ਇਨ ਹੀ ਕੀ ਕਿਰਪਾ ਸੇਏ.......... ਸਵੈ-ਕਥਨ / ਲਾਲ ਸਿੰਘ ਦਸੂਹਾ

ਆਪਣੇ ਬਾਰੇ ਲਿਖਣਾ ਇਕ ਤਰ੍ਹਾਂ ਨਾਲ ਤਿੱਖੀ ਧਾਰ ‘ਤੇ ਤੁਰਨ ਵਰਗਾ ਲੱਗਦਾ । ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਇਉਂ ਕਰਦਿਆਂ ‘ਮੈਂ-ਮੈਂ” ਦੀ ਮੁਹਾਰਨੀ ਬਹੁਤੀ ਹੀ ਪੜ੍ਹਨੀ ਪੈਂਦੀ ਐ । ਉਂਝ ‘ ਮੈਂ “ ਪਾਤਰ ਰਾਹੀਂ ਹੋਈ ਸਮੁੱਚੀ ਅਭਿਵਿਅਕਤੀ ਬਾਰੇ ਟਾਕਰਵੀਆਂ ਰਾਵਾਂ ਹਨ । ਸਾਡੀ ਬੋਲੀ ਦੀ ਬਹੁ-ਗਿਣਤੀ ਕਹਾਣੀ, ਅਤੇ ਗ਼ਜਲ ਨੂੰ ਛੱਡ ਕੇ ਕਰੀਬ ਕਰੀਬ ਸਾਰੀ ਕਵਿਤਾ ਮੈਂ ਪਾਤਰ ਵਿੱਚ ਅੰਕਤ ਹੋਈ ਲੱਭਦੀ ਹੈ । ਸ਼ਾਇਦ ਇਸ ਲਈ ਸੁਰਜੀਤ ਪਾਤਰ ਦੇ ਕੱਦ-ਕਾਠ ਦਾ ਸ਼ਾਇਰ ਵੀ ਇਸ ਵੰਨਗੀ ਨਾਲ ਸਹਿਮਤੀ ਪ੍ਰਗਟਾਉਂਦਾ ਹੈ , ਭਾਵੇਂ ਦੱਬੀ ਸੁਰ ਵਿੱਚ ਹੀ । ਉਸ ਅਨੁਸਾਰ ‘ ਮੈਂ “ ਹਮੇਸ਼ਾਂ ਲੇਖਕ ਦੀ ਨਹੀਂ ਹੁੰਦੀ । ਕਦੀ ਇਹ ਆਪਣੇ ਦੇਸ਼ , ਕਦੇ ਧਰਮ ਦੀ , ਕਦੇ ਵਰਗ ਦੀ ਤੇ ਕਦੀ ਮਾਨਵਤਾ ਦੀ ਮੈਂ ਹੁੰਦੀ ਹੈ ।
ਇਸ ਦੇ ਵਿਪਰੀਤ ਦੂਸਰੀ ਧਿਰ ਦੀ ਧਾਰਨਾ ਹੈ ਕਿ ਮੈਂ ਸ਼ਬਦ ਦਾ ਨਿਰੰਤਰ ਦੁਹਰਾਇਆ ਜਾਣਾ ਕਿਸੇ ਵੀ ਤਰ੍ਹਾਂ ਕਲਾਤਮਕ ਵਿਅਕਤੀਤਵ ਦਾ ਚਿੰਨ੍ਹ ਨਹੀਂ । ਇਹਨ੍ਹਾਂ ਦੋਨਾਂ ਧਾਰਨਾਵਾਂ ਦੇ ਗੁਣ-ਅਵਗੁਣ ਵੀ ਹੋਣਗੇ ਤੇ ਸੀਮਾਵਾਂ –ਸਮਰੱਥਾਵਾਂ ਵੀ । ਹੱਥਲੀ ਲਿਖਤ ਇਸ ਬਹਿਸ ਦਾ ਵਿਸ਼ਾ ਨਹੀਂ । ਤਾਂ ਵੀ ਥੋੜ੍ਹੀ ਕੁ ਜਿੰਨੀ ਸ਼ੰਕਾ-ਨਵਿਰਤੀ ਲਈ ਇਹ ਜ਼ਰੂਰ ਪੁੱਛਿਆ ਜਾ ਸਕਦਾ ਹੈ ਕਿ ਕੀ ਅਧਿਆਤਮ ਦੀਆਂ ਸੁਰਾਂ-ਤਰਜ਼ਾਂ ਦੇ ਨਾਲ ਵਿਵਹਾਰਕ , ਸਮਾਜਕ, ਰਾਜਨੀਤਕ ਸੁਨੇਹਾ ਦਿੰਦਾ ਭਗਵਤ ਗੀਤਾ-ਗ੍ਰੰਥ ਅੰਦਰਲਾ ਮੈਂ ਪਾਤਰ , ਆਪਣੀ ਉਦੇਸ਼-ਪੂਰਤੀ ਵਿੱਚ ਵੱਧ ਕਾਰਗਰ ਜਾਪਦਾ ਹੈ ਜਾਂ ਗੁਰਬਾਣੀ ਰਾਹੀਂ ਕੁਦਰਤ ਦੇ ਅਦਭੁਤ ਪਾਸਾਰ ਸਮੇਤ ਮਨੁੱਖ ਦੀ ਰੂਹ-ਜਾਨ ਤਕ ਪੁੱਜਣ ਵਾਲਾ ਅਨਯ-ਪੁਰਖ ਰਾਹੀਂ ਪ੍ਰਸਾਰਤ-ਪ੍ਰਕਾਸ਼ਤ ਹੋਇਆ ਗੁਰ-ਉਪਦੇਸ਼ ?
ਮੇਰੇ ਨਿੱਜ ਨੂੰ ਅਨਯ-ਪੁਰਖ ਰਾਹੀਂ ਹੋਂਦ ਵਿੱਚ ਆਈ ਹਰ ਲਿਖਤ ਇਸ ਲਈ ਪਸੰਦ ਹੈ ਕਿ ਇਹ ਇੱਕ ਤਰ੍ਹਾਂ ਨਾਲ ਲੇਖਕ ਦੇ ਧੁਰ ਅੰਦਰ ਕਿਧਰੇ ਘਰ ਕਰੀ ਬੈਠੀ ਮਨੁੱਖੀ ਹਊਮੈਂ ਤੋਂ ਬਚੀ ਹੋਈ ਜਾਪਦੀ ਹੈ । ਸ਼ਾਇਦ ਇਹ ਹੀ ਕਾਰਨ ਹੋਵੇ ਕਿ ਮੇਰੀਆਂ ਬਹੁ-ਗਿਣਤੀ ਕਹਾਣੀਆਂ ਥਰਡ-ਪਰਸਨ ਰਾਹੀਂ ਹੀ ਅੰਕਿਤ ਹੋਈਆਂ ਅਤੇ ਥੋੜ੍ਹੀ ਕੁ ਗਿਣਤੀ ਵਿੱਚ ਮੈਂ ਪਾਤਰ ਭਾਵ ਉੱਤਮ-ਪੁਰਖ ਰਾਹੀਂ ਅਤੇ ਕੇਵਲ ਦੋ ਕਹਾਣੀਆਂ ‘ ਮਾਰਖੋਰੇ ‘ ਤੇ ‘ ਅਕਾਲਗੜ੍ਹ ‘ ਮੱਧਮ ਪੁਰਖ ( ਸੈਂਕੜ ਪਰਸਨ ) ਰਾਹੀਂ ।
ਜੇ ਮੇਰੀ ਹੁਣ ਤਕ ਦੀ ਕਿਰਤ –ਕਮਾਈ ਦਾ ਜੋੜ-ਤੋੜ ਵਾਚਣਾ ਹੋਵੇ , ਪਹਿਲੀ ਪੁਸਤਕ ‘ਮਾਰਖੋਰੇ ’ ਦੀਆਂ ਤੇਰਾਂ ਕਹਾਣੀਆਂ ਵਿਚੋਂ ਚਾਰ- ‘ਨਾਇਟ-ਸਰਵਿਸ ’, ‘ਧੁੰਦ ’ , ‘ਅਜੇ ਮੈਂ ਜੀਉਂਦਾ ਹਾਂ ’ ਤੇ ‘ਉਹ ਵੀ ਕੀ ਕਰਦਾ ’ , ਤੀਜੀ ਪੁਸਤਕ ‘ਧੁੱਪ-ਛਾਂ ’ ਦੀਆਂ ਸੱਤ ਕਹਾਣੀਆਂ ਵਿੱਚ ਕੇਵਲ ਇੱਕ ‘ਧੁੱਪ-ਛਾਂ ’, ਚੌਥੀ ਪੁਸਤਕ ‘ਕਾਲੀ-ਮਿੱਟੀ ’ ਦੀਆਂ ਸੱਤ ਕਹਾਣੀਆਂ ਵਿਚੋਂ ਵੀ ਇਕ ‘ਬੂਟਾ ਰਾਮ ਪੂਰਾ ਹੋ ਗਿਆ ! ’ ; ਪੰਜਵੀਂ ਪੁਸਤਕ ‘ਅੱਧੇ ਅਧੂਰੇ ’ ਦੀਆਂ ਸੱਤ ਕਹਾਣੀਆਂ ਵਿਚੋਂ ਵੀ ਇਕ ‘ਪੌੜੀ ’; ਅਤੇ ਛੇਵੀਂ ਪੁਸਤਕ ‘ਗੜ੍ਹੀ ਬਖਸ਼ਾ ਸਿੰਘ ’ ਦੀਆਂ ਛੇ ਕਹਾਣੀਆਂ ਵਿੱਚੋਂ ਤਿੰਨ ਕਹਾਣੀਆਂ – ‘ਥਰਸਟੀ ਕਰੋਅ ’ ,’ਚੀਕ ਬੁਲਬਲੀ ’ ਦੇ ‘ ਐਚਕਨ ‘ ਫਸਟ ਪਰਸਨ ਵਿੱਚ ਲਿਖੀਆਂ ਗਈਆਂ ਹਨ । ਇਹਨਾਂ ਦਾ ਕੁੱਲ ਜੋੜ ਕੇਵਲ ਦਸ ਹੀ ਬਣਦਾ ਹੈ , ਦੂਜੀ ਕਹਾਣੀ ਪੁਸਤਕ ‘ਬਲੌਰ ’ ਵਿੱਚ ਕੋਈ ਵੀ ਕਹਾਣੀ ਉੱਤਮ-ਪੁਰਖੀ ਨਹੀਂ ਹੈ ।
ਉਂਝ ਤਾਂ ਲੇਖਕ ਦੀ ਸਮੁੱਚੀ ਹੋਂਦ ਉਸਦੀ ਹਰ ਲਿਖਤ ਵਿਚ ਹਾਜ਼ਰ –ਨਾਜ਼ਰ ਹੁੰਦੀ ਹੈ । ਕਿਉਂਕਿ ਲੇਖਕ ਨੇ ਅਮੂਰਤ ਚੀਜ਼ਾਂ ਤੋਂ ਪਹਿਲਾਂ ਨਿੱਗਰ ਯਥਾਰਥ ਦੇ ਰੂ-ਬ-ਰੂ ਹੋਣਾ ਹੁੰਦਾ । ਤਾਂ ਵੀ ਯਥਾਰਥ ਦੀ ਨਿਰੀ –ਪੁਰੀ ਫੋਟੋਗਰਾਫੀ ਵੀ ਸਾਹਿਤ ਨੂੰ ਪ੍ਰਵਾਨ ਨਹੀਂ । ਹਰ ਲਿਖਤ ਅੱਧੇ-ਪਚੱਧੇ ਕਾਲਪਨਿਕ ਵਿਸਥਾਰ ਦੇ ਆਸਰੇ ਉਸਰਦੀ ਹੈ । ਇਸ ਕਾਲਪਨਿੱਤਾ ਤੇ ਯਥਾਰਥ ਦੇ ਸੁਮੇਲ ਨੂੰ ਸਮਤਲ ਰੱਖਣ ਲਈ ਮੈਨੂੰ ਉਹ ਕਹਾਣੀਆਂ ‘ ਮੈਂ “ ਪਾਤਰ ਲਿਖਣ ਦੀ ਸੌਖ ਰਹੀ ਜਿਹਨਾਂ ਦੇ  ਵਿਸਥਾਰ ਅੰਦਰ ਮੇਰੀ ਹੋਂਦ ਵੱਧ ਦਖ਼ਲ-ਅੰਦਾਜ਼ ਸੀ ।
ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਉੱਤਮ-ਪੁਰਖ ਰਾਹੀਂ ਲਿਖੀਆਂ ਕਹਾਣੀਆਂ ਵਿੱਚ ਮੈਂ ਲਿਖਤ ਅੰਦਰਲੇ ਸੱਚ ਦੇ ਬਹੁਤ ਨੇੜੇ ਪੁੱਜਿਆ ਰਿਹਾਂ ਹਾਂ ਜਾਂ ਇਹਨਾਂ ਅੰਦਰ ਪੇਸ਼ ਹੋਏ ਪਾਤਰਾਂ ਦੇ ਸਾਰੇ ਦੁੱਖ-ਦਰਦ ਮੈਂ ਆਪਣੇ ਅੰਦਰ ਵੀ ਸਮੇਅ ਲਏ ਹਨ , ਪਰ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਉਂ ਕਰਦਿਆਂ ਮੈਨੂੰ ਉਹਨਾਂ ਵਰਗਾ ਹੋਣ-ਦਿਸਣ ਲੱਗਿਆਂ ਚੰਗਾ-ਚੰਗਾ ਲੱਗਦਾ ਰਿਹਾ । ਉਦਾਹਰਨ ਹਿਤ ‘ਮਾਰਖੋਰੇ ’ ਪੁਸਤਕ ਵਿਚਲੀ ‘ ਨਾਇਟ-ਸਰਵਿਸ ‘ ਕਹਾਣੀ ਅੱਸੀਵਿਆਂ ਦੇ ਸ਼ੁਰੂ ਵਿੱਚ , ਦਿੱਲੀ ਤੋਂ ਜਲੰਧਰ ਤਕ ਕੀਤੀ ਇਕ ਰਾਤ ਦੀ ਬੱਸ-ਯਾਤਰਾ ਦੀ ਪ੍ਰਤੀਫਲ ਹੈ । ਹੁਣ ਪੱਕਾ ਚੇਤਾ ਨਹੀਂ ਇਸ ਕਹਾਣੀ ਨੂੰ ਹੁੱਝ ਮਾਰਨ ਵਾਲਾ ਪਾਤਰ ਅੰਬਾਲੇ ਉੱਤਰਿਆ ਸੀ ਜਾਂ ਲਧਿਆਣੇ । ਚੜ੍ਹਿਆ ਉਹ ਦਿੱਲੀ ਸਬਜ਼ੀ ਮੰਡੀਉਂ ਸੀ । ਸ਼ਕਲੋਂ-ਸੂਰਤੋਂ ਉਹ ਨਾ ਨਿਪਾਲੀ ਗੋਰਖਾ ਲੱਗਦਾ ਸੀ ਨਾ ਬਿਹਾਰੀ ਭਈਆ । ਮਧਰਾ-ਭਰਵਾਂ ਬਦਨ, ਮੋਕਲੇ ਹੱਡ-ਪੈਰ , ਮੂੰਹ-ਚਿਹਰਾ ਅਤਿ ਦਾ ਕਰੂਪ । ਮਨੁੱਖੀ ਨਸਲ ਦੇ ਕਿਸੇ ਪੁਰਖੇ ਸ਼ਮਪੈਂਜੀ ਜਾਂ ਬੋਬੀਨ ਵਰਗਾ । ਉਸਦੇ ਗਲ ਇਕ ਵੰਡੀ ਸੀ ਤੇ ਤੇੜ ਕੱਛਾ । ਵੰਡੀ ਦੀ ਲੰਮੀ-ਲਮਕਦੀ ਜੇਬ ਤੁੰਨੀ ਪਈ ਸੀ , ਪਤਾ ਨਹੀਂ ਕੀ ਕੁਝ ਨਾਲ । ਉਹ ਮੇਰੇ ਨਾਲ ਦੀ ਖਾਲੀ ਸੀਟ ‘ਤੇ ਬੈਠਦਿਆਂ ਸਾਰ ਸੌਂ ਗਿਆ । ਉਸਦਾ ਭਾਰਾ ਸਿਰ ਕਦੀ ਮੇਰੇ ਮੋਢੇ ‘ਚ ਵੱਜਦਾ, ਕਦੀ ਸਾਹਮਣੀ ਸੀਟ ਦੇ ਡੰਡੇ ‘ਤੇ । ਮੈਨੂੰ ਉਸ ਅੰਦਰ ਅਭਿਵਿਅਕਤ ਭਾਰਤ ਦੀ ਕੋਈ ਪੁਰਾਣੀ ਸਦੀ ਦ੍ਰਿਸ਼ਟੀਮਾਨ ਹੋ ਗਈ । ਮੈਂ ਇਸ ਨੂੰ ਅਠਾਰਵੀਂ ਦਾ ਨਾਮ ਦੇ ਲਿਆ । ਬਾਕੀ ਦੋਨੋਂ ‘ਸਦੀਆਂ ‘ ਨਾਲ ਬੱਸ ਭਰੀ ਪਈ ਸੀ – ਕੋਈ  ਆਧੁਨਿਕ ਕੋਈ ਅਤਿ-ਆਧੁਨਿਕ । ਮੈਨੂੰ ਲੱਗਾ ਇਸ ਪਾਤਰ ਨੂੰ ਉਘਾੜਨ ਲਈ ਆਮ ਤਰਕਪੂਰਨ ਮਨੌਤਾਂ ਦਾ ਸਹਾਰਾ ਵੀ ਲੈਣਾ ਪਵੇਗਾ ਤੇ ਮੇਰੇ ਨਾਲ ਖਹਿ ਕੇ ਬੈਠੇ ‘ਯਥਾਰਥ ‘ ਦਾ ਵੀ । ਇਹ ਕੰਮ ਅਨਯ-ਪੁਰਖ ਰਾਹੀਂ ਨਹੀਂ ਸੀ ਹੋ ਸਕਣਾ ।
ਇਹੋ ਵਿਧੀ ‘ਧੁੰਦ ‘ ਕਹਾਣੀ ਲਿਖਦਿਆਂ , ਇਤਿਹਾਸ ਦੇ ਇਕ  ਵਿਚਿੱਤਰ ਕਿਰਦਾਰ ਭਾਈ ਘਨ੍ਹੱਈਆ ਨੂੰ ‘ ਮੈਂ “ ਪਾਤਰ ਵਿੱਚ ਸਮੋਅ ਕੇ ਅਪਨਾਉਂਣੀ ਪਈ ।
ਤੱਥ ਗਵਾਹ ਨੇ ਕਿ ਪੰਜਾਬ ਵਿਚਲੇ ਜ਼ਿਮੀਦਾਰਾਂ ਵਿਚੋਂ ਸੱਤ ਪ੍ਰਤੀਸ਼ਤ ਵੱਡੇ ਜ਼ਿਮੀਦਾਰ ਸੈਂਤੀ ਪ੍ਰਤੀਸ਼ਤ ਜ਼ਮੀਨ ‘ਤੇ ਕਾਬਜ਼ ਹਨ । ਇਹਨਾਂ ਦੇ ਖੁਰਖਿਆਂ ਵਿਚੋਂ ਸੰਨ 1699 ਈ: ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਅੱਵਲ ਤਾਂ ਕੋਈ ਗਿਆ ਹੀ ਨਹੀਂ ਹੋਣਾ , ਜੇ ਕੋਈ ਇੱਕ-ਅੱਧ ਚਲਾ ਵੀ ਗਿਆ ਹੋਵੇਗਾ , ਤਾਂ ਉਹ ਗੁਰੂ ਦੀ ਲਹੂ ਮੰਗਦੀ ਤਲਵਾਰ ਵੱਲ ਦੇਖਕੇ ਜ਼ਰੂਰ ਖਿਸਕ ਆਇਆ ਹੋਵੇਗਾ । ਤੇ ਗੁਰੂ ਵਿਚਾਰੇ ਲਈ ਬਚੇ ਹੋਣਗੇ , ਇਹਨਾਂ ਫਿਊਡਲ ਲਾਰਡਾਂ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਕਿਰਤੀ-ਕਾਮੇ , ਨਾਈ, ਛੀਂਬੇ , ਖੱਤਰੀ । ਭਾਈ ਘਨ੍ਹੱਇਆ ਦੇ ਪਾਤਰ ਰਾਹੀਂ ਇਹ ਕਹਾਣੀ,ਦਿੱਲੀ ਦੀਆਂ ਔਰੰਗੇ ਤੋਂ ਤਰੰਗੇ ਤਕ ਦੀਆਂ ਸਰਕਾਰਾਂ ਲਈ ਫੀਡ-ਬੈਂਕ ਬਣਦੀ ਰਹੀ ਤੇ ਭਾਈਵਾਲੀ ਨਿਭਾਉਂਦੀ ਆਈ ,ਇਸ ਭੋਂਪਤੀ ਜਮਾਤ ਦੇ ਅਵਸਰਵਾਦੀ ਤੇ ਤਸ਼ੱਦਦੀ ਕਿਰਦਾਰ ‘ਤੇ ਟਿੱਪਟੀ ਕਰਨ ਦਾ ਸਾਹਸ ਕਰਦੀ ਹੈ । ਪੰਜਾਬ ਦੇ ਸੰਦਰਭ ਵਿਚ ਇਹ ਕੰਮ ਵੇਲੇ ਦੀ ਸਰਕਾਰ ਵੱਲੋਂ ਖੱਬੀ ਲਹਿਰ ਦੇ ਇਕ ਤਿੱਖੇ ਦਸਤੇ ਨਕਸਲਵਾਦ ਨੂੰ ਬਹੁਤ ਹੀ ਬੇ-ਰਹਿਮੀ ਨਾਲ ਮਾਰੇ-ਕੋਹੇ ਜਾਣ ਦੇ ਦਰਦ ਨੂੰ ਮਹਿਸੂਸਦੀ , ਗੋਬਿੰਦ ਗੁਰੂ ਕੋਲ ਇਕ ਚਿੱਠੀ ਦੇ ਰੂਪ ਵਿਚ ਆਪਣਾ ਦੁੱਖ ਰੋਂਦੀ ਹੈ । ਮੈਨੂੰ ਇਹ ਮੰਨ ਲੈਣ ਵਿੱਚ ਕੋਈ ਝਿਜਕ ਨਹੀਂ ਕਿ ਮੇਰੀਆਂ ਕਰੀਬ ਸਾਰੀਆਂ ਹੀ ਕਹਾਣੀਂਆਂ ਦੀ ਪਿੱਠ ਭੂਮੀ ‘ਚ ਪ੍ਰਤੀਬੱਧਤਾ ਦਾ ਮਾਰਕਸੀ ਸਿਧਾਂਤ ਕਾਰਜਸ਼ੀਲ ਰਿਹਾ ਹੈ ।
ਮੇਰੀ ਮਾਨਸਿਕਤਾ ਪਿਛਲੀ ਅੱਧੀ ਸਦੀ ਦੀ ਪਰਛਾਈਂ ਹੇਠ ਨਿਵੇਕਲੀ ਤਰ੍ਹਾਂ ਦੇ ਪ੍ਰਭਾਵ ਗ੍ਰਹਿਣ ਕਰਦੀ , ਜਿੱਥੇ ਸਮਾਜਕ ਤਬਦੀਲੀ ਦੇ ਮਾਰਕਸੀ ਸਿਧਾਂਤ ਨੂੰ ਪ੍ਰਣਾਏ ਸੁਹਿਰਦ ਕਾਮਿਆਂ ਦੀ ਕਾਰਜਸ਼ੈਲੀ ਨੂੰ ਸਮਰਪਤ ਹੋ ਉੱਠੀ , ਉੱਥੇ ਭਾਂਜਵਾਦੀ ਤੇ ਪਿੱਛਾਖੜੀ ਅਨਸਰਾਂ ਦਾ ਖੁੱਲ੍ਹਾ ਵਿਰੋਧ ਕਰਨ ਵਿੱਚ ਵੀ ਪਿੱਛੇ ਨਹੀਂ ਰਹੀ । ਪੰਜਾਬੀ ਮੱਧ ਵਰਗ ਆਪਣੀ ਕਬਾਇਲੀ ਪਿੱਠਭੂਮੀ ਕਾਰਨ ਜਿੰਨੀ ਰਫ਼ਤਾਰ ਨਾਲ ਸਮਾਜਕ-ਰਾਜਨੀਤਕ-ਸਭਿਆਚਰਕ ਖੇਤਰ ਵਿਚ ਅਗਾਂਹ ਵਧਿਆ , ਓਨੀ ਹੀ ਤੇਜ਼ੀ ਨਾਲ ਪਿੱਛਲਖੁਰੀ ਦੌੜ ਨਿਕਲਿਆ । ਸੰਨ 1962 ਵਿੱਚ ਦੋ ਥਾਈ ਟੁਕੜੇ ਹੋਇਆ ਰਾਜਸੀ ਵਿੰਗ, ਸੰਨ 1967 ਵਿੱਚ ਤਿੰਨ ਅਤੇ ਪਿੱਛੋਂ ਤੇਰਾਂ , ਤੇ ਫਿਰ ਪਤਾ ਨਹੀਂ ਕਿੰਨੇ ਥਾਈਂ ਵੰਡਿਆ ਗਿਆ । ਜਿਸ ਦੇ ਫਲ-ਸਰੂਪ ਮਾਰਕਸੀ ਸਿਧਾਂਤ ‘ਤੇ ਆਸਥਾ ਰੱਖਣ ਵਾਲੇ ਜਨਸਧਾਰਨ ਸਮੇਤ,ਘਰ-ਵਾਰ ਛੱਡ ਕੇ ਯੁਗ-ਗ਼ਦਰੀ ਕਰਨ ਨਿਕਲਿਆ ਸੁਹਿਰਦ ਕਾਮਾ ਵੀ ਨਿਰਾਸਤਾ ਦੀ ਦਲਦਲ ਵਿਚ ਖੁੱਭ ਗਿਆ । ‘ਮਾਰਖੋਰੇ ’ ਸੰਗ੍ਰਹਿ ਦੀ ਅੰਤਲੀ ਕਹਾਣੀ ‘ਉਹ ਵੀ ਕੀ ਕਰਦਾ ! ’  ‘ਬਲੌਰ ’ ਕਹਾਣੀ ਸ਼ੰਗ੍ਰਹਿ ਦੀ ਕਹਾਣੀ ‘ਬਲੌਰ ’ ਅਤੇ ‘ਕਾਲੀ ਮਿੱਟੀ ’ ਸੰਗ੍ਰਹਿ ਦੀ ‘ਬੂਟਾ ਰਾਮ ਪੂਰਾ ਹੋ ਗਿਆ ! ’ ਤਾਂ ਸਿੱਧੇ ਰੂਪ ਵਿਚ ਹੀ ਇਸ ਨਿਰਾਸਤਾ ‘ਚੋਂ ਉਪਜੀਆਂ ਕਹਾਣੀਆਂ ਹਨ , ਪਰ ਇਸ ਦੀ ਪਰਛਾਈਂ ਮੇਰੀਆਂ ਹੁਣ ਤੱਕ ਦੀਆਂ ਕਰੀਬ ਸਾਰੀਆਂ ਹੀ ਕਹਾਣੀਆਂ ‘ਤੇ ਦੇਖੀ ਜਾ ਸਕਦੀ ਹੈ ।
‘ਉਹ ਵੀ ਕੀ ਕਰਦਾ ! ’ ਅੰਦਰ ਅੰਕਤ ਹੋਏ ਭਾਵ , ਮੇਰੀ ਗੂੜ੍ਹ ਜਾਣ-ਪਛਾਣ ਵਾਲੇ ਮਾਸਟਰ ਰਵੀ ਕੁਮਾਰ ਅੰਦਰ ਖੌਲਦੇ ਸਨ । ਉਹ ਪਠਾਨਕੋਟ ਲਾਗੇ ਤੋਂ ਪੱਕੀ ਸਕੂਲ ਅਧਿਆਪਕੀ ਛੱਡ ਕੇ ਕੁਲ ਵਕਤੀ ਕਾਮਾ ਬਣ ਗਿਆ ਸੀ । ਐੱਸ।ਐੱਨ।ਗਰੁੱਪ ਦਾ ਕੇਂਦਰੀ ਕਮੇਟੀ ਮੈਂਬਰ ਤੇ ਪੰਜਾਬ –ਹਿਮਾਚਲ ਸੂਬਿਆਂ ਦਾ ਸਾਂਝਾ ਸਕੱਤਰ ਬਲਦੇਵ ਸਿੰਘ ਗਰੇਵਾਲ ਪਹਿਲੋਂ ਰਵੀ ਦੀ ਭੈਣ ਨੂੰ ਵਿਆਹ ਕੇ ਉਸ ਨੂੰ ਘਰੋਂ ਲੈ ਗਿਆ , ਫਿਰ ਉਸਨੇ ਰਵੀ ਉੱਪਰ ਇੱਕ ਉੱਘੇ ਕਹਾਣੀਕਾਰ ਦੀ ਲੜਕੀ ਨਾਲ ਬਣਾਏ ਸੰਪਰਕ ਦੀ ਕੋਝੀ ਜਿਹੀ ਤੁਹਮਤ ਲਾ ਕੇ ਉਸਨੂੰ ਦੋ ਸਾਲਾਂ ਲਈ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ । ਰਵੀ ਦੇ ਦਰਦ ਨੂੰ ਮਹਿਸੂਸਣ ਲਈ ‘ਮੈਂ “ ਪਾਤਰ ਦਾ ਆਸਰਾ ਲੈਣਾ ਇਕ ਤਰ੍ਹਾਂ ਨਾਲ ਮੇਰੀ ਮਜਬੂਰੀ ਹੀ ਬਣ ਗਈ ਸੀ ।
ਇਵੇਂ ਹੀ ‘ ਅਜੇ ਮੈਂ ਜੀਊਂਦਾ ਹਾਂ ‘ ਦੀ ਪਿੱਠ –ਭੂਮੀ ਵਿੱਚ 1975 ਦੀ ਐਂਮਰਜੈਂਸੀ ਵਿਰੁੱਧ ਰੰਜਸ਼ ਦੀ ਭਾਵਨਾ ਕਾਰਜਸ਼ੀਲ ਹੈ ਜਿਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਾਰੀਆਂ ਵਿਧਾਨਕ ਤੇ ਪ੍ਰਸ਼ਾਸਨਕ ਸ਼ਕਤੀਆਂ ਆਪਣੀ ਮੁੱਠ ‘ਚ ਕਰਕੇ ਲੋਕ-ਤੰਤਰੀ ਵਿਵਸਥਾਂ ਦੀ ਗਲਾ ਘੁੱਟਿਆ ਗਿਆ ਸੀ । ਉਸ ਸਮੇਂ ਤਾਂ ਉਹ ਮੈਡਮ ਪ੍ਰਧਾਨ ਮੰਤਰੀ ਪਦ ਨੂੰ ਅਮਰੀਕੀ ਵਿਵਸਥਾ ਵਾਲੇ ਰਾਸ਼ਟਰਪਤੀ ਪ੍ਰਬੰਧ ਵਿੱਚ ਤਬਦੀਲ ਕਰਨ ਦੀਆਂ ਸਕੀਮਾਂ ਵੀ ਘੜਨ ਲੱਗ ਪਈ ਸੀ , ਪਰ ਅੰਗਰੇਜ਼ੀ ਰਾਜ ਦੀਆਂ ਤਲਖੀਆਂ ਹੰਢਾ ਚੁੱਕੇ ਭਾਰਤੀਆਂ ਨੇ ਇਸ ਉੱਥਲ-ਪੁੱਥਲ ਨੂੰ ਵੇਲੇ ਸਿਰ ਸਾਂਭ ਲਿਆ ਸੀ ।
ਮੇਰੀ ਦੂਸਰੀ ਕਹਾਣੀ ਪੁਸਤਕ ‘ਬਲੌਰ ‘ ਵਿੱਚ ‘ਬਲੌਰ ‘ ਨਾਮੀ ਕਹਾਣੀ ਵਿਚ ਤਿੰਨ ਟੋਟਿਆਂ ‘ਚ ਵੰਡੀ ਗਈ ਖੱਬੀ ਰਾਜਨੀਤਕ ਪਾਰਟੀ ਦੇ ਪ੍ਰਵਚਨ-ਵਕਤਾ ਆਪਣੇ ਹਿੱਸੇ ਦਾ ਕਾਰਜ ਕਰਨ ਵਾਲੇ ਨਿਮਨ ਵਰਗੀ ਬਹਾਦਰ ਨੂੰ , ਪਿੰਡ ਦੀ ਮੱਧ-ਸ੍ਰੈਣਿਤ ਸੱਤਾ-ਸੰਪੰਨ ਜਮਾਤ ਵੱਲੋਂ ਹੋਏ ਹਮਲੇ ਅੰਦਰ ਘਿਰੇ ਨੂੰ ਸਿਧਾਂਤ ਦਾ ਉਪਦੇਸ਼ ਤਾਂ ਖੂਬ ਰੱਜਵਾਂ ਦਿੰਦੇ ਹਨ ,ਪਰ ਅਸਲ ਵਿਚ ਉਸ ਨਾਲ ਉੱਠ ਤੁਰਨ ਨੂੰ ਕੋਈ ਵੀ ਤਿਆਰ ਨਹੀਂ । ਇਸ ਕਹਾਣੀ ਵਿਚ ਮੇਰੀ ‘ਮੈਂ “ ਸੁਜਾਨ ਸਿੰਘ ਦੇ ਰੂਪ ਵਿਚ ਹਾਜ਼ਰ ਹੋ ਕੇ , ਨਿਰਾਸ ਹੋਈ ਲੋਕਾਈ ਦੇ ਪ੍ਰਤੀਨਿਧ ਬਹਾਦਰ ਨੂੰ ਢਾਰਸ ਹੀ ਨਹੀਂ ਦਿੰਦੀ , ਸਗੋਂ ਉਸਦਾ ਪੂਰਾ ਪੂਰਾ ਸਾਥ ਦੇਣ ਦੀ ਬਚਨਬੱਧਤਾ ਵੀ ਦੁਹਰਾਉਂਦੀ ਹੈ ।
ਇਉਂ ਕਰਨ ਨਾਲ ਅਜਿਹੀਆਂ ਹਾਲਤਾਂ ਵਿਚ , ਮੇਰੀ ਲੋਚਾ ਅਨੁਸਾਰ ਸਾਹਿਤ ਦੀ ਬਣਦੀ ਭੂਮਿਕਾ ਨੂੰ ਵੀ ਬਲ ਮਿਲਿਆ ਹੈ ਤੇ ਆਪਣਾ ਭਾਰ ਕੱਦਵਰ ਕਹਾਣੀਕਾਰ ਸੁਜਾਨ ਸਿੰਘ ਦੇ ਮੋਢਿਆਂ ‘ਤੇ ਸੁੱਟ ਕੇ ਮੈਂ ਆਪਣੇ ਅੰਦਰਲੀ ਹਉਂ ਤੋਂ ਵੀ ਬਚਿਆ ਰਿਹਾ ਹਾਂ ।
ਪਰ , ਇਵੇਂ ਦਾ ਬਚਾਅ ‘ਕਾਲੀ ਮਿੱਟੀ ‘ ਪੁਸਤਕ ਦੀ ਅੰਤਲੀ ਕਹਾਣੀ ‘ਬੂਟਾ ਰਾਮ ਪੂਰਾ ਹੋ ਗਿਆ ! “ ਵਿਚ ਨਹੀਂ ਹੋ ਸਕਿਆ ।ਇਸ ਦੇ ਕਈਆਂ ਕਾਰਨਾਂ ‘ਚੋਂ ਦੋ ਕੁ ਦਾ ਵਰਨਣ ਕਰਨਾ ਜ਼ਰੂਰੀ ਹੈ । ਇਕ ਤਾਂ ਪੰਜਾਬ ਅੰਦਰਲਾ ਅੱਸੀਵਿਆਂ ਦਾ ਕਾਲਾ ਦੌਰ ਪੂਰੇ ‘ਜੋਬਨ’ ‘ਤੇ ਸੀ । ਪੰਜਾਬ ਦਾ ‘ਐਂਗਰੀ ਯੰਗ-ਮੈਨ ‘ ਇਕ ਵੱਡੇ ਭੁਲਾਵੇ ਦੀ ਲਪੇਟ ਵਿਚ ਆ ਕੇ ਬੇ-ਲਗਾਮ ਹੋਇਆ ਫਿਰਦਾ ਸੀ । ਇਹ ਬੇ-ਲਗਾਮੀ  ਧਰਮ ਦੀ ਪੁੱਠ ਕਾਰਨ ਮੂਰਖਤਾ ਭਰੇ ਐਕਸ਼ਨਾਂ ਵਿਚ ਗ਼ਲਤਾਨ ਹੋ ਗਈ ਸੀ । ਇਸ ਨੂੰ ਇੱਥੋਂ ਦੀ ਨਾ ਬੁੱਧੀਮੱਤਾ ਦੀ ਪਛਾਣ ਰਹੀ ਸੀ , ਨਾ ਜਾਤ-ਜਮਾਤ ਸਮੇਤ ਆਪਣੇ-ਪਰਾਏ ਦੀ । ਇਸ ਨੂੰ ਠੱਲ੍ਹ ਪਾਉਣ ਲਈ ਸਟੇਟ ਨੇ ਵੀ ਹਥਿਆਰਬੰਦ ਦਸਤਿਆਂ ਦੇ ਸਾਰੇ ਰੱਸੇ ਖੋਲ੍ਹ ਦਿੱਤੇ ਸਨ । ਸਿੱਟੇ ਵਜੋਂ ਸਾਰਾ ਪੰਜਾਬ ਲਹੂ-ਲੁਹਾਣ ਹੋਇਆ ਪਿਆ ਸੀ । ‘ਬੂਟਾ ਰਾਮ ਪੂਰਾ ਹੋ ਗਿਆ ! ‘ ਦੇ ਲਿਖਤ ਕਾਰਜ ਪਿੱਛੇ ਕਾਰਜਸ਼ੀਲ ਦੂਜਾ ਵੱਡਾ ਕਾਰਨ ਸੀ – ਵਿਸ਼ਵ ਭਰ ਨੂੰ ਇਕ ਬਦਲਵੇਂ ਪ੍ਰਬੰਧ ‘ਤੇ ਲੱਗੀ ਰਹੀ ਟੇਕ ਦਾ ਟੁੱਟ ਜਾਣਾ , ਉਹ ਵੀ ਪੌਣੀ ਕੁ ਸਦੀ ਪੂਰੀ ਕਰਨ ਪਿੱਛੋਂ ਹੀ ।
ਇਹਨਾਂ ਕਾਰਨਾਂ ਕਾਰਨ ਮੇਰੇ ‘ਜ਼ਿਹਨੀ ਤੁਆਜ਼ਨ ‘ ਨੂੰ ਇਕ ਸਾਹਿਤਕ ਸਹਾਰੇ ਦੀ ਲੋੜ ਦੀ ਜਿਵੇਂ ਖੋਹ ਜਿਹੀ ਪੈਣ ਲੱਗ ਪਈ । ਅੰਦਰ ਪਸਰੀ ਨਿਰਾਸ਼ਾ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਸੀ , ਪਰ ਕੁਝ ਵੀ ਲਿਖੇ ਜਾਣ ਦੀ ਕੋਈ ਵੀ ਤੰਦ ਹੱਥ ਨਹੀਂ ਸੀ ਲੱਗ ਰਹੀ । ਮੈਂ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦਾ ਜਨਰਲ ਸਕੱਤਰ  ਹੋਣ ਨਾਤੇ ਸਭਾ ਵੱਲੋਂ ਕੋਈ ਸਾਹਿਤਕ ਸਮਾਗਮ ਰੱਖ ਕੇ ਥੋੜ੍ਹੀ ਬਹੁਤ ਰਾਹਤ ਲੱਭਣ ਦੇ ਉਪਰਾਲੇ ਵਿੱਚ ਰੁੱਝ ਗਿਆ । ਸਭਾ ਵਾਲਿਆਂ ਆਪਣੇ ਮਰਹੂਮ ਪ੍ਰਧਾਨ ਪ੍ਰੋ: ਦੀਦਾਰ ਦੀ ਬਰਸੀ ‘ਤੇ ਇਕ ਕਵੀ ਦਰਬਾਰ ਕਰਵਾਉਣ ਲਈ ਇੱਕ ਮਿਤੀ ਨਿਸਚਤ ਕਰ ਲਈ । ਪਰ ਝੱਟ ਹੀ ਇਕ ਹਾਜ਼ਰ ਮੈਂਬਰ ਨੇ ਇਹ ਜਾਣਕਾਰੀ ਦੇ ਦਿੱਤੀ ਕਿ ਉਸ ਦਿਨ ਤਾਂ ਸਭਾ ਦੇ ਇਕ ਸਰਗਰਮ ਮੈਂਬਰ ਪ੍ਰੋ: ਬਲਦੇਵ ਬੱਲੀ ਦੇ ਭਰਾ ਦਾ ਭੋਗ ਹੈ । ਸਾਡੇ ਵਿਚੋਂ ਕਿਸੇ ਨੂੰ ਵੀ ਬੱਲੀ ਦੇ ਭਰਾ ਦੇ ਗੁਜ਼ਰ ਜਾਣ ਦੀ ਜਾਣਕਾਰੀ ਨਹੀਂ ਸੀ , ਉਸ ਮੈਂਬਰ ਤੋਂ ਬਿਨਾਂ । ਇਹ ਸੂਚਨਾ ਮਿਲਣ ‘ਤੇ ਮੇਰੇ ਅੰਦਰੋਂ ਜਿਵੇਂ ਹੌਲ ਜਿਹਾ ਉੱਠਿਆ – “ ਹੈਂਅ ਬੂਟਾ ਰਾਮ ਪੂਰਾ ਹੋ ਗਿਆ ! “ ਚੰਗੇ ਭਲੇ ਤੰਦਰੁਸਤ ਦਿਸਦੇ ਬੂਟਾ ਰਾਮ ਕੰਮਪਾਊਡਰ ਨੂੰ ਤਾਂ ਸਰਕਾਰੀ ਹਸਪਤਾਲ ਦੇ ਨਸ਼ੀਲੇ ਟੀਕੇ , ਕੈਪਸੂਲ ਲੈ ਬੈਠੇ ਸਨ , ਪਰ ਮੇਰੇ ਅੰਦਰ ਬਣੇ ਦਬਾਅ ਦੇ ਵਿਸਰਜਤ ਹੋਣ ਲਈ ਅਤਿ ਮਹੱਤਵਪੂਰਨ ਪਾਤਰ ਦੀ ਲੱਭਤ ਹੋ ਗਈ ਸੀ ।
ਅਸਲੀਅਤ ਦੇ ਵਰਤਾਰੇ ਵਿਚ ਇਹ ਪਾਤਰ ਜੋ ਕਹਾਣੀ ਵਿਚ ਕਾਮਰੇਡ ਹਰਭਜਨ ਵਜੋਂ ਅੰਕਤ ਹੈ , ਮੇਰੇ ਸੰਪਰਕ ਅੰਦਰਲੇ ਦੋ ਵਿਅਕਤੀਆਂ ਦਾ ਮਿਸ਼ਰਨ ਹੈ । ਇਕ , ਰੋਪੜ ਲਾਗੇ ਪਿੰਡ ਚਲਾਕੀ ਦਾ ਤਾਰਾ ਸਿੰਘ , ਜਿਸ ਦੇ ਹਲਕਿਆਂ ਅਨੁਸਾਰ  ਰੱਖੇ ਵੱਖ ਵੱਖ ਨਾਵਾਂ ਵਿਚੋਂ ਕੰਢੀ ਏਰੀਏ ਲਈ ਰੱਖਿਆ ਨਾਮ ਮੱਖਣ ਸੀ । ਉਹ ਚਾਰੂ ਮਜੁਮਦਾਰ ਦੀ ਸੈਂਟਰਲ ਕਮੇਟੀ ਤੋਂ ਵੱਖ ਹੋਏ ਸੱਤਿਆ ਨਰਾਇਣ ਸਿੰਘ ਦੀ ਆਪਣੀ ਕੇਂਦਰੀ ਕਮੇਟੀ ਦੇ ਮੈਂਬਰ ਤੇ ਪੰਜਾਬ-ਹਿਮਾਚਲ ਦੇ ਸਕੱਤਰ ਦਾ ਸਹਾਇਕ ਸੀ । ਦੂਜਾ , ਜ਼ਿਲ੍ਹਾ ਹੁਸ਼ਿਆਰਪੁਰ ਦੇ ਹਰਿਆਣਾ ਕਸਬੇ ਦੇ ਲਾਗਲੇ ਪਿੰਡ ਅੱਬੋਵਾਲ ਦੇ ਖਾਂਦੇ –ਪੀਂਦੇ ਕਿਸਾਨ ਦੇ ਪਹਿਲੇ ਵਿਆਹ ਦਾ ਘਰੋਂ ਭੱਜਿਆ ਪੁੱਤਰ , ਮਾਂ –ਮਹਿੱਟਰ ਮੋਹਨ ਹੈ।  ਮੋਹਨ ਸਾਡੇ ਪਿੰਡ ਝੱਜਾਂ ਦੇ ਚੜ੍ਹਦੇ ਪਾਸੇ ਸਥਿਤ ਇਕ ਛੋਟੀ ਜਿਹੀ ਮਟੀ , ਜੋ ਬਣ੍ਹਾ-ਸਾਬ੍ਹ ਕਰਕੇ ਜਾਣੀ ਜਾਂਦੀ ਹੈ  , ਲਾਗੇ ਕੁੱਲੀ ਪਾ ਕੇ ਇਸ ਲਈ ਆ ਟਿਕਿਆ ਕਿ ਉਸ ਦੇ ਪਿਉ ਨੇ ਕੰਜਰੀ ਬਾਜ਼ਾਰੋਂ ਆਪਣੇ ਲਈ ਦੂਜੀ ਘਰਵਾਲੀ ਲਿਆ ਵਸਾਈ ਸੀ । ਇਹਨਾਂ ਦੋਨਾਂ ਪਾਤਰਾਂ ਦੀ ਗਹਿ-ਗੱਚ ਇਕਸੁਰਤਾ ਕਾਰਨ ਹੋਂਦ ਵਿਚ ਆਈ ਕਹਾਣੀ ‘ਬੂਟਾ ਰਾਮ ਪੂਰਾ ਹੋ ਗਿਆ ! ‘ ਦਾ ਇਹ ਵਿਸ਼ਵਾਸ਼ ਅਜੇ ਵੀ ਬਰਕਰਾਰ ਹੈ ਕਿ ਅਤਿਵਾਦ ਦੋ ਦੌਰ ਦਾ ਦੂਹਰਾ ਤਸ਼ੱਦਦ ਝੱਲ ਕੇ ਵੀ ‘ ਬੂਟਾ ਰਾਮ ਦੀ ਕੁੱਲੀ ਅੰਦਰ ਜਗਦਾ ਦੀਵਾ ‘ ਅਜੇ ਵੀ ਲੋਕਾਈ ਦੇ ਬੰਨੇ –ਬਨੇਰਿਆਂ ਤਕ ਆਪਣਾ ਚਾਨਣ ਅੱਪੜਦਾ ਕਰਨ ਦੀ ਸਮਰੱਥਾ ਰੱਖਦਾ ਹੈ।
ਇਸ ਕਹਾਣੀ ਨੂੰ ‘ਮੈਂ “ ਪਾਤਰ ਰਾਹੀਂ ਉਲੀਕਦਿਆਂ ਮੇਰੀ ਮੈਂ , ਆਪਣੇ ਅੰਦਰਲੀ ਹਉਂ-ਹਉਮੈਂ ਦਾ ਖੁੱਲ੍ਹਮ-ਖੁੱਲ੍ਹਾ ਸ਼ਿਕਾਰ ਤਾਂ ਭਾਵੇਂ ਨਹੀਂ ਹੋਈ , ਤਾਂ ਵੀ ਇਸ ਕਹਾਣੀ ਅੰਦਰਲੇ ਕਿੰਨੇ ਸਾਰੇ ਕਾਰਜ ਨੂੰ ਆਪਣੇ ਸਿਰ ਲੈ ਕੇ ਮੈਂ , ਅੰਦਰ ਜਮ੍ਹਾਂ ਹੋਏ ਮਣਾਂ-ਮੂਹੀ ਬੋਝ ਨੂੰ ਕਾਫੀ ਸਾਰਾ ਹਲਕਾ ਜਰੂਰ ਕਰ ਸਕਿਆ ਸੀ ।
ਯੂਨਾਨੀ ਲੇਖਕ ਜ਼ੋਰਬਾ ਲਿਖਦਾ ਹੈ ਕਿ ਜਦੋਂ ਯੂਨਾਨ ਤੇ ਬਲਗਾਰੀਆ ਦੀ ਜੰਗ ਹੋ ਰਹੀ ਸੀ , ਮੇਰੇ ਅੰਦਰ ਇਕ ਰਾਤ ਦੁਸ਼ਕਣੀ ਦੀ ਵਿਹੁ ਘੁਲ ਗਈ । ਮੈਂ ਦੋ ਮਿੱਤਰਾਂ ਨੂੰ ਨਾਲ ਲੈ ਕੇ ਸਰਹੱਦ ਚੀਰ ਕੇ ਬੁਲਗਾਰੀਆ ਚਲਾ ਗਿਆ , ਤੇ ਰਾਤ ਦੇ ਹਨੇਰੇ ਵਿਚ ਪਾਦਰੀ ਨੂੰ ਮਾਰ ਕੇ ਆ ਗਿਆ । ਕੁਝ ਦਿਨਾਂ ਪਿੱਛੋਂ ਜੰਗ ਥਮ ਗਈ , ਸੁਲਾਹਨਾਮੇ ਹੋ ਗਏ  ।ਪਰ ਉਦੋਂ ਯੂਨਾਨ ਦੇ ਖੇਤਾਂ-ਪੈਲੀਆਂ ਵਿਚ ਉਜਾੜ ਪੈ ਚੁੱਕੀ ਸੀ ।ਸਰਹੱਦ ਖੁੱਲ੍ਹ ਗਈ ਸੀ । ਇਸ ਲਈ ਕਈ ਲੋਕ ਹਿੰਮਤ ਕਰਕੇ ਜਾਂਦੇ , ਬੁਲਗਾਰੀਆ ਵਿਚੋਂ ਜੋ ਸਬਜ਼ੀ-ਭਾਜੀ ਲੱਭਦੀ ਖਰੀਦ ਲਿਆਉਂਦੇ ।
ਜ਼ੋਰਬਾ ਲਿਖਦਾ ਹੈ , ਮੈਂ ਵੀ ਇਕ ਦਿਨ ਕੁਝ ਖਰੀਦਣ ਲਈ ਗਿਆ ਤਾਂ ਇਕ ਸੜਕ ਉੱਤੇ ਪੰਜ ਨਿੱਕੇ ਨਿੱਕੇ ਬਾਲ ਭੀਖ ਮੰਗਦੇ ਦੇਖੇ । ਬੜੇ ਪਿਆਰੇ ਬੱਚੇ ਸਨ । ਮੈਂ ਕੋਲ ਜਾ ਕੇ ਉਹਨਾਂ ਨੂੰ ਪਿਆਰ ਕੀਤਾ । ਛੋਟੇ ਨੂੰ ਬਾਹਵਾਂ ਵਿਚ  ਚੁੱਕ ਲਿਆ ਤੇ ਪੁੱਛਿਆ – “ ਤੁਸੀ ਕਿਹਦੇ ਬੱਚੇ ਹੋ ?” ਬੱਚਿਆਂ ਦੇ ਕੱਪੜੇ ਪਾਟੇ ਹੋਏ ਸਨ । ਮੂੰਹ ਰੁਲ੍ਹੇ ਹੋਏ ਸਨ ਤੇ ਉਹ ਬੜੀਆਂ ਵੀਰਾਨ ਅੱਖਾਂ ਨਾਲ ਇਕ ਦੂਜੇ ਨੂੰ ਦੇਖਦੇ ਸਨ । ਉਹਨਾਂ ਵਿਚੋਂ ਜਿਹੜਾ ਕੋਈ ਵੱਡਾ ਸੀ , ਬੋਲਿਆ – “ ਅਸੀਂ ਪਾਦਰੀ ਦੇ ਬੱਚੇ ਹਾਂ । ਸਾਡੇ ਬਾਪ ਨੂੰ ਕੋਈ ਵੱਢ ਗਿਆ ਸੀ । “ ਉਸ ਘੜੀ ਦਾ ਆਪਣਾ ਹਾਲ ਜ਼ੋਰਬਾ ਲਿਖਦਾ ਹੈ –ਮੇਰੇ ਬੈਝੇ ਵਿੱਚ ਜਿੰਨੇ ਪੈਸੇ ਸਨ , ਛੇਤੀ ਨਾਲ ਸਾਰੇ ਬੱਚਿਆਂ ਦੀ ਝੋਲੀ ਪਾ ਕੇ ਮੈਂ ਉੱਥੋ ਦੌੜ ਪਿਆ । ਅੱਜ ਤਕ ਦੌੜਦਾ ਆ ਰਿਹਾ ਹਾਂ – ਆਪਣੇ ਆਪ ਤੋਂ ਦੌੜ ਰਿਹਾ ਹਾਂ ।
ਜ਼ੋਰਬਾ ਦੀ ਉਦਾਹਰਨ ਵਰਗੀ , ਮੇਰੇ ਨਿੱਜ ਦੀ ਦੌੜ ਇਕ ਤਰ੍ਹਾਂ ਨਾਲ ਮੇਰੇ ਅੰਦਰਲੇ ਖ਼ਲਾਅ ਨੂੰ ਭਰਨ ਦੀ ਯਤਨ ਹੀ ਹੈ । ਇਹ ਖ਼ਲਾਅ ਭਲੀ-ਚੰਗੀ ਲਹਿਰ ਦੇ ਟੁਕੜਿਆਂ ਵਿੱਚ ਵਟ ਜਾਣ ਕਾਰਨ ਵੀ ਬਣਿਆ ਤੇ ਪੰਜਾਬ ਅੰਦਰ ਡੂਢ ਦਹਾਕਾ ਛਾਏ-ਪਸਰੇ ਰਹੇ ਕਾਲੇ ਦੌਰ ਕਾਰਨ ਵੀ । ਕੁਝ ਪ੍ਰਗਤੀਸ਼ੀਲ ਸਾਹਿਤ-ਸੰਵੇਦਨਾ ਵੀ ਇਸ ਖ਼ਲਾਅ ਨੂੰ ਭਰਨ-ਪੂਰਨ ਲਈ ਆਪਣੇ ਆਪਣੇ ਢੰਗ ਨਾਲ ਯਤਨਸ਼ੀਲ ਰਹੀ । ਮੇਰੇ ਲਈ ਪੰਜਾਬ ਦੀ ਅਮੀਰ ਵਿਰਾਸਤ ਅਤੇ ਭਾਰਤੀ ਆਜ਼ਾਦੀ ਲਈ ਲੜ੍ਹੇ ਯੁੱਧ ਦਾ ਮਿਸਾਲੀ ਇਤਿਹਾਸ ਇਕ ਬੇ-ਜੌੜ ਠੁੰਮਣਾ ਸਿੱਧ ਹੋਇਆ । ਇਸ ਇਤਿਹਾਸ ਦੇ ਸੁਨਹਿਰੀ ਪੱਤਰੇ ਜਿੱਥੇ ਯੋਧਿਆਂ , ਸੂਰਬੀਰਾਂ , ਸਿਰੜੀ ਕਾਮਿਆਂ ਦੇ ਲਹੂ ਨਾਲ ਲਿਬੜੇ ਪਏ ਹਨ , ਉੱਥੇ ਇਹ ਨਿਰਾਸਤਾ ਦਾ ਗ੍ਰਿਫਤ ਵਿਚ ਆ ਚੁੱਕੀਆਂ ਕੌਮੀ  ਲਹਿਰਾਂ ਅੰਦਰ ਇਕ ਤਰ੍ਹਾਂ ਨਾਲ ਨਵੇਂ ਸਿਰਿਉਂ ਨਵੀਂ ਜਾਨ ਪਾਉਣ ਦਾ ਪਵਿੱਤਰ ਕਾਰਜ ਵੀ ਕਰਦੇ ਹਨ । ਇਸ ਵਿਚ ਕਾਮਾਗਾਟਾ ਮਾਰੂ ਵਾਲੀਆਂ ਘਟਨਾਵਾਂ ਵੀ ਸ਼ਾਮਲ ਹਨ ਅਤੇ ਕਿਰਤੀ ਲਹਿਰ,ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਭਾਰਤ ਨੌਜਵਾਨ ਸਭਾ , ਸਮੇਤ ਖੱਬੀ ਧਿਰ ਦੀ ਕਾਰਜਸ਼ੈਲੀ ਵੀ । ਇਕ ਅੰਦਾਜ਼ੇ ਮੁਤਾਬਕ ਇਹਨਾਂ ਵਿਚੋਂ ਇਕੱਲੇ ਕਮਿਊਨਿਸਟਾਂ ਨੂੰ ਹੋਈ ਕੈਦ, ਫਾਂਸੀਆਂ ਤੇ ਹੋਰਨਾਂ ਸਜ਼ਾਵਾਂ ਤੋ ਇਲਾਵਾ ,ਸਭ ਦੀ ਜੋੜ ਕੇ ਚਾਰ ਹਜ਼ਾਰ ਸਾਲ ਬਣਦੀ ਹੈ ।
ਇਹਨਾਂ ਲਹਿਰਾਂ , ਘਟਨਾਂਵਾਂ ਅਤੇ ਸਜ਼ਾਵਾਂ ਦੇ ਭਾਗੀਦਾਰ ਬਣਦੇ ਰਹੇ ਦੇਸ਼-ਭਗਤਾਂ ਦਾ ਆਪਣੇ ਆਪ ਨੂੰ ਕਰਜ਼ਦਾਰ ਸਮਝ ਮੇ ਮੈਂ ਇਹਨਾਂ ਦੀ ਪੁਆਂਦੀ ਜਾ ਬੈਠਾ । ਇਹਨਾਂ ਨਾਲ ਰੱਜ ਕੇ ਗੱਲਾਂ ਕੀਤੀਆਂ । ਇਹ ਸਾਰੀਆਂ ‘ਨਵਾਂ ਜ਼ਮਾਨਾ ’ ਅਖਬਾਰ ਨੇ ਜਿਉਂ ਦੀਆਂ ਤਿਉਂ ਛਾਪੀਆਂ ਬੋਦਲਾਂ ਪਿੰਡ ਦੇ ਕਾਮਰੇਡ ਗੁਰਬ਼ਖਸ਼ ਸਿੰਘ , ਜਿਸ ਨੇ ਗੁਰਦੁਵਾਰਾ ਸੁਧਾਰ ਲਹਿਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਬੱਸ ਕਰਾਇਆ ਘੋਲ ਤਕ ਲਾ-ਮਿਸਾਲ ਹਿੱਸੇਦਾਰੀ ਪਾਈ ; ਗੰਭੋਆਲ ਪਿੰਡ ਦੇ ਕਾਮਰੇਡ ਯੋਗਰਾਜ , ਜਿਸ ਨੇ ਭਾਰਤ ਨੌਜਵਾਨ ਸਭਾ ਗੁਰਦਾਸਪੁਰ ਇਕਾਈ ਦਾ ਗਠਨ ਕਰਕੇ ਬਹੁਤ ਹੀ ‘ਖਤਰਨਾਕ ‘ ਕੰਮਾਂ ਨੂੰ ਅੰਜਾਮ ਵੀ ਦਿੱਤਾ ਤੇ ਸੰਨ ਉਨਤਾਲੀ-ਚਾਲੀ ਦੇ ਕਿਸਾਨ ਮੋਰਚੇ ਦੀ ਅਗਵਾਈ ਵੀ ਕੀਤੀ , ਜਿਸ ਦਾ ਇਕ ਸਾਲ ਕੁ ਦੀ ਉਮਰ ਦਾ ਪਲੇਠੀ ਦਾ ਪੁੱਤਰ ਗੁਰਮੀਤ ਲਾਹੌਰ ਦੇ ਕੈਦਖਾਨੇ ਦੇ ਹੁਸੜ ਕਾਰਨ ਟਾਈਫਾਈਡ ਬੁਖਾਰ ਨਾਲ ਜੇਲ੍ਹ ਅੰਦਰ ਹੀ ਸੁਰਗਵਾਸ ਹੋ ਗਿਆ ; ਅਤੇ ਕੱਲੋਆਲ ਪਿੰਡ ਦੇ ਬਾਪੂ ਸੋਹਨ ਸਿੰਘ ਆਈ।ਐਨੀ।ਏ। ਜਿਸ ਨੇ ਦੂਜੀ ਵੱਡੀ ਜੰਗ ਸਮੇਂ ਇਟਲੀ ਵਿਖੇ ਸੁਭਾਸ਼ ਚੰਦਰ ਬੋਸ ਵੱਲੋਂ ਗਠਨ ਕੀਤੀ ਵਿਦਰੋਹੀ ਫੌਜ ਵਿਚ ਸ਼ਾਮਲ ਹੋਣ ਦੀ ਪਹਿਲ ਕਦਮੀ ਕੀਤੀ; ਤਿੰਨਾਂ ਦੇ ਇਤਿਹਾਸਕ ਅਮਲ ਨੂੰ ਆਧਾਰ ਬਣਾ ਕੇ ਲਿਖੀ ਕਹਾਣੀ ‘ਗੜ੍ਹੀ ਬਖ਼ਸ਼ਾ ਸਿੰਘ ‘ ਆਪਣੇ ਸਿਰ ਚੜ੍ਹੇ ਇਹਨਾਂ ਸੂਰਬੀਰਾਂ ਦੇ ਕਰਜ਼ ਦੇ ਭਾਰ ਨੂੰ ਹੌਲਿਆਂ ਕਰਨ ਦੀ ਤਰਕੀਬ ਹੈ । ਇਵੇਂ ਦੀ ਲਿਖਤ ਲੜੀ ਕਹਾਣੀ ‘ਅਕਾਲਗੜ੍ਹ ’ ਵਿਚ ਵੀ ਚਾਲੂ ਰਹੀ ਤੇ ‘ਗਦ਼ਰ ‘ ਵਿੱਚ ਵੀ । ‘ ਅਕਾਲਗੜ੍ਹ ‘ ਝੀਂਗੜ ਕਲਾਂ ਦੇ ਨਕਸਲੀ ਆਗੂ ਕਾਮਰੇਡ ਬਚਿੱਤਰ ਸਿੰਘ ਅਤੇ ਮਲ੍ਹੇਆਲ ਪਿੰਡ ਦੇ ਸੀ।ਪੀ।ਐੱਮ। ਦੀ ਦਸੂਹਾ ਤਹਿਸੀਲ ਇਕਾਈ ਦੇ ਸਕੱਤਰ ਕਾਮਰੇਡ ਬੇਅੰਤ ਸਿੰਘ ‘ਤੇ ਟੇਕ ਰੱਖਦੀ ਹੋਈ ਇਹਨਾਂ ਦੋਨਾਂ ਦੇ ਗੂੜ੍ਹੇ ਸੰਪਰਕ ਵਿਚ ਰਹੇ ਬਾਬਾ ਬੂਝਾ ਸਿੰਘ ਤੇ ਤੇਜਾ ਸਿੰਘ ਸੁਤੰਤਰ ਦੀ ਜੋੜੀ ਵੱਲੋਂ ਰਿਆਸਤੀ ਰਾਜਿਆਂ ਦੇ ਜਾਗੀਰਦਾਰਾਂ ਵਿਰੁੱਧ ਚਲੀ ਮੁਜਾਰਾ ਲਹਿਰ ਨੂੰ ਸਫ਼ਲਤਾ ਤਕ ਅਪੜਾਉਣ ਦੇ ਉਹਨਾਂ ਦੇ ਰੋਲ ਦਾ ਜ਼ਿਕਰ ਵੀ ਛੇੜਦੀ ਹੈ ।
ਆਪਣੇ ਲੋਕਾਂ ਲਈ ਬਰਾਬਰੀ , ਆਜ਼ਾਦੀ , ਭਾਈਚਾਰਕ ਏਕਤ ਵਰਗੇ ਸੁਨਹਿਰੀ ਅਦਰਸ਼ਾਂ ਲਈ ਉਮਰਾਂ ਦੀਆਂ ਉਮਰਾਂ ਵਾਰ ਦੇਣ ਵਾਲੇ ਦੇਸ਼ ਭਗਤਾਂ ਦੀ , ਅੰਗਰੇਜ਼ਾਂ ਦੇ ਚਲੇ ਜਾਣ ਪਿੱਛੋਂ ਹੋਂਦ ਵਿਚ ਆਈਆਂ ਆਪਣੀਆਂ ਗਿਣ ਹੁੰਦੀਆਂ ਸਰਕਾਰਾਂ ਸਮੇਂ ਵੀ , ਹੁੰਦੀ ਰਹੀ ਤੇ ਹੋ ਰਹੀ ਦੁਰਗਤ ਨੂੰ ਛੋਂਹਦੀ ਕਹਾਣੀ ‘ਗਦ਼ਰ ‘ ਨੂੰ ,ਪਹਿਲੀ ਟੋਹ ਸਿਖਰ ਦੁਪਹਿਰਾਂ ਦੇ ਤਿੱਖੇ ਹੁਸੜ ਅੰਦਰ ਅਲਾਣੀ-ਢਿਲਕੀ ਮੰਜੀ ‘ਤੇ ਨੰਗੇ-ਧੜ ਪਏ , ਅੱਸੀਵਿਆਂ ਨੂੰ ਟੱਪੇ ਗਿਆਨ ਸਿੰਘ ਮੂਣਕ ਨੇ ਲਾਈ , ਫਿਰ ਇਸ ਵਿਚ ਹੋਰ ਵੀ ਕਈ ਜਣੇ ਸ਼ਾਮਲ ਹੋ ਗਏ ।
ਇਵੇਂ ਦੀਆਂ ਕਹਾਣੀਆਂ ਲਿਖਕੇ ਮੈਂ ਆਪਣੇ ਅੰਦਰ ਪਸਰੇ ਖ਼ਲਾਅ ਨੂੰ ਪੂਰਨ ਦਾ ਯਤਨ ਵੀ ਕੀਤਾ ਹੈ ਅਤੇ ਨਾਲ ਦੀ ਨਾਲ , ਕੇਵਲ ਤੇ ਕੇਵਲ ਵਰਤਮਾਨ ਵਿੱਚ ਜਿਉਂਦੀ ਖੱਬੀ ਧਿਰ ਨੂੰ ਹਜ਼ਾਰੀ ਪ੍ਰਸ਼ਾਦ ਦਿਵੇਦੀ ਦਾ ਇਹ ਕਥਨ ਕਿ ‘ ਇਤਿਹਾਸ ਤੇ ਵਰਤਮਾਨ ਮਨੁੱਖ ਦੇ ਦੋ ਪੈਰ ਹਨ ‘ ਨੂੰ ਭੁੱਲ ਜਾਣ ਤੋਂ ਬਚਾਈ ਰੱਖਣ ਦਾ ਵੀ ਉਪਰਾਲਾ ਕੀਤਾ ਹੈ । ਕਿਉਂਜੋ ਇਤਿਹਾਸ ਨੂੰ ਇਕ ਵਾਰ ਭੁੱਲ ਜਾਣ ਦੀ ਗ਼ਲਤੀ ਵਾਰ ਵਾਰ ਹੋ ਕੇ ਇਕ ਵੱਡੇ ਦੁਖਾਂਤ ਵਿਚ ਬਦਲ ਜਾਂਦੀ ਹੈ । ਸ਼ਾਇਦ ਇਸੇ ਲਈ ਡਾ: ਜੇ।ਬੀ।ਸੇਖੋਂ ਨੇ ਇਹਨਾਂ ਕਹਾਣੀਆਂ ਦੀ ਮੁੱਖ ਸੁਰ ਨੂੰ ਸੂਤਰਬੱਧ ਕਰਦਿਆਂ , ਇਹਨਾਂ ਦੇ ਕੇਂਦਰੀ ਫਿਕਰ ਨੂੰ ‘ਇਨਕਲਾਬੀ ਬੰਦੇ ਦੀ ਸਿਧਾਂਤਕ ਤੇ ਵਿਹਾਰਕ ਵਿੱਥ ਨੂੰ ਮੁਤਾਬਿਕ ਹੋ ਕੇ ਇਹਨਾਂ ਨੂੰ ਪੰਜਾਬ ਦੇ ਵਿਸ਼ੇਸ਼ ਇਤਿਹਾਸਕ ਯੁਗ ਅੰਦਰ ਅਵਸਰਵਾਦ ਦੀ ਭੇਟ ਚੜ੍ਹ ਰਹੀਆਂ ਖੱਬੇ-ਪੱਖੀ ਤੇ ਲੋਕ-ਹਿਤੂ ਪ੍ਰਤੀਬੱਧਤਾਵਾਂ ਨੂੰ ਪੰਜਾਬੀ ਮਨੁੱਖ ਦੀ ਦੱਬੀ-ਘੁੱਟੀ ਤੇ ਨਪੀੜੀ ਮਾਨਸਿਕਤਾ ਦੁਆਰਾ ਪੇਸ਼ ਹੋਈਆਂ ਕਿਹਾ ਹੈ ।
ਇਸ ਤੱਥ ਨੂੰ ਹੋਰ ਸਪਸ਼ਟ ਕਰਦਿਆਂ ਮੈਂ ਇਹ ਕਹਿਣ ਦੀ ਖੁੱਲ੍ਹ ਲਵਾਂਗਾ ਕਿ ਲੇਖਕ ਦੀ ਪਹਿਲੀ ਪ੍ਰਤੀਬੱਧਤਾ ਸੱਤਾਹੀਣ ,ਲੁੱਟੋ-ਪੁੱਟੇ ਜਾ ਰਹੇ ਲੋਕਾਂ ਨਾਲ ਹੋਣੀ ਚਾਹੀਦੀ ਹੈ । ਲੋਕ ਕੋਈ ਭੀੜ ਜਾਂ ਵਹੀਰ ਨਹੀਂ ਹੁੰਦੇ । ਇਹ ਉਹ ਹਨ ਜਿਹੜੇ ਕੰਮ ਕਰਦੇ ਹਨ । ਵਿਰੋਧਾਂ ਵਾਲੇ ਸਮਾਜ ਵਿਚ ਉਹ ਪਿਸਦੇ ਵੀ ਹਨ ਤੇ  ਇਹੋ ਲੋਕ ਇਤਿਹਾਸ ਬਣਾਉਣ ਵਾਲੀ ਨਿਰਣਾਇਕ ਸ਼ਕਤੀ ਵੀ ਬਣਦੇ ਹਨ ।ਇਹ ਜ਼ਰੂਰੀ ਨਹੀਂ ਕਿ ਇਸ ਨਿਰਣਾਇਕ ਲੋਕ-ਸ਼ਕਤੀ ਲਈ ਪ੍ਰਤੀਬੱਧ ਹੋਣ ਵਾਸਤੇ ਹਰ ਕੋਈ ਇਕੋ-ਇਕ ਨਿਸ਼ਚਤ ਮਾਰਕਸਵਾਦ ਦੇ ਸਿਧਾਂਤ ਦਾ ਗਿਆਤਾ ਹੋਵੇ । ਜਿਹਨਾਂ ਲਿਖਤਾਂ ਲਈ ਇਸ ਸਿਧਾਂਤ ਦੇ ਅਮਲ ਦਾ ਸਹਾਰਾ ਲਿਆ ਗਿਆ ਉਹ ਇਕ ਤਰ੍ਹਾਂ ਨਾਲ ਸੋਨੇ ਤੇ ਸੁਹਾਗੇ ਵਰਗੀਆਂ ਉਦਾਹਰਨਾਂ ਹਨ । ਪਰ ਇਸ ਸਿਧਾਂਤ ਦੀ ਅਮਲਕਾਰੀ ਤੋਂ ਪੂਰਵਲੀਆਂ ਅਨੇਕਾਂ ਲਿਖਤਾਂ ਵੀ ਨਿਰਾ-ਪੁਰਾ ਸੋਨਾ ਹਨ ।ਸੋਲਾਂ ਹਜ਼ਾਰ ਏਕੜ ਦੀ ਮਾਲਕੀ ਤੋਂ ਪੂਰੀ ਤਰ੍ਹਾਂ ਬੇਲਾਗ ਹੋ ਕੇ ਕਿਸਾਨਾਂ-ਮਜ਼ਦੂਰਾਂ ਦੀਆਂ ਤਰਸਯੋਗ ਜੀਵਨ-ਹਾਲਤਾਂ ਨੂੰ ਵਰਨਣ ਕਰਦੀਆਂ ਤਾਲਸਤਾਏ ਦੀਆਂ ਲਿਖਤਾਂ ,ਰੂਸ ਦੀ ਜ਼ਾਰਦਾਰੀ ਸਮੇਂ ਦੀਆਂ ਸੰਸਾਰ ਪ੍ਰਸਿੱਧ ਬੇ-ਜੋੜ ਲਿਖਤਾਂ ਹਨ । ਇਵੇਂ ਹੀ ਜਾਹਨ ਸਟੇਨਬੈਕ ਦੇ ਨਾਵਲ ‘ਦਾ ਗਰੈਪਸ ਆਫ ਰਾਬ ‘ ਦੀ ਲਾ-ਮਿਸਾਲ ਉਦਾਹਰਨ ਹੈ , ਜਿਸ ਦੇ ਛਪਦਿਆਂ ਸਾਰ ਅਮਰੀਕਾ ਵਿਚ ਏਨਾ ਹੰਗਾਮਾ ਹੋਇਆ ਕਿ ਵ੍ਹਾਇਟ ਹਾਊਸ ਕੰਬ ਉੱਠਿਆ ਸੀ । ਉਸ ਵੇਲੇ ਦੇ ਰਾਸ਼ਟਰਪਤੀ ਰੂਜ਼ਵੈਲਟ ਨੂੰ ਆਪਣੀ ਪਤਨੀ ਲੇਡੀ ਰੂਜ਼ਵੇਲਟ ਨੂੰ ਮਜ਼ਦੂਰਾਂ ਦੀ ਸਹੀ ਸਹੀ ਹਾਲਤ ਦਾ ਪਤਾ ਲਾਉਣ ਲਈ ਕਹਿਣਾ ਪਿਆ ਸੀ । ਲੇਡੀ ਰੂਜ਼ਵੈਲਟ ਨੇ ਆਪਣੀ ਰੀਪੋਰਟ ਵਿੱਚ ਦੱਸਿਆ ਸੀ ਕਿ ਨਾਵਲ ਵਿਚ ਲਿਖੀ ਮਜ਼ਦੂਰਾਂ ਦੀ ਸਥਿਤੀ ਇਕ ਕੌੜੀ ਸੱਚਾਈ ਹੈ । ਜੇ ਇਹਨਾਂ ਦੇ ਹਾਲਾਤ ਨਾ ਸੁਧਾਰੇ ਗਏ ਤਾਂ ਅਮਰੀਕਾ ਤਹਿਸ-ਨਹਿਸ ਹੋ ਜਾਵੇਗਾ । ਰਾਸ਼ਟਰਪਤੀ ਨੇ ਇਕ ਕਮਿਸ਼ਨ ਬਿਠਾ ਕੇ ਉਸ ਦੀਆਂ ਸ਼ਿਫਾਰਸ਼ਾਂ ‘ਤੇ ਮਜ਼ਦੂਰਾਂ ਲਈ ਅਸਰਦਾਰ ਕਾਨੂੰਨ ਬਣਾਏ ਸਨ ।
ਅਜਿਹੀਆਂ ਮਿਸਾਲੀ ਲਿਖਤਾਂ ਦੀ ਪੰਜਾਬੀ ਗਲਪਕਾਰੀ ਅੰਦਰ ਅਣਹੋਂਦ ਸਾਹਿਤ ਦੇ ਮਹਾਨ , ਸ਼੍ਰੋਮਣੀ ਜਾਂ ਸੁੱਧ ਰਤਨ ਬਣਨ-ਦਿਸਣ ਦੀ ਦੌੜ ਵਿਚ ਉਲਝੇ ਲੇਖਕਾਂ ਸਾਹਮਣੇ ਇਕ ਵੱਡਾ ਪ੍ਰਸ਼ਨ-ਚਿੰਨ ਖੜ੍ਹਾ ਕਰਦੀ ਹੈ ।
ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਮੁੱਢ-ਕਦੀਮ ਤੋਂ ਵਿਦਹੋਰੀ ਤੇ ਨਿਰਣਾਇਕ ਸੁਰ ਆਪਣਾਉਣ ਵਾਲੇ ਆਪਣੇ ਸਾਹਿਤਕ ਪੁਰਖਿਆਂ ਦੀ ਸਾਹਿਤਕ ਸਮਝਦਾਰੀ ਤੋਂ ਅੱਜ ਦੀ ਪੀੜ੍ਹੀ ਬਿਲਕੁਲ ਅਣਜਾਣ ਹੈ । ਜਾਂ ‘ਤਲਵਾਰ ਤੇ ਕਲਮ ‘ ਨੂੰ ਹੀ ਸੰਸਾਰ ਦੀਆਂ ਦੋ ਨਿਰਣਾਇਕ ਸ਼ਕਤੀਆਂ ਕਹਿਣ ਵਾਲੇ ਨੈਪੋਲੀਅਨ ਦੇ ਸੱਚ ਵਰਗੇ ਕਥਨ ਨੂੰ , ਇਸ ਨੇ ਅਣਗੌਲਿਆਂ ਕਰ ਛੱਡਿਆ ਹੈ। ਤਾਂ ਵੀ ਕਿਧਰੇ ਨਾ ਕਿਧਰੇ ਕੋਈ ਗੜਬੜ ਜ਼ਰੂਰ ਹੋਈ ਦਿਸਦੀ ਹੈ । ਇਹ ਗੜਬੜ ਸਮਾਜਕ ਬਣਤਰ ਅਤੇ ਇਸ ਅੰਦਰ ਕਾਰਜਸ਼ੀਲ ਧਿਰਾਂ ਦੀਆਂ ਜਮਾਤੀ ਤੇ ਆਪਸੀ ਵਿਰੋਧਤਾਈਆਂ ਦੇ ਅਨੁਪਾਤ ਨੂੰ ਸਮਝਣ ਵਿਚ ਹੋਈ ਲਗਦੀ ਹੈ ।
ਮੇਰੀ ਅਲਪ ਜਿਹੀ ਸਮਝ ਮੁਤਾਬਕ ਲੋਕ ਸਮੂਹ ਨੂੰ ਆਪਣੇ ਬਣਦੇ ਹਿੱਸੇ ਤੋਂ ਵਾਂਝਿਆਂ ਕਰਨ ਵਾਲੇ ਕਈਆਂ ਤੱਤਾਂ ਵਿਚੋਂ ਮੁੱਖ , ਪੰਜਾਬ ਦੇ ਸੰਦਰਭ ਵਿਚ ਇੱਥੋਂ ਦੀ ਫਿਊਡਲ ਦੀ ਰਹਿੰਦ-ਖੂਹਦ ਹੀ ਜਿੰਮੇਵਾਰ ਹੈ । ਜਿਸ ਅੰਦਰਲੀ ਹਉਂ ਉਸਦੀ ਬਿਖਰ ਚੁੱਕੀ ਸਲਤਨਤ ਦੇ ਬਾਵਜੂਦ , ਥਾਂ ਪੁਰ ਥਾਂ ਆਪਣੀਆਂ ਟੰਗਾਂ ਫਸਾਈ ਰੱਖਦੀ ਹੈ । ਇਸ ਦਾ ਸਾਥ ਗਲੋਬਲੀ ਪਾਸਾਰ ਦੀ ਨਿੱਜੀਕਰਨ ਦੀ ਨੀਤੀ ਦੇ ਸਿੱਟੇ ਵਜੋਂ, ਵੱਡੇ ਮਹਾਜਨੀ ਕਿੱਤਿਆਂ ਵੱਲ ਨੂੰ ਪੈਰ ਪਸਾਰਦਾ ਇੱਥੋਂ ਦਾ ਛੋਟਾ ਵਿਉਪਾਰੀ ਕਈ ਸਾਰੇ ਅੰਤਰ-ਵਿਰੋਧਾਂ ਦੇ ਹੁੰਦਿਆਂ ਹੋਇਆਂ ਵੀ ਦੇਣ ਲੱਗ ਪਿਆ ਹੈ । ਮੇਰੀਆਂ ਅਨਯ-ਪੁਰਖ ਰਾਹੀਂ ਅੰਕਤ ਹੋਈਆਂ ਕਹਾਣੀਆਂ ਵਿਚੋਂ ‘ਛਿੰਝ ’ ਦੇ ਬਾਪੂ ਜੀ , ‘ਧੁੱਪ-ਛਾਂ ’ ਕਹਾਣੀ ਦੇ ਸੰਘੇ-ਸਿੰਘਪੁਰੀ ਸਰਦਾਰ , ‘ਚੀਕ-ਬੁਲਬਲੀ ’  ਦਾ ਗੁਰਭਗਤ ਸਿੰਘ ਸੰਧੂ , ‘ਐਚਕਨ ’ ਕਹਾਣੀ ਦਾ ਗੁਰਮਖੁਜੀਤ ਸਿੰਘ ਸ਼ਾਹੀ , ‘ਪਿੜੀਆਂ ’  ਦਾ ਭੱਠਾ ਮਾਲਕ ਦੀਨ ਦਿਆਲ , ‘ਜੜ੍ਹ ’ ਕਹਾਣੀ ਦਾ ਤਾਰਾ ਸਿੰਘ ਮੱਲ੍ਹੀ ਤੇ ਲੋਕ ਨਾਥ ਲੰਬੜ , ‘ਵੱਡੀ ਧਿਰ ’ ਦੇ ਸਿਰੀ ਰਾਮ ਤੇ ਅਲਾਟੀਏ । ‘ਚਿੱਟੀ ਬੇਂਈ –ਕਾਲੀ ਬੇਈਂ ’ ਦੇ ਖੇਤ-ਖੱਤੇ ਤੇ ਫਾਰਮ , ‘ਵਾਰੀ ਸਿਰ’ ਦਾ ਮਾਮਾ ਜੀ ਬੀ।ਡੀ।ਮਹਾਜਨ ਤੇ ਮਾਮੀ ਜੀ ; ‘ਮਾਰਖੋਰੇ ’ ਕਹਾਣੀ ਦਾ ਪ੍ਰੋ : ਕੌੜਾ , ‘ਮੋਮਬੱਤੀਆਂ ‘ ਦਾ ਸ਼ੈੱਲਰ ਮਾਲਕ ਗਿਆਨ ਸ਼ਾਹ , ‘ਰੁਮਾਲੀ ‘ ਦਾ ਮੋਹਣਾ ਪਹਿਲਵਾਨ , ‘ਉੱਚੇ ਰੁੱਖਾਂ ਦੀ ਛਾਂ ‘ ਦਾ ਵੱਡਾ ਸੰਤ , ‘ਪੈਰਾਂ ਭਾਰ –ਹੱਥਾਂ ਭਾਰ ‘ ਦਾ ਸੋਡੀ ਸਰਦਾਰ , ‘ਸੌਰੀ ਜਗਨ “ ਦਾ ਹੋਟਲ ਚੀਫ਼ ਮੈਨੇਜਰ ਜਗਨ ਨਾਥ , ‘ਅੱਧੇ-ਅਧੂਰੇ ‘ ਦਾ ਪੀ।ਟੀ।ਆਈ। ਗਿੱਲ , ‘ਜਿੰਨ ‘ ਕਹਾਣੀ ਦਾ ਚਰਨੀ ਉਰਫ ਰੱਬ ਜੀ , ‘ਇਕ ਕੰਢੇ ਵਾਲਾ ਦਰਿਆ ‘ ਦੇ ਕੁਮਾਰ ਜੀ ਤੇ ਵਰਮਾ ਆਦਿ ਪਾਤਰ ਉਪਰੋਤਕ ਭਾਈਚਾਰਾਂ ਦੀ ਪਹਿਲੀ ਜਾਂ ਦੂਜੀ ਵੰਨਗੀ ਵਿਚ ਸ਼ਾਮਲ ਹੋ ਸਕਦੇ ਹਨ ।
ਭਾਵੇਂ ਹਰ ਵਿਅਕਤੀ ਦਾ ਕਿਰਦਾਰੀ ਵਰਤਾਉ , ਸੁਭਾਅ, ਬੁੱਧ ਵਿਵੇਕ ਵੱਖਰਾ ਵੱਖਰਾ ਹੁੰਦਾ ਹੈ ਤਾਂ ਵੀ ਇਸ ਸਮੂਹ ਦੇ ਜਮਾਤੀ ਅਮਲ ਨੂੰ ਸਮਝਣ ਲਈ ਕੁਝ ਇਕ ਉਦਾਹਰਨਾਂ ਦੇਣੀਆਂ ਗੈਰ-ਵਾਜਬ ਨਹੀਂ ਹੋਣਗੀਆਂ । ਅਜਿਹੇ ਪਾਤਰ ਮੇਰੀਆਂ ਬਹੁ ਗਿਣਤੀ ਕਹਾਣੀਆਂ ਵਿਚ ਵਿਭਿੰਨ ਵਿਅਕਤੀ ਹੁੰਦੇ ਹੋਏ ਵੀ ਇਕ ਜਮਾਤ ਦੇ ਪ੍ਰਤੀਨਿਧ ਹਨ। ਇਹਨਾਂ ਵਿਚੋਂ ਸੰਘੇ ਸਿੰਘਪੁਰੀ ਸਰਦਾਰ ਗੁਰਦਾਸਪੁਰ ਜ਼ਿਲ੍ਹੇ ਦੇ ਨਹਿਰ ਕੰਢਲੇ ਇਕ ਪਿੰਡ ਦੀ ਸਾਰੀ ਭੋਂਇੰ ਦੇ ਮਾਲਕ ਦੋ ਸਕੇ ਭਰਾ ਸਨ । ਇਹਨਾਂ ਵਿਚੋਂ ਇਕ ਦਸੂਹੇ ਦੇ ਇਕ ਚੀਮਾ ਪਰਿਵਾਰ ਵਿਚ ਵਿਆਹਿਆ ਹੋਇਆ ਸੀ । ਉਸ ਦੇ ਇਕਲੌਤੇ ਲੜਕੇ ਨੇ ਕੰਨਸਟਰੱਕਸ਼ਨ ਕੰਪਨੀ ਖੋਲ੍ਹ ਕੇ ਮੁਕੇਰੀਆਂ ਹਾਈਡਲ ਦੇ ਇਕ ਪਾਵਰ ਹਾਊਸ ਨੂੰ ਬਣਵਾਉਣ ਦਾ ਠੇਕਾ ਵੀ ਲੈ ਰੱਖਿਆ ਸੀ । ਏਨਾ ਕੁਝ ਹੁੰਦਿਆ ਹੋਇਆ ਵੀ ਉਸ ਸੰਘੇ ਸਰਦਾਰ ਨੇ ਚੀਮਾ ਪਰਿਵਾਰ ਤੋਂ ਆਪਣੀ ਘਰ ਵਾਲੀ ਦੇ ਹਿੱਸੇ ਆਉਂਦੇ ਖੇਤ-ਖੱਤਿਆਂ ਸਮੇਤ ਵੱਡੀ ਹਵੇਲੀ ਵਿਚ ਬਣਦਾ ਆਪਣਾ ਹਿੱਸਾ ਕੋਰਟ-ਕਚਹਿਰੀ ਰਾਹੀਂ ਪ੍ਰਾਪਤ ਕਰਕੇ ਵੇਚ ਦਿੱਤਾ ਸੀ ।
‘ ਐਚਕਨ ‘ ਕਹਾਣੀ ਦਾ ਗੁਰਮੁਖਜੀਤ ਸਿੰਘ ਸ਼ਾਹੀ ਮੁਕੇਰੀਆਂ ਲਾਗਲੇ ਪਿੰਡ ਕੌਲਪੁਰ ਦਾ ਗਿਆਨੀ ਕਰਨੈਲ ਸਿੰਘ ਹੈ , ਜਿਸ ਨੇ ਲਾਇਲਪੁਰ ਦੇ ਚੱਕ ਨੰਬਰ 41 ਦੇ ਹਾਈ ਸਕੂਲ ਵਿਚ  ਪੜ੍ਹਦਿਆਂ ਹੈੱਡ ਮਾਸਟਰ , ਮਾਸਟਰ ਤਾਰਾ ਸਿੰਘ , ਗਿਆਨੀ ਕਰਤਾਰ ਸਿੰਘ,ਮਾਸਟਰ ਪੂਰਨਾ ਨੰਦ ਤੋਂ ਪ੍ਰਾਪਤ ਕੀਤੀ ‘ਚੇਟਕ ‘ ਬੱਸ ਥੋੜ੍ਹਾ ਚਿਰ ਹੀ ਕਾਇਮ ਰੱਖੀ । ਸੰਨ ‘ 47 ਦੇ ਉਜਾੜੇ ਪਿੱਛੋਂ ਇਧਰ ਆ ਕੇ ਆਪਣੀ ਸੱਜ-ਵਿਆਹੀ ਪਤਨੀ ਨਾਲ ਮਿਲ ਕੇ ਜੋਗਿੰਦਰ ਬਾਹਰਲੇ ਨਾਲ ਉਪੇਰੇ ਵੀ ਥੋੜ੍ਹਾ ਕੁ ਚਿਰ ਖੇਡੇ ਤੇ ਗਾਏ । ਪਰ ਕੌਲਪੁਰ ਪਿੰਡ ਵਿਖੇ ਹੋਈ ਪੱਕੀ ਅਲਾਟਮੈਂਟ ਪਿੱਛੋਂ, ਉਸ ਅੰਦਰਲਾ ਸਰਦਾਰ ਇਕ ਦਮ ਜਾਗ ਉੱਠਿਆ । ਆਪਣੀ ਰਾਜਸੀ ਸਰਗਰਮੀ ਸਾਰੀ  ਦੀ ਸਾਰੀ ਮਾਸਟਰ ਬਚਿੱਤਰ ਸਿੰਘ ਸਿਰ ਸੁੱਟ ਕੇ ਆਪ ਸਾਹਿਤ ਸਭਾ ਮੁਕੇਰੀਆਂ ਦੀ ਪ੍ਰਧਾਨਗੀ, ਜੀ।ਟੀ।ਯੂ। ਢਿੱਲੋ ਗਰੁੱਪ ਦੀ ਸਥਾਨਕ ਅਹੁਦੇਦਾਰੀ ਤਕ ਸੀਮਤ ਹੋ ਕੇ ਖੱਬੀਆਂ ਧਿਰਾਂ ਨਾਲ ਮੂੰਹ ਜੁਬਾਨੀ ਦੀ ਹਮਦਰਦੀ ਤੋਂ ਵੀ ਗੁਰੇਜ਼ ਕਰਨ ਲੱਗ ਪਿਆ ਸੀ ।
ਇਵੇਂ ਹੀ ‘ਸੌਰੀ ਜਗਨ ‘ ਕਹਾਣੀ ਦੀ ਲਿਖਤ ਪਿੱਛੇ ਦਿੱਲੀ ਦੇ ਇੱਕ ਯੂਥ ਕਾਂਗਰਸੀ ਵੱਲੋਂ ਆਪਣੀ ਜਿਊਂਦੀ ਪਤਨੀ ਨੂੰ ਤੰਦੂਰ ਵਿੱਚ ਸੁੱਟ ਕੇ ਸਾੜ ਦੇਣ ਦੀ ਘਟਨਾ ਵੀ ਕਾਰਜਸ਼ੀਲ ਹੈ ਅਤੇ ਯੁਗਾਂਡਾ ਦੇ ਈਦੀ ਅਮੀਨ ਵਰਗੇ ਸਿਰਫਿਰੇ ਤਾਨਾਸ਼ਾਹ ਦੀ ਵੀ, ਜਿਸ ਦੇ ਨਾਸ਼ਤੇ  ਵਿਚ ਬਲੂਰ ਬਾਲਾਂ ਦੇ ਤਲੇ-ਭੁੱਜੇ ਬੋਟ ਪਰੋਸੇ ਜਾਂਦੇ ਸਨ । ਇਸ ਕਹਾਣੀ ਦੀ ਲਿਖਤ –ਹੋਂਦ ਦਾ ,ਤਤਕਾਲੀ ਕਾਰਨ ਅਖਬਾਜ ਵਿਚ ਛਪੀ ਉਹ ਖ਼ਬਰ ਵੀ ਬਣਿਆ ਜਿਸ ਵਿੱਚ ਤਾਈਵਾਨ ਦੇ ਇੱਕ ਰੈਸਟੋਂਰੈਂਟ ਵਿਚ ਇਕ ਆਦਮੀ ਨਵਜੰਮੇ ਬੱਚਿਆਂ ਦਾ ਤਲਿਆ ਬਦਨ ਪਲੇਟ ਵਿਚ ਰੱਖ ਕੇ ਖਾਂਦਿਆਂ ਦਰਸਾਇਆ ਗਿਆ ਸੀ ।
ਪੰਜਾਬੀ ਕਹਾਣੀ ਸਮੇਤ ਸਮੁੱਚੇ ਵਿਸ਼ਵ ਸਾਹਿਤ ਦਾ ਕੇਂਦਰੀ ਆਧਾਰ ਬਣਨ ਵਾਲੇ ਸਾਧਾਰਨ ਮਨੁੱਖ ਦੀਆਂ ਜੀਵਨ ਹਾਲਤਾਂ ਨੂੰ ਕਲੰਕਤ ਕਰਨ ਵਾਲੀ ਇਕ ਜਮਾਤ ਨੂੰ ਚਣੌਤੀ ਦੇਣ ਵਾਲੇ ‘ਸੌਰੀ ਜਗਨ ‘ ਕਹਾਣੀ ਦੇ ਅਖ਼ਤਰ ਝਟਕਈ ਵਰਗੇ ਹੋਰ ਵੀ ਅਨੇਕਾਂ ਪਾਤਰ ਮੇਰੀ ਸਮਰੱਥਾ-ਯੋਗਤਾ ਅਨੁਸਾਰ ਆਪਣਾ ਵਿਰੋਧ ਦਰਜ ਕਰਵਾਉਂਦੇ ਹੀ ਰਹਿੰਦੇ ਹਨ । ਭਾਵੇਂ ਸਮਾਜ ਅੰਦਰਲੀ ਸੱਤਾ-ਸੰਪੰਨ    ਸ਼੍ਰੇਣੀ ਸਮਕਾਲ ਦੇ ਰਾਜਨੀਤਕ-ਆਰਥਿਕ-ਸੱਭਿਆਚਰਕ ਵਰਤਾਰੇ ਨੂੰ ਆਪਣੇ ਹਿੱਤਾਂ ਅਨੁਸਾਰ ਤੋਰਨ ਢਾਲਣ ਲਈ ਲੋਕ-ਭਲਾਈ,ਉੱਨਤੀ-ਤਰੱਕੀ ਦੀ ਅਲੰਬਰਦਾਰ ਹੋਣ-ਦਿੱਸਣ ਦੇ ਮਖੌਟੇ ਚਾੜ੍ਹੀ , ਲੋਕ-ਪ੍ਰਤੀਨਿਧਾਂ ਨੂੰ ਲੁਭਾਉਣ ਦੇ ਯਤਨ ਵੀ ਕਰਦੀ ਹੈ । ਧਰਮ ਨਾਮੀਂ ਵਰਤਾਰਾ ਇਸ ਸ਼੍ਰੈਣੀ ਦੇ ਇਸ ਕਾਰਜ ਨੂੰ ਸਭ ਤੋਂ ਵੱਧ ਬਲ ਬਖਸ਼ਦਾ ਹੈ । ਇਸ ਨੂੰ ਇਸ ਕਥਨ ਦੀ ਸੱਚਾਈ ਦਾ ਪੂਰਾ ਪਤਾ ਹੈ ਕਿ ‘ਧਰਮ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਸੱਚਾਈ, ਅਕਲਮੰਦ ਲੋਕਾਂ ਦੀਆਂ ਨਜ਼ਰਾਂ ਵਿੱਚ ਇਕ ਝੂਠ ਅਤੇ ਹਾਕਮਾਂ ਦੀਆਂ ਨਜ਼ਰਾਂ ਵਿੱਚ ਇਕ ਲਾਭਕਾਰੀ ਚੀਜ਼ ਹੈ । ‘ ਇਕ ਸਰਵੇਖਣ ਮੁਤਾਬਕ ਇਸ ‘ਲਾਭਕਾਰੀ ਚੀਜ਼ ‘ ਦੇ ਇਸ ਸਮੇਂ ਦੇਸ਼ ਵਿੱਚ ਸਥਾਨਾਂ ਦੀ ਗਿਣਤੀ 25 ਲੱਖ ਤਕ ਪਹੁੰਚ ਗਈ ਹੈ । ਜਦਕਿ ਜਨਸਮੂਹ ਦੀ ਸਿੱਖਿਆ-ਸਿਹਤ ਲਈ ਅਤਿ ਜ਼ਰੂਰੀ ਸੰਸਥਾਵਾਂ , ਸਕੂਲ ਕੇਵਲ ਪੰਦਰਾਂ ਲੱਖ ਅਤੇ ਹਸਪਤਾਲ ਸਿਰਫ਼ 75,000 ਹੀ ਹਨ । ਹਾਕਮ ਧਿਰ ਤੇ ਡੇਰਾਵਾਦ ਦੇ ਗੱਠਜੋੜ ਰਾਹੀਂ ਉਪਜਦਾ ਵਿਗਸਦਾ ਸਰਕਾਰਾਂ ਨਾਮ ਦਾ ਢਕਵੰਜ , ਲੋਕ-ਸਮੂਹ ‘ਦੀ ਹੋਂਦ-ਹੋਣੀ ਦੇ ਕੀਤੇ ਜਾਂਦੇ ਵਿਕਾਸ ਦੇ ਨਾਂ ‘ਤੇ ਕੇਵਲ ਆਪਣੇ ਸਰਪ੍ਰਸਤਾਂ ਦੀ ਹੀ ਸੇਵਾ ਕਰਦਾ ਹੈ । ਅਰਥ-ਸ਼ਾਸਤਰ ਇਹਨਾਂ ਸਰਪ੍ਰਸਤਾਂ ਦੀ ਟੀਸੀ ‘ਤੇ ਬੈਠੇ , ਉਹਨਾਂ ਪੰਜ ਘਰਾਣਿਆਂ ਦਾ ਹਵਾਲਾ ਦੇਣਾ ਵੀ ਨਹੀਂ ਭੁੱਲਦਾ ਜਿੰਨ੍ਹਾਂ ਦੇ ਉਦਯੋਗਕ-ਵਿਉਪਾਰਕ ਵਸੀਲਿਆਂ ਦੀ ਰੋਜ਼ਾਨਾ ਆਮਦਨ ਤੀਹ ਕਰੋੜ ਰੁਪਏ ਬਣਦੀ ਹੈ ਅਤੇ ਸੰਨ 2007 ਵਿਚ ਇੱਕੀ ਦੀ ਗਿਣਤੀ ਤੋਂ ਵਧ ਕੇ ਹੁਣ ਚਾਰ ਸੌ ਨੂੰ ਟੱਪੀ ਅਰਬਪਤੀਆਂ ਦੀ ਵੀ , ਜਿਹਨਾਂ ਦੇ ਰਹਿਮ-ਕਰਮ ‘ਤੇ ਦੇਸ਼ ਦੀਆਂ ਵੱਡੀਆਂ ਛੋਟੀਆਂ ਸਰਕਾਰਾਂ ਬਣਦੀਆਂ ਟਿਕਦੀਆਂ ਹਨ । ਇਹ ਸਰਕਾਰਾਂ ਵੀਹ ਰੁਪਏ ਰੋਜ਼ਾਨਾ ਆਮਦਨ ਵਾਲੇ ਮੁਲਕ ਦੇ 77 % ਲੋਕ-ਸਮੂਹ ਦੇ ਵਿਕਾਸ ਲਈ ‘ਚਿੰਤਾਵਾਨ ‘ ਵੀ ਰਹਿੰਦੀਆਂ ਹਨ । ਪਰ ਜਾਣੇ-ਪਛਾਣੇ ਅਰਥ ਸ਼ਾਸਤਰੀ ਗੈਲਬੁੱਬ ਨੇ ਵਿਕਾਸ ਦੀ ਇਉਂ ਦੀ ਪ੍ਰਕਿਰਿਆ ਨੂੰ ‘ਘੋੜਿਆਂ ਨੂੰ ਜਵਾਰ ਚਾਰਨ ਦੇ ਉਸ ਢੰਗ ਵਰਗੀ ਆਖਿਆ ਸੀ ,ਜਿਸ ਵਿਚੋਂ ਥੋੜ੍ਹੀ ਜਿਹੀ ਚਿੜੀਆ ਵਾਸਤੇ ਸੜਕਾਂ ‘ਤੇ ਵੀ ਖਿੱਲਰ ਜਾਏ । ‘
ਸਾਡੇ ਮੁਲਕ ਦੇ ਛੋਟੇ-ਵੱਡੇ , ਹੇਠਲੇ-ਉੱਤਲੇ ਸਦਨਾਂ ਦੇ ਸੈਂਕੜਿਆਂ ਦੀ ਗਿਣਤੀ ਨੂੰ ਪੁੱਜਦੇ ਮੰਤਰੀਆਂ , ਮੁੱਖ-ਮੰਤਰੀਆਂ ਦੇ ਵਿਵਹਾਰ ਦਾ ਇਕ ਪੱਖ ‘ਮਾਰਖੋਰੇ ‘ ਵਿੱਚ ਪ੍ਰੋ: ਕੌੜੇ ਦੇ ਝੋਲੀ ਚੁੱਕ ਕਿਰਦਾਰ ਰਾਹੀਂ ਵੀ ਪੇਸ਼ ਹੋਇਆ ਹੈ । ਇਸ ਕਹਾਣੀ ਦਾ ਉਸਾਰੂ-ਬਿੰਦੂ ਬੜਾ ਬਚਿੱਤਰ ਹੈ । ਸਾਡੇ ਪਿੰਡ ਝੱਜਾਂ ਦੇ ਦੱਖਣ ਵਾਲੇ ਪਾਸੇ ਮੀਲ ਕੁ ਵਿੱਥ ‘ਤੇ ਪਿੰਡ ਹੈ ਉੱਚਾ-ਬਡਾਲਾ ਤੇ ਉੱਤਰ ਪਾਸੇ ਪਿੰਡ ਨੈਣੋਵਾਲ ਵੈਦ । ਸੰਨ ’47 ਦੀ ਉੱਥਲ-ਪੁੱਥਲ ਕਾਰਨ ਉੱਜੜੇ ਇਹ ਦੋਨੋਂ ਪਿੰਡ , ਖੂਬ ਮੋਟੇ –ਤਾਜ਼ੇ ਦੋ ਸਾਨ੍ਹਾਂ ਨੇ ਇਕ ਇਕ ਕਰਕੇ ਜਿਵੇਂ ਮੱਲ ਹੀ ਲਏ ਸਨ । ਜੇ ਨੈਣੋਵਾਲ ਵੈਦ ਰਹਿੰਦਾ ਬੱਗਾ ਸਾਨ੍ਹ ਰੱਜ-ਮੇਲ੍ਹ ਕੇ ਬੜ੍ਹਕ ਮਾਰਦਾ ਤਾਂ ਬਡਾਲੇ ਰਹਿੰਦੇ ਕਾਲੇ ਸਾਨ੍ਹ ਤੋਂ ਬਰਦਾਸ਼ਤ ਨਾ ਹੁੰਦੀ । ਇਵੇਂ ਹੀ ਜੇ  ਕਾਲਾ ਪਹਿਲ ਕਰ ਜਾਂਦਾ ਤਾਂ ਬੱਗੇ ਤੋਂ ਸਹਾਰੀ ਨਾ ਜਾਂਦੀ । ਦੋਨੋਂ ਮਿੱਟੀ ਪੁੱਟਦੇ ਇਕ ਦੂਜੇ ਨੂੰ ਜਿਵੇਂ ਖਾ ਜਾਣ ਲਈ ਦੁੜਕੀ ਪੈ ਜਾਂਦੇ । ਵਿਚਕਾਰ ਸਾਡੇ ਪਿੰਡ ਦੀ ਖੁੱਲ੍ਹੀ ਰੌਅ ਇਹਨਾਂ ਦੇ ਯੁੱਧ-ਦੰਗਲ ਲਈ ਜਿਵੇਂ ਰਾਖਵੀਂ ਹੋਈ ਰਹਿੰਦੀ । ਅਸੀਂ ਛੋਟੇ ਬੱਚੇ ਕੋਠਿਆਂ ‘ਤੇ ਚੜ੍ਹ ਕੇ ਇਹਨਾਂ ਦੀ ਘਮਸਾਣ-ਕੁਸ਼ਤੀ ਦਾ ਆਨੰਦ ਵੀ ਲਈ ਜਾਂਦੇ ਤੇ ਡਰੀ ਵੀ ਜਾਂਦੇ । ਕਦੀ ਕਾਲਾ ਬੱਗੇ ਨੂੰ ਹਰਾ ਕੇ ਭਜਾ ਦਿੰਦਾ , ਕਦੀ ਬੱਗਾ ਕਾਲੇ ਨੂੰ । ਇਕ ਵਾਰ ਬੱਗੇ ਨੇ ਕਾਲੇ ਨੂੰ ਬੇਰੀਆਂ ਦੇ ਝੁੰਡ ‘ਚ ਫਸਾ ਕੇ ਉਸਦਾ ਸਿੰਙ ਤੋੜ ਦਿੱਤਾ । ਉਸ ਤੋਂ ਪਿੱਛੋਂ ਕਾਲੇ ਨੇ ਕੋਈ ਟੱਕਰ ਨਹੀਂ ਸੀ ਲਈ । ਸੰਨ 1952 ਵਿਚ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੇ ਵੀ ਕਹਾਣੀ ਦੇ ਉਸਾਰ ਲਈ ਗੁੰਦਵੀਂ ਸਾਹਇਤਾ ਕੀਤੀ । ਇਸ ਕਹਾਣੀ ਦੇ ਹੋਰ ਵੇਰਵੇ ਸਭ ਦੇ ਸਾਹਮਣੇ ਚਿੱਟੇ ਦਿਨ ਵਾਂਗ ਖਿੱਲਰੇ-ਪਸਰੇ ਪਏ ਹਨ ।ਇਵੇਂ ਹੀ ‘ਧੁੱਪ-ਛਾਂ ‘ ਕਹਾਣੀ-ਸੰਗ੍ਰਹਿ ਦੀ ਕਹਾਣੀ , ‘ਵੱਡੀ ਗੱਲ ‘ ਮੰਦ-ਬੱਧੀ ਭੋਲੂ ਤੋਂ ਪੁਜਾਰੀ ਜੀ , ਫਿਰ ਫੈਕਟਰੀ ਮਾਲਕ , ਤੇ ਫਿਰ ਮੰਤਰੀ ਜੀ ਤਕ ਦੀ ਉਨਤੀ-ਤਰੱਕੀ ਕਰਦੇ ਇਕ ਸਿਆਸੀ ਖਿਡਾਰੀ ਦੀਆਂ ਕਲਾਬਾਜ਼ੀਆਂ ਦਾ ਜ਼ਿਕਰ ਛੇੜਦੀ ਹੈ ।
ਇਸ ਦਾ ਉਸਾਰ –ਬਿੰਦੂ ਵੀ ਘੱਟ ਰੌਚਿਕ ਨਹੀਂ ।
ਦਸੂਹਾ ਕਸਬੇ ਦੇ ਐੱਸ।ਡੀ।ਐਮ। ਦਫਤਰ ਨੂੰ ਮੁੜਦੀ ਗਲੀ ਦੀ ਐਨ ਨੁੱਕਰ ‘ਤੇ ਇਕ ਮੰਦਰ ਹੈ। ਤਿੰਨ ਕੁ ਦਹਾਕੇ ਪਹਿਲਾਂ ਇਸ ਦਾ ਕੋਈ ਨਾਮ-ਨਿਸ਼ਾਨ ਨਹੀਂ ਸੀ । ਹਾਂ ਇੱਥੇ ਛੋਟਾ ਜਿਹਾ ਪਿੱਪਲ ਜ਼ਰੂਰ ਸੀ । ਜਲੰਧਰੋਂ ਪਠਾਨਕੋਟ ਜਾਂਦੀ ਇਕਹਿਰੀ ਵੱਡੀ ਸੜਕ ਕੰਢੇ ਇੱਥੇ ਮੂਲਾ ਨਾਂ ਦਾ ਇੱਕ ਆਦਿ ਧਰਮੀ ਜੁੱਤੀਆਂ ਗੰਢਣ ਬੈਠਦਾ ਹੁੰਦਾ ਸੀ । ਪਹਿਲਾਂ ਉਸਨੇ ਬੈਠਣ ਗੋਚਰੀ ਥਾਂ ਨੂੰ ਮਿੱਟੀ ਪਾ ਕੇ ਉੱਚਾ ਕਰ ਲਿਆ । ਫਿਰ ਪਿੱਪਲ ਦੁਆਰੇ ਗੋਲ ਥੜ੍ਹ੍ਹੀ ਜਿਹੀ ਬਣਾ ਕੇ ਬੈਠਣ ਲੱਗ ਪਿਆ । ਉਹਦੇ ਪਰਲੋਕ ਸਿੱਧਾਰਨ ਪਿੱਛੋਂ, ਲਾਗੇ ਦੇ ਹੀ ਘਰ ਦਾ ਇਕ ਪੰਡਿਤ ਦੁਰਗਾ , ਜੋ ਮੱਝਾਂ –ਘੋੜੀਆਂ ਲਈ ਹਾਜ਼ਮੇ ਦੀ ਦੁਆਈ ਬਣਾਇਆ ਕਰਦਾ ਸੀ , ਨੇ ਇਕ ਛਿੱਕੂ ਵਿੱਚ ਰੱਖ ਕੇ ਦੁਆਈ ਦੀਆਂ ਪਿੰਨੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ । ਫਿਰ ਪਤਾ ਨਹੀਂ ਉਸਦੇ ਮਨ ‘ਚ ਕੀ ਆਈ , ਆਪਣੇ ਬੈਠਣ ਵਾਲੀ ਥਾਂ ‘ਤੇ ਛਿੜਕਾਅ ਕਰਨ ਦੇ ਨਾਲ ਨਾਲ ਉਸਨੇ ਪਿੱਪਲ ਦਾ ਪਤਲਾ ਜਿਹਾ ਤਣਾ ਧੋਣਾ-ਸੁਆਰਨਾ ਸ਼ੁਰੂ ਕਰ ਦਿੱਤਾ । ਨਾਲ ਹੀ ਇਕ ਭਗਵੇਂ ਰੰਗੀ ਝੰਡੀ ਪਿੱਪਲ ਦੀ ਇਕ ਟਾਹਣੀ ਨਾਲ ਬੰਨ੍ਹ ਦਿੱਤੀ । ਹੁਣ ਲੋੜਵੰਦ ਉਸਦੀਆਂ ਗੋਲੀਆਂ ਵੀ ਖਰੀਦਦੇ ਤੇ ਝੰਡੀ ਲੱਗੇ ਪਿੱਪਲ ਮੁੱਢ ਚੁਆਨੀ-ਅਠਿਆਨੀ ਦਾ ਮੱਥਾ ਵੀ ਟੇਕਣ ਲੱਗ ਪਏ । ਬੱਸ ਉਸ ਸ਼ੁਰੂਆਤ ਤੋਂ ਚਾਲੂ ਹੋਇਆ ਮੰਦਰ-ਖੇਲ੍ਹ ਅੱਜ ਪੂਰੀ ਮਾਨਤਾ ਵਾਲੀ ਥਾਂ ਬਣਿਆ ਹੋਇਆ । ਪੰਡਿਤ ਦੁਰਗਾ ਦਾਸ ਦੇ ਮੁੰਡੇ ਪ੍ਰੇਮ ਚੰਦ ਨੇ ਘਰ-ਕਮਰਿਆਂ ਦੀ ਥਾਂ ਦੁਕਾਨਾਂ ਉਸਾਰ ਲਈਆਂ ਹਨ । ਮੰਦਰ-ਚੜ੍ਹਾਵੇ ਨਾਲ ਵੀ ਉਸ ਬਿਨਾਂ ਕਿਸੇ ਦਾ ਕੋਈ ਲਾਗਾ-ਦੇਗਾ ਨਹੀਂ ।
ਜਲੰਧਰ ਤੋਂ ਪਠਾਨਕੋਟ ਵਾਲੀ ਜਰਨੈਲੀ ਸੜਕ ਇਕਹਿਰੀ ਤੋਂ ਦੋ ਮਾਰਗੀ ਤੇ ਹੁਣ ਦੋ ਤੋਂ ਚਾਰ-ਮਾਰਗੀ ਹੁੰਦੀ ਨੇ ਮੰਦਰ ਲਾਗਲੇ ਪਿੱਪਲ ਦੀ ਬਲੀ ਤਾਂ ਲੈ ਲਈ ਹੈ , ਪਰ ਪ੍ਰੇਮ ਪੰਡਿਤ ਤੇ ਮੰਦਰ ਦਾ ਸੜਕ ਅਮਲਾ ਵਾਲ਼ ਤਕ ਨਹੀਂ ਵਿੰਗਾ ਕਰ ਸਕਿਆ ।
ਪੁਸਤਕਾਂ ਤੋਂ ਬਾਹਰ ਦੀ ਕਹਾਣੀ ‘ਜੁਬਾੜੇ ‘ ਦਾ ਸਰੋਤ , ਅੱਜ ਦੀ ਸਿਆਸਤ ਵਿੱਚ ਪਰਿਵਾਰਵਾਦ ਦਾ ਖੁੱਲ੍ਹਮ-ਖੁੱਲ੍ਹਾ ਖ਼ਲਾਰ ਵੀ ਹੈ ਅਤੇ ਹਰ ਸ਼ਹਿਰ , ਹਰ ਕਸਬੇ ਵਿਚ , ਤੰਗੀਆਂ-ਤੁਰਸ਼ੀਆਂ ਦੀ ਜਿੱਲਣ ਵਿੱਚ ਫਸੀ ਕਿਸਾਨੀ ਦੀਆਂ ਉਪਜਾਊ ਜ਼ਮੀਨਾਂ ਕੌਡੀਆਂ ਭਾਅ  ਹਥਿਆ ਕੇ ਉਸਾਰੇ ਜਾ ਰਹੇ ਪੈਲਿਸਾਂ , ਰੀਜ਼ੋਰਟਾਂ , ਵੱਡੇ –ਹੱਟਾਂ ਦੇ ਨਾਲ ਨਾਲ ਸ਼ਹਿਰਾਂ ਵੱਲੋਂ ਨਾਲ ਲਗਦੇ ਪਿੰਡਾਂ ਨੂੰ ਇਕ ਤਰ੍ਹਾਂ ਖਾਣ-ਨਿਗਲਣ ਦੀ ਹਾਬੜੀ ਮੁੰਹਿਮ ਵਾਂਗ ਉਸਰਦੀਆਂ ਕਾਲੋਨੀਆਂ ਕਿਸੇ ਵੀ ਸੂਝਵਾਨ ਪਾਠਕ ਲਈ ਓਪਰੀਆਂ ਨਹੀਂ ਹਨ ।
ਇੱਥੇ ਇਹ ਮੰਨ ਲੈਣ ਵਿਚ ਕੋਈ ਝਿਜਕ ਨਹੀਂ ਕਿ ਸਮਕਾਲ ਦੇ ਸੰਸਾਰੀਕਰਨ ਦੇ ਵਰਤਾਰੇ ਨੇ , ਸੂਚਨਾ-ਤਕਨਾਲੋਜੀ ਦੇ ਤੇਜ਼-ਤਰਾਰ ਯੁੱਗ ਵਿਚ ਨਵ-ਪੂੰਜੀਵਾਦ ਦੇ ਕਰੂਰ ਪਰਪੰਚ ਨੇ ,ਮਨੁੱਖ ਦੀ ਬੌਧਿਕਤਾ , ਮਾਨਸਿਕਤਾ ਤੇ ਭਾਵੁਕਤਾ ਦੇ ਸਮੀਕਰਨ ਨਿਘਾਰ ਦੀ ਸਭ ਤੋਂ ਹੇਠਲੀ ਹੱਦ ਤਕ ਉੱਥਲ-ਪੁੱਥਲ ਕਰ ਦਿੱਤੇ ਹਨ । ਸਾਡੀ ਬੋਲੀ ਦੇ ਲੇਖਕ ਸਮੇਤ ਕਲਾ ਖੇਤਰ ਦਾ ਸ਼ਾਇਦ ਹੀ ਕੋਈ ਸੰਦੇਵਨਸ਼ੀਲ ਵਿਅਕਤੀ ਵਿਉਪਾਰੀਕਰਨ ਦੇ ਇਕ ਵਿਕਰਾਨ ਪ੍ਰਭਾਵ ਤੋਂ ਬਚਿਆ ਹੋਵੇ । ਹੁਣ ਕਲਕਾਰਾਂ ਦੀ ਪ੍ਰਗਤੀਸ਼ੀਲ ਗਿਣ ਹੁੰਦੀ ਸੰਵੇਦਨਾ ਵੀ , ਉੱਤਰ-ਆਧੁਨਿਕ ਹੋਈ ਪਾਪੂਲਇਜ਼ਮ ਦੀ ਗ੍ਰਿਫਤ ਵਿਚ ਆ ਗਈ ਹੈ । ‘ਗੜ੍ਹ ਬਖਸ਼ਾ ਸਿੰਘ ‘ ਕਹਾਣੀ ਸੰਗ੍ਰਹਿ ਅੰਦਰਲੀ ਕਹਾਣੀ ‘ਥਰਸਟੀ ਕਰੋਅ ‘ ਕਲਾ-ਖੇਤਰ ਅੰਦਰ ਪਸਰ ਗਈ ਪੈਸੇ ਦੇ ਪ੍ਰਸਿੱਧੀ ਦੀ ਪ੍ਰਾਪਤੀ ਲਈ ਸੰਗੀਤ ਵਰਗੀ ਪਾਰਸ ਗਿਣ ਹੁੰਦੀ ਸਿਨਫ਼ ਵਿੱਚ ਵੀ ਬਲਿਊ-ਡਾਕੂਮੈਂਟੇਸ਼ਨ ਦੇ ਨੰਗ-ਨੰਗੇਜ ਦੀ ਦਖਲਅੰਦਾਜ਼ੀ ਉੱਤੇ ਫਿਕਰਮੰਦ ਹੈ ।
ਇਹ ਠੀਕ ਹੈ ਕਿ ਗਲੋਬਲ ਪਿੰਡ ਦੇ ਅਖੌਤੀ ਵਿਕਾਸ ਮਾਡਲ ਨੇ ਵਿਸ਼ਵ ਵਿਆਪੀ ਸੰਕਟ ਖੜ੍ਹੇ ਕੀਤੇ ਹਨ । ਇਕ ਭਾਸ਼ਾ ,ਇਕ ਸੱਭਿਆਚਾਰ ਵੱਲ ਨੂੰ ਵਧ ਰਹੇ ਇਸ ਵਰਤਾਰੇ ਨੇ ਸਭਿਆਚਰਕ ਅਨੇਕਤਾਵਾਂ ਦੀ ਬੇਸ਼ਕੀਮਤੀ ਦੌਲਤ ਨੂੰ ਵੀ ਖੋਰਾ ਲਾਇਆ ਹੈ ਅਤੇ ਮਨੁੱਖ ਅੰਦਰਲੀ ਮਨੁੱਖਤਾ ਨੂੰ ਅੰਦਰੋ-ਅੰਦਰ ਖਾ ਕੇ ਇਸ ਦੀ ਦ੍ਰਿਸ਼ਟੀ ਨੂੰ ਵੀ ਧੁੰਧਲਾ ਕੀਤਾ ਹੈ । ਤਾਂ ਵੀ ਸਾਡੇ ਜਨ-ਸਮੂਹ ਦੇ ਇਕ ਵੱਡੇ ਹਿੱਸੇ ਨੂੰ ,ਨਾ ਤਾਂ ਮੰਡੀ ਆਰਥਿਕਤਾ ਦੀ ਚਮਕ-ਦਮਕ ਹੀ ਰਾਸ ਆਉਂਦੀ ਦਿਸਦੀ ਹੈ ਤੇ ਨਾ ਹੀ ਇਸ ਦੇ ਬੀਮਾਰ ਸਭਿਆਚਾਰ ਕਾਰਨ ਵਿਭਾਜਤ ਹੋਏ ਰਿਸ਼ਤਿਆਂ ਦੀ ਅਨੈਤਿਕਤਾ ।
ਅੱਜੋਕੇ ਕੇਂਦਰੀਕ੍ਰਿਤ ਵਿਕਾਸ-ਪ੍ਰਬੰਧ ਦਾ ਇਕ ਨਾਂਹ-ਪੱਖ ਇਹ ਵੀ ਹੈ ਕਿ ਇਸ ਸਾਹਮਣੇ ਬਦਲਵਾਂ ਮਾਡਲ ਪੇਸ਼ ਕਰਨ ਵਾਲੀਆਂ ਸਾਡੇ ਮੁਲਕ ਦੀਆਂ ਖੱਬੀਆਂ ਧਿਰਾਂ ਨੇ ਜਾਂ ਤਾਂ ਉਸੇ ਮਾਡਲ ਦੀ ਪ੍ਰਸੰਗਕਤਾ ਨੂੰ ਹੂ-ਬ-ਹੂ ਪ੍ਰਵਾਨ ਕਰ ਲਿਆ ਹੈ , ਜਾਂ ਫਿਰ ਆਪਣੇ ਵਰਤਾਰੇ ਨੂੰ ਅਪਡੇਟ ਕਰਕੇ , ਵਿਸ਼ਵੀਕ੍ਰਿਤ ਨੀਤੀਆਂ ਦੇ ਅਨੁਸਾਰੀ ਹੋਣ ਦਾ ਨਿਰਣਾ ਲੈ ਲਿਆ ਹੈ । ਇਸ ਦੇ ਸਿੱਟੇ ਵਜੋਂ ਸਾਡੇ ਸਾਹਿਤ , ਵਿਸ਼ੇਸ਼ ਕਰਕੇ ਕਹਾਣੀ ਲੇਖਕ ਨੇ ਮੰਡੀ ਦਾ ਕਹਾਣੀਕਾਰ ਬਣਨ ਨੂੰ ਪਹਿਲ ਦੇ ਦਿੱਤੀ ਜਾਂ ਫਿਰ ਸਮੁੱਚੇ ਮਾਨਵੀ ਸਮਾਜ ਦੀ ਥਾਂ ਇਸ ਅੰਦਰਲੇ ਜਾਤੀ , ਉਪ –ਜਾਤੀ ਟੋਟਿਆਂ ਦੁਆਲੇ ਆਪਣੀ ਕਲਮ ਨੂੰ ਕੇਂਦਰਤ ਕਰ ਲਿਆ । ਫਲ-ਸਰੂਪ ਅੱਜ ਦੀ ਚੋਖੀ ਕਹਾਣੀ ਯੋਗ-ਅਯੋਗ ਜਿਨਸੀ ਸੰਬੰਧਾਂ ਦੁਆਲੇ , ਜਾਂ ਦਲਿਤ ਗਿਣ ਹੁੰਦੇ ਵਰਗਾਂ ਦੀਆਂ ਲੌੜਾਂ-ਔਕੜਾਂ ਦੇ ਉਪ-ਭਾਵੁਕ ਵਰਨਣ ਦੁਆਲੇ ਹੀ ਪਰਿਕਰਮਾ ਕਰਦੀ ਜਾਪਦੀ ਹੈ ।
ਪ੍ਰਗਤੀਸ਼ੀਲਤਾ-ਪ੍ਰਗਤੀਵਾਦ ਵਰਗੇ ਸੰਕਲਪ ਤਾਂ ਅੱਜ ਦੀ ਕਹਾਣੀ ਨੇ ਜਿਵੇਂ ਕਿਸੇ ਡੂੰਘੀ ਕਬਰ ਅੰਦਰ ਦਫ਼ਨਾ ਦਿੱਤੇ ਹੋਣ । ਪਰ ਮੇਰੀ ਕਹਾਣੀ ਲਿਖਤ ਨੂੰ ਅਜੇ ਤਕ ਵੀ ਇਹ ਦੋਨੋਂ ਸੰਕਲਪ ਕਿਸੇ ਵੀ ਤਰ੍ਹਾਂ ਬੀਤ ਚੁੱਕੇ ਸਮੇਂ ਦੀ ਦਾਸਤਾਨ ਨਹੀਂ ਜਾਪਦੇ । ਮੈਨੂੰ ਅੱਜ ਵੀ ਇਹਨਾਂ ਅੰਦਰ ਪੂਰੀ ਦੀ ਪੂਰੀ ਮਨੁੱਖਤਾ ਲਈ ਕਲਿਆਣਕਾਰੀ ਵਿਵਸਥਾ ਉਸਾਰ ਲੈਣ ਦੀ ਸ਼ਕਤੀ ਦਾ ਆਭਾਸ ਹੈ । ਭਾਵੇਂ ਕਿ, ਇਤਿਹਾਸ ਦੀਆਂ ਕਈ ਸਾਰੀਆਂ ਉਦਾਹਰਨਾਂ ਵਰਗਾ ਤਿਆਗ ਤੇ ਦ੍ਰਿੜ ਸੰਕਲਪ ਇਸ ਸਿਧਾਂਤ ਦੇ ਪੈਰੋਕਾਰਾਂ ਅੰਦਰੋਂ ਅਲੋਪ ਹੋ ਗਿਆ ਹੈ , ਤਾਂ ਵੀ ਹੋ ਚੀ ਮਿੰਨ੍ਹ ਦੀ ਸਾਦਗੀ ਦੇ ਬਚਨਬੱਧਤਾ ਦੀ ਉਦਾਹਰਨ ਇਹਨਾਂ ਕਾਮਿਆਂ ਅੰਦਰੋਂ ਖਿਸਕ ਚੁੱਕੀ ਦ੍ਰਿੜਤਾ ਨੂੰ ਮੁੜ ਪੈਰਾਂ ਸਿਰ ਕਰ ਸਕਦੀ ਹੈ ।
ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਆਰ।ਕੇ।ਨਰਾਇਣਨ ਨੇ ਦੱਸਿਆ ਕਿ ਉਹ ਆਈ।ਐੱਫ।ਐੱਸ। ਵਿਚ ਨਿਯੁਕਤ ਹੋ ਕੇ ਵੀਅਤਨਾਮ ਦੇ ਪ੍ਰਧਾਨ ਹੋ ਚੀ ਮਿੰਨ੍ਹ ਨੂੰ ਉਸ ਦੇ ਰਾਸ਼ਟਰਪਤੀ ਨਿਵਾਸ ‘ਤੇ ਮਿਲਣ ਗਏ । ਮਹੱਲ ਬਹੁਤ ਸ਼ਾਨਦਾਰ ਇਮਾਰਤ ਸੀ । ਉਹਨਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਜੀ ਇਸ ਮਹੱਲ ਵਿੱਚ ਨਹੀਂ , ਨਾਲ ਲਗਦੇ ਛੋਟੇ ਜਿਹੇ ਮਕਾਨ ਵਿੱਚ ਨਿਵਾਸ ਕਰਦੇ ਹਨ । ਮਹੱਲ ਸਿਰਫ਼ ਸਰਕਾਰੀ ਮਹਿਮਾਨਾਂ ਲਈ ਵਰਤਿਆ ਜਾਂਦਾ ਹੈ । ਨਾਰਾਇਣਨ ਉਸ ਘਰ ਵਿਚ ਚਲੇ ਗਏ । ਜਾਂਦਿਆ ਉਹਨਾਂ ਦੇਖਿਆ ਕਿ ਪ੍ਰਧਾਨ ਹੋ ਚੀ ਮਿੰਨ੍ਹ ਮੱਝ ਚੋ ਰਹੇ ਸਨ । ਹੋ ਚੀ ਮਿੰਨ੍ਹ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਰਾਸ਼ਨ ਤੇ ਕੱਪੜੇ ਆਮ ਨਾਗਰਿਕਾਂ ਵਾਂਗ ਹੀ ਮਿਲਦੇ ਹਨ ।
ਇਹ ਸ਼ਾਇਦ ਵੀਅਤਨਾਮੀ ਪ੍ਰਧਾਨ ਵਰਗੇ ਕਾਰਜਕਰਤਾਵਾਂ ਦੀ ਉਦਾਹਰਨ ਦਾ ਸਿੱਟਾ ਹੋਵੇ ਕਿ ਮੇਰੀ ਕਹਾਣੀ ‘ਗੜ੍ਹੀ ਬਖਸ਼ਾ ਸਿੰਘ ‘ ਦਾ ਪਾਤਰ ਸਮਿੱਤਰ ਆਪਣੇ ਉਮਰ ਭਰ ਦੇ ਜੋਟੀਦਾਰ ,ਤਿਆਗ ਦੇ ਦ੍ਰਿੜ-ਸੰਕਲਪ ਦੇ ਧਾਰਨੀ ਰਹੇ ਕਾਮਰੇਡ ਜੱਥੇਦਾਰ ਗੁਰਬਖਸ਼ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਪਿੱਛੋਂ , ਉਸ ਦੀ ਸੋਗੀ ਸੱਥ ‘ਤੇ ਬੈਠਾ ਟਿਕਟਿਕੀ ਲਾਈ ਅਜੇ ਵੀ ਜੱਥੇਦਾਰ ਵਰਗੇ ਕਿਸੇ ਦੀ ਆਮਦ ਨੂੰ ਤਾਂਘ ਰਿਹਾ ਹੈ । ਇਵੇਂ ਹੀ ‘ ਅਕਾਲਗੜ੍ਹ ‘ , ਕਹਾਣੀ ਦੇ ਪਾਤਰ ,ਪਿਆਰਾ ਤੇ ਗਿਆਨੀ ਬੰਤ ਸਿੰਘ ; ‘ਜੁਬਾੜੇ ‘ ਕਹਾਣੀ ਦੇ ਮਹਿੰਗਾ ਸਿੰਘ –ਬਚਨ ਕੌਰ ; ‘ਇਕ ਕੰਢੇ ਵਾਲਾ ਦਰਿਆ ‘ ਦੇ ਕਰਮੇਂ ; ‘ਜਿੰਨ ‘ ਕਹਾਣੀ ਦੇ ਕਿਰਪਾ ਸਿੰਘ ; ‘ਪੌੜੀ ‘ ਕਹਾਣੀ ਦੇ ਪਾਲਾ ਸਿੰਘ ; ‘ਅੱਧੇ-ਅਧੂਰੇ ‘ ਕਹਾਣੀ ਦੇ ਪਾਤਰ ਸਾਧੂ ; ‘ਸੌਰੀ ਜਗਨ ‘ ਦੇ ਅਖ਼ਤਰ ; ‘ ਬੂਟਾ ਰਾਮ ਪੂਰਾ ਹੋ ਗਿਆ ‘ ਦੇ ਕਾਮਰੇਡ ਹਰਭਜਨ ; ‘ਝਾਂਜਰ ‘ ਕਹਾਣੀ ਦੀ ਬੰਤੀ ;’ ਮਿੱਟੀ ‘ ਕਹਾਣੀ ਦੇ ਆਤੂ ਬੁੜ੍ਹੇ ;’ ਛਿੰਝ ‘ ਕਹਾਣੀ ਦੇ ਮਾਂ ਜੀ ; ‘ਹਥਿਆਰ ‘ ਕਹਾਣੀ ਦੇ ਨੌਕਰ ਮੁੰਡੇ ; ‘ ਜੜ੍ਹ ‘ ਕਹਾਣੀ ਦੇ ਮਾਸਟਰ ਸ਼ਾਮ ਸੁੰਦਰ ਵਰਗੇ ਪਾਤਰਾਂ ਦੀਆਂ ਹੋਰ ਵੀ ਕਈ ਉਦਾਹਰਨਾਂ ਹਨ, ਜਿਹਨਾਂ ਕਾਰਨ ਮੇਰੀਆਂ ਕਹਾਣੀਆਂ ਦੀ ਪੜ੍ਹਤ ਨੂੰ ਪ੍ਰਗਤੀਵਾਦੀ ਲੇਖਣੀ ਹੋਣ ਦਾ ਮਾਣ ਮਿਲਦਾ ਰਿਹਾ ।
ਇਹ ਇਸ ਮਾਣ ਦਾ ਹੀ ਸਿੱਟਾ ਸਮਝਿਆ ਜਾਏ ਮਿ ਮੈਂ ਆਪਣੀ ਲਿਖਣ ਚੇਤਨਾ ਨੂੰ ਅਮਰਜੀਤ ਢੁੱਡੀਕੇ ਦੇ ਗ਼ਜ਼ਲ ਦੇ ਇਸ ਸ਼ਿਅਰ ਅੰਦਰਲੇ ਸੁਨੇਹੇ ਤੋਂ ਲਾਂਭੇ ਨਹੀਂ ਲੈ ਜਾ ਸਕਿਆ , ਅਤੇ ਨਾ ਹੀ ਇਸ ਦੀ ਅਗਾਂਹ ਤੋਂ ਉਮੀਦ ਕੀਤੀ ਜਾਣੀ ਚਾਹੀਦੀ ਹੈ ।
ਆਖ਼ਰੀ ਕਤਰਾ ਜਦੋਂ ਤਕ ਤੇਲ ਦਾ ਉਸਦੇ ਕੋਲ ਸੀ ,
ਨ੍ਹੇਰ ਸੰਗ ਦੀਵੇ ਦਾ ਲੜ੍ਹਨਾ,ਜੂਝਣਾ ਜਾਰੀ ਰਿਹਾ ।

ਆਮੀਨ
****

No comments: