ਸੂਲਾਂ.......... ਨਜ਼ਮ/ਕਵਿਤਾ / ਜਸ ਸੈਣੀ

ਕਿੰਨਾ ਸੌਖਾ ਹੁੰਦਾ ਹੈ
ਮੌਸਮਾਂ ਵਾਂਗ ਬਦਲ ਜਾਣਾ
ਜਿੰਦਗੀ ਨਾਮ ਹੈ ਬਦਲਣ ਦਾ
ਸੌਖਾ ਨਹੀਂ ਸੰਭਲ ਜਾਣਾ

ਗਮ ਬੱਦਲੀ ਨੂੰ ਵੀ ਹੈ
ਅਸਮਾਨ ਤੋਂ ਵਿਛੜਣ ਦਾ
ਜਿਸ ਨੇ ਧਰਤੀ ਤੇ ਆ
ਬਣ ਜਲ ਜਾਣਾ

ਸੱਜਣ ਦੇ ਜਾਣ ਦਾ ਦੁੱਖ ਰਹੇਗਾ
ਪੈਰ ਵਿਚ ਚੁੱਭੀ ਸੂਲ਼ ਦੀ ਤਰ੍ਹਾਂ
ਸਾਰੀ ਉਮਰ ਸੌਖਾ ਨਹੀ ਤੁਰਨਾਂ
ਤੇ ਝੱਲ ਜਾਣਾ

ਨਾ ਕੰਨ ਪੜਾਉਣੇ
ਨਾ ਘਰ-ਘਰ ਭੀਖ ਮੰਗਣੀ
ਨਾ ਅਸੀ ਕਿਸੇ ਗੋਰਖ ਦੇ
ਟਿਲ਼ੇ ਵੱਲ ਜਾਣਾ


ਲੈ ਕੇ ਯਾਦਾਂ ਦੀ ਸੰਦੂਕੜੀ
ਵਿੱਚ ਸਾਰੀ ਉਮਰ ਦੀ ਪੂੰਜੀ
ਅਸੀਂ ਬਿਰਹਾ ਦੇ ਹੱਜ
ਅੱਜ-ਕੱਲ ਜਾਣਾ

ਇਕ ਕਲਮ ਨਾਲ ਉਲੀਕਦਾ ਰਿਹਾ
ਮੈ ਖੰਭ ਤੇਰੇ
ਤੇ ਤੇਰਾ ਕਲਮ ਮੈਨੂੰ ਫੜਾ ਕੇ
ਪਰੀਆਂ ਦੇ ਸੰਗ ਰਲ ਜਾਣਾ

ਨਵੇਂ ਮੌਸਮ ਆਉਣਗੇ
ਗੀਤ ਮੇਰੇ ਗਾਉਣਗੇ
ਅਸੀਂ ਤਾਂ ਸੁੱਕੀਆਂ ਲੱਕੜਾਂ ਵਾਂਗ
ਜਲਦੀ ਜਲ ਜਾਣਾ

****