ਰੰਗ ਮੰਚ ਦੀ ਵਿੱਲਖਣ ਪੇਸ਼ਕਾਰੀ “ਨੌਟੀ ਬਾਬਾ ਇੰਨ ਟਾਊਨ……… ਰੰਗਮੰਚ / ਖੁਸ਼ਪ੍ਰੀਤ ਸਿੰਘ ਸੁਨਾਮ

ਜਿੰਦਗੀ ਨੂੰ ਰੰਗ ਮੰਚ ਦੀ ਸੰਗਿਆ ਦਿੱਤੀ ਜਾਂਦੀ ਹੈ। ਹਰੇਕ ਇਨਸਾਨ ਦੁਨੀਆਂ ਉਪਰ ਆਉਂਦਾ ਹੈ ਅਤੇ ਆਪਣੇ ਹਿੱਸੇ ਦਾ ਰੋਲ ਅਦਾ ਕਰਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਦੂਜੇ ਪਾਸੇ ਜੇਕਰ ਰੰਗ ਮੰਚ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਵੀ ਜਿੰਦਗੀ ਦਾ ਇੱਕ ਅਟੁੱਟ ਹਿੱਸਾ ਹੀ ਜਾਪਦਾ ਹੈ। ਕਈ ਵਾਰ ਤਾਂ ਰੰਗ ਮੰਚ ਦੇ ਰੰਗ ਇੰਨੇ ਗੂੜੇ ਹੋ ਜਾਂਦੇ ਹਨ ਕਿ ਰੰਗ ਮੰਚ ਅਤੇ ਅਸਲੀ ਜਿੰਦਗੀ ਵਿੱਚ ਅੰਤਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਜਦੋਂ ਕਦੀ ਪੰਜਾਬੀ ਰੰਗ ਮੰਚ ਦੀ ਗੱਲ ਤੁਰਦੀ ਹੈ ਤਾਂ ਇਹ ਆਮ ਤੌਰ ‘ਤੇ ਇਨਕਲਾਬੀ ਲੋਕ ਪੱਖੀ ਰੰਗ ਮੰਚ ਦੇ ਸਬੰਧ ਵਿੱਚ ਹੀ ਹੁੰਦੀ ਹੈ। ਪੰਜਾਬ ਦੀਆਂ ਬਹੁਤ ਸਾਰੀਆਂ ਨਾਟਕ ਮੰਡਲੀਆਂ ਪੰਜਾਬ ਦੇ ਅਨੇਕਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਣੇ ਨਾਟਕ ਅਕਸਰ ਹੀ ਪੇਸ਼ ਕਰਦੀਆਂ ਹਨ। ਇਨ੍ਹਾਂ ਨਾਟਕਾਂ ਦਾ ਵਿਸ਼ਾ ਵਸਤੂ ਆਮ ਲੋਕਾਂ ਖਾਸ ਕਰਕੇ ਕਿਸਾਨਾਂ, ਕਿਰਤੀਆਂ ਦੀਆਂ ਜਿੰਦਗੀ ਅਤੇ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਦੁੱਖ ਤਕਲੀਫਾਂ ਅਤੇ ਆਰਥਿਕ ਤੰਗੀਆਂ, ਤੁਰਸ਼ੀਆਂ ਬਾਰੇ ਹੁੰਦਾ ਹੈ। ਇਨ੍ਹਾਂ ਦਾ ਸਰੋਤਾ ਦਰਸ਼ਕ ਵਰਗ ਗੰਭੀਰ ਅਤੇ ਸੰਜੀਦਾ ਕਿਸਮ ਦਾ ਹੁੰਦਾ ਹੈ, ਪਰੰਤੂ ਜਿਸ ਰੰਗ ਮੰਚ ਦੀ ਗੱਲ ਅਸੀਂ ਹਥਲੇ ਲੇਖ ਵਿੱਚ ਕਰਨ ਜਾ ਰਹੇ ਹਾਂ, ੳਹ ਨਾ ਸਿਰਫ ਵਿਸ਼ੇ ਪੱਖੋਂ ਨਿਵੇਕਲਾ ਸਗੋਂ ਬਿਲਕੁਲ ਸਜੱਰਾ, ਮਨੋਰੰਜਨ ਭਰਪੂਰ ਅਤੇ ਸੰਦੇਸ਼ ਵਰਧਕ ਵੀ ਹੈ।

ਜੀ ਹਾਂ! ਅਸੀਂ ਗੱਲ ਕਰਨ ਜਾ ਰਹੇ ਹਾਂ, ਚਰਚਿਤ ਕਾਮੇਡੀ ਸ਼ੋਅ ‘ਨੌਟੀ ਬਾਬਾ ਇੰਨ ਟਾਊਨ’ ਦੀ, ਜੋ ਵੱਖ-ਵੱਖ ਦੇਸ਼ਾਂ ਦੀਆਂ ਸਟੇਜਾਂ ਤੋਂ ਆਪਣਾ ਲੋਹਾ ਮਨਵਾਉਣ ਤੋਂ ਬਾਅਦ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਧੂੰਮਾਂ ਪਾ ਕੇ ਗਿਆ। ਇਸ ਸ਼ੋਅ ਦੇ ਅਦਾਕਾਰ ਪ੍ਰਸਿੱਧ ਕਾਮੇਡੀਅਨ ਡਾ. ਜਸਵਿੰਦਰ ਭੱਲਾ ਉਰਫ ਚਾਚਾ ਚਤੁਰ ਸਿੰਘ, ਬਿੰਨੂ ਢਿੱਲੋਂ, ਬੀ. ਐਨ  ਸ਼ਰਮਾ, ਕਰਮਜੀਤ ਅਨਮੋਲ, ਜੱਗੀ ਪੂਰੀ, ਗਗਨ ਗਿੱਲ, ਰਵਿੰਦਰ ਮੰਡ, ਸਿਮਰਨ ਅਤੇ ਰਿਆ ਸਿੰਘ (ਪਿੰਕੀ ਮੋਗੇ ਵਾਲੀ) ਸਨ। ਉਪਰੋਕਤ ਸਾਰੇ ਹੀ ਚਿਹਰੇ ਆਪਣੇ-ਆਪਣੇ ਖੇਤਰ ਦੇ ਪੁਖਤਾ ਕਲਾਕਾਰ ਹਨ। ਕਾਮੇਡੀ ਅਤੇ ਰੰਗ ਮੰਚ ਦੇ ਖੇਤਰ ਵਿੱਚ ਇਨ੍ਹਾਂ ਦਾ ਨਾਂ ਕਿਸੇ ਰਸਮੀ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਇਸ ਸ਼ੋਅ ਰਾਹੀਂ ਇਨ੍ਹਾਂ ਕਲਾਕਾਰਾਂ ਨੇ ਬੜੇ ਹਲਕੇ ਫੁਲਕੇ ਪਰ ਬੜੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਅਖੌਤੀ ਬਾਬਿਆਂ, ਅਖੌਤੀ ਗਾਇਕਾਂ, ਕਲਾਕਾਰਾਂ ਆਦਿ ਉਪਰ ਭਰਪੂਰ ਵਿਅੰਗ ਵੀ ਕੀਤੇ ਹਨ। ਇਸ ਨਾਟਕ ਦੀ ਵਿਲੱਖਣਤਾ ਇਹ ਹੈ ਕਿ ਇਹ ਬਗੈਰ ਕਿਸੇ ਵਿਸ਼ੇਸ਼ ਯਤਨ ਦੇ ਹਰੇਕ ਵਰਗ ਦੇ ਦਰਸ਼ਕਾਂ ਦੀ ਸਮਝ ਵਿੱਚ ਆ ਜਾਂਦਾ ਹੈ। ਢਾਈ ਘੰਟੇ ਚੱਲਣ ਵਾਲੇ ਇਸ ਸ਼ੋਅ ਦੇ ਸੰਵਾਦ ਇੰਨੇ ਕਸਵੇਂ ਅਤੇ ਦਿਲਚਸਪ ਸਨ ਕਿ ਪ੍ਰੋਗਰਾਮ ਦੇ ਅੰਤ ਤੱਕ ਦਰਸ਼ਕਾਂ ਨੂੰ ਕੀਲ ਕੇ ਰੱਖਦੇ ਹਨ। ਅੰਤ ਵਿੱਚ ਇਹ ਸ਼ੋਅ ਦਰਸ਼ਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿੰਦਿਆਂ ਇੱਕ ਸਾਫ ਸੁਥਰੀ ਜਿੰਦਗੀ ਜਿਉਣ ਦਾ ਸੁਨੇਹਾ ਦਿੰਦਿਆਂ ਖਤਮ ਹੋ ਜਾਂਦਾ ਹੈ ਅਤੇ ਦਰਸ਼ਕਾਂ ਦੇ ਮਨਾਂ ਉਪਰ ਅਮਿੱਟ ਪ੍ਰਭਾਵ ਛੱਡ ਜਾਂਦਾ ਹੈ।

ਜੇਕਰ ਇਸ ਨਾਟਕ ਦੇ ਕੁਝ ਹੋਰ ਪਹਿਲੂਆਂ ਬਾਰੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਗੱਲ  ਇਹ ਸੀ ਕਿ ਇਸ ਨਾਟਕ ਦੇ ਸਾਰੇ ਹੀ ਸਾਰੇ ਕਲਾਕਾਰ ਆਪਣੇ ਕੰਮ ਵਿੱਚ ਬਹੁਤ ਹੀ ਮੰਝੇ ਹੋਏ ਸਨ। ਇਹ ਨਾਟਕ ਬਿਨੂੰ ਢਿੱਲੋਂ ਵਲੋਂ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ ਸੀ। ਇਸ ਨਾਟਕ ਦੀ ਖੂਬੀ ਇਹ ਸੀ ਕਿ ਜਿਸ ਕਿਸੇ ਨੂੰ ਜੋ ਵੀ ਰੋਲ ਨਿਭਾਉਣ ਲਈ ਦਿੱਤਾ ਗਿਆ ਉਹ ਅਦਾਕਾਰ ਉਸ ਰੋਲ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦਾ ਸੀ, ਜਾਂ ਇੰਝ ਕਹਿ ਲਈਏ ਕਿ ਕਲਾਕਾਰਾਂ ਨੇ ਆਪਣੀ ਕਲਾ ਰਾਹੀਂ ਉਸ ਰੋਲ ਵਿੱਚ ਜਾਨ ਪਾ ਦਿੱਤੀ। ਜੇਕਰ ਗੱਲ ਡਾ. ਜਸਵਿੰਦਰ ਭੱਲਾ ਉਰਫ ਚਾਚਾ ਚਤੁਰ ਸਿੰਘ ਦੀ ਕੀਤੀ ਜਾਵੇ ਤਾਂ ਉਨ੍ਹਾਂ ਦੀ ਅਦਾਕਾਰੀ ਨੂੰ ਅਸੀਂ ਪਿਛਲ਼ੇ ਇੱਕ ਲੰਮੇ ਅਰਸੇ ਤੋਂ ਦੇਖਦੇ ਆ ਰਹੇ ਹਾਂ ਜੋ ਕਿ ਹਰ ਤਰ੍ਹਾਂ ਦਾ ਰੋਲ ਕਰਨ ਦੀ ਸਮਰਥਾ ਰੱਖਦੇ ਹਨ। ਇਸ ਨਾਟਕ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬਾਖੂਬੀ ਸੀ। ਹੁਣ ਜੇਕਰ ਗੱਲ ਬਿੰਨੂ ਢਿੱਲੋਂ ਦੀ ਕੀਤੀ ਜਾਵੇ ਤਾਂ ਉਸ ਨੇ ਆਪਣਾ ਕੈਰੀਅਰ ਭੰਗੜੇ ਨਾਲ ਸ਼ੁਰੂ ਕੀਤਾ। ਬਿਨੂੰ ਦੱਸਦਾ ਹੈ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਸਿਰਫ ਭੰਗੜਾ ਪਾਉਣ ਲਈ ਦਾਖਲਾ ਲਿਆ। ਪਰੰਤੂ ਉਥੇ ਜਾ ਕੇ ਥੀਏਟਰ ਨਾਲ ਅਜਿਹਾ ਜੁੜਿਆ ਕਿ ਇਥੋਂ ਤੱਕ ਪਹੁੰਚ ਗਿਆ। ਇਸ ਨਾਟਕ ਵਿਚਲੇ ਬਿਨੂੰ ਢਿੱਲੋਂ ਵਲੋਂ ਨਿਭਾਏ ਗਏ ਕਿਰਦਾਰ ਜਿਨ੍ਹਾਂ ਵਿੱਚ ਸ਼ਰਾਬੀ, ਫੌਜੀ, ਗਾਇਕ ਆਦਿ ਦੀ ਪੇਸ਼ਕਾਰੀ ਬਾ-ਕਮਾਲ ਸੀ। ਗਾਇਕੀ ਤੋਂ ਆਪਣਾ ਸਫਰ ਸ਼ੁਰੂ ਕਰਨ ਵਾਲੇ ਕਰਮਜੀਤ ਅਨਮੋਲ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਭਵਿੱਖ ਦਾ ਇੱਕ ਵਧੀਆ ਕਾਮੇਡੀਅਨ ਬਣੇਗਾ। ਭਗਵੰਤ ਮਾਨ ਨਾਲ “ਜੁਗਨੂੰ ਕਹਿੰਦਾ ਹੈ” ਵਿੱਚ ਆਪਣਾ ਕਾਮੇਡੀ ਦਾ ਸਫਰ ਸ਼ੁਰੂ ਕਰਨ ਵਾਲੇ ਕਰਮਜੀਤ ਤੋਂ ਬਿਨ੍ਹਾਂ ਇਹ ਨਾਟਕ ਅਧੂਰਾ ਲੱਗਣਾ ਸੀ। ਕਰਮਜੀਤ ਵਲੋਂ ਨਿਭਾਏ ਬਜੁਰਗ ਅਤੇ ਬਿਹਾਰੀ ਭਈਏ ਦੇ ਰੋਲ ਨੇ ਇਸ ਨਾਟਕ ਵਿੱਚ ਜਾਨ ਪਾ ਦਿੱਤੀ। ਇਸ ਨਾਟਕ ਵਿੱਚ ਇੱਕ ਵੱਖਰੇ ਅੰਦਾਜ਼ ਵਿੱਚ ਪੇਸ਼ ਹੋਣ ਵਾਲੇ ਬੀ.ਐਨ. ਸ਼ਰਮਾ ਉਰਤ ਡਾ. ਪਲਟਾ ਉਰਫ ਬਿੱਲੂ ਬੱਕਰਾ ਦਾ ਦਰਸ਼ਕਾਂ ਨੇ ਵਧੀਆ ਢੰਗ ਨਾਲ ਸਵਾਗਤ ਕੀਤਾ। ਬੀ.ਐਨ. ਸ਼ਰਮਾ ਥੀਏਟਰ ਦੇ ਪੁਰਾਣੇ ਕਲਾਕਾਰ ਹਨ। ਜੋ ਹੁਣ ਤੱਕ ਸੈਂਕੜੇ ਨਾਟਕ, ਫਿਲਮਾਂ ਵਿੱਚ ਆਪਣੀ ਅਦਾਕਾਰੀ ਵੱਖ-ਵੱਖ ਰੂਪਾਂ ਵਿੱਚ ਦਿਖਾ ਚੁੱਕੇ ਹਨ। ਢਾਈ ਘੰਟੇ ਤੱਕ ਚੱਲੇ ਇਸ ਪੂਰੇ ਨਾਟਕ ਵਿੱਚ ਸਟੇਜ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ ਵਾਲੇ ਨਵੇਂ ਕਲਾਕਾਰ ਰਵਿੰਦਰ ਮੰਡ ਦੀ ਗੱਲ ਕੀਤੀ ਜਾਵੇ ਤਾਂ ਇਸ ਅਦਾਕਾਰ ਨੇ ਵੀ ਪੂਰੀ ਤਰ੍ਹਾਂ ਦਰਸ਼ਕਾਂ ਦੇ ਸਾਹਮਣੇ ਆਪਣਾ ਲੋਹਾ ਮਨਵਾਇਆ। ਰਵਿੰਦਰ ਮੰਡ ਦੀ ਨਾਟਕ ਵਿੱਚ ਹਾਜ਼ਰ ਜੁਆਬੀ ਤੇ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਕੇਂਦਰਤ ਕਰਕੇ ਰੱਖਣ ਉਸਦੀ ਬੇਹਤਰ ਅਦਾਕਾਰੀ ਦੀ ਨਿਸ਼ਾਨੀ ਸੀ। ਗਗਨ ਗਿੱਲ ਜੋ ਕਿ ਕਾਫੀ ਸਮੇਂ ਤੋਂ ਥਿਐਟਰ ਨਾਲ ਜੁੜਿਆ ਹੋਇਆ ਹੈ ਅਤੇ  ਕਾਮੇਡੀ ਫ਼ਿਲਮਾਂ ਰਾਹੀਂ ਦਰਸ਼ਕਾਂ ਦੇ ਰੂਬਰੂ ਹੋ ਚੁੱਕਾ ਹੈ, ਨੇ ਵੀ ਇਸ ਨਾਟਕ ਵਿਚਲੇ ਕਈ ਕਿਰਦਾਰ ਵਧੀਆ ਢੰਗ ਨਾਲ ਨਿਭਾਏ। ਜੱਗੀ ਪੁਰੀ ਜੋ ਕਿ ਥੀਏਟਰ ਦੇ ਵਧੀਆ ਕਲਾਕਾਰ ਹਨ, ਨੇ ਵੀ ਵੱਖਰੇ-ਵੱਖਰੇ ਅੰਦਾਜ ਵਿੱਚ ਆਪਣੀ ਹਾਜ਼ਰੀ ਲਗਵਾਈ। ਸਿਮਰਨ ਅਤੇ ਰੀਆ ਸਿੰਘ ਉਰਫ ਪਿੰਕੀ ਮੋਗੇ ਵਾਲੀ ਦੀ ਅਦਾਕਾਰੀ ਨੇ ਵੀ ਨਾਟਕ ਵਿੱਚ ਵੱਖਰੇ ਤੌਰ ਤੇ ਰੰਗ ਭਰੇ। ਨੌਟੀ ਬਾਬਾ ਦੀ ਟੀਮ ਨੇ ਅੰਤ ਵਿਚ ਦਰਸ਼ਕਾਂ ਨੂੰ ਅਪੀਲ ਵੀ ਕੀਤੀ ਕਿ ਨਕਲੀ ਸੀ. ਡੀ. ਖਰੀਦਣ ਤੋਂ ਬਚਿਆ ਜਾਵੇ ਕਿੳਂਕਿ ਪਾਇਰੇਸੀ ਦੇ ਕੀੜੇ ਨੇ ਸੰਗੀਤ ਕੈਸੇਟ ਇੰਡਸਟਰੀ ਦਾ ਭੱਠਾ ਬਿਠਾ ਦਿੱਤਾ ਹੈ। ਇਸ ਲਈ ਹੁਣ ਥੀਏਟਰ ਰਾਹੀਂ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਾਂ।

ਉਪਰੋਕਤ ਨਾਟਕ ਪੰਜਾਬੀ ਰੰਗ ਮੰਚ ਦੇ ਖੇਤਰ ਵਿੱਚ ਇੱਕ ਮੀਲ ਪੱਧਰ ਦੇ ਸਮਾਨ ਹੈ। ਜਿਥੇ ਇਸ ਨਾਟਕ ਨੇ ਵਿਦੇਸ਼ਾਂ ਵਿੱਚ ਵੱਸਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਰੰਗ ਮੰਚ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਉਥੇ ਹੀ ਇਨ੍ਹਾਂ ਨਾਟਕਾਂ ਨੂੰ ਵੱਡੀ ਗਿਣਤੀ ਦਰਸ਼ਕਾਂ ਦੇ ਮਿਲੇ ਹੁੰਘਾਰੇ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਚੰਗਾ ਦੇਖਣ ਤੇ ਚੰਗਾ ਸੁਨਣ ਵਾਲਿਆਂ ਦੀ ਅਜੇ ਕੋਈ ਨਹੀਂ ਹੈ।  ਅਸੀਂ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਹ ਟੀਮ ਇਸੇ ਤਰ੍ਹਾਂ ਵੱਖਰੇ-ਵੱਖਰੇ ਵਿਸ਼ਿਆਂ ਉਪਰ ਆਪਣੇ ਨਾਟਕ ਪੇਸ਼ ਕਰਦੀ ਰਹੇਗੀ। ਇਸ ਵਿਲੱਖਣ ਕਾਰਜ ਲਈ ਇਸ ਨਾਟਕ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ।

****

No comments: