ਵਿਧਾਨ ਸਭਾ ਵਿੱਚ ਝੂਲਦਾ ਸਦੀਕ ਦਾ ਸ਼ੰਮਲਾ......... ਲੇਖ / ਨਿੰਦਰ ਘੁਗਿਆਣਵੀ

ਮੁਹੰਮਦ ਸਦੀਕ ਪੰਜਾਬੀ ਦਾ  ਅਜਿਹਾ ਪਹਿਲਾ ਗਾਇਕ ਹੈ, ਜਿਹੜਾ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਬਣਿਆ ਹੈ। ਉਸ ਨੇ ਚੋਣ ਜਿੱਤ ਕੇ ਇਹ ਮਿੱਥ ਤੋੜ ਦਿੱਤੀ ਹੈ ਕਿ ਗਾਉਣ-ਵਜਾਉਣ ਵਾਲਿਆਂ ਲੋਕ ਹੁਣ ‘ਐਵੈ-ਕੈਵੇਂ’ ਨਹੀਂ ਸਮਝਦੇ, ਸਗੋਂ ਬੜੀ ਗੰਭੀਰਤਾ ਨਾਲ ਲੈਣ ਲੱਗੇ ਹਨ। ਬੜੀ ਦੇਰ ਪਹਿਲਾਂ ਸਦੀਕ ਨੇ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ ਵੀ ਸੀ ਕਿ ਕੋਈ ਵੇਲਾ ਸੀ ਜਦੋਂ ਲੋਕ ਗਾਉਣ-ਵਜਾਉਣ ਵਾਲਿਆਂ ਨੂੰ ਏਨਾ ਚੰਗਾ ਨਹੀਂ ਸਨ ਸਮਝਿਆ ਕਰਦੇ ਤੇ ਸਿਰਫ਼ ਤੇ ਸਿਰਫ ਮੰਨੋਰੰਜਨ ਤੀਕ ਹੀ ਸਬੰਧ ਰੱਖਦੇ ਸਨ। ਕੇਵਲ ਉਹਨਾਂ ਦੇ ਗੀਤ ਸੁਣਦੇ ਸਨ ਤੇ ਤੁਰਦੇ ਬਣਦੇ ਸਨ। ਬਹੁਤੀ ਵਾਰ ਤਾਂ ਤੂੜੀ ਵਾਲੇ ਕੋਠੇ ਜਾਂ ਘਰ ਤੋਂ ਦੂਰ ਕਿਸੇ ਦੇ ਪਸ਼ੂਆਂ ਵਾਲੇ ਵਾੜੇ ਵਿੱਚ ਹੀ ਮੰਜੇ ਡਾਹ ਕੇ ਬਹਾ ਲਿਆ ਜਾਂਦਾ ਸੀ ਤੇ ਧੀਆਂ-ਭੈਣਾਂ ਦੇ ਮੱਥੇ ਨਹੀਂ ਸੀ ਲੱਗਣ ਦਿੱਤਾ ਜਾਂਦਾ। ਰੋਟੀ-ਪਾਣੀ ਵੀ ਉਥੇ ਹੀ ਭੇਜ ਦਿੱਤਾ ਜਾਂਦਾ ਸੀ।  ਜਿਉਂ-ਜਿਉਂ ਜ਼ਮਾਨਾ ਬਦਲਦਾ ਗਿਆ। ਲੋਕਾਂ ਵਿੱਚ ਸੋਝੀ ਆਉਂਦੀ ਗਈ। ਵੱਡੇ ਘਰਾਂ ਦੇ ਮੁੰਡੇ-ਕੁੜੀਆਂ ਗਾਇਕ ਬਣਨ ਲੱਗੇ, ਤਿਓਂ-ਤਿਓਂ ਗਾਇਕੀ ਤੇ ਗਾਇਕਾਂ ਪ੍ਰਤੀ ਲੋਕਾਂ ਦੀ ਧਾਰਨਾ ਵਿੱਚ ਤਬਦੀਲੀ ਆਉਂਦੀ ਗਈ।
ਗਾਇਕ ਵਰਗ ਵਿੱਚੋਂ ਕਿਸੇ ਗਾਇਕ ਦਾ  ਪੰਜਾਬ ਦੀ ਵਿਧਾਨ ਸਭਾ ਜਾਂ ਭਾਰਤ ਦੀ ਲੋਕ ਸਭਾ ਦਾ ਮੈਂਬਰ ਬਣਨਾ ਫਿਰ ਵੀ ਹਾਲੇ ਫਿਰ ਦੂਰ ਦੀ ਗੱਲ ਸੀ। ਇਸ ਤੋਂ ਪਹਿਲਾਂ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਵੀ ਇਹ ਅਸਫ਼ਲ ਤਜੱਰਬਾ ਕਰ ਚੁੱਕਾ ਸੀ ਤੇ ਜਗਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਕਾਂਗਰਸ (ਤਿਵਾੜੀ) ਵੱਲੋਂ ਆਪਣੇ ਜੱਦੀ ਜਿ਼ਲ੍ਹਾ ਬਠਿੰਡਾ ਤੋਂ ਲੋਕ ਸਭਾ ਲਈ ਚੋਣ ਲੜ ਚੁੱਕਾ ਸੀ। ਮਾਣਕ ਨੂੰ ਇਸ ਦਾ ਬੜਾ ਮਾਣ ਸੀ ਕਿ ਉਸਦੇ ਮਲਵੱਈ ਬਠਿੰਡਵੀ ਪ੍ਰਸੰਸ਼ਕ ਉਸਨੂੰ ਜ਼ਰੂਰ ਹੀ ਲੋਕ ਸਭਾ ਵਿੱਚ ਭੇਜਣਗੇ। ਪਰੰਤੂ ਉਸਦੀਆਂ ਆਸਾਂ ਨੂੰ ਰਤਾ ਵੀ ਬੂਰ ਨਾ ਪਿਆ ਤੇ ਉਹ ਜਲਦੀ ਹੀ ਸਿਆਸਤਦਾਨਾਂ ਨੂੰ ਰਹਿ-ਰਹਿ ਕੇ ਕੋਸਣ ਲੱਗਿਆ। ਆਪਣੀਆਂ ਸਟੇਜਾਂ ‘ਤੇ  ਖਲੋ ਕੇ ਸਿਆਸਤਦਾਨਾਂ ‘ਤੇ ਵਿਅੰਗ ਕੱਸਣ ਲੱਗਿਆ। ਪਦਮ ਸ੍ਰੀ ਹੰਸ ਰਾਜ ਹੰਸ ਨਾਲ ਵੀ ਕੁਝ ਅਜਿਹਾ ਹੀ ਤਜਰਬਾ ਹੋਇਆ ਪਰ ਉਹ ਚੁੱਪ ਰਿਹਾ। ਨਾ ਉਸਨੇ ਕਿਸੇ ਨੂੰ ਚੰਗਾ ਕਿਹਾ, ਨਾ ਮੰਦਾ। ਤੇ ਭਗਵੰਤ ਮਾਨ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ( ਇੱਥੇ ਇਹ ਵੀ ਦੱਸ ਦਿਆਂ ਕਿ ਜਦ ਮੈਂ ਇਹ ਕਾਲਮ ਲਿਖ  ਰਿਹਾ ਸੀ ਤਾਂ ਸਦੀਕ ਸਾਹਬ ਨੇ ਫੋਨ ‘ਤੇ ਬੜੀ ਨਿਮਰਤਾ ਨਾਲ ਆਖਿਆ ਸੀ ਕਿ ਕਿਸੇ ਅਜਿਹੇ ਗਾਇਕ ਦਾ ਨਾਂ ਲਿਖਣ ਦੀ ਲੋੜ ਨਹੀਂ, ਜੋ ਚੋਣ ਹਾਰਿਆ ਹੈ, ਪ੍ਰੰਤੂ ਕਾਲਮ ਦੀ ਸਾਰਥਿਕਤਾ ਤੇ ਸਪੱਸ਼ਟਤਾ ਬਣਾਏ ਰੱਖਣ ਲਈ ਕੁਝ ਅਜਿਹੇ ਨਾਵਾਂ ਦਾ ਜਿ਼ਕਰ ਕਰਨਾ ਬਣਦਾ ਸੀ)।
ਪਰੰਤੂ ਸਦੀਕ ਸਾਹਬ ਨੇ ਤਾਂ ਜਿੱਤ ਕੇ ਕਮਾਲ ਹੀ ਕਰ ਵਿਖਾਈ ਹੈ ਤੇ ਅਗਾਂਹ ਵੀ ਹੋਰਨਾਂ ਗਾਇਕਾਂ ਲਈ ਵੀ ਰਸਤਾ ਖੋਲ੍ਹ ਦਿੱਤੈ। ਵੈਸੇ ਸੀ ਤਾਂ ਬੜਾ ਔਖਾ ਸੀ ਉਸ ਲਈ, ਕਿਉਂਕਿ ਉਹਦੇ ਇੱਕ ਪਾਸੇ ਪੰਜਾਬ ਦਾ ਆਈ.ਏ.ਐੱਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਤੇ ਉਹ ਵੀ ਜੱਦੀ ਜਿ਼ਲ੍ਹੇ ਦਾ (ਭਦੌੜ ਨੇੜੇ ਪਿੰਡ ਖੁੱਡੀ ਕਲਾਂ ਦਾ) ਤੇ ਦੂਜਾ ਇਹ ਕਿ ਰਿਹਾ ਵੀ ਉਹ ਮੁੱਖ-ਮੰਤਰੀ ਦਾ ਪ੍ਰਿੰਸੀਪਲ ਸਕੱਤਰ ਹੋਵੇ! ਇੱਕ ਪਾਸੇ ਪੰਜਾਬ ਦਾ ਇੱਕ ਉਹ ਕਲਾਕਾਰ (ਅੱਠਵੀਂ ਪਾਸ),ਜਿਸਨੇ ਆਪਣੀ ਸਹਿ-ਗਾਇਕਾ ਰਣਜੀਤ ਕੌਰ ਨਾਲ ਲੰਬਾ ਸਮਾਂ ਦੋਗਾਣੇ ਤੇ ਗੀਤ ਗਾ ਕੇ ਕੇਵਲ ਪੰਜਾਬ ਹੀ ਸਗੋਂ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਦੇ ਮਨਾਂ ਨੂੰ ਟੁੰਬਿਆ ਹੋਵੇ! ਔਖੈ-ਸੌਖੇ ਵੇਲੇ ਆਪਣੀ ਪਾਰਟੀ ਦਾ ਸਾਥ ਨਾ ਛੱਡਿਆ ਹੋਵੇ। ਬੜਾ ਦਿਲਚਸਪ ਮੰਜ਼ਰ ਸੀ। ਓਧਰ ਬੁੱਧੀਜੀਵੀ, ਸਿਆਸੀ ਤੇ ਪ੍ਰਸਾਸ਼ਨਿਕ ਵਰਗ ਦੇ ਉੱਘੇ ਲੋਕ ਆਖ ਰਹੇ ਸਨ ਕਿ ਗੁਰੂ ਅੱਗੇ ਸਦੀਕ ਦਾ ਕੁਝ ਵੱਟਿਆ ਨਹੀਂ ਜਾਣਾ...ਉਹ ਕਹਿੰਦੇ ਸਨ ਕਿ ਏਹ ਗਾਉਣ-ਗਾਣ ਵਾਲੇ ਤਾਂ ਬੱਸ ਉਂਝੇ ਹੀ ਹੁੰਦੇ ਨੇ। ਦੂਜੇ ਪਾਸੇ  ਸਦੀਕ ਨੂੰ ਦਿਲੋਂ ਚਾਹੁਣ ਵਾਲੇ ਆਖ ਰਹੇ ਸਨ ਕਿ ਗੁਰੂ ਜੀ ਸੇਵਾਮੁਕਤ ਹੋ ਕੇ ਚੋਣ ਤਾਂ ਲੜ ਰਹੇ ਨੇ ਪਰ ਹਾਲੇ ਅਫ਼ਸਰੀ ਰੰਗ ਉਹਨਾਂ ਤੋਂ ਲੱਥਾ ਨਹੀਂ ਹੈ। ਅਜਿਹੀਆਂ ਖ਼ਬਰਾਂ ਮੀਡੀਆ ਵਿੱਚ ਅਕਸਰ ਹੀ ਆ ਰਹੀਆਂ ਸਨ ਉਹਨੀਂ ਦਿਨੀ। ਇਹਨਾਂ ਟਿੱਪਣੀਆਂ ਨੂੰ ਮੈਂ ਆਪਣੇ ਟੋਰਾਂਟੋ ਰੇਡੀਓ ਦੇ ਰੋਜ਼ਾਨਾ ਸਿੱਧੇ ਪ੍ਰਸਾਰਿਤ ਪ੍ਰੋਗਰਾਮ ‘ਪੰਜਾਬ ਦੀ ਗੂੰਜ’ ਦਾ ਹਿੱਸਾ ਬਣਾਉਂਦਾ ਰਹਿੰਦਾ ਸਾਂ ਤਾਂ ਪਰਦੇਸਾਂ ਵਿੱਚ ਬੈਠੇ ਲੋਕ ਇਹਨਾਂ ਟਿੱਪਣੀਆਂ ਨੂੰ ਪਸੰਦ ਕਰਦੇ ਸਨ ਤੇ ਦੁਆ ਕਰਦੇ ਸਨ ਕਿ ਉਹਨਾਂ ਦੇ ਦਿਲਾਂ ਦਾ ਬਾਦਸ਼ਾਹ ਮਹੁੰਮਦ ਸਦੀਕ ਜ਼ਰੂਰ ਜਿੱਤੇਗਾ ! 
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲਈ ਸਾਲ 2005 ਵਿੱਚ  ਆਪਣੀ ਪੁਰਾਣੇ ਲੋਕ-ਗਾਇਕਾਂ ਬਾਰੇ ਲਿਖੀ ਪੁਸਤਕ ਵਿੱਚ ਸਦੀਕ ਸਾਹਬ ਬਾਰੇ ਮੈਂ ਲਿਖਿਆ ਸੀ ਕਿ ਉਹਨਾਂ ਨਾਲ ਮੇਰੀ ਸਾਂਝ ਉਦੋਂ ਦੀ ਹੈ, ਜਦੋਂ ਹਾਲੇ ਮੈਂ ਬਿਲਕੁਲ ਹੀ ਬੱਚਾ ਸਾਂ ਤਾ ਬਾਪੂ ਦੀ ਉਂਗਲੀ ਫੜ੍ਹ ਕੇ ਉਹਨਾਂ ਦੇ ਅਖਾੜੇ ਸੁਣਨ ਜਾਇਆ ਕਰਦਾ ਸਾਂ। ਮੇਰੇ ਬਾਪੂ ਜੀ ਮੁੱਢ ਤੋਂ ਹੀ ਸਦੀਕ ਦੇ ਬੜੇ ਡਾਹਢੇ ਫੈ਼ਨ ਹਨ। ਦੂਰ-ਦੂਰ ਤੀਕ ਉਹਨਾਂ ਦੇ ਅਖਾੜੇ ਸੁਣਨ ਲਈ ਪੈਰੀਂ ਵਾਟਾਂ ਗਾਹੁੰਦੇ ਜਾਂਦੇ ਸਨ। ਜਦ ਮੈਂ ਥੋੜ੍ਹਾ ਵੱਡਾ ਹੋਇਆ ਤਾਂ ਸਦੀਕ ਸਾਹਬ ਨੂੰ ਬੜੇ ਮੌਕਿਆਂ ‘ਤੇ ਬੜੀ ਵਾਰ ਮਿਲਣ ਦਾ ਮੌਕਾ ਮਿਲਿਆ ਹੈ। ਕਦੀ ਜੱਸੋਵਾਲ ਸਾਹਬ ਦੇ ਘਰ। ਕਦੀ ਪੰਜਾਬੀ ਭਵਨ। ਕਦੀ ਉਸਤਾਦ ਯਮਲਾ ਜੱਟ ਦੇ ਡੇਰੇ ਤੇ ਕਦੀ ਸਦੀਕ ਸਾਹਬ ਦੇ ਫਰੀਦਕੋਟੀਏ ਚੇਲੇ ਕੁਲਵਿੰਦਰ ਕੰਵਲ ਦੇ ਘਰ। ਉਹਨਾਂ ਨੂੰ ਕਦੀ ਵੀ ਫੋਕੀ ਫੜ੍ਹ ਮਾਰਦਿਆਂ ਨਹੀਂ ਦੇਖਿਆ-ਸੁਣਿਆ। ਕਦੀ ਗੰਭੀਰ ਮੁਦਰਾ ਵਿੱਚ ਬੈਠੇ ਦੇਖਿਆ ਹੈ ਤੇ ਕਦੀ ਹਾਸਾ-ਠੱਠਾ ਬਿਖੇਰਦੇ ਵੀ। ਹੁਣ ਵੀ ਉਹਨਾਂ ਆਪਣੀ ਜਿੱਤ ‘ਤੇ ਕੋਈ ਫੜ ਨਹੀਂ ਮਾਰੀ ਸਗੋਂ ਨਿਮਰਤਾ ਤੇ ਮੋਹ ਨਾਲ ਇਹ ਜਿੱਤ ਸਮੁੱਚੇ ਪੰਜਾਬੀਆਂ ਦੀ ਝੋਲੀ ਵਿੱਚ ਪਾਈ ਹੈ। ਅਜਿਹੇ ਸ਼ਬਦ ਇੱਕ ਸੱਚਾ ਤੇ ਲੋਕ-ਮੁਖੀ ਕਲਾਕਾਰ ਹੀ ਆਖ ਸਕਦਾ ਹੈ। ਸਦੀਕ ਨੇ ਤਾਂ ਇਹ ਵੀ ਕਿਹਾ ਕਿ ਗਾਇਕੀ ਕਾਰਨ ਹੀ ਉਸਨੂੰ ਇਹ ਮਾਣ ਮਿਲਿਆ ਹੈ। ਇਹੀ ਉਸਦੀ ਰੋਜ਼ੀ-ਰੋਟੀ ਹੈ ਤੇ ਗਾਇਨ ਦਾ ਪੱਲਾ ਉਹ ਅੰਤਿਮ ਸਾਹਾਂ ਤੀਕ ਨਹੀਂ ਛੱਡੇਗਾ।
ਜਿਸ ਦਿਨ ਸਦੀਕ ਵਿਧਾਨ ਸਭਾ ਦੇ ਪਲੇਠੇ ਸੈਸ਼ਨ ਵਿੱਚ ਵਿਧਾਨ ਸਭਾ ਵਿੱਚ ਗਿਆ ਤਾਂ ਉਸਦਾ ਉਥੇ ਨਿੱਘੇ ਤੇ ਭਰਵੇਂ ਸਵਾਗਤ ਵਿੱਚ ਸਾਰੀਆਂ ਪਾਟਰੀਆਂ ਦੇ ਵਿਧਾਨ ਸਭਾ ਮੈਂਬਰਾਂ ਨੇ ਮੇਜ਼ ਥਪਥਪਾਏ ਤੇ ਤਾੜੀਆਂ ਮਾਰੀਆਂ। ਜਦ ਸਦੀਕ ਨੇ ਉਮਰ ਤੇ ਰੁੱਤਬੇ ਵਜੋਂ ਆਪ ਤੋਂ ਵੱਡੇ ਮੁੱਖ-ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾਏ ਤਾਂ ਬਾਦਲ ਸਾਹਬ ਨੇ ਖੁਸ਼ ਹੋ ਕੇ ਥਾਪਣਾ ਦਿੱਤੀ। ਸੁਖਬੀਰ ਸਿੰਘ ਬਾਦਲ ਵੀ ਉਸਨੂੰ ਬਗਲਗੀਰ ਹੋਕੇ ਮਿਲੇ। ਵਿਧਾਨ ਸਭਾ ਵਿੱਚ ਸਦੀਕ ਸ਼ੰਮਲਾ ਝੂੰਮਣ ਲੱਗਿਆ। ਉਸਦੇ ਕੁਰਤੇ-ਚਾਦਰੇ ਨੇ ਉਹ ਦਿਨ ਚੇਤੇ ਕਰਵਾ ਦਿੱਤੇ ਜਦੋਂ ਮਨਪ੍ਰੀਤ ਸਿੰਘ ਬਾਦਲ ਦਾ ਨਾਨਾ ਮੁਕਤਸਰੀਆ ਵਿਧਾਇਕ ਹਰਚੰਦ ਸਿੰਘ ਫੱਤਣਵਾਲੀਆ ਵਿਧਾਨ ਸਭਾ ਵਿੱਚ ਚਾਦਰਾ ਬੰਨ੍ਹ ਕੇ ਜਾਇਆ ਕਰਦਾ ਸੀ। ਸਾਲਾਂ ਦੇ ਸਾਲਾਂ ਮਗਰੋਂ ਹੁਣ ਵਿਧਾਨ ਸਭਾ ਵਿੱਚ ਸਦੀਕ ਗਿਆ ਹੈ ਬਿਲਕੁਲ ਠੇਠ ਪੰਜਾਬੀ ਪਹਿਰਾਵੇ ਵਿੱਚ। ਪੰਜਾਬੀ ਗਾਇਕੀ ਨੇ ਵਿਧਾਨ ਸਭਾ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਹ ਸੰਗੀਤ ਜਗਤ ਲਈ ਬਹੁਤ ਸ਼ੁੱਭ ਹੋਇਆ ਹੈ।
****

1 comment:

Kulwant Happy said...

bahut vadia likhay hai..