ਉਸ ਨੇ 65 ਸਾਲ ਦੀ ਉਮਰ ਵਿੱਚ ਗ਼ਜ਼ਲ ਲਿਖਣੀ ਸਿੱਖੀ ਤੇ ਗ਼ਜ਼ਲ ਲਿਖਣੀ ਅਰੰਭੀ ਅਤੇ 8 ਕੁ ਸਾਲ ਦੀ ਗ਼ਜ਼ਲ ਸਿਰਜਣ
ਯਾਤਰਾ ਵਿੱਚ 500 ਤੋਂ ਵਾਧ ਗ਼ਜ਼ਲਾਂ ਲਿਖੀਆਂ ਹਨ।
੧- ‘ਗਾ ਜ਼ਿੰਦਗੀ ਦੇ ਗੀਤ ਤੂੰ’ (ਗ਼ਜ਼ਲ ਸੰਗ੍ਰਹਿ) 2003 ਵਿੱਚ,
੨- ‘ਜੋਤ ਸਾਹਸ ਦੀ ਜਗਾ’ (ਕਾਵਿ ਸੰਗ੍ਰਹਿ) 2005 ਵਿੱਚ,
੩- ‘ਬਣ ਸ਼ੁਆ ਤੂੰ’ (ਗ਼ਜ਼ਲ ਸੰਗ੍ਰਹਿ) 2006 ਵਿੱਚ,
੪- ‘ਰੌਸ਼ਨੀ ਦੀ ਭਾਲ’ (ਗ਼ਜ਼ਲ ਸੰਗ੍ਰਹਿ) 2007 ਵਿੱਚ,
੫- ‘ਸੁਲਗਦੀ ਲੀਕ’ (ਗ਼ਜ਼ਲ ਸੰਗ੍ਰਹਿ) 2008 ਵਿੱਚ ਅਤੇ
੬- ‘ਗੀਤ ਤੋਂ ਸੁਲਗਦੀ ਲੀਕ ਤਕ’ (ਗ਼ਜ਼ਲ ਸੰਗ੍ਰਹਿ) 2009
(ਲੋਕ ਗੀਤ ਪ੍ਰਕਾਸ਼ਨ)
ਇਸ ਵਿਚ ਪਹਿਲੇ ਪੰਜਾਂ
ਸੰਗ੍ਰਹਿਆਂ ਦੀਆਂ 423 ਗ਼ਜ਼ਲਾਂ ਸ਼ਾਮਲ ਹਨ।
੭- ‘ਢਲ ਰਹੇ ਐ ਸੂਰਜਾ’ (ਗ਼ਜ਼ਲ ਸੰਗ੍ਰਹਿ) 2011 ਵਿੱਚ ਛਪਿਆ।
ਪ੍ਰੋ. ਸੰਧੂ ਜਦ ਗੌਰਮਿੰਟ ਕਾਲਜ ਲੁਧਿਆਣਾ ਤੋਂ ਐਮ. ਏ. ਕਰ ਰਿਹਾ ਸੀ ਤਦ
ਉਹ ਕਾਲਜ ਮੈਗਜ਼ੀਨ ‘ਸਤਲੁਜ’ ਦਾ 1956-57 ਵਿੱਚ ਸੰਪਾਦਕ ਸੀ ਅਤੇ ਫੇਰ ਮਾਲਵਾ ਟ੍ਰੇਨਿੰਗ ਕਾਲਜ ਲੁਧਿਆਣਾ ਵਿਖੇ ਬੀ.
ਟੀ. ਕਰਦਿਆਂ ਵੀ 57-58 ਵਿੱਚ ਉਸ ਨੇ ਆਪਣੇ ਕਾਲਜ ਮੈਗਜ਼ੀਨ ‘ਮਾਲਵਾ’ ਦੀ ਸੰਪਾਦਨਾ ਕੀਤੀ ਸੀ।
ਇਹ ਉਸ ਦੇ ਸਿਦਕ, ਸਿਰੜ ਅਤੇ ਹੌਸਲੇ ਦਾ ਹੀ ਚਮਤਕਾਰ ਹੈ ਕਿ ਪੰਜਾਬ ਤੋਂ ਦੂਰ ਰਹਿੰਦਿਆਂ ਵੀ
ਉਸ ਨੇ ਗ਼ਜ਼ਲ ਵਿੱਚ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ। ਸ਼ਮਸ਼ੇਰ ਸਿੰਘ ਸੰਧੂ ਦਾ ਨਾਂ ਹੁਣ ਪੰਜਾਬੀ ਦੇ ਉੱਘੇ
ਗ਼ਜ਼ਲਕਾਰਾਂ ਦੀ ਲਿਸਟ ਵਿੱਚ ਹੈ। ਪੰਜਾਬੀ ਗ਼ਜ਼ਲ ਵਿੱਚ ਹੁਣ ਸਾਰਥਕ ਸੇਧ ਵਾਲੀ ਨਿਤ ਨਵੀਨ ਪ੍ਰਤੀਭਾ ਸ਼ਾਮਲ
ਹੋ ਰਹੀ ਹੈ।
ਪ੍ਰੋ. ਸੰਧੂ ਆਪਣੀਆਂ ਗ਼ਜ਼ਲਾਂ ਦੇ ਸਮੁੱਚੇ ਪਾਸਾਰ ਵਿੱਚ ਲੁੱਟੀ ਜਾ ਰਹੀ
ਧਿਰ ਦੇ ਪੱਖ ਵਿੱਚ ਅਤੇ ਲੁਟੇਰਿਆਂ ਦੇ ਵਿਰੋਧ ਵਿੱਚ ਖਲੋਂਦਾ ਹੈ। ਉਹ ਹਨੇਰਿਆਂ ਵਿੱਚ ਆਸ ਦਾ ਦੀਪ
ਜਗਾਉਂਦਾ ਹੈ। ਸ਼ਾਇਰ ਨੇ ਭਾਂਵੇਂ ਕ੍ਰਾਂਤੀ ਨਹੀਂ ਲਿਆਉਣੀ ਪਰ ਕ੍ਰਾਂਤੀ ਪ੍ਰਤੀ ਸਨੇਹ ਅਤੇ ਉਮੀਦ ਜਗਾਈ
ਜਾ ਸਕਦੀ ਹੈ। ਉਹ ਪਰਵਚਨ ਦਾ ਸਮਤੋਲ ਬਣਾਈ ਰੱਖਦਾ ਹੈ। ਗ਼ਜ਼ਲ ਵਿੱਚ ਸ਼ਿਲਪ ਅਤੇ ਕਲਾ ਦਾ ਮੂਲ ਮਹੱਤਵ
ਹੈ। ਪ੍ਰੋ. ਸੰਧੂ ਨੇ ਗ਼ਜ਼ਲ ਵਿਧਾਨ ਅਤੇ ਸ਼ਿਲਪ ਵਿੱਚ ਪ੍ਰਬੀਨਤਾ ਹਾਸਿਲ ਕਰਨ ਵਾਸਤੇ ਚੋਖੀ ਮਿਹਨਤ ਕੀਤੀ
ਹੈ।
ਸ਼ਮਸ਼ੇਰ ਸਿੰਘ ਸੰਧੂ ਇਕ ਸਫਲ ਪੰਜਾਬੀ ਗ਼ਜ਼ਲਕਾਰ ਹੈ। ਕੈਲਗਰੀ, ਕੈਨੇਡਾ ਦੇ ਗ਼ਜ਼ਲਗੋ ਕਸ਼ਮੀਰਾ
ਸਿੰਘ ਚਮਨ ਲਿਖਦੇ ਹਨ ਕਿ ‘ਸਮੁੱਚੇ ਤੌਰ ਤੇ ਵਜ਼ਨ ਪੱਖੋਂ ਇਨ੍ਹਾਂ ਗ਼ਜ਼ਲਾਂ ਵਿੱਚ ਕੋਈ ਕਮੀਂ ਨਹੀਂ। ਤਗ਼ਜ਼ਲ
ਵੀ ਹੈ ਤੇ ਰਵਾਨੀ ਵਿੱਚ ਵੀ ਕਿਤੇ ਫਰਕ ਨਹੀਂ। ਸੰਧੂ ਨੇ ਮੁਹਾਵਰੇ, ਬਿੰਬ, ਪਰਤੀਕਾਂ, ਨੈਤਿਕਤਾ, ਜੀਵਨ ਜਾਚ, ਘਰ ਦਾ ਪਿਆਰ,
ਦੇਸ਼ ਵਿਛੋੜੇ ਦੀ ਕਸਕ, ਸਮਾਜਿਕ ਜ਼ੁੰਮੇਵਾਰੀਆਂ ਭਰਿਆ ਪਿਆਰ ਅਨੁਭਵ, ਸੁਹਜ ਸੁਆਦ,
ਸਮਕਾਲੀ ਸਮਾਜਿਕ-ਰਾਜਨੀਤਿਕ ਚੋਭਾਂ, ਆਪਾ ਵਾਰਦੀ ਸਵੈ ਪੜਚੋਲ ਦੀਆਂ ਝਲਕੀਆਂ ਨੂੰ ਦਿਲਕਸ਼ ਤੇ ਨਵੀਨ ਢੰਗ ਨਾਲ
ਇਨ੍ਹਾਂ ਗ਼ਜ਼ਲਾਂ ਵਿੱਚ ਪੇਸ਼ ਕੀਤਾ ਹੈ’।
ਇਕਬਾਲ ਅਰਪਨ (ਕੈਲਗਰੀ) ਦਾ ਕਹਿਣਾ ਹੈ ਕਿ ‘ਗ਼ਜ਼ਲ ਦੇ ਖੇਤਰ ਵਿੱਚ ਸ਼ਮਸ਼ੇਰ
ਸਿੰਘ ਸੰਧੂ ਨੇ……ਪਾਠਕਾਂ ਨੂੰ ਨਿਰਾਸ਼ ਨਹੀਂ ਕੀਤਾ। ਸ਼ਮਸ਼ੇਰ ਸਿੰਘ ਸੰਧੂ ਦੀਆਂ ਗ਼ਜ਼ਲਾਂ ਦੇ
ਦੋ ਪਹਿਲੂ ਹਨ। ਉਸ ਦੀ ਪੂਰੀ ਦੀ ਪੂਰੀ ਸ਼ਾਇਰੀ ਪਿਆਰ ਦੇ ਰੰਗ ਅਤੇ ਸਮਾਜ ਵਿੱਚ ਵਾਪਰ ਰਹੀਆਂ ਕੁਰੀਤੀਆਂ
ਦੁਆਲੇ ਘੁੰਮਦੀ ਹੈ। ਲੋਕਾਂ ਨਾਲ ਪਿਆਰ ਜਾਂ ਸਮੁੱਚੀ ਮਨੁੱਖਤਾ ਨਾਲ ਪਿਆਰ ਅਤੇ ਮਹਿਬੂਬ ਜਾਂ ਮਹਿਬੂਬਾ
ਨਾਲ ਪਿਆਰ। …ਸ਼ਮਸ਼ੇਰ ਸਿੰਘ ਸੰਧੂ ਦਾ ਗ਼ਜ਼ਲ ਦੇ ਖੇਤਰ ਵਿੱਚ ਇਕ ਵਧੀਆ ਉਪਰਾਲਾ ਹੈ। ਪੰਜਾਬੀ
ਸਾਹਿਤ ਵਿੱਚ ਉਸ ਦਾ ਨਿੱਘਾ ਸਵਾਗਤ ਹੈ’।
ਪ੍ਰੋ. ਮੋਹਨ ਸਿੰਘ ਔਜਲਾ ਦਾ ਕਥਨ ਹੈ ਕਿ ‘ਜਿਸ ਲਗਣ ਅਤੇ ਮਿਹਨਤ
ਨਾਲ ਸੰਧੂ ਗ਼ਜ਼ਲ ਰਚਨਾ ਦੇ ਖੇਤਰ ਵਿੱਚ ਨਿੱਤਰਿਆ ਹੈ ਉਹ ਬਹੁਤ ਸਰਾਹਣਾ ਯੋਗ ਹੈ। ਸੰਧੂ ਦਾ ਇਹ ਗ਼ਜ਼ਲ
ਸੰਗ੍ਰਹਿ ਸ਼ਬਦ ਚੋਣ, ਸ਼ਬਦ ਜੜਤ ਤੇ ਰਵਾਨੀ ਦੇ ਪੱਖ ਤੋਂ ਬਹੁਤ ਉੱਤਮ ਰਚਨਾ ਹੈ। ਵਿਸ਼ੇ ਅਤੇ ਵਰਤੀਆਂ
ਬਹਿਰਾਂ ਤੇ ਉਸ ਨੂੰ ਪੂਰਾ ਅਬੂਰ ਹੈ ਅਤੇ ਉਸ ਨੇ ਉਤਮ ਢੰਗ ਨਾਲ ਉਹਨਾ ਨੂੰ ਨਿਭਾਇਆ ਹੈ। ਪੰਜਾਬੀ ਸਾਹਿਤ
ਨੂੰ ਇਸ ਸਲਾਘਾ ਯੋਗ ਦੇਣ ਸਦਕਾ ਉਹ ਵਧਾਈ ਦਾ ਪਾਤਰ ਹੈ’।
ਡਾ. ਹਰਭਜਨ ਸਿੰਘ ਢਿੱਲੋਂ ਦਾ ਵਿਚਾਰ ਹੈ ਕਿ ‘ਸ਼ਮਸ਼ੇਰ ਸਿੰਘ ਸੰਧੂ ਨੇ
… ਵਿਭਿੰਨ ਕਾਵਿ ਬਹਿਰਾਂ ਦੀ ਵਰਤੋਂ ਕਰਦਿਆਂ ਅਜੋਕੇ ਮਾਨਵੀ ਸਰੋਕਾਰਾਂ ਨੁੰ ਕਾਵਿਕ ਮੁਹਾਵਰੇ ਰਾਹੀਂ
ਸਿਰਜਣ ਅਤੇ ਵਿਆਖਿਆਉਣ ਦਾ ਸਫਲ ਯਤਨ ਕੀਤਾ ਹੈ ਜੋ ਸੰਧੂ ਦੀ ਤੀਖਣ ਦਰਿਸ਼ਟੀ ਤੇ ਮਾਨਵਵਾਦੀ ਸੋਚ ਦਾ
ਲਖਾਇਕ ਹੈ। ਇਸ ਵਿੱਚ ਸਥਿਤੀਆਂ, ਮਾਨਵ, ਮਨੁੱਖੀ ਰਿਸ਼ਤਿਆਂ ਅਤੇ ਮਾਨਵੀ ਮੁੱਲਾਂ ਦੀ ਸੁਚੱਜੀ ਪੇਸ਼ਕਾਰੀ ਤਾਂ ਹੈ ਹੀ
ਇਹਨਾ ਦੇ ਆਰ ਪਾਰ ਦੇਖਕੇ ਇਹਨਾ ਨਾਲ ਗੰਭੀਰ ਸੰਵਾਦ ਰਚਾਉਣ ਦਾ ਯਤਨ ਵੀ ਕੀਤਾ ਗਿਆ ਹੈ’।
ਡਾ. ਬਲਬੀਰ ਸਿੰਘ ਪੂੰਨੀ (ਵੈਨਕੂਵਰ) ਆਪਣੀ ਪੁਸਤਕ ‘ਕਨੇਡੀਅਨ ਪੰਜਾਬੀ ਕਵਿਤਾ’
ਦੇ ਲੇਖ ‘ਸ਼ਮਸ਼ੇਰ ਸਿੰਘ ਸੰਧੂ ਦਾ ਕਾਵਿ ਜਗਤ’ ਵਿੱਚ ਲਿਖਦੇ ਹਣ ਹੈ ਕਿ
“ਸ਼ਮਸ਼ੇਰ ਸਿੰਘ ਸੰਧੂ ਨੇ ਜਿੱਥੇ ਵਿਭਿੰਨ ਵਿਸ਼ਿਆਂ ਨੂੰ ਆਪਣੀਆਂ ਗ਼ਜ਼ਲਾਂ, ਕਵਿਤਾਵਾਂ ਵਿੱਚ ਪੇਸ਼
ਕੀਤਾ ਹੈ ਓਥੇ ਉਹ ਰੂਪਕ ਪੱਖ ਤੋਂ ਕਲਾਤਮਕ ਜੁਗਤਾਂ ਦੀ ਵਰਤੋਂ ਕਰਦਾ ਹੈ। ਉਸ ਨੇ ਨਵੇਂ ਪ੍ਰਤੀਕ ਬਿੰਬਾਂ
ਦੀ ਸਿਰਜਣਾ ਕੀਤੀ ਹੈ। ਉਹ ਅਮਨ ਪਸੰਦ ਸ਼ਾਇਰ ਹੈ ਜਿਸ ਨੂੰ ਜੰਗ ਨਾਲ ਨਫਰਤ ਹੈ। ਉਹ ਸਰਬੱਤ ਦੇ ਭਲੇ
ਦੀ ਗੱਲ ਕਰਦਾ ਹੈ। … ਉਹ ਇਕ ਪ੍ਰੌੜ ਕਵੀ ਹੈ। ਗਿਣਵੇਂ ਤੋਲਵੇਂ ਸ਼ਬਦਾਂ ਦੀ ਉਹ ਵਰਤੋਂ ਕਰਦਾ ਹੈ”।
ਲੁਧਿਆਣਾ ਸਥਿੱਤ ਪਰਮੁੱਖ ਵਕਾਰੀ ਸਾਹਿਤਕ ਸੰਸਥਾ ‘ਸਿਰਜਨਧਾਰਾ’
ਨੇ ਸ਼ਮਸ਼ੇਰ ਸਿੰਘ ਸੰਧੂ ਦੇ ਗ਼ਜ਼ਲ ਸੰਗ੍ਰਹਿ ‘ਗਾ ਜ਼ਿੰਦਗੀ ਦੇ ਗੀਤ ਤੂੰ’ ਤੇ ਉਨ੍ਹਾਂ ਨੂੰ 2004 ਵਿੱਚ ‘ਪੰਜਾਬ ਦੀ ਖੁਸ਼ਬੂ’
ਅਵਾਰਡ ਨਾਲ ਸਨਮਾਨਿਤ ਕੀਤਾ। ਸ. ਕਰਮਜੀਤ ਸਿੰਘ ਔਜਲਾ ਇਸ ਸੰਸਥਾ ਦੇ ਪ੍ਰਧਾਨ ਤੇ ਪ੍ਰੋ. ਕੁਲਵੰਤ
ਸਿੰਘ ਜਗਰਾਉਂ ਜਨਰਲ ਸਕੱਤਰ ਸਨ।
ਭਾਵੇਂ ਪ੍ਰੋ. ਸੰਧੂ ਪੰਜਾਬ ਤੋਂ ਦੂਰ ਕੈਲਗਰੀ, ਕੈਨੇਡਾ ਵਿੱਚ ਵਿਚਰ ਰਿਹਾ
ਹੈ ਪਰ ਉਸ ਦੀ ਗ਼ਜ਼ਲ ਨੇ ਵਿਦਵਾਨਾਂ ਅਤੇ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਸਫਲਤਾ ਪ੍ਰਾਪਤ ਕੀਤੀ
ਹੈ। ਪ੍ਰੋ. ਸੰਧੂ ਇਕ ਸਫਲ ਪੰਜਾਬੀ ਗ਼ਜ਼ਲਕਾਰ ਹੈ। ਪ੍ਰੋ. ਸੰਧੂ ਦੇ ਵੱਖ ਵੱਖ ਵਿਸ਼ਿਆਂ ਦੇ ਸ਼ਿਅਰਾਂ ਦੇ
ਕਿਰਮਚੀ ਰੰਗ ਨਜ਼ਰ ਆਉਂਦੇ ਹਨ। ਸ਼ਾਇਰ ਨੇ ਆਪਣੀ ਗੱਲ ਕਿੰਨੇ ਸਹਿਜ, ਸਲੀਕੇ ਅਤੇ ਸਰਲਤਾ ਨਾਲ
ਕੀਤੀ ਹੈ:
• ਕੂੰਜਾਂ ਦੇ ਵਾਂਗ ਯਾਦਾਂ,
ਉਤਰਨ ਜਾਂ ਦਿਲ ਦੇ ਵਿਹੜੇ
ਬੁੱਲਾ ਹਵਾ ਦਾ ਆਵੇ
ਸੰਦਲੀ ਫੁਹਾਰ ਵਰਗਾ।
• ਮੈਂ ਜ਼ਿੰਦਗੀ ਚੋਂ ਕਿਸ
ਤਰ੍ਹਾਂ ਇਹ ਕਾਲਖਾਂ ਮਿਟਾ ਸਕਾਂ
ਨਿਤਾਣਿਆਂ ਨੂੰ ਤਾਣ ਦੇਕੇ ਮਾਨ ਵੀ
ਦੁਆ ਸਕਾਂ।
ਕਟਾਕੇ ਪਰ ਵੀ ਸੋਚਦਾਂ
ਮੈਂ ਸਾਥੀਆਂ ‘ਚ ਜਾ ਰਲਾਂ
ਤੇ ਪਿੰਜਰੇ ਨੂੰ ਤੋੜਕੇ ਮੈਂ ਤਾਰੀਆਂ
ਲਗਾ ਸਕਾਂ।
• ਅੰਧਰਾਤਿਆਂ ਦੇ ਮਾਰੇ ਧਰਮਾਂ ਦੇ ਲੋਕ ਸਾਰੇ
ਮਜ਼ਹਬ ਨਾ ਹੋਰ ਕੋਈ ਸੁੱਚੇ ਪਿਆਰ ਵਰਗਾ।
• ਫੇਰ ਜਾਪੇ ਬਾਬਰਾਂ ਨੇ, ਹਿੰਦ
ਮੱਲੀ ਆਣਕੇ
ਕਲਮ ਤੇ ਤਲਵਾਰ ਦੇ ਤੂੰ, ਨਾਨਕਾ ਜੌਹਰ ਵਖਾ।
• ਦੇਖੋ ਨਾ ਡੁਬ ਜਾਏ
ਕਿਸ਼ਤੀ ਤੂਫਾਨ ਘੇਰੇ
ਮੰਜ਼ਲ ਨਾ ਪਹੁੰਚ ਪਾਏ ਚੀਰੇ
ਨਾ ਜੋ ਹਨੇਰੇ।
• ਸੋਚਾਂ ਉਸ ਦੀ ਯਾਦ ਭਲਾ
ਮੈਂ ਕੀ
ਕਰਨੀ
ਪਰ ਨਾ ਪਿੱਛਾ ਛਡਦੀ ਨਿਸ ਦਿਨ ਚਿਤ ਹਰਨੀ।
• ਹਰਮੰਦਰ ਦੀ ਨੀਂਹ ਉਡੀਕੇ,
ਮੀਆਂ ਮੀਰੀ ਛੋਹਾਂ ਨੂੰ
ਵਿਚ ਅਰਦਾਸਾਂ ਨਾਂ ਦਾ ਨੌਂਗਾ, ਕਦ ਤੂੰ ਉਸ ਦਾ ਪਾਵੇਂਗਾ।
• ਇਕ ਤੋਂ ਦੋ ਪੰਜਾਬ ਬਣਾਏ ਧਰਮਾਂ ਦੇ
ਟਕਰਾਵਾਂ ਨੇ
ਮੋਹਨ ਆਕੇ ਫਿਰ ਵੀ ਸਭਨੂੰ ਕਿੱਸੇ ਪੰਜ ਦਰਿਆਵਾਂ ਦੇ।
• ਜ਼ੁਲਮਾਂ ਦੀ ਇਸ ਬੇਲਾ
ਅੰਦਰ ਥਾਂ ਥਾਂ ਕਾਤਲ ਠੱਗ ਉਚੱਕੇ
ਵੰਡੀ ਸਾਰੀ ਧਰਤੀ ਬੈਠੇ ਵੰਡੀ ਬੋਲੀ ਵੀਰੇ ਮਾਂਵਾਂ।
• ਵੰਡੇ ਨਾਨਕ ਤੇ ਮਰਦਾਨੇ, ਸਿੰਘ ਫਤਿਹ ਤੇ ਫਤਿਹ ਮੁਹੰਮਦ
ਰਾਮ ਰਹੀਮਾਂ ਦੀ ਇਸ ਵੰਡੀ ਵੰਡਿਆ ਪੰਜਾਂ ਹੀ ਦਰਿਆਵਾਂ।
• ਨਾਂ ਤੇਰੇ ਦਾ ਚੇਤਾ ਛੇੜੇ
ਰਾਗਨੀਆਂ
ਦਰਸ ਤੇਰੇ ਦੀ ਲੋਚਾ ਪਾਵੇ ਫੁੱਮਣੀਆਂ।
• ਵਿੱਚ ਉਡੀਕਾਂ ਸ਼ਾਮੀਂ
ਸੂਰਜ ਆ ਢਲਿਆ
ਕੰਧਾਂ ਵਾਂਗੂੰ ਯਾਦਾਂ ਨੇ ਹੈ ਆ ਵਲਿਆ।
• ਗ਼ਜ਼ਲਾਂ ਤੇ ਗੀਤ ਮੇਰੇ
ਹੋਵਣਗੇ ਉਹ ਨਿਸ਼ਾਨੀ
ਬੋਲੀ ਮੇਰੀ ਜੋ ਦਿੱਤੇ
ਯਾਰੋ ਉਧਾਰ ਮੈਨੂੰ।
• ਬੰਦੇ ਨੂੰ ਜੋ ਨਾ ਬੰਦਾ
ਜਾਣੇ ਉਹ ਧਰਮ ਕੈਸਾ
ਜ਼ਾਹਰ ਨੂੰ ਛੋਡ ਟੋਲੇ ਮੜ੍ਹੀਆਂ ਮਸਾਨ ਅੰਦਰ।
• ਚਿੜੀਆਂ ਨੇ ਫੇਰ ਤੋੜਨਾ
ਬਾਜ਼ਾਂ ਦੇ ਮਾਨ ਨੂੰ
ਚਾਰੋਂ ਤਰਫ ਤੋਂ ਉਠਣਾ
ਐਸਾ ਤੁਫਾਨ ਹੈ।
• ਸਾਰੇ ਅਦੀਬ
ਸਾਡੇ ਦੇਕੇ ਗਏ ਜੋ ਸਾਨੂੰ
ਦੌਲਤ ਮਹਾਨ ਸਾਹਿਤ ਨਾਨਕ ਸੀ ਪਰ ਨਿਰਾਲਾ।
• ਪੰਛੀ ਹਵਾ ਦੇ ਝੰਬੇ ਵਾਂਗੂੰ ਹੈ ਹਾਲ ਮੇਰਾ
ਘਾਇਲ ਜੋ ਕਰ ਗਈ ਹੈ ਦਿਸਦੀ ਕਟਾਰ ਨਾਹੀਂ।
• ਕਸ਼ਤੀ ਬਣਾ ਤੂੰ ਤਨ ਦੀ ਚੱਪੂ ਬਣਾ
ਤੂੰ ਮਨ ਦਾ
ਬਿਨ ਹੌਸਲੇ ਦੇ ਸੰਧੂ
ਹੋਣਾ ਤੂੰ ਪਾਰ ਨਾਹੀਂ।
• ਮੰਜ਼ਲ ਦੀ ਦੂਰੀ ਵਧ ਗਈ
ਜਿੰਨੀ ਕੁ ਹੋਰ ਸੀ
ਓਨੀ ਹੀ ਤੇਜ਼ ਹੋ ਗਈ ਮੇਰੀ ਵੀ ਤੋਰ ਸੀ।
• ਜੰਗਾਂ ਦਾ ਇਹ ਕੁਲਹਿਣਾ
ਵਧਦਾ ਹੀ ਦੌਰ ਜਾਵੇ
ਕੋਈ ਤੇ ਵਕਤ ਆਵੇ ਇਸ ਨੂੰ
ਜੋ ਠੱਲ੍ਹ ਪਾਵੇ।
• ਲੋਕਾਂ ਦਾ ਰਾਜ ਆਖੇ ਦੁਨੀਆਂ
ਤੇ ਮੈਂ ਲਿਆਉਣਾ
ਗੋਲਾ ਬਰੂਦ ਚਿਣਕੇ ਨੀਹਾਂ ਬਣਾਈ
ਫਿਰਦਾ।
• ਤੂੰ ਕਣੀ ਨੂੰ ਕਿਸ ਤਰ੍ਹਾਂ
ਦਸ ਸਾਗਰਾਂ ਦਾ ਰੂਪ ਦੇਂ
ਬੀਜ ਅੰਦਰ ਭੇਤ ਸਾਰੇ ਕਿਵ ਲਕੋ ਫਿਰ ਫੋਲਦਾ।
• ਅਪਣੇ ਲਹੂ ਦੀ ਲਾਟ ਨੂੰ
ਚਾਨਣ ਬਣਾਓ ਦੋਸਤੋ
ਅਕਲਾਂ ਤੇ ਇਲਮਾਂ ਆਸਰੇ ਸਾਥੀ ਜਗਾਓ ਦੋਸਤੋ।
• ਨਿਰਮਲ ਮਲੂਕ ਸੁਪਨੇ ਸ਼ਬਦਾਂ
ਦੇ ਪਹਿਣ ਵਸਤਰ
ਦਿਲ ਨੂੰ ਨੇ ਆਣ ਲਾਉਂਦੇ ਕੈਸਾ ਹੁਸੀਨ ਲਾਰਾ।
• ਗ਼ਜ਼ਲਾਂ ਤੇ ਗੀਤ ਮੇਰੇ
ਪਰਵਾਜ਼ ਵੀ ਨੇ ਭੁੱਲੇ
ਕੀਕਣ ਭਰਾਂ ਉਡਾਨਾਂ ਕਤਰੇ ਹੀ ਪਰ ਗਏ ਨੇ।
• ਟੁੰਬੇ ਨਾ ਜੋ ਮਨਾਂ ਨੂੰ ਜੀਵਨ ਨਾ
ਸੇਧ ਦੇਵੇ
ਕਾਹਦੀ ਉਹ ਫਿਰ ਕਲਾ ਹੈ
ਜਾਪੇ ਕਲ੍ਹਾ ਕਲੰਦਰ।
• ਮੇਰੇ ਤੇ ਵਾਲ ਖਿਲਰੇ
ਮੇਰੇ ਖ਼ਿਆਲ ਵਾਂਗੂੰ
ਮੇਰੇ ਨਸੀਬ ਕਿੱਥੇ ਵਾਲਾਂ ‘ਚ ਫੁਲ ਸਵਾਰਨੇ।
• ਫਿਰ ਯਾਦਾਂ ਦੀ ਵਾਛੜ
ਆਈ ਨੈਣ ਮਿਰੇ ਨੇ ਸਿੱਲ੍ਹੇ ਸਿੱਲ੍ਹੇ
ਦਿਲ ਮੇਰੇ ਦੇ ਕੰਧਾਂ ਕੋਠੇ ਜਾਪਣ ਥਿੜਕੇ ਹਿੱਲ੍ਹੇ ਹਿੱਲ੍ਹੇ।
• ਗੰਗਾ ਜਲ ਤੇ ਆਬੇ ਜ਼ਮਜ਼ਮ
ਪੀਕੇ ਵੇਖੇ
ਉਸ ਚੋਂ ਮੈਨੂੰ ਹਰਮੰਦਰ ਦੇ ਪੈਣ ਭੁਲੇਖੇ।
• ਇਕ ਤੋਂ ਦੋ ਪੰਜਾਬ ਬਣਾਏ ਧਰਮਾਂ ਦੇ
ਟਕਰਾਵਾਂ ਨੇ
ਮੋਹਨ ਆਕੇ ਫਿਰ ਵੀ ਸਾਨੂੰ ਕਿੱਸੇ ਪੰਜ ਦਰਿਆਵਾਂ ਦੇ।
• ਮੁਲਕਾਂ ਦੀ ਵੰਡ ਯਾਰੋ
ਕੀਤਾ ਸੀ ਘਾਣ ਐਸਾ
ਜੜ੍ਹ ਹੀ ਪਕੜ ਨਾ ਪਾਏ ਉਮਰਾ ਹੀ ਮਾਤ ਗੁਜ਼ਰੀ।
• ਸੰਧੂ ਨਾ ਪਾ ਖਲਾਰਾ ਸ਼ੇਖੀ ਬਖੇਰ ਨਾਹੀਂ
ਸ਼ਾਇਰ ਜੋ ਹੁਨਰ ਹਾਸਲ ਅਦਬੀ ਕਮਾਲ ਰੱਖੇ।
ੋ ਲੋਚਾਂ ਦਿਨੇ ਤੇ
ਰਾਤੀਂ ਤੇਰਾ ਦੀਦਾਰ ਆਵੇ
ਤੇਰਾ ਹੀ ਨਾਮ ਲੈ ਕੇ ਦਿਲ ਨੂੰ ਕਰਾਰ ਆਵੇ।
• ਅੱਖਾਂ ਦਾ ਨੂਰ ਜਾਵੇ
ਤੇਰਾ ਦੀਦਾਰ ਕਰਦੇ
ਸਾਹਾਂ ਦੀ ਡੋਰ ਟੁੱਟੇ ਤੇਰਾ ਹੀ ਨਾਂ ਉਚਰਦੇ।
• ਸੁਪਨੇ ‘ਚ ਰੋਜ਼ ਤੇਰੀ ਡੋਲੀ ਨੂੰ
ਮੈਂ ਲਿਆਵਾਂ
ਸੁੰਞਾਂ ਪਿਆ ਇਹ ਵਿਹੜਾ ਸ਼ਗਨੀ ਪਿਆ ਸਜਾਵਾਂ।
• ਬੁੱਲਾਂ ਨੂੰ ਬੰਦ ਕਰਕੇ
ਨੈਣਾਂ ਦੇ ਬਾਰ ਢੋ ਕੇ
ਰੱਖਾਂ ਮੈਂ ਦਿਲ ‘ਚ ਅਪਣੇ ਉਸ ਨੂੰ ਲਕੋ ਲਕੋ ਕੇ।
• ਵਲਵਲੇ ਜਜ਼ਬੇ ਉਮੀਦਾਂ
ਸੱਧਰਾਂ
ਤੜਪਦੇ ਨੇ ਬਿਨ ਤੇਰੇ ਮੈਂ ਕੀ ਕਰਾਂ।
• ਘਰੇ ਚੈਨ ਮੈਨੂੰ ਨਾ ਆਰਾਮ
ਬਾਹਰ
ਤੇਰੇ ਬਿਨ ਇਹ ਪਲ ਪਲ ਉਦਾਸੇ ਨੇ ਸਾਰੇ।
• ਛੋਹਾਂ ਤੋਂ ਹੋ ਕੇ ਹੀਣੇ
ਅਹਿਸਾਸ ਠਰ ਗਏ ਨੇ
ਤੇਰੇ ਸਪਰਸ਼ ਖਿੜਦਾ ਦਿਲ ਦਾ ਗੁਲਾਬ ਯਾਰਾ।
• ਤੇਰੀ ਜੁਦਾਈ ਮੈਨੂੰ ਕੀਤਾ
ਨਿਢਾਲ ਸਜਣਾ
ਤਰਸੇ ਪਏ ਹਾਂ ਕਦ ਤੋਂ ਮੁਖੜਾ ਵਿਖਾਲ ਸਜਣਾ।
ਪ੍ਰੋ. ਸੰਧੂ ਆਪਣੀ ਜਨਮ ਭੂਮੀਂ ਤੋਂ ਵਿੱਛੜਕੇ ਉਸ ਨੂੰ ਯਾਦ ਕਰਦਾ ਹੈ ਪਰ
ਉਹ ਮੇਜ਼ਬਾਨ ਦੇਸ਼ ਨੂੰ ਵੀ ਨਹੀਂ ਭੁੱਲਦਾ। ਉਸ ਦੀ ਵਤਨ ਪ੍ਰਤੀ ਹੁੱਬ ਬਾਰ ਬਾਰ ਸ਼ਿਅਰਾਂ ਵਿੱਚ ਝਲਕਦੀ
ਹੈ।
ਜਦ ਵਤਨ ਦੀ ਯਾਦ ਆਵੇ ਕੀ ਕਰਾਂ
ਡੁਬ ਡੁਬਾਂਦੇ ਨੈਣ ਧੀਰਜ ਕਿਵ ਧਰਾਂ।
ਇਸ ਗਰਾਂ ਵੀ ਵੰਸ਼ ਮੇਰੀ
ਵੱਸਦੀ
ਬੇੜੀਆਂ ਦੋਹਾਂ ‘ਚ ਕੱਠਾ ਕਿਵ ਤਰਾਂ।
ਉਹ ਸਾਰੀ ਧਰਤ ਨੂੰ ਧਰਤੀ ਮਾਂ ਕਹਿੰਦਾ ਹੈ ਤੇ ਧਰਤੀ ਤੇ ਪਈਆਂ ਲੀਕਾਂ ਨੂੰ
ਰੱਦ ਕਰਦਾ ਹੈ:
ਇਹ ਵੀ ਮੇਰੀ ਉਹ ਵੀ ਮੇਰੀ, ਵੰਡ ਪਾਵਾਂ ਕਿੰਜ ਮੈਂ
ਧਰਤ ਮਾਂ ਤੇ ਹਰ ਜਗ੍ਹਾ
ਤੇ, ਲੈ ਬਲਾਵਾਂ ਦੋਸਤੋ।
ਸਾਰੀ ਧਰਤੀ ਨੂੰ ਮਾਂ ਸਮਝਣ ਵਾਲੇ ਇਸ ਸ਼ਾਇਰ ਨੇ ਏਸੇ ਭਾਵਨਾ ਅਧੀਨ 2003 ਵਿੱਚ ਕੈਨੇਡਾ ਦੇ ਰਾਸ਼ਟਰੀ
ਗੀਤ ‘ਓ ਕੈਨੇਡਾ’ ਦਾ ਪੰਜਾਬੀ ਰੂਪ ਤਿਆਰ ਕਰਕੇ ਕੈਨੇਡਾ ਭਰ ਵਿੱਚ ਨਾਮਨਾ ਖੱਟਿਆ ਜਿਸ ਤੇ
ਸਾਨੂੰ ਸਾਰਿਆਂ ਨੂੰ ਬੜਾ ਮਾਨ ਹੈ। ਉਸ ਨੇ ‘ਓ ਕੈਨੇਡਾ’ ਦਾ ਹਿੰਦੀ ਤੇ ਉਰਦੂ ਰੂਪਾਂਤਰ
ਤਿਆਰ ਕਰਕੇ ਇਕ ਹੋਰ ਮੱਲ ਮਾਰੀ ਹੈ। 2005 ਵਿੱਚ ਜਦ ਕੈਨੇਡਾ ਦਾ ਅਲਬਰਟਾ ਸੂਬਾ ਆਪਣਾ 100ਵਾਂ ਜਨਮ ਦਿਨ ਮਨਾ ਰਿਹਾ
ਸੀ ਤਾਂ ਸ਼ਮਸ਼ੇਰ ਸਿੰਘ ਸੰਧੂ ਨੇ ਮੈਰੀ ਕੈਫਟਨਬੈਲਡ ਦੁਆਰਾ ਲਿਖੇ ਗੀਤ ‘ਅਲਬਰਟਾ’ ਦਾ ਬਹੁਤ ਖੁਬਸੂਰਤ ਪੰਜਾਬੀ
ਰੂਪਾਂਤਰ ਤਿਆਰ ਕੀਤਾ। ਉਸ ਦੀਆਂ ਇਹ ਪ੍ਰਾਪਤੀਆਂ ਕੈਨੇਡਾ ਦੇ ਇਤਹਾਸ ਵਿੱਚ ਸਦਾ ਯਾਦ ਰੱਖੀਆਂ ਤੇ ਸਰਾਹੀਆਂ
ਜਾਣਗੀਆਂ।
ਸ਼ਮਸ਼ੇਰ ਸਿੰਘ ਸੰਧੂ ਦਾ ਤਿਆਰ ਕੀਤਾ ‘ਓ ਕੈਨੇਡਾ’ ਦਾ ਪੰਜਾਬੀ ਰੂਪ ਕੈਨੇਡਾ
ਦੇ ਅਰਕਾਈਵਜ਼ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ‘ਓ ਕੈਨੇਡਾ’ ਦਾ ਪੰਜਾਬੀ ਰੂਪ ਅਤੇ
‘ਅਲਬਰਟਾ’ ਦਾ ਪੰਜਾਬੀ ਅਨੁਵਾਦ ਅਲਬਰਟਾ ਅਸੈਂਬਲੀ ਦੇ ਸਥਾਈ ਰੀਕਾਰਡ ਤੇ ਰੱਖੇ ਗਏ
ਹਨ ਜੋ ਪੰਜਾਬੀਆਂ, ਪੰਜਾਬੀ ਬੋਲੀ ਅਤੇ ਸੰਧੂ ਲਈ ਬੜੇ ਮਾਨ ਦੀ ਗੱਲ ਹੈ।
ਸੰਧੂ ਦੀ ਸੋਚ ਹੱਦਾਂ ਦਿਸਹੱਦਾਂ ਤੋਂ ਪਾਰ ਜਾਕੇ ਚੇਤਨ ਅੱਖ ਨਾਲ ਵੇਖਦੀ
ਹੈ। ਉਹ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਨਿਰਾ ਸੁਚੇਤ ਹੀ ਨਹੀਂ ਸਗੋਂ ਉਹਨਾਂ ਨੂੰ ਸ਼ਿਅਰਾਂ
ਵਿੱਚ ਢਾਲਦਾ ਹੈ। ਰਾਵਨਾਂ ਦੁਰਯੋਧਨਾਂ ਦੇ ਵੱਡੇ ਭਰਾ ਅਮਰੀਕਾ ਵੱਲੋਂ ‘ਸੰਸਾਰ ਪੁਲਸੀਏ’
ਦਾ ਰੋਲ ਉਸ ਨੂੰ ਰਤਾ ਨਹੀਂ ਭਾਉਂਦਾ:
• ਲੋਕਤੰਤਰ ਦਾ ਮਖੌਟਾ, ਪਾ ਫਰੰਗੀ ਭੂਤਿਆ
ਅੱਗ ਤੇ ਅਸਪਾਤ ਵਰਤੇ, ਜਗਤ ਸਾਰਾ ਲੈ ਡਰਾ।
• ਆਪ ਵਣਜੀ ਅੱਗਦਾ ਤੇ,
ਖੁਦ ਕਰਾਵੇ ਅਮਨ ਇਹ
ਰਾਵਨਾਂ ਦੁਰਯੋਧਨਾਂ ਦਾ,
ਲੱਗਦਾ ਵੱਡਾ ਭਰਾ।
• ਜੰਗਾਂ ਗਲੀ ਗਲੀ ਹੁਣ ਜ਼ਾਲਮ ਨੇ ਰੁੱਧੀਆਂ ਨੇ
ਪੱਤੇ ਜ਼ਤੂਨ ਦੇ ਹੁਣ ਫੜਨੇ
ਕੀ ਘੁੱਗੀਆਂ ਨੇ।
ਤਾਜਰ ਇਹ ਮੌਤ ਵਾਲੇ ਰਾਖੇ
ਬਣੇ ਜਦੋਂ ਦੇ
ਬਸਤੀ ਵਿਰਾਨ ਹਰ ਥਾਂ ਮੌਤਾਂ ਹੀ ਉਗੀਆਂ ਨੇ।
ਪ੍ਰੋ. ਸੰਧੂ ਦੇ ਕਈ ਖ਼ੂਬਸੂਰਤ ਸ਼ਿਅਰ ਅੰਧਵਿਸ਼ਵਾਸ ਵਿਰੁੱਧ ਕਹੇ ਹਨ। ਉਹ
ਧਰਮ ਦੇ ਪਰਦੇ ਹੇਠ ਲੁਕੇ ਅਧਰਮੀਆਂ ਨੂੰ ਆਢੇ ਹੱਥੀਂ ਲੈਂਦਾ ਹੈ:
ਮੰਦਰ ਮਸਜਦ ਮੱਲੀ ਬੈਠੈ,
ਹਰ ਥਾਂ ਟੋਲੇ ਠੱਗਾਂ ਦੇ
ਤਾੜੀ ਲਾ ਕੇ ਬੈਠੇ ਸਾਰੇ, ਕਿਸ ਛਤਰੀ ਤੇ ਆਵੇਂਗਾ।
ਸੰਧੂ ਧਰਮ ਵਿਰੋਧੀ ਨਹੀਂ ਉਹ ਧਰਮ ਤੇ ਪਾਖੰਡ ਦਾ ਨਖੇੜਾ ਬਾਖ਼ੂਬੀ ਕਰਦਾ
ਹੈ:
ਜੋ ਅਸਾਨੂੰ ਵੱਖ ਕਰਦਾ,
ਪਾੜਦਾ ਵਿਚ ਟੋਲਿਆਂ
ਇਸ ਤਰਾਂ ਦਾ ਵੱਖ ਵਾਦੀ, ਧਰਮ ਨਾ ਇਨਸਾਨ ਦਾ।
ਗੁਰਬਾਣੀ ਦੀ ਨਰੋਈ ਸੋਚ ਦਾ ਅਸਰ ਉਸ ਤੇ ਪ੍ਰਤੱਖ ਹੈ:
ਛੱਡ ਦੁਆਰੇ ਮੰਦਰ ਮਸਜਦ,
ਜੇ ਤੂੰ ਉਸ ਨੂੰ ਪਾਣਾ ਹੈ
ਪਹਿਚਾਨ ਸ਼ਕਲ ਹਰ ਬੰਦੇ ਵਿਚ, ਜੋ ਉਸ ਚੋਜੀ ਧਾਰੀ ਹੈ।
ਉਹ ਮੁਸ਼ਕਲਾਂ ਦਾ ਟਾਕਰਾ ਕਰਨ, ਹੌਸਲੇ ਦੀ ਜੋਤ ਜਗਾਉਣ
ਲਈ ਪ੍ਰੇਰਦਾ,ਅਮਨ ਦੀ ਲੋਚਾ ਕਰਦਾ ਹੈ
ਜੋਤ ਸਾਹਸ ਦੀ ਜਗਾ ਤੂੰ,
ਜੋਤ ਸਾਹਸ ਦੀ ਜਗਾ
ਰਾਹ ਬਿਖੜੇ ਹੋਣ ਤੇ ਵੀ,
ਸਾਥੀਆ ਤੂੰ ਮੁਸਕਰਾ।
ਜਲ ਰਹੇ ਇਸ ਜਗਤ ਨੂੰ ਹੈ, ਲੋੜ ਅਮਨਾਂ ਦੀ ਬੜੀ
ਇਸ ਧੁਆਂਖੀ ਧਰਤ ਉੱਤੇ, ਮੀਂਹ ਅਮਨਾਂ ਦਾ ਵਸਾ।
ਉਹ ਸੌੜੇ ਘੇਰਿਆਂ ਨੂੰ ਤੋੜਕੇ ਮਾਨਵ ਜ਼ਾਤ ਲਈ ਰਾਹ ਉਜਲੇ ਕਰਨਾ ਲੋਚਦਾ ਹੈ:
ਯਾਦ ਰੱਖੇਗਾ ਜ਼ਮਾਨਾ,
ਓਸ ਨੂੰ ਹੀ ਦੋਸਤਾ
ਰਾਹ ਮਾਨਵ ਦੇ ਲਈ ਜੋ, ਉੱਜਲੇ ਹੈ ਕਰ ਗਿਆ।
ਘਰ ਸਭਿਆਚਾਰ ਦੀ ਮੁਢਲੀ ਇਕਾਈ ਹੁੰਦਾ ਹੈ, ਘਰ ਆਦਮੀਂ ਦੇ ਖੰਭ ਹੁੰਦੇ
ਹਨ। ਘਰ ਪ੍ਰਤੀ ਮੁਹੱਬਤ ਬਾਰੇ ਸੰਧੂ ਨੇ ਕਈ ਸ਼ਿਅਰ ਕਹੇ ਹਨ:
ਇਕ ਮਕਾਨੋ ਘਰ ਬਣਾਇਆ, ਸੀ ਜੁ ਤੇਰੇ ਸਾਥ ਨੇ …
… ਨਾਮ ਉਸ ਦਾ ਮੈਂ ਤਦੇ ਸੀ, ਵਾਂਗ ਅਪਣੇ ਘਰ ਲਿਆ।
ਕਰ ਬਸੇਰਾ ਏਸ ਥਾਂ ਤੇ, ਆਲ੍ਹਣਾ
ਤੂੰ ਲੈ ਬਣਾ
ਦਿਲ ਦਾ ਪੰਛੀ ਜੇਸ ਥਾਂ ਤੇ, ਭਰ ਉਡਾਰੀ ਆ ਗਿਆ।
ਪਦਾਰਥਵਾਦੀ ਰੁਚੀਆਂ ਦਾ ਗ੍ਰਸਿਆ ਮਨੁੱਖ ਵਧੇਰੇ ਖ਼ੁਦਗਰਜ਼ ਤੇ ਦੁਜਿਆਂ ਪ੍ਰਤੀ
ਪੱਥਰ ਦਿਲ ਬਣਦਾ ਜਾ ਰਿਹਾ ਹੈ। ਸ਼ਾਇਰ ਸੰਧੂ ਚਾਹੁੰਦਾ ਹੈ ਕਿ:
ਪੱਥਰ ਬਣਦੇ ਜਾਂਦੇ ਦਿਲ ਦਾ, ਕਰਨਾ ਕੋਈ ਇਲਾਜ ਬਣੇ
ਤੱਜੋ ਨੇਜੇ ਬਰਛੇ ਛੇਦੋ,
ਬੰਸੀ ਦੀ ਇਹ ਵਾਜ ਬਣੇ।
ਦਾਜ ਦੀ ਲਾਹਣਤ ਨੂੰ ਖ਼ਤਮ ਕਰਨ ਦਾ ਹੱਲ ਦੱਸਦਿਆਂ ਸ਼ਾਇਰ ਕਹਿੰਦਾ ਹੈ:
ਸਭ ਤੋਂ ਵੱਡਾ ਗਹਿਣਾ ਵਿਦਿਆ, ਧੀਆਂ ਨੂੰ ਜੋ ਦੇ ਸਕਦੇ
ਸਾਰੇ ਮਾਪੇ ਚਾਰਾ ਕਰੀਏ,
ਵਿਦਿਆ ਧੀ ਦਾ ਦਾਜ ਬਣੇ।
ਸੰਸਾਰ ਪੱਧਰ ਤੇ ਵਸੋਂ ਪ੍ਰੀਵਰਤਨ ਸਦਕਾ ਦੁਨੀਆਂ ਇਕ ਪਿੰਡ ਬਣਦੀ ਜਾ ਰਹੀ
ਜਿਸ ਵਿੱਚ ਇਨਸਾਨ ਦੇ ਸੈਂਕੜੇ ਧਰਮ, ਸਭਿਆਚਾਰ ਸਾਥੋਂ ਕੱਟੜਪਣ ਤਿਆਗਕੇ ਲਚਕੀਲੇ ਪਣ ਦੀ ਮੰਗ ਕਰਦੇ ਹਨ।
ਤੋਤੇ ਰਟਨਾ ਦਾ ਨਾ ਕੋਈ, ਲਾਭ ਕਦੇ ਵੀ ਹੋਇਆ ਹੈ
ਕੱਟੜਪਣ ਨੇ ਇਸ ਦੁਨੀਆਂ ਤੇ, ਲੱਖਾਂ ਖਲਕਤ ਮਾਰੀ ਹੈ।
ਪਰ ਸਿਰ ਉਠਾਕੇ ਜੀਣ ਲਈ ਸਦਾ ਕੁਰਬਾਨੀਆਂ ਦੀ ਲੋੜ ਹੈ:
ਸਿਰ ਉਠਾਕੇ ਜੀਣ ਲਈ ਨੇ ਲਾਜ਼ਮੀਂ ਕੁਰਬਾਨੀਆਂ
ਸਿਦਕ ਸੰਧੂ ਇਸ ਤਰ੍ਹਾਂ
ਹੈ ਰੂਪ ਚੰਡੀ ਧਾਰਦਾ।
ਜੰਗਾਂ ਕਾਰਣ ਅਮਨ ਦੇ ਬੁਧ ਵਰਗੇ ਫਲਾਸਫਰਾਂ ਤੇ ਪਿਕਾਸੋ ਵਰਗੇ ਕਲਾਕਾਰਾਂ
ਦੀ ਵੀ ਦੁਰਗਤੀ ਹੈ:
ਕਬਰੀਂ ਪਿਆ ਪਿਕਾਸੋ
ਬੁੱਧਾਂ ਦੇ ਹੋਏ ਟੋਟੇ
ਥਾਂ ਥਾਂ ਤੇ ਗੋਲੀਆਂ ਹੀ ਧਰਤੀ ਤੇ ਉਗੀਆਂ ਨੇ।
ਸੰਧੂ ਉਚੇਰੀ ਚੇਤਨਤਾ ਦਾ ਸ਼ਾਇਰ ਹੈ, ਉਹ ਲੋਕਾਂ ਦੇ ਹਨੇਰੇ
ਦੂਰ ਕਰਨੀ ਲੋਅ ਜਗਾਉਣੀ ਲੌਚਦਾ ਹੈ:
ਮੇਲੇ ਤਾਂ ਦੀਵਿਆਂ ਦੇ ਕਬਰੀਂ ਵੀ ਆਣ ਲਗਦੇ
ਰਾਹਾਂ ਕਰੇ ਜੋ ਰੌਸ਼ਨ ਦੀਵੇ ਤੂੰ ਰੱਖ
ਜਗਦੇ।
ਪ੍ਰੋ. ਸੰਧੂ ਦੀਆਂ ਗ਼ਜ਼ਲਾਂ ਵਿੱਚ ਹਰ ਉਹ ਖ਼ੂਬੀ ਆਪਣਾ ਜਲਵਾ ਵਿਖਾ ਰਹੀ ਹੈ
ਜੋ ਕਿ ਵਧੀਆ ਗ਼ਜ਼ਲਾਂ ਵਿੱਚ ਹੋਣੀ ਲਾਜ਼ਮੀਂ ਹੁੰਦੀ ਹੈ। ਐਨੇ ਛੋਟੇ ਲੇਖ ਵਿੱਚ ਸਾਰੀਆਂ ਗ਼ਜ਼ਲਾਂ ਬਾਰੇ
ਵਿਸਤਾਰ ਨਾਲ ਸਾਰੀਆਂ ਖ਼ੂਬੀਆਂ ਬਿਆਨ ਕਰਨਾ ਔਖਾ ਹੈ ਪਰ ਉਸ ਦੀਆਂ ਸਮੁੱਚੀਆਂ ਗ਼ਜ਼ਲਾਂ ਬਾਰੇ ਕੁਛ ਸਪਸ਼ਟ
ਧਾਰਨਾਵਾਂ ਕਾਇਮ ਕੀਤੀਆਂ ਜਾ ਸਕਦੀਆਂ ਹਨ ਜਿਵੇਂ:
ਸ਼ਾਇਰ ਸੰਧੂ ਦੇ ਸ਼ਿਅਰ ਸਰਲਤਾ, ਤਰਲਤਾ ਅਤੇ ਤਾਜ਼ਗੀ ਦੇ
ਨਾਲ ਨਾਲ ਸਾਦਗੀ ਭਰਪੂਰ ਹਨ। ਉਹ ਵੱਡੇ ਵੱਡੇ ਵਿਸ਼ਿਆਂ ਨੂੰ ਵੀ ਸਰਲਤਾ ਨਾਲ ਪੇਸ਼ ਕਰਨ ਜਾਣਦਾ ਹੈ।
ਏਥੇ ਵੇਖਣ ਵਾਲੀ ਗੱਲ ਇਹ ਹੈ ਕਿ ਸਾਦਗੀ ਵਿੱਚ ਵੀ ਕਲਾ ਗਾਇਬ ਨਹੀਂ ਹੁੰਦੀ।
ਇਕ ਫੌਜ ਨ੍ਹੇਰਿਆਂ ਦੀ ਆਈ ਤੁਫਾਨ ਬਣਕੇ
ਕੁਛ ਨਾ ਵਗਾੜ ਹੋਇਆ ਉਸ ਤੋਂ ਵੀ ਰੌਸ਼ਨੀ ਦਾ।
ਸਾਹਿਤ ਦੇ ਤਿੰਨ ਜ਼ਰੂਰੀ ਲੱਖਣ ਮਿਥੇ ਗਏ ਹਨ; ਸਤਿਅਮ, ਸ਼ਿਵਮ ਤੇ ਸੁੰਦਰਮ। ਜਿਸ
ਗ਼ਜ਼ਲ ਵਿੱਚ ਸੁੰਦਰਤਾ ਦੇ ਦਰਸ਼ਨ ਨਹੀਂ ਹੁੰਦੇ ਅਤੇ ਸ਼ਿਅਰ ਪਾਠਕ ਦੇ ਮਨ ਨੂੰ ਤਰੋਤਾਜ਼ਗੀ ਨਹੀਂ ਬਖ਼ਸ਼ਦੇ
ਉਹ ਸ਼ਿਅਰ ਨਹੀਂ। ਪ੍ਰੋ. ਸੰਧੂ ਦੇ ਸਾਰੇ ਹੀ ਸ਼ਿਅਰ ਸੁੰਦਰ ਬਿਆਨੀ ਦਾ ਨਮੂਨਾ ਹਨ:
ਸੂਰਜ ਹੈ ਆਣ ਚੜ੍ਹਇਆ ਰੀਝਾਂ
ਦੇ ਆ ਸਵੇਰੇ
ਮੁਸਕਾਨ ਇਕ ਅਨੂਠੀ ਖੋਲ੍ਹੇ
ਨੇ ਭਾਗ ਮੇਰੇ।
ਨਸ਼ਿਆ ਗਿਆ ਹੈ ਸਾਰਾ ਮੇਰਾ
ਤੇ ਸਭ ਚੁਫੇਰਾ
ਅਤਰਾਂ ਦੇ ਨਾਲ ਭਿੱਜੇ
ਕੁੰਡਲ ਤੂੰ ਜਾਂ ਖਿਲੇਰੇ।
ਕਿਸੇ ਵਸਤ ਜਾਂ ਵਰਤਾਰੇ ਨੂੰ ਕਿਸੇ ਹੋਰ ਵਸਤ ਜਾਂ ਵਰਤਾਰੇ ਨਾਲ ਤੁਲਨਾ
ਦੇਣ ਦੀ ਕਲਾ ਨੂੰ ਉਪਮਾਂ ਅਲੰਕਾਰ ਕਹਿੰਦੇ ਹਨ। ਸੰਧੂ ਦੇ ਸ਼ਿਅਰਾਂ ਵਿੱਚ ਇਸ ਦੀ ਕਮਾਲ ਦੀ ਪੇਸ਼ਕਾਰੀ
ਹੈ:
• ਪੰਛੀ ਦੇ ਵਾਂਗ ਉਡਦਾ ਤੇ ਤੈਰਦਾ ਹੀ ਜਾਵੇ
ਤੇਰਾ ਖ਼ਿਆਲ ਆਵੇ ਤਕਦੀਰ ਮੁਸਕਰਾਵੇ।
ਪਰ ਵੀ ਨਾ ਮਾਰ ਸਕਦਾ ਉਸ ਥਾਂ ਤੇ ਹੋਰ ਕੋਈ
ਜਿਸ ਥਾਂ ਖ਼ਿਆਲ ਤੇਰਾ ਆਕੇ ਧਮਾਲ ਪਾਵੇ।
ਸੂਰਜ ਦੇ ਨਿੱਘ ਵਰਗਾ ਸਜਣਾ ਪਿਆਰ ਤੇਰਾ
ਜੀਵਨ ਨੂੰ ਹਰ ਦਿਸ਼ਾ ਤੋਂ ਰੌਸ਼ਨ ਪਿਆ
ਬਣਾਵੇ।
• ਕਾਲੇ ਬਦਲਾਂ ਦੇ ਜਦ ਕਿੰਗਰੇ,
ਲਟਲਟ ਕਰਦੇ ਚਾਨਣ ਨਾਲ
ਜਾਪੇ ਜੀਕਣ ਲਸ਼ ਲਸ਼ ਕਰਦਾ,
ਮੱਥਾ ਤੇਰਾ ਖੁੱਲੇ ਵਾਲ।
ਸ਼ਿਅਰਾਂ ਵਿੱਚ ਰੂਪਕ ਅਲੰਕਾਰ ਵੀ ਝਲਕਦਾ ਹੈ। ਉਸ ਦੇ ਬਹੁਤ ਸਾਰੇ ਸ਼ਿਅਰਾਂ
ਵਿੱਚ ਐਸੇ ਗੁਣ ਹਨ:
ਚਾਨਣ ‘ਚ ਨ੍ਹਾਕੇ ਯਾਰਾ ਨਿਖਰੇ ਨੇ ਅੰਗ ਤੇਰੇ
ਫੁੱਲਾਂ ਦੀ ਸੇਜ ਉੱਤੇ ਉਤਰੇ ਜਿਵੇਂ
ਸਵੇਰੇ।
ਕਲੀਆਂ ਦੇ ਵਾਂਗ ਖਿੜਦੀ ਮੁਖੜੇ ਬਹਾਰ ਤੇਰੇ
ਬੋਲਾਂ ਚੋਂ ਮਹਿਕ ਆਵੇ ਹਾਸਾ ਵੀ ਫੁੱਲ ਕੇਰੇ।
ਬੜੀ ਵੇਰ ਸ਼ਾਇਰ ਆਪਣੇ ਅਨੂਠੇ ਸ਼ਬਦਾਂ ਰਾਹੀਂ ਧਰਤੀ ਦੇ ਕਿਸੇ ਟੁਕੜੇ ਦਾ,
ਵਿਹਾਰ ਦਾ ਜਾਂ ਜ਼ਿੰਦਗੀ ਦੀ ਸਰਗਰਮੀਂ ਦਾ ਦ੍ਰਿਸ਼ ਇਨ ਬਿਨ ਪਾਠਕਾਂ ਦੇ ਸਾਹਮਣੇ ਲਿਆ ਦੇਵੇ ਤਾਂ
ਕਾਵਿ ਵਿੱਚ ਇਹ ਗੁਣ ਪੈਦਾ ਹੁੰਦਾ ਹੈ। ਸੰਧੂ ਦੇ ਸ਼ਿਅਰਾਂ ਵਿੱਚ ਇਹ ਗੁਣ ਜ਼ਿਕਰ ਯੋਗ ਹੈ:
• ਫੇਰ ਕਬੂਤਰ ਦਾ ਇਕ ਜੋੜਾ
ਬੈਠਾ ਆਣ ਬਨੇਰੇ ਤੇ
ਮੇਰੀ ਨਾ ਤਨਹਾਈ ਜਾਵੇ ਕੋਹੇ ਸ਼ਾਮ
ਸਵੇਰੇ ਤੇ।
• ਤੇਰੀ ਛਵੀ ਹੀ
ਨਜ਼ਰ ਆਵੇ
ਹਰ ਜਗ੍ਹਾ
ਪਲ ਪਲ ਨਿਹਾਰਾਂ ਘਰ ‘ਚ ਤੇਰੀ ਜੋ ਵੀ ਸ਼ੈ।
ਸ਼ਾਇਰੀ ਵਿੱਚ ਗੰਭੀਰ ਤਨਜ਼ ਜਾਂ ਵਿਅੰਗ ਦੀ ਖ਼ਾਸ ਥਾਂ ਹੁੰਦੀ ਹੈ। ਬੜੀ ਵੇਰ
ਤਨਜ਼ ਦੀ ਪੇਸ਼ਕਾਰੀ, ਗੰਭੀਰ ਵਿਸ਼ੇ ਦੀ ਪੇਸ਼ਕਾਰੀ ਨੂੰ ਵੀ ਆਸਾਨ ਅਤੇ ਪਾਠਕ, ਸਰੋਤੇ ਨੂੰ ਝੰਜੋੜਣ ਵਾਲੀ
ਹੋ ਜਾਂਦੀ ਹੈ। ਐਸੀ ਪੇਸ਼ਕਾਰੀ ਹੈ ਕਿ ਜੇਕਰ ਸਿੱਧੀ ਗੱਲ ਕੀਤੀ ਜਾਂਦੀ ਤਾਂ ਉਸਦਾ ਅਸਰ ਨਹੀਂ ਸੀ ਹੋਣਾ।
ਜ਼ਰਾ ਵੇਖੋ:
ਕੈਸੀ ਤੇਹ ਮਿਟਾਵਣ ਖ਼ਾਤਰ, ਪੁੱਠੇ ਖੂਹ ਤੂੰ ਗੇੜ
ਰਿਹੈਂ
ਰਾਹੇ ਜਾਂਦੇ ਜਾਣੇ ਬੁੱਝੇ, ਉਂਗਲੀ ਦੇਕੇ ਛੇੜ
ਰਿਹੈਂ।
ਵਿਰੋਧਾਭਾਸ ਜਾਂ ਤਕਰਾਰ : ਜਦ ਇਕ ਹੀ ਸ਼ਿਅਰ ਜਾਂ ਮਿਸਰੇ ਵਿੱਚ ਦੋ ਵਿਰੋਧੀ
ਸ਼ਬਦ ਇਕ ਹੀ ਅਰਥ ਨੂੰ ਪਹੁੰਚਣ ਤਾਂ ਇਹ ਖ਼ੂਬੀ ਪੈਦਾ ਹੁੰਦੀ
ਹੈ। ਜਿਵੇਂ ਸੰਧੂ ਦਾ ਸ਼ਿਅਰ ਹੈ:
ਜ਼ੁਲਮੋਂ ਸਿਤਮ ਕਰਦਾ ਰਿਹਾ ਹਰ ਵਕਤ ਹੀ ਤੇ ਇਹ ਸਮਾਂ
ਹਰ ਪ੍ਰੀਤ ਪਰ ਆਜ਼ਾਦ ਹੈ ਨਾ ਵਕਤ ਦੀ
ਬਾਂਦੀ ਰਹੀ।
ਸ਼ਿਅਰ ਵਿੱਚ ਆਜ਼ਾਦ ਤੇ ਬਾਂਦੀ ਵਿਰੋਧੀ ਸ਼ਬਦ ਹਨ ਪਰ ਅਰਥ ਇਕੋ ਦਰਸਾਉਂਦੇ
ਹਨ।
ਸਿਆਣੇ ਸ਼ਾਇਰ ਸ਼ਿਅਰ ਵਿੱਚ ਸੁੰਦਰਤਾ ਲਿਆਉਣ ਲਈ ਇਕ ਹੀ ਸ਼ਬਦ ਨੂੰ ਦੋ ਜਾਂ
ਕਈ ਵਾਰ ਲਿਆਕੇ ਖ਼ੂਬਸੂਰਤੀ ਪੈਦਾ ਕਰਦੇ ਹਨ। ਇਹ ਖ਼ੂਬੀ ਸੰਧੂ ਵਿੱਚ ਵੀ ਹੈ ਜਿਵੇਂ:
ਜਾਣਦੈਂ ਤੂੰ ਜ਼ਾਤ ਇੱਕੋ ਏਸ ਮਾਨਵ ਜ਼ਾਤ
ਦੀ
ਧਰਮ ਦੇ ਨਾਂ ਲੋਕ ਤੂੰ ਕਿਓ ਪਾੜਦਾ ਹੈਂ ਬੁਜ਼ਦਿਲਾ।
ਜਮ੍ਹਾਂ ਜਾਂ ਇਕਸਾਰਤਾ : ਜਦ ਸ਼ਿਅਰ ਵਿੱਚ ਇਕ ਹੀ ਕਿਸਮ ਦੀਆਂ ਵਸਤਾਂ ਜਾਂ
ਵਰਤਾਰਿਆ ਦਾ ਜ਼ਿਕਰ ਆਵੇ ਤਾਂ ਇਹ ਗੁਣ ਪੈਦਾ ਹੁੰਦਾ ਹੈ ਜਿਵੇਂ:
ਵਰਤ ਰੋਜ਼ੇ ਹੱਜ ਤੀਰਥ ਨਾ
ਕਿਸੇ ਵੀ ਕੰਮ ਦੇ
ਜੇ ਨਹੀਂ ਕਿਰਦਾਰ ਤੇਰਾ ਸਾਂਝ ਭਾਈਵਾਲ ਦਾ।
ਸ਼ਿਅਰ ਵਿਚ ਕਹਾਣੀ ਪੇਸ਼ ਕਰਨ ਦੀ ਯੋਗਤਾ:
ਗੋਬਿੰਦ ਹੈ ਨਾਮ ਉਸਦਾ ਜਾਣੇ ਜਹਾਨ ਸਾਰਾ
ਬੰਦੇ ਜਿਹੇ ਉਭਾਰੇ ਜ਼ੁਲਮੀਂ ਸੀ ਜਿਨ ਵੰਗਾਰੇ।
ਪ੍ਰੋ. ਸੰਧੂ ਦੀ ਸ਼ਾਇਰੀ ਵਿੱਚ ਹੋਰ ਵੀ ਬਹੁਤ ਸਾਰੀਆਂ ਖ਼ੂਬੀਆਂ ਹਨ ਜਿਨ੍ਹਾਂ
ਤੋਂ ਉਸ ਦੀ ਸ਼ਾਇਰੀ ਦੀ ਸਮਰਥਾ ਦਾ ਅੰਦਾਜ਼ਾ ਹੁੰਦਾ ਹੈ। ਉਸ ਦੇ ਕਈ ਸ਼ਿਅਰ ਮੁਹਾਵਰਾ ਬਣਨ ਦੇ ਯੋਗ ਹਨ।
ਉਹ ਪ੍ਰਚਲਤ ਮਿੱਥਾਂ, ਮੁਹਾਵਰਿਆਂ ਅਤੇ ਇਤਹਾਸਿਕ ਪਾਤਰਾਂ ਨੂੰ ਬਹੁਤ ਖ਼ੂਬੀ ਨਾਲ ਵਰਤਦਾ ਹੈ। ਉਸ
ਦੀਆਂ ਗ਼ਜ਼ਲਾਂ ਦੇ ਕਾਫੀਏ, ਰਦੀਫ ਨਵੇਂ ਤੋਂ ਨਵੇਂ ਹਨ। ਉਸ ਦੇ ਮਤਲੇ ਸੂਰਜ ਦੇ ਉਦੈ ਹੋਣ ਵਾਂਗ ਹਨ।
ਉਸ ਦੀ ਸ਼ਬਦਾਵਲੀ ਅਸਰ ਭਰਪੂਰ ਤੇ ਅਰਥ ਸੰਚਾਰ ਵਾਲੀ ਹੈ। ਸੰਧੂ ਦੀਆਂ ਗ਼ਜ਼ਲਾਂ ਛੰਦਾਂ, ਬਹਿਰਾਂ ਵਿੱਚ ਪੂਰੀਆਂ
ਹਨ। ਲਗਦੀ ਵਾਹੇ ਉਹ ਬਹਿਰ ਟੁੱਟਣ ਨਹੀਂ ਦੇਂਦਾ। ਉਸਨੇ ਬਹਿਰ ਰਮਲ ਦੇ ਕਈ ਜ਼ਿਹਾਫੀ ਰੂਪ, ਹਜ਼ਜ ਸਾਲਿਮ ਅਤੇ ਜ਼ਿਹਾਫੀ,
ਬਹਿਰ ਖ਼ਫੀਫ, ਮੁਜ਼ਾਰਿਆ, ਅਖਰਬ ਮਕਫੂਫ ਮਹਿਜ਼ੂਫ, ਰਮਲ ਮਕਸੂਰ ਅਤੇ ਹੋਰ ਕਈ ਬਹਿਰ ਬਾਖ਼ੂਬੀ ਨਿਭਾਏ ਹਨ
ਤੇ ਪਿੰਗਲ ਦੇ ਵੀ ਕਈ ਛੰਦ ਅਪਣਾਏ ਹਨ।
ਸ਼ਮਸ਼ੇਰ ਸਿੰਘ ਸੰਧੂ ਇਕ ਸਫਲ ਪੰਜਾਬੀ ਗ਼ਜ਼ਲਕਾਰ ਹੈ ਜਿਸ ਦੀਆਂ ਗ਼ਜ਼ਲਾਂ ਵਿੱਚ
ਉਹ ਸਾਰੇ ਗੁਣ ਹਨ ਜੋ ਵਧੀਆ ਗ਼ਜ਼ਲਾਂ ਵਿੱਚ ਹੋਣੇ ਲਾਜ਼ਮ ਹਨ। ਉਹਦੀਆਂ ਗ਼ਜ਼ਲਾਂ ਦਾ ਸ਼ਿਲਪ ਅਤੇ ਤਕਨੀਕ,
ਹੁਨਰ ਬਾਕਮਾਲ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਬਹਿਰ ਵੀ ਪਰੀਪੂਰਨ ਹੈ।
****
No comments:
Post a Comment