂ ਭੋਗ ਹੀ ਨਹੀਂ। ਘਰ ਦਾ ਭੇਤੀ ਲੰਕਾ ਢਾਵੇ ਦੇ ਆਖਾਣ ਅਨੁਸਾਰ ਸਿਖ ਭਾਈਚਾਰਾ ਖਾਤੇ ਸੁਣਦਿਆਂ ਹੀ ਸੇਰ ਤੋਂ ਸਵਾ ਸੇਰ ਹੋ ਗਿਆ ਅਤੇ ਅਦਾਲਤ ਜਾਣ ਦੀ ਤਿਆਰੀ ਕਰਨ ਲਗ ਪਿਆ ਤਾਂ ਇਥੇ ਵੀ ਓਹੀ ਫੌਜੀ (ਹਰਚਰਨ ਸਿੰਘ) ਕੇਵਲ ਸਿੰਘ ਸਿਧੂ ਦੀ ਕਾਰ ਵਿਚ ਚਾਰ ਬੰਦਿਆਂ (ਜਿਹੜੇ ਅਜ ਵੀ ਮੈਲਬੌਰਨ ਵਿਚ ਜੀਂਉਦੇ ਜਾਗਦੇ ਹਨ) ਨੂੰ ਨਾਲ ਲੈ ਕੇ ਸਿਵਦੇਵ ਸਿੰਘ ਰਕੜ ਪਾਸ ਗਿਆ। ਜਾਣ ਵਾਲੇ ਪੰਜ ਬੰਦਿਆਂ ਵਿਚੋਂ ਕੇਵਲ ਫੌਜੀ ਹੀ ਉਸਦਾ ਵਾਕਫ ਸੀ। ਰਕੜ ਸੇਖੋਂ ਨਾਲ ਈਰਖਾ ਰਖਦਾ ਸੀ ਇਸ ਵਾਸਤੇ ਭਾਈਚਾਰੇ ਦਾ ਆਗੂ ਬਣ ਕੇ ਬਿਲੀਆਂ ਵਿਚ ਬਾਂਦਰ ਬਣ ਬੈਠਾ। ਇਹ ਸਚ ਵੀ ਕਿਤਾਬਚੇ ਵਿਚ ਨਹੀਂ ਹੈ। ਅਜੇ ਕੇਸ ਕੁਝ ਦਿਨ ਹੀ ਚਲਿਆ ਸੀ ਕਿ ਸੇਖੋਂ ਸਾਰੇ ਭਾਈਚਾਰੇ ਉਤੇ ਭਾਰੀ ਹੁੰਦਾ ਨਜਰ ਆਇਆ ਤਾਂ ਰਕੜ ਨੇ ਹੌਸਲਾ ਛਡ ਦਿਤਾ। ਜਦੋਂ ਇਹ ਖਬਰ ਬਲਦੇਵ ਸਿੰਘ ਸੰਘਾ ਕੋਲ ਪਹੁੰਚੀ ਤਾਂ ਉਸਨੇ ਹੌਸਲਾ ਦਿੰਦਿਆਂ ਪੇਰਾਮਿਡ ਵਾਲੇ ਤਿੰਨ ਅਕਾਊਂਟ ਭਾਈਚਾਰੇ ਦੇ ਹਵਾਲੇ ਕਰ ਦਿਤੇ ਅਤੇ ਰਕੜ ਫਿਰ ਸੇਰ ਬਣ ਗਿਆ। ਅਗਲੇ ਹੀ ਦਿਨ ਪੇਰਾਮਿਡ ਸੋਸਾਇਟੀ ਦੇ ਕ੍ਰਮਚਾਰੀਆਂ ਨੇ ਪਰਾਈਵੇਸੀ ਐਕਟ ਅਧੀਨ ਖਾਤਿਆਂ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਓਸੇ ਰਕੜ ਨੇ ਫਿਰ ਮੂੰਹ ਢਿਲਾ ਕਰ ਲਿਆ। ਛਾਮ ਨੂੰ ਮੀਟਿੰਗ ਹੋਈ ਜਿਸ ਵਿਚ ਥੋੜੀ ਵਿਚਾਰ ਤੋਂ ਬਾਦ ਇਕ ਵਾਰ ਫਿਰ ਯਤਨ ਕਰਨ ਵਾਸਤੇ ਰਕੜ ਪਾਸੋਂ ਨੰਬਰ ਲੈ ਕੇ ਅਗਲੇ ਦਿਨ 12 ਵਜੇ ਤੋਂ ਪਹਿਲਾਂ ਉਸਨੂੰ ਤਿੰਨਾਂ ਖਾਤਿਆਂ ਦੀਆਂ ਐਫ.ਡੀਆਂ ਦੀ ਨਕਲ ਲਿਆ ਦਿਤੀ ਅਤੇ ਰਕੜ ਨੇ ਦੋ ਵਜੇ ਤੋਂ ਪਹਿਲਾਂ ਖਾਤਿਆਂ ਤੇ ‘ਕੈਵੀਅਟ’ ਲਗਵਾ ਦਿਤਾ। ਓਸੇ ਹੀ ਦਿਨ ਸੇਖੋਂ ਪੇਰਮਿਡ ਸੋਸਾਇਟੀ ਦੇ ਮੁਖ ਦਫਤਰ ਜਿਲੌਂਗ ਪਹੁੰਚ ਗਿਆ ਪ੍ਰੰਤੂ ਖਾਤਿਆਂ ਤੇ ਰੋਕ ਲਗਣ ਕਰਕੇ ਕੁਝ ਨਾਂ ਕਰ ਸਕਿਆ। ਇਸ ਤਰਾਂ ਭਾਈਚਾਰਾ ਭਾਰੂ ਤਾਂ ਹੋ ਗਿਆ ਪ੍ਰੰਤੂ ਸੇਖੋਂ ਨੇ ਜੋਗਿੰਦਰ ਪਾਲ ਅਤੇ ਸੁਖਦੇਵ ਸਿੰਘ ਦੀ ਗਵਾਹੀ ਰਖ ਕੇ ਨਕਲਾਂ ਲਿਆਉਣ ਵਾਲੇ ਤੇ ਹਤਕ-ਇਜਤ (ਡੀਫੇਮੇਸਨ) ਦਾ ਕੇਸ ਕਰ ਦਿਤਾ ਅਤੇ ਸ.ਬੀ.ਸ. ਰੇਡੀਓ ਤੇ ਘਰ ਵਿਕਾਉਣ ਦੀ ਖਬਰ ਵੀ ਦੇ ਦਿਤੀ। ਇਹ ਗਲਾਂ ਇਤਿਹਾਸ ਬਨਾਉਣ ਵਾਲੀਆਂ ਸਨ ਜਿਨ੍ਹਾਂ ਦਾ ਭੋਗ ਤਕ ਨਹੀਂ ਪਾਇਆ ਗਿਆ।
ਸੇਖੋਂ ਤੇ ਇਕ ਹੋਰ ਕੇਸ ਦਰਜ ਹੋ ਗਿਆ ਜੋ ਵਿਕਟੋਰੀਆ ਪੁਲਿਸ ਨੇ ਕੀਤਾ ਸੀ ਅਤੇ ਉਹ ਕੇਸ ਇਤਿਹਾਸਕਾਰ ਵਰਗੇ ਧੋਖੇ-ਬਾਜਾਂ ਕਰਕੇ ਹੋਇਆ ਸੀ ਜਿਨ੍ਹਾਂ ਨੇ ਸੇਖੋਂ ਪਾਸੋਂ ਪਕੇ ਹੋਣ ਦੀਆਂ ਅਰਜੀਆਂ ਭਰਾਉਣ ਸਮੇਂ ਦੋ ਬਚਿਆਂ ਦੀ ਥਾਂ ਚਾਰ ਲਿਖਵਾਏ ਸਨ ਅਤੇ ਨਵ-ਵਿਆਹਿਆਂ ਨੇ 8-10 ਸਾਲ ਦਾ ਬਚਾ ਦਾਜ ਵਿਚ ਆਇਆ ਲਿਖਵਾਇਆ ਸੀ ਅਤੇ ਪਿਛੋਂ ਚਾਰ ਬਚੇ ਆਸਟ੍ਰੇਲੀਆ ਆਉਣ ਤੇ ਉਨ੍ਹਾਂ ਦੇ ਵਿਆਹ ਵੀ ਸੇਖੋਂ ਪਾਸੋਂ ਸਕੇ ਭੈਣ-ਭਰਾਵਾਂ ਨਾਲ ਕਰਾਕੇ ਆਸਟ੍ਰੇਲੀਆ ਵਿਚ ਪ੍ਰਵਾਰ ਇਕਠੇ ਕਰ ਲਏ ਸਨ। ਅਜ ਦੇ ਇਤਿਹਾਸਕਾਰ ਉਸ ਸਮੇਂ ਸੇਖੋਂ ਦੇ ਤਾਬਿਆਦਾਰ ਅਤੇ ਫਰਮਾ-ਬਰਦਾਰ ਹੋਇਆ ਕਰਦੇ ਸਨ ਅਤੇ ਮੈਲਬੌਰਨ ਦੇ ਸਮੁਚੇ ਭਾਈਚਾਰੇ ਵਲ ਉਨ੍ਹਾਂ ਦੀ ਪਿਠ ਹੋਇਆ ਕਰਦੀ ਸੀ। ਜਦੋਂ ਸੇਖੋਂ ਤੇ ਇਹ ਕੇਸ ਛੋਟੀ ਆਦਾਲਤ ਵਿਚ ਚਲ ਰਿਹਾ ਸੀ ਤਾਂ ਇਕ ਦਿਨ ਸਕਤਰ ਸਿੰਘ ਗਿਲ ਨੇ ਲਿਫਟ ਵਿਚ ਥਲੇ ਉਤਰਦਿਆਂ ਸੁਝਾ ਦਿਤਾ ਕਿ ਕਚਿਹਰੀਆਂ ਵਿਚ ਖਜਲ ਹੋਣ ਤੋਂ ਚੰਗਾ ਨਹੀਂ ਕਿ ਆਪਾਂ ਪੈਸੇ ਇਕਠੇ ਕਰਕੇ ਗੁਰਦੁਆਰਾ ਹੀ ਇਕ ਹੋਰ ਬਣਾ ਲਈਏੇ। ਵਿਚਾਰ ਬਹੁਤ ਵਧੀਆ ਸੀ ਪ੍ਰੰਤੂ ਰਕੜ ਨੂੰ ਇਹ ਸੁਝਾ ਮਨਜੂਰ ਨਹੀਂ ਸੀ ਅਤੇ ਭਾਈਚਾਰੇ ਅਗੇ ਸਮਸਿਆ ਪੈਸੇ ਇਕਠੇ ਕਰਨ ਦੀ ਸੀ। ਇਸ ਲਈ ਕੁਝ ਮੈਂਬਰ ਠਾਠ-ਮੁਖੀ ਭਾਈ ਅਮਰ ਸਿੰਘ ਪਾਸ ਵੀ ਗਏ ਪ੍ਰੰਤੂ ਉਨ੍ਹਾਂ ਦਾ ਸੁਝਾ ਵੀ ਸਾਮਰਾਜੀ ਨਾਂ ਹੋਣ ਕਰਕੇ ਮੈਂਬਰਾਂ ਨੂੰ ਰਾਸ ਨਾ ਆਇਆ। ਜਦੋਂ ਪੈਸੇ ਇਕਠੇ ਕਰਨ ਦੀ ਗਲ ਭਾਈਚਾਰੇ ਦੇ ਆਮ ਲੋਕਾਂ ਤਕ ਪਹੁੰਚੀ ਤਾਂ ਹਰ ਬੰਦਾ ਆਪਣੀ ਆਪਣੀ ਰਾਏ ਦੇਣ ਲਗਾ ਤਾਂ ਏਥੇ ਵੀ ਇਕ ਵਾਰ ਫਿਰ ਓਸੇ ਫੌਜੀ ਦੀ ਰਾਏ ਸਫਲ ਹੋਈ ਜਿਸਨੇ ਕਿਹਾ ਕਿ ਪੈਸੇ ਨਵੇਂ ਗੁਰਦੁਆਰੇ ਵਾਸਤੇ ਅਤੇ ਮੈਂਬਰਸਿਪ ਦੇ ਨਾਂ ਤੇ ਇਕਠੇ ਕੀਤੇ ਜਾਣ ਕੇਸ ਵਾਸਤੇ ਕਿਸੇ ਨੇ ਪੈਸਾ ਨਹੀਂ ਦੇਣਾ। ਬਸ ਏਨੀ ਹੀ ਗਲ ਹੋਈ ਤਾਂ ਫੈਸਲਾ ਹੋ ਗਿਆ ਕਿ 1,000 ਡਾਲਰ ਲਾਈਫ ਮੈਂਬਰਸਿਪ ਵਾਸਤੇ ਲਿਆ ਜਾਵੇ ਪ੍ਰੰਤੂ ਇਹ ਪੈਸੇ ਬਿਲਡਿੰਗ ਫੰਡ ਨਾਮ ਦੇ ਵਖਰੇ ਖਾਤੇ ਵਿਚ ਰਖੇ ਜਾਣ ਅਤੇ ਮੁਕਦਮੇਂ ਤੇ ਬਿਲਕੁਲ ਨਾਂ ਲਾਏ ਜਾਣ। ਹੁੰਗਾਰਾ ਚੰਗਾ ਮਿਲਿਆ ਅਤੇ ਬਹੁਤ ਥੋੜੇ ਸਮੇਂ ਵਿਚ ਮੈਲਬੌਰਨ ਦੇ ਭਾਈਚਾਰੇ ਪਾਸੋਂ 90,000 ਡਾਲਰ ਇਕਠੇ ਹੋ ਗਏ। ਜਿਓਂ ਹੀ ਇਹ ਰਕਮ ਖਾਤੇ ਵਿਚ ਆਈ ਮੁਕਦਮਾਂ ਕਰਨ ਵਾਲਿਆਂ ਦੀਆਂ ਤਾਂ ਨਜਰਾਂ ਹੀ ਹੋਰ ਹੋ ਗਈਆਂ। ਭਾਈਚਾਰੇ ਦੇ ਮੈਂਬਰਾਂ ਨੇ ਬਰਾਡਮੀਡੋ, ਹਿਊਮ ਹਾਈਵੇ ਅਤੇ ਕੂਪਰ ਸਟਰੀਟ ਤੇ ਤਿੰਨ ਥਾਂਵਾਂ ਦੇਖੀਆਂ, ਹਰ ਵਾਰ ਜੈਕਾਰੇ ਛਡੇ ਗਏ ਪ੍ਰੰਤੂ ਹਰ ਵਾਰ ਹੀ ਚੌਧਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਹੁੰਦਾ ਸੌਦਾ ਕੈਂਸਲ ਕਰਵਾ ਦਿਆ ਕਰਨ। ਅਖੀਰ ਰਕੜ ਅਤੇ ਕਮੇਟੀ ਨੂੰ ਸਪਸਟ ਸਬਦਾਂ ਵਿਚ ਇਹ ਕਹਿ ਦਿਤਾ ਗਿਆ ਕਿ ਬਿਲਡਿੰਗ ਵਾਸਤੇ ਇਕਠੀ ਕੀਤੀ ਮਾਇਆ ਬਿਲਡਿੰਗ ਤੇ ਹੀ ਖਰਚੀ ਜਾਵੇਗੀ ਨਹੀਂ ਤਾਂ ਲੋਕਾਂ ਨੂੰ ਵਾਪਸ ਕੀਤੀ ਜਾਵੇਗੀ ਤਾਂ ਜਾ ਕੇ 6 ਨਵੰਬਰ 1991 ਨੂੰ ਇਸ ਗੁਰੂ ਘਰ ਵਾਲੀ ਥਾਂ ਦਾ ਬਿਆਨਾਂ ਦਿਤਾ ਗਿਆ ਜਿਸਦੀ ਸੈਟਲਮੈਂਟ 6 ਮਾਰਚ 1992 ਨੂੰ ਹੋਈ। ਸਿਖ ਭਾਈਚਾਰੇ ਦੀ ਖੁਸੀ ਦੀ ਕੋਈ ਹਦ ਨਾਂ ਰਹੀ ਅਤੇ 7 ਮਾਰਚ ਛਨਿਛਰਵਾਰ ਵਾਲੇ ਦਿਨ ਸਵੇਰੇ 5 ਵਜੇ ਹੀ ਸਿਖ ਸੰਗਤ ਨਵੀਂ ਥਾਂ ਤੇ ਪਹੁੰਚ ਗਈ ਜਿਥੇ ਪ੍ਰਤਾਪ ਸਿੰਘ ਨੇ ਸੁਖਮਨੀਂ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਅਤੇ ਹਾਜਰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਦੋ ਦੋ ਚਾਰ ਚਾਰ ਟਕ ਲਾਕੇ ਗੁਰਦੁਆਰੇ ਦੀ ਨੀਂਹ ਰਖਣ ਦਾ ਜੈਕਾਰਾ ਬੁਲਾ ਦਿਤਾ। ਚੌਧਰੀ ਇਸ ਉਤੇ ਨਿਰਾਸ ਹੋ ਗਏ ਅਤੇ ਕਹਿਣਾ ਆਰੰਭ ਦਿਤਾ ਕਿ ਪੰਜ ਪਿਆਰਿਆਂ ਪਾਸੋਂ ਨੀਂਹ ਰਖਾਈ ਜਾਣੀ ਚਾਹੀਦੀ ਹੈ। ਜਦੋਂ ਰਿਨ-ਮਾਰਕ ਤੋਂ ਯੂਥ ਫੈਡਰੇਸਨ ਦੇ ਪੰਜ ਪਿਆਰੇ ਵੀ ਆਉਣ ਵਾਸਤੇ ਮੰਨ ਗਏ ਤਾਂ ਇਨ੍ਹਾਂ ਨੇ ਟੋਨ ਬਦਲ ਲਈ ਅਤੇ ਇਹ ਕਿਹਾ ਗਿਆ ਕਿ ਨੀਂਹ ਕਿਸੇ ਗੁਰੂ ਸਵਾਰੇ ਸੰਤ ਤੋਂ ਰਖਾਈ ਜਾਵੇ। ਅਜੇ ਇਹ ਕਿਹਾ ਹੀ ਸੀ ਕਿ ਇੰਗਲੈਂਡ ਤੋਂ ਭਾਈ ਹਰਜਿੰਦਰ ਸਿੰਘ ਹੋਰਾਂ ਦੇ ਸਿਡਨੀਂ ਦੀ ਸਿਖ ਕਾਨਫ੍ਰੰਸ ਤੇ ਆਉਣ ਦੀ ਖਬਰ ਮਿਲ ਗਈ। ਮਨਜੀਤ ਸਿੰਘ ਵਾਲੀਆ ਹੋਣਾ ਦਾ ਭਾਈ ਸਾਹਿਬ ਨਾਲ ਚੰਗਾ ਮੇਲ-ਮਿਲਾਪ ਸੀ ਸੋ ਵਾਲੀਆ ਜੀ ਨਾਲ ਤਾਲ-ਮੇਲ ਕਰਕੇ ਉਨ੍ਹਾਂ ਰਾਹੀਂ ਭਾਈ ਹਰਜਿੰਦਰ ਸਿੰਘ ਹੋਰਾਂ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਵੀ ਪ੍ਰਵਾਨ ਕਰ ਲਈ। ਮੈਂਬਰਾਂ ਨੇ ਕਮੇਟੀ ਨੂੰ ਦਸਣ ਤੋਂ ਪਹਿਲਾਂ ਹੀ ਮੈਲਬੌਰਨ ਵਿਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ 15 ਅਕਤੂਬਰ 1992 ਵਾਲੇ ਦਿਨ ਸ੍ਰੀ ਗੁਰੂ ਸਿੰਘ ਸਭਾ ਗੁਰੂ ਘਰ ਦੇ ਨੀਂਹ ਪਥਰ ਦਾ ਹੋਕਾ ਦੇ ਦਿਤਾ। ਹੁਣ ਚੌਧਰੀਆਂ ਨੇ ਹੋਰ ਪੇਛ ਨਾਂ ਜਾਂਦੀ ਦੇਖ ਕੇ ਇਸ ਬਲਾਕ ਉਤੇ 100,000 ਡਾਲਰ ਦਾ ਕਰਜਾ ਲੈਣ ਦੀ ਸੋਚੀ ਅਤੇ ਕਾਮਨਵੈਲਥ ਬੈਂਕ ਵਿਚ ਬਿਨਾਂ ਕਿਸੇ ਮੀਟਿੰਗ ਦੇ ਅਪਲਾਈ ਕਰ ਦਿਤਾ। ਆਮਦਨ ਬਹੁਤੀ ਨਾ ਹੋਣ ਕਰਕੇ ਜਮਾਨਤ ਦੀ ਲੋੜ ਪਈ ਤਾਂ ਸਾਰੇ ਚੌਧਰੀ ਸਮੇਤ ਰਕੜ ਮੈਦਾਨ ਛਡ ਗਏ ਅਤੇ ਜਮਾਨਤੀ ਬਣੇ ਰੇਛਮ ਸਿੰਘ ਗਿਲ, ਗੁਰਪ੍ਰਤਾਪ ਸਿੰਘ ਅਤੇ ਮਨਜੀਤ ਸਿੰਘ ਔਜਲਾ। ਇਨ੍ਹਾਂ ਗਲਾਂ ਦਾ ਜੋ ਕਹਾਣੀ ਅਗੇ ਤੋਰਦੀਆਂ ਹਨ ਕਿਤੇ ਰਾਈ ਮਾਤਰ ਵੀ ਹਵਾਲਾ ਨਹੀਂ ਦਿਤਾ ਗਿਆ। ਫਿਰ ਜੇ ਇਤਿਹਾਸ ਕੇਵਲ ਝੂਠ ਅਤੇ ਚੋਰਾਂ ਦਾ ਹੀ ਲਿਖਣਾ ਸੀ ਜਿਨ੍ਹਾਂ ਇਟਾਂ ਵੀ ਘਰਾਂ ਨੂੰ ਗੁਰਦੁਆਰੇ ਦੀਆਂ ਲਾਈਆਂ ਹਨ ਤਾਂ ਅਜਿਹਾ ਲਿਖਣ ਤੋਂ ਪਹਿਲਾਂ ਲਿਖਤੀ ਰੂਪ ਵਿਚ ਮੰਗੇ ਮੁਆਫੀਨਾਮੇ ਬਾਰੇ ਹੀ ਸੋਚ ਲਿਆ ਹੁੰਦਾ, ਸਿਖ ਹੋਣ ਬਾਰੇ ਸੋਚਣਾ ਤਾਂ ਬਹੁਤ ਦੂਰ ਦੀ ਗਲ ਹੈ। ਅਕਤੂਬਰ 1992 ਤੋਂ ਜੁਲਾਈ 2007 ਤਕ 15 ਸਾਲ ਦੇ ਸਮੇਂ ਵਿਚ ਗੁਰੂ ਘਰ ਵਿਚ 200 ਪਰਾਣੀਆਂ ਦੇ ਬੈਠਣ ਯੋਗੀ ਥਾਂ ਵੀ ਨਹੀਂ ਸੀ ਬਣੀ ਜਦੋਂ ਕਿ ਕਰਜਾ ਇਕ ਮਿਲੀਅਨ ਦਾ ਮੈਂਬਰਾਂ ਦੇ ਸਿਰ ਉਤੇ ਮੰਡਲਾ ਰਿਹਾ ਸੀ ਅਤੇ ਗੁਰਦੁਆਰਾ ਵੀ 15 ਸਾਲ ਵਿਚ 15 ਫੁਟ ਤੋਂ ਉਚਾ ਨਹੀਂ ਸੀ ਉਠਿਆ। ਜੋ ਢੰਡੋਰਾ ਉਗਰਾਹੀ ਦਾ ਪਿਟਿਆ ਜਾ ਰਿਹਾ ਹੈ ਜੇਕਰ ਉਹ ਗੁਰਦੁਆਰੇ ਤੇ ਲਗੀ ਨਹੀਂ ਤਾਂ ਕੌਣ ਜਾਣੇ ਉਹ ਕਿਸਦੇ ਪੇਟ ਵਿਚ ਗਈ ਹੈ। ਪਿਛਲੇ ਚਾਰ ਸਾਲ ਵਿਚ ਗੁਰਦੁਆਰਾ 40 ਫੁਟ ਦੀ ਉਚਾਈ ਤੇ ਪਹੁੰਚ ਕੇ ਆਸਟ੍ਰੇਲੀਆ ਭਰ ਵਿਚ ਵਡਾ ਅਤੇ ਟਰੈਡੀਛਨਲ ਗੁਰਦੁਆਰੇ ਦੇ ਰੂਪ ਵਿਚ ਪ੍ਰਸਿਧ ਹੋ ਚੁਕਾ ਹੈ, ਕਰਜਾ ਵੀ ਅਧ ਵਿਚ ਆ ਗਿਆ ਹੈ ਅਤੇ ਸੰਪਤੀ ਵੀ ਪਹਿਲਾਂ ਤੋਂ ਦੁਗਣੀ ਹੋ ਚੁਕੀ ਹੈ। ਕੀ ਇਹ ਸਭ ਸਿਖ ਤੇ ਸਚ ਦੇ ਸੁਜਾਤੀ ਮੇਲ ਅਤੇ ਕਮੇਟੀਆਂ ਦੇ ਸਿਖ ਹੋਣ ਕਰਕੇ ਨਹੀਂ ਹੋਇਆ?
ਰਹੀ ਗਲ ਇਤਿਹਾਸ ਲਿਖਣ ਦੀ, ਇਤਿਹਾਸ ਕੇਵਲ ਇਤਿਹਾਸਕ ਗੁਰਦੁਆਰਿਆਂ ਦੇ ਹੁੰਦੇ ਹਨ ਜਿਥੇ ਗੁਰੂ ਸਾਹਿਬਾਂ ਨੇ ਚਰਨ ਪਾਏ ਹੋਣ, ਸੰਗਤ ਨੂੰ ਸਿਖਿਆ ਦਿਤੀ ਹੋਵੇ ਅਤੇ ਆਉਣ ਵਾਲੇ ਸਮਂੇ ਵਾਸਤੇ ਕੋਈ ਆਦੇਸ ਦਿਤੇ ਹੋਣ ਅਤੇ ਉਸ ਇਤਿਹਾਸ ਤੋਂ ਸਿਖ ਨੂੰ ਸਿਖੀ ਬਾਰੇ ਕੋਈ ਸਿਖਿਆ ਮਿਲਦੀ ਹੋਵੇ। ਲੋਕਲ ਗੁਰਦੁਆਰਿਆਂ ਦਾ ਇਤਿਹਾਸ ਨਹੀਂ ਹੁੰਦਾ ਕਿਉਂਕਿ ਲੋਕਲ ਗੁਰਦੁਆਰਿਆਂ ਵਿਚ ਤਾਂ ਗੋਲਕ ਪਿਛੇ ਪਗਾਂ ਲਾਈਆਂ ਜਾਂਦੀਆਂ ਹਨ ਅਤੇ ਹਰ ਸਾਲ ਚੋਣ ਵੇਲੇ ਡਾਂਗਾਂ ਚਲਾਈਆਂ ਜਾਂਦੀਆਂ ਹਨ। 1989 ਵਿਚ ਭਾਈਚਾਰਾ ਮਨਜੀਤ ਸਿੰਘ ਸੇਖੋਂ ਨੂੰ ਇਹ ਕਹਿ ਕੇ ਕਮੇਟੀ ਵਿਚੋਂ ਕਢਣਾ ਚਾਹੁੰਦਾ ਸੀ ਕਿ ਇਸ ਨੇ 12 ਸਾਲ ਮਨ-ਮਰਜੀ ਕੀਤੀ ਹੈ। ਦਾਵਾ ਕਰਨ ਵਾਲਿਆਂ ਨੇ ਤਾਂ ਹਦ ਹੀ ਮੁਕਾ ਦਿਤੀ ਛਰਮ ਦੀ। 15 ਸਾਲ ਗੁਰਦੁਆਰਾ ਅਧੜਵੰਜਾ ਹੀ ਰਖਿਆ ਤਾਂ ਕਿ ਸਿਖਾਂ ਵਾਸਤੇ ਹਊਆ ਬਣਿਆ ਰਹੇ ਕਿ ਚੌਧਰੀ ਖਾਣ ਪੀਣ ਦੀ ਅਣਥਕ ਸੇਵਾ ਕਰ ਰਹੇ ਹਨ। ਅਜਿਹੇ ਇਤਿਹਾਸ ਲਿਖਣ ਵਾਲਿਆਂ ਕਰਕੇ ਤਾਂ ਅਜ ਭਾਰਤ ਵਿਚ ਪੂਜਾ ਸਥਾਨਾਂ ਦੀ ਸੰਖਿਆ 24 ਲਖ (23,98,650) ਹੋ ਚੁਕੀ ਹੈ ਜਦੋਂ ਕਿ ਇਕ ਅਰਬ ਵੀਹ ਕਰੋੜ (1,20,0000000) ਦੀ ਆਬਾਦੀ ਵਾਸਤੇ ਹਸਪਤਾਲ ਅਤੇ ਡਿਸਪੈਂਸਰੀਆਂ ਕੇਵਲ ਛੇ ਲਖ (6,03,897) ਹੀ ਹਨ।
*****
ਨੋਟ:    ਇਹ 2700 ਸਬਦਾਂ ਦਾ ਲੇਖ ਨਿਰੋਲ ਗੁਰਮੁਖੀ ਲਿਪੀ ਵਿਚ ਲਿਖਿਆ ਹੈ। ਬਿੰਦੀਆਂ ਵਾਲੇ ਛੇ ਅਖਰਾਂ ਅਤੇ ਪੁਠੀ ਟੋਪੀ ਦੀ ਵਰਤੋਂ ਨਹੀਂ ਕੀਤੀ ਗਈ। ਪਾਠਕ ਸਬਦਾਂ ਦਾ ਉਚਾਰਣ ਕਰਨ ਵੇਲੇ ਗੁਰਮੁਖੀ ਲਿਪੀ ਦੇ 35 ਅਖਰਾਂ ਦਾ ਅਤੇ ਦਸ ਲਗਾਂ ਮਾਤਰਾਂ ਦਾ ਹੀ ਧਿਆਨ ਧਰਨ।ਗੁਰੂ ਗ੍ਰੰਥ ਸਾਹਿਬ 91 ਲਖ ਸਬਦਾਂ ਦਾ ਸੰਗ੍ਰਿਹ ਹੈ ਜੋ ਨਿਰੋਲ ਇਕੇ (ਗੁਰਮੁਖੀ) ਲਿਪੀ ਵਿਚ ਲਿਖਿਆ ਗਿਆ ਹੈ।


No comments: