ਚੁਣੌਤੀ.......... ਨਜ਼ਮ/ਕਵਿਤਾ / ਹਰਦੀਪ ਕੌਰ, ਲੁਧਿਆਣਾ

ਐ ਔਰਤ !!
ਤੂੰ ਔਰਤ ਹੋ ਕੇ ਵੀ
ਕਿਉਂ ਔਰਤ ਦੇ ਨਾਮ ਦੇ ਧੱਬਾ ਲਗਾ ਰਹੀ ਹੈਂ?
ਤੈਨੂੰ ਕਿੰਨਾ ਹੀ ਉੱਚਾ ਦਰਜਾ ਦਿੱਤਾ ਹੈ ਪ੍ਰਮਾਤਮਾ ਨੇ
ਆਪਣੇ ਤੋਂ ਬਾਅਦ ਦਾ
ਪਰ ਤੂੰ ਇਸ ਦਰਜੇ ਨੂੰ
ਮਿੱਟੀ ਚ ਕਿਉਂ ਮਿਲਾ ਰਹੀਂ ਹੈਂ?

ਕਿੰਨੇ ਹੀ ਗੁਣਾਂ ਦੀ ਧਾਰਣੀ ਹੈਂ ਤੂੰ
ਪਰ ਆਪਣੇ ਅਵਗੁਣਾਂ ਖਾਤਰ
ਖੇਹ ਗੁਣਾਂ ਦੀ ਕਿਓਂ ਉਛਾਲ ਰਹੀ ਹੈਂ ਤੂੰ
ਸਵਾਹ ਗੁਣਾਂ ਦੇ ਸਿਰ ਕਿਓਂ ਪਵਾ ਰਹੀ ਹੈਂ ਤੂੰ

ਮਮਤਾ ਮਾਂ ਨੂੰ ਜਿਤਨੀ
ਮਮਤਾ ਬਾਪ ਨੂੰ ਉਤਨੀ
ਮੰਦੇ ਭਾਗਾਂ ਦੇ ਮਾਰੇ ਜਾਂ
ਸੜ੍ਹ ਗਏ ਲੇਖਾਂ ਦੇ ਹਾੜ੍ਹੇ ਜਾਂ
ਤੱਤੀ ਵਾ ਦੇ ਵਗਣੋਂ
ਫੁੱਟੇ ਕਰਮਾਂ ਦੇ ਸ਼ਗਣੋਂ
ਵਿਆਹ ਟੁੱਟਣ ਤੋਂ ਮਗਰੋਂ
ਬੱਚਿਆਂ ਨੂੰ ਬਾਪ ਤੋਂ
ਤੋਂ ਵੱਖ ਕਰ ਜਾਏਂ
ਤਾਂ ਕੀ ਦਰਜਾ ਦਵਾਂ ਮੈਂ ਤੈਨੂੰ

ਹੁਣ ਤੱਕ ਤਾਂ ਤੈਨੂੰ ਮਾਂ ਦਾ ਦਰਜਾ ਪਾ੍ਪਤ ਹੈ
ਪਰ ਜੇ ਤੂੰ ਆਪਣੀ ਮਮਤਾ ਨੂੰ ਹੀ ਖਾ ਜਾਏਂ
ਤਾਂ ਕੀ ਦਰਜਾ ਦਵਾਂ ਮੈਂ ਤੈਨੂੰ?

ਤੂੰ ਸਾਵਿਤਰੀ ਸੀ
ਜੋ ਆਪਣੇ ਸਤਿਆਵਾਨ ਲਈ ਰੱਬ ਨਾਲ ਵੀ ਲੜ ਗਈ
ਪਰ ਹੁਣ ਜੇ ਤੂੰ ਆਪਣਾ ਹੀ ਸੁਹਾਗ ਨਿਗਲ ਜਾਏਂ
ਤਾਂ ਕੀ ਦਰਜਾ ਦਵਾਂ ਮੈਂ ਤੈਨੂੰ?

ਜੇ ਤੂੰ ਮਾਂ ਪਿਉ ਦੀ ਇੱਜ਼ਤ
ਮਿੱਟੀ ਚ ਰੋਲ ਜਾਏਂ,
ਜੇ ਤੂੰ ਆਪਣੀ ਹੀ ਜਾਈ ਦੀ
ਕਾਤਲ ਹੋ ਜਾਏਂ
ਜੇ ਤੂੰ ਵਿਆਹੇ ਜਾਣ ਮਗਰੋਂ
ਘਰ ਵੰਡਾਂ ਜਾਏਂ
ਤਾਂ ਕੀ ਦਰਜਾ ਦਵਾਂ ਮੈ ਤੈਨੂੰ?

ਮਿੱਟੀ ਦੇਸ਼ ਦੀ ਨੂੰ ਛੱਡ ਕੇ
ਦੌੜੇਂ ਵਿਦੇਸ਼ਾਂ ਨੂੰ ਭੱਜ ਕੇ
ਜੇ ਓੱਥੇ ਜਾ ਕੇ ਤੂੰ
ਆਪਣਾ ਸੱਭਿਆਚਾਰ ਭੁੱਲ ਜਾਏਂ
ਤਾਂ ਕੀ ਦਰਜਾ ਦਵਾਂ ਮੈਂ ਤੈਨੂੰ?

ਮੰਨਿਆ ਕਿ ਤੂੰ
ਦੁਰਗਾ ਹੈਂ, ਝਾਂਸੀ ਦੀ ਰਾਣੀ ਹੈਂ
ਮਾਈ ਭਾਗੋ ਹੈਂ
ਪਰ ਸਭ ਤੋਂ ਪਹਿਲਾਂ ਤੂੰ ਇੱਕ ਔਰਤ ਹੈਂ
ਤੇ ਔਰਤ ਹੀ ਬਣ ਕੇ ਰਹਿ
ਔਰਤ ਦੇ ਮੱਥੇ ਦਾ ਕਲੰਕ ਨਾ ਬਣ

ਤੂੰ ਆਪਣੀ ਮਾਸੂਮੀਅਤ ਦਾ ਮੁੱਲ
ਹੈਵਾਨੀਅਤ ਨਾਲ ਨਾ ਚੁੱਕਾ
ਕਿ ਰੱਬ ਨੂੰ ਵੀ ਆਪਣੀ
ਇਸ ਉੱਤਮ ਰਚਨਾ ਤੇ ਪਛਤਾਵਾ ਹੋਵੇ

ਤੇ ਮੇਰੀ ਕਲਮ ਬਾਰ ਬਾਰ ਤੇਰੇ
ਗੁਣ ਨਹੀ ਗਾਵੇਗੀ
ਤੈਨੂੰ ਸਹਾਰਾ ਨਹੀ ਦਵੇਗੀ
ਤੈਨੂੰ ਤੇਰਾ ਉੱਤਮ ਦਰਜਾ
ਖੁਦ ਹੀ ਪ੍ਰਾਪਤ ਕਰਨਾ ਪੈਣਾ ਹੈ।।
****

2 comments:

Anonymous said...

ਬਹੁਤ ਹੀ ਵਧੀਆ ਸੁਨੇਹਾ ਦਿੰਦੀ ਕਵਿਤਾ ।
ਸੁੱਤੀ ਆਤਮਾ ਨੂੰ ਝੰਜੋੜਾ ਦੇਣ ਲਈ ਕਾਫ਼ੀ ਹੈ।
ਕਲਮ ਨੂੰ ਵਧਾਈ !

ਹਰਦੀਪ ਕੌਰ ਸੰਧੂ (ਡਾ.)

Guri Kusla said...

nice poem g like the most