
ਪਰੰਤੂ ਸਦੀਕ ਸਾਹਬ ਨੇ ਤਾਂ ਜਿੱਤ ਕੇ ਕਮਾਲ ਹੀ ਕਰ ਵਿਖਾਈ ਹੈ ਤੇ ਅਗਾਂਹ ਵੀ ਹੋਰਨਾਂ ਗਾਇਕਾਂ ਲਈ ਵੀ ਰਸਤਾ ਖੋਲ੍ਹ ਦਿੱਤੈ। ਵੈਸੇ ਸੀ ਤਾਂ ਬੜਾ ਔਖਾ ਸੀ ਉਸ ਲਈ, ਕਿਉਂਕਿ ਉਹਦੇ ਇੱਕ ਪਾਸੇ ਪੰਜਾਬ ਦਾ ਆਈ.ਏ.ਐੱਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਤੇ ਉਹ ਵੀ ਜੱਦੀ ਜਿ਼ਲ੍ਹੇ ਦਾ (ਭਦੌੜ ਨੇੜੇ ਪਿੰਡ ਖੁੱਡੀ ਕਲਾਂ ਦਾ) ਤੇ ਦੂਜਾ ਇਹ ਕਿ ਰਿਹਾ ਵੀ ਉਹ ਮੁੱਖ-ਮੰਤਰੀ ਦਾ ਪ੍ਰਿੰਸੀਪਲ ਸਕੱਤਰ ਹੋਵੇ! ਇੱਕ ਪਾਸੇ ਪੰਜਾਬ ਦਾ ਇੱਕ ਉਹ ਕਲਾਕਾਰ (ਅੱਠਵੀਂ ਪਾਸ),ਜਿਸਨੇ ਆਪਣੀ ਸਹਿ-ਗਾਇਕਾ ਰਣਜੀਤ ਕੌਰ ਨਾਲ ਲੰਬਾ ਸਮਾਂ ਦੋਗਾਣੇ ਤੇ ਗੀਤ ਗਾ ਕੇ ਕੇਵਲ ਪੰਜਾਬ ਹੀ ਸਗੋਂ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਦੇ ਮਨਾਂ ਨੂੰ ਟੁੰਬਿਆ ਹੋਵੇ! ਔਖੈ-ਸੌਖੇ ਵੇਲੇ ਆਪਣੀ ਪਾਰਟੀ ਦਾ ਸਾਥ ਨਾ ਛੱਡਿਆ ਹੋਵੇ। ਬੜਾ ਦਿਲਚਸਪ ਮੰਜ਼ਰ ਸੀ। ਓਧਰ ਬੁੱਧੀਜੀਵੀ, ਸਿਆਸੀ ਤੇ ਪ੍ਰਸਾਸ਼ਨਿਕ ਵਰਗ ਦੇ ਉੱਘੇ ਲੋਕ ਆਖ ਰਹੇ ਸਨ ਕਿ ਗੁਰੂ ਅੱਗੇ ਸਦੀਕ ਦਾ ਕੁਝ ਵੱਟਿਆ ਨਹੀਂ ਜਾਣਾ...ਉਹ ਕਹਿੰਦੇ ਸਨ ਕਿ ਏਹ ਗਾਉਣ-ਗਾਣ ਵਾਲੇ ਤਾਂ ਬੱਸ ਉਂਝੇ ਹੀ ਹੁੰਦੇ ਨੇ। ਦੂਜੇ ਪਾਸੇ ਸਦੀਕ ਨੂੰ ਦਿਲੋਂ ਚਾਹੁਣ ਵਾਲੇ ਆਖ ਰਹੇ ਸਨ ਕਿ ਗੁਰੂ ਜੀ ਸੇਵਾਮੁਕਤ ਹੋ ਕੇ ਚੋਣ ਤਾਂ ਲੜ ਰਹੇ ਨੇ ਪਰ ਹਾਲੇ ਅਫ਼ਸਰੀ ਰੰਗ ਉਹਨਾਂ ਤੋਂ ਲੱਥਾ ਨਹੀਂ ਹੈ। ਅਜਿਹੀਆਂ ਖ਼ਬਰਾਂ ਮੀਡੀਆ ਵਿੱਚ ਅਕਸਰ ਹੀ ਆ ਰਹੀਆਂ ਸਨ ਉਹਨੀਂ ਦਿਨੀ। ਇਹਨਾਂ ਟਿੱਪਣੀਆਂ ਨੂੰ ਮੈਂ ਆਪਣੇ ਟੋਰਾਂਟੋ ਰੇਡੀਓ ਦੇ ਰੋਜ਼ਾਨਾ ਸਿੱਧੇ ਪ੍ਰਸਾਰਿਤ ਪ੍ਰੋਗਰਾਮ ‘ਪੰਜਾਬ ਦੀ ਗੂੰਜ’ ਦਾ ਹਿੱਸਾ ਬਣਾਉਂਦਾ ਰਹਿੰਦਾ ਸਾਂ ਤਾਂ ਪਰਦੇਸਾਂ ਵਿੱਚ ਬੈਠੇ ਲੋਕ ਇਹਨਾਂ ਟਿੱਪਣੀਆਂ ਨੂੰ ਪਸੰਦ ਕਰਦੇ ਸਨ ਤੇ ਦੁਆ ਕਰਦੇ ਸਨ ਕਿ ਉਹਨਾਂ ਦੇ ਦਿਲਾਂ ਦਾ ਬਾਦਸ਼ਾਹ ਮਹੁੰਮਦ ਸਦੀਕ ਜ਼ਰੂਰ ਜਿੱਤੇਗਾ !
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲਈ ਸਾਲ 2005 ਵਿੱਚ ਆਪਣੀ ਪੁਰਾਣੇ ਲੋਕ-ਗਾਇਕਾਂ ਬਾਰੇ ਲਿਖੀ ਪੁਸਤਕ ਵਿੱਚ ਸਦੀਕ ਸਾਹਬ ਬਾਰੇ ਮੈਂ ਲਿਖਿਆ ਸੀ ਕਿ ਉਹਨਾਂ ਨਾਲ ਮੇਰੀ ਸਾਂਝ ਉਦੋਂ ਦੀ ਹੈ, ਜਦੋਂ ਹਾਲੇ ਮੈਂ ਬਿਲਕੁਲ ਹੀ ਬੱਚਾ ਸਾਂ ਤਾ ਬਾਪੂ ਦੀ ਉਂਗਲੀ ਫੜ੍ਹ ਕੇ ਉਹਨਾਂ ਦੇ ਅਖਾੜੇ ਸੁਣਨ ਜਾਇਆ ਕਰਦਾ ਸਾਂ। ਮੇਰੇ ਬਾਪੂ ਜੀ ਮੁੱਢ ਤੋਂ ਹੀ ਸਦੀਕ ਦੇ ਬੜੇ ਡਾਹਢੇ ਫੈ਼ਨ ਹਨ। ਦੂਰ-ਦੂਰ ਤੀਕ ਉਹਨਾਂ ਦੇ ਅਖਾੜੇ ਸੁਣਨ ਲਈ ਪੈਰੀਂ ਵਾਟਾਂ ਗਾਹੁੰਦੇ ਜਾਂਦੇ ਸਨ। ਜਦ ਮੈਂ ਥੋੜ੍ਹਾ ਵੱਡਾ ਹੋਇਆ ਤਾਂ ਸਦੀਕ ਸਾਹਬ ਨੂੰ ਬੜੇ ਮੌਕਿਆਂ ‘ਤੇ ਬੜੀ ਵਾਰ ਮਿਲਣ ਦਾ ਮੌਕਾ ਮਿਲਿਆ ਹੈ। ਕਦੀ ਜੱਸੋਵਾਲ ਸਾਹਬ ਦੇ ਘਰ। ਕਦੀ ਪੰਜਾਬੀ ਭਵਨ। ਕਦੀ ਉਸਤਾਦ ਯਮਲਾ ਜੱਟ ਦੇ ਡੇਰੇ ਤੇ ਕਦੀ ਸਦੀਕ ਸਾਹਬ ਦੇ ਫਰੀਦਕੋਟੀਏ ਚੇਲੇ ਕੁਲਵਿੰਦਰ ਕੰਵਲ ਦੇ ਘਰ। ਉਹਨਾਂ ਨੂੰ ਕਦੀ ਵੀ ਫੋਕੀ ਫੜ੍ਹ ਮਾਰਦਿਆਂ ਨਹੀਂ ਦੇਖਿਆ-ਸੁਣਿਆ। ਕਦੀ ਗੰਭੀਰ ਮੁਦਰਾ ਵਿੱਚ ਬੈਠੇ ਦੇਖਿਆ ਹੈ ਤੇ ਕਦੀ ਹਾਸਾ-ਠੱਠਾ ਬਿਖੇਰਦੇ ਵੀ। ਹੁਣ ਵੀ ਉਹਨਾਂ ਆਪਣੀ ਜਿੱਤ ‘ਤੇ ਕੋਈ ਫੜ ਨਹੀਂ ਮਾਰੀ ਸਗੋਂ ਨਿਮਰਤਾ ਤੇ ਮੋਹ ਨਾਲ ਇਹ ਜਿੱਤ ਸਮੁੱਚੇ ਪੰਜਾਬੀਆਂ ਦੀ ਝੋਲੀ ਵਿੱਚ ਪਾਈ ਹੈ। ਅਜਿਹੇ ਸ਼ਬਦ ਇੱਕ ਸੱਚਾ ਤੇ ਲੋਕ-ਮੁਖੀ ਕਲਾਕਾਰ ਹੀ ਆਖ ਸਕਦਾ ਹੈ। ਸਦੀਕ ਨੇ ਤਾਂ ਇਹ ਵੀ ਕਿਹਾ ਕਿ ਗਾਇਕੀ ਕਾਰਨ ਹੀ ਉਸਨੂੰ ਇਹ ਮਾਣ ਮਿਲਿਆ ਹੈ। ਇਹੀ ਉਸਦੀ ਰੋਜ਼ੀ-ਰੋਟੀ ਹੈ ਤੇ ਗਾਇਨ ਦਾ ਪੱਲਾ ਉਹ ਅੰਤਿਮ ਸਾਹਾਂ ਤੀਕ ਨਹੀਂ ਛੱਡੇਗਾ।
ਜਿਸ ਦਿਨ ਸਦੀਕ ਵਿਧਾਨ ਸਭਾ ਦੇ ਪਲੇਠੇ ਸੈਸ਼ਨ ਵਿੱਚ ਵਿਧਾਨ ਸਭਾ ਵਿੱਚ ਗਿਆ ਤਾਂ ਉਸਦਾ ਉਥੇ ਨਿੱਘੇ ਤੇ ਭਰਵੇਂ ਸਵਾਗਤ ਵਿੱਚ ਸਾਰੀਆਂ ਪਾਟਰੀਆਂ ਦੇ ਵਿਧਾਨ ਸਭਾ ਮੈਂਬਰਾਂ ਨੇ ਮੇਜ਼ ਥਪਥਪਾਏ ਤੇ ਤਾੜੀਆਂ ਮਾਰੀਆਂ। ਜਦ ਸਦੀਕ ਨੇ ਉਮਰ ਤੇ ਰੁੱਤਬੇ ਵਜੋਂ ਆਪ ਤੋਂ ਵੱਡੇ ਮੁੱਖ-ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾਏ ਤਾਂ ਬਾਦਲ ਸਾਹਬ ਨੇ ਖੁਸ਼ ਹੋ ਕੇ ਥਾਪਣਾ ਦਿੱਤੀ। ਸੁਖਬੀਰ ਸਿੰਘ ਬਾਦਲ ਵੀ ਉਸਨੂੰ ਬਗਲਗੀਰ ਹੋਕੇ ਮਿਲੇ। ਵਿਧਾਨ ਸਭਾ ਵਿੱਚ ਸਦੀਕ ਸ਼ੰਮਲਾ ਝੂੰਮਣ ਲੱਗਿਆ। ਉਸਦੇ ਕੁਰਤੇ-ਚਾਦਰੇ ਨੇ ਉਹ ਦਿਨ ਚੇਤੇ ਕਰਵਾ ਦਿੱਤੇ ਜਦੋਂ ਮਨਪ੍ਰੀਤ ਸਿੰਘ ਬਾਦਲ ਦਾ ਨਾਨਾ ਮੁਕਤਸਰੀਆ ਵਿਧਾਇਕ ਹਰਚੰਦ ਸਿੰਘ ਫੱਤਣਵਾਲੀਆ ਵਿਧਾਨ ਸਭਾ ਵਿੱਚ ਚਾਦਰਾ ਬੰਨ੍ਹ ਕੇ ਜਾਇਆ ਕਰਦਾ ਸੀ। ਸਾਲਾਂ ਦੇ ਸਾਲਾਂ ਮਗਰੋਂ ਹੁਣ ਵਿਧਾਨ ਸਭਾ ਵਿੱਚ ਸਦੀਕ ਗਿਆ ਹੈ ਬਿਲਕੁਲ ਠੇਠ ਪੰਜਾਬੀ ਪਹਿਰਾਵੇ ਵਿੱਚ। ਪੰਜਾਬੀ ਗਾਇਕੀ ਨੇ ਵਿਧਾਨ ਸਭਾ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਹ ਸੰਗੀਤ ਜਗਤ ਲਈ ਬਹੁਤ ਸ਼ੁੱਭ ਹੋਇਆ ਹੈ।
****
1 comment:
bahut vadia likhay hai..
Post a Comment