ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ 17 ਜੂਨ 2012 ਨੂੰ ਕੋਸੋ ਹਾਲ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ਰੂਆਤ ਵਿਚ ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ.ਪਾਲ, ਕਾਰਜਕਾਰੀ ਮੈਂਬਰ ਬੀਜਾ ਰਾਮ, ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਅਤੇ ਲੇਖਿਕਾ ਗੁਰਚਰਨ ਕੌਰ ਥਿੰਦ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਸਭ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਫਾਦਰਜ਼ ਡੇਅ ਦੀ ਵਧਾਈ ਦਿੰਦਿਆ ਨਾਲ ਹੀ ਇਹ ਦੁੱਖ ਦੀ ਖ਼ਬਰ ਸਾਝੀ ਕੀਤੀ ਕਿ ਲੇਖਕ ਨਿੰਦਰ ਘੁਗਿਆਣਵੀ ਦੇ ਪਿਤਾ ਜੀ ਸ੍ਰੀ ਰੋਸ਼ਨ ਲਾਲ ਅਤੇ ਗਜ਼ਲ-ਏ-ਸ਼ਹਿਨਸ਼ਾਹ ਮਹਿੰਦੀ ਹਸਨ ਇਸ ਦੁਨੀਆ ਤੋਂ ਸਦੀਵੀ ਵਿਛੋੜਾ ਦੇ ਗਏ ਹਨ। ਸਭਾ ਵੱਲੋ ਇਹਨਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ ਗਈ।
ਪ੍ਰਸਿੱਧ ਲੇਖ਼ਕ ਬਲਦੇਵ ਸਿੰਘ ਸੜਕਨਾਮਾਂ ਦੇ ਕੇਂਦਰੀ ਪੰਜਾਬੀ ਲੇਖ਼ਕ ਸਭਾ ਪੰਜਾਬ ਦੇ ਪ੍ਰਧਾਨ ਬਣਨ ਤੇ ਉਹਨਾਂ ਨੂੰ ਸਭਾ ਵੱਲੋਂ ਵਧਾਈ ਦਿੱਤੀ। ਸਾਹਿਤਕ ਰੰਗਾਂ ਦੀ ਸ਼ੁਰੂਆਤ ਕਵੀਸ਼ਰ ਸਰੂਪ ਸਿੰਘ ਮੰਡੇਰ ਨੇ ਫਾਦਰਜ਼ ਡੇਅ ਨਾਲ ਸਬੰਧਤ ਕਵੀਸ਼ੀਰੀ ‘ਮਿਲੇ ਨਾ ਸਹਾਰਾ ਕਿਤੋਂ ਬਾਪੂ ਜੀ ਦੇ ਨਾਲ ਦਾ’ ਸੁਰੀਲੀ ਅਵਾਜ਼ ਵਿਚ ਸੁਣਾਕੇ ਕੀਤੀ। ਬਲਵੀਰ ਗੋਰੇ ਨੇ ਇਕ ਸ਼ੇਅਰ ਸਾਝਾਂ ਕੀਤਾ ਅਤੇ ਕਹਾਣੀ ‘ਅੰਤਰ’ ਸੁਣਾਈ ਜੋ ਰਵਾਨਗੀ ਅਤੇ ਵਿਸ਼ੇ ਪੱਖੋ ਸਭ ਨੂੰ ਪਸੰਦ ਆਈ। ਇਸਤੋਂ ਬਾਅਦ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਦੁਆਰਾ ਲੇਖਿਕਾ ਗੁਰਚਰਨ ਕੌਰ ਥਿੰਦ ਨੂੰ ਉਹਨਾਂ ਦਾ ਚਿੱਤਰ ਥਿੰਦ ਪਰਿਵਾਰ ਦੀ ਹਾਜ਼ਰੀ ਵਿਚ ਭੇਂਟ ਕੀਤਾ। ਜ਼ਾਨਗਲ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗੁਰਚਰਨ ਕੌਰ ਥਿੰਦ ਨੇ ਬੜੇ ਭਾਵੁਕ ਸ਼ਬਦਾ ਵਿਚ ਜ਼ਨਾਗਲ ਜੀ ਦਾ ਧੰਨਵਾਦ ਕੀਤਾ ਅਤੇ ਫਾਦਰਜ਼ ਡੇਅ ਦਾ ਦਿਨ ਹੋਣ ਕਾਰਨ ਆਪਣੀਆਂ ਭਾਵਨਾਵਾਂ ਇਕ ਬੇਟੀ ਦੇ ਰੂਪ ਵਿਚ ਪੇਸ਼ ਕਰਦਿਆਂ ਗਿਫਟ ਭੇਂਟ ਕੀਤਾ। ਸਭਾ ਦੀ ਕਾਰਜਕਾਰੀ ਕਮੇਟੀ ਨੇ ਹੁਣ ਤੱਕ ਪੰਜਾਬੀ ਬੋਲੀਂ ਲਈ ਕੀਤੇ ਯਤਨਾਂ ਕਰਕੇ ਵਿਸ਼ੇਸ਼ ਤੌਰ ਤੇ ਮੀਟਿੰਗ ਵਿਚ ਹਾਜ਼ਰ ਹੋਏ ਅਲਬਰਟਾ ਦੇ ਸਰਵਿਸਜ਼ ਮੰਤਰੀ ਮਨਮੀਤ ਸਿੰਘ ਭੁੱਲਰ ਜੀ ਦਾ ਪਲੈਕ ਨਾਲ ਸਨਮਾਨ ਕੀਤਾ। ਉਹਨਾਂ ਸਟੇਜ ਤੋਂ ਬੋਲਦਿਆਂ ਕਿਹਾ ਕਿ ਪੰਜਾਬੀ ਕਮਿਊਨਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਕੇ ਆਪਣੇ ਜਾਇਜ਼ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਜਿਸ ਵਿਚ ਫੈਮਲੀ ਹਿੰਸਾ ਤੋਂ ਬਾਅਦ ਬੱਚਿਆਂ ਦੀ ਸੰਭਾਲ ਦਾ ਮੁੱਦਾ ਬਹੁਤ ਗੰਭੀਰ ਹੈ ਅਤੇ ਲੰਬੇ ਸਮੇਂ ਤੋਂ ਪੰਜਾਬੀ ਬੋਲੀ ਲਈ ਕੰਮ ਕਰਨ ਵਾਲੀ ਸਭਾ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ।
ਪ੍ਰਧਾਨ ਮਹਿੰਦਰਪਾਲ ਐਸ.ਪਾਲ ਨੇ ਸਲਾਨਾ ਸਮਾਗਮ ਦੀ ਸਫਲਤਾ ਲਈ ਸਾਰੇ ਵਲੰਟੀਅਰਾਂ, ਮੀਡੀਆ ਅਤੇ ਸਪਾਸਰਜ਼ ਦਾ ਧੰਨਵਾਦ ਕੀਤਾ ਅਤੇ ਇਕ ਨਵੀਂ ਕਿਤਾਬ ‘ਸਾਕੀਨਾਮਾ’ ਬਾਰੇ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਕਿਤਾਬ ਡਾ.ਸੁਰਜੀਤ ਹਾਂਸ ਵੱਲੋਂ ਸੰਪਾਦਤ ਕੀਤੀ ਗਈ ਹੈ ਅਤੇ ਉਹਨਾਂ ਦੇ ਪਿਤਾ ਸ੍ਰੀ ਬਿਸ਼ੰਭਰ ਸਿੰਘ ਸਾਕੀ ਨੂੰ ਸਮਰਪਤ ਹੈ। ਇਸ ਕਿਤਾਬ ਵਿਚ ਸਾਕੀ ਜੀ ਦੁਆਰਾ ਸੁਣਾਏ ਹੋਏ ਲਤੀਫੇ, ਵਿਦਵਾਨਾਂ ਦੇ ਵਿਚਾਰ ਅਤੇ ਰਾਜਨੀਤਕ ਵਿਅੰਗ ਸ਼ਾਮਿਲ ਹਨ। ਮਹਿੰਦਰਪਾਲ ਨੇ ਕਿਹਾ ਕਿ ਅੱਜ ਫਾਦਰਜ਼ ਡੇਅ ਦੇ ਮੌਕੇ ਤੇ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਸੈਂਤੀ ਸਾਲਾਂ ਦੇ ਵਿਛੋੜੇ ਦੇ ਬਾਅਦ ਵੀ ਉਹਨਾਂ ਦੇ ਪਿਤਾ ਨੂੰ ਸਾਹਿਤਕ ਦੇਣ, ਜਿ਼ੰਦਾਦਿਲੀ ਅਤੇ ਇਨਸਾਨੀਅਤ ਲਈ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਚੰਦ ਸਿੰਘ ਸਦਿਓੜਾ ਨੇ ਪੰਜਾਬੀ ਲਾਗੂ ਕਰਵਾਉਣ ਲਈ ਮਨਮੀਤ ਭੁੱਲਰ, ਸਭਾ ਦੇ ਯੋਗਦਾਨ, ਅਤੇ ਗੁਰਚਰਨ ਕੌਰ ਥਿੰਦ ਨੂੰ ਵਧਾਈ ਦਿੰਦਿਆਂ ਸਭ ਨੂੰ ਵੱਧ ਤੋਂ ਵੱਧ ਚੰਗਾ ਸਾਹਿਤ ਪੜ੍ਹਨ ਦੀ ਪ੍ਰੇਰਨਾ ਦਿੱਤੀ। ਪ੍ਰੌਗਰੈਸਿਵ ਕਲਚਰਲ ਐਸੋਸ਼ੀਏਸ਼ਨ ਦੇ ਸਕੱਤਰ ਮਾ.ਭਜਨ ਸਿੰਘ ਗਿੱਲ ਨੇ ਹੋਰ ਵਿਚਾਰਾਂ ਦੇ ਨਾਲ ਇਹ ਵੀ ਕਿਹਾ ਕਿ ਵਧੀਆ ਲੇਖ਼ਕ ਅਤੇ ਵਧੀਆ ਰਾਜਨੀਤਕ ਨੇਤਾ ਇਕੱਠੇ ਹੋਕੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾ ਸਕਦੇ ਹਨ ਅਤੇ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਕਾਰਜਕਾਰੀ ਟੀਮ ਵਿਚ ਨੌਜਵਾਨ ਵਰਗ ਦਾ ਪੂਰੇ ਐਕਟਿਵ ਹੋਣਾ ਹੀ ਇਸ ਸਭਾ ਨੂੰ ਹਮੇਸ਼ਾਂ ਬੁਲੰਦੀ ਤੇ ਰੱਖਦਾ ਹੈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਦੱਸਿਆ ਕਿ ਸਭਾ ਵੱਲੋਂ ਇੱਕ ਨਵਾ ਅਵਾਰਡ ਸਵ: ਡਾ. ਦਰਸ਼ਨ ਗਿੱਲ ਦੇ ਨਾਮ ਉੱਪਰ ਸ਼ੁਰੂ ਕੀਤਾ ਗਿਆ ਹੈ। ਜੋ ਸਭਾ ਦੇ ਮੈਬਰਾਂ ਨੂੰ ਉਹਨਾਂ ਦੀਆਂ ਸਾਹਿਤਕ ਅਤੇ ਕਲਚਰਲ ਗਤੀਰਿਧੀਆਂ ਲਈ ਸਲਾਨਾ ਸਮਾਗਮ ਤੇ ਹਰੇਕ ਸਾਲ ਦਿੱਤਾ ਜਾਵੇਗਾ ਅਤੇ ਇਸ ਅਵਾਰਡ ਦੀਆਂ ਕੁਝ ਸ਼ਰਤਾਂ ਦਾ ਵਰਣਨ ਕੀਤਾ। ਹਾਲ ਵਿਚ ਹਾਜ਼ਰ ਦਰਸ਼ਕਾਂ ਨੇ ਤਾੜੀਆਂ ਨਾਲ ਇਸਦਾ ਸਵਾਗਤ ਕੀਤਾ ਅਤੇ ਨਵੇ਼ ਲੇਖਕਾਂ ਨੂੰ ਸਾਹਿਤ ਨਾਲ ਜੋੜਨ ਦਾ ਇਕ ਵਧੀਆਂ ਉਪਰਾਲਾ ਵੀ ਕਿਹਾ। ਪ੍ਰੋ.ਮਨਜੀਤ ਸਿੰਘ ਸਿੱਧੂ ਨੇ ਚਿੱਤਰਕਾਰ ਹਰਪ੍ਰਕਾਸ਼ ਜ਼ਾਨਗਲ ਦੀ ਸਭਾ ਪ੍ਰਤੀ ਨਿਸ਼ਕਾਮ ਸੇਵਾ ਬਾਰੇ ਸੰਖੇਪ ਵਿਚ ਕਿਹਾ ਕਿ ਉਹਨਾਂ ਵੱਲੋਂ ਬਣਾਏ ਜਾਂਦੇ ਚਿੱਤਰ ਅਣਮੁੱਲੇ ਹਨ। ਤਰਲੋਚਨ ਸੈਂਭੀ ਨੇ ਸਭਾ ਦੇ ਮੁੱਢਲੇ ਮੈਬਰ ਜਸਵੰਤ ਸਿੰਘ ਗਿੱਲ, ਪ੍ਰੋ. ਮਨਜੀਤ ਸਿੰਘ ਸਿੱਧੂ ਅਤੇ ਹਰਪ੍ਰਕਾਸ਼ ਜ਼ਨਾਗਲ ਦੇ ਸਭਾ ਲਈ ਸਹਿਯੋਗ ਦੀ ਤਰੀਫ਼ ਕੀਤੀ ਅਤੇ ਗੁਰਚਰਨ ਕੌਰ ਥਿੰਦ ਨੂੰ ਵਧਾਈ ਦਿੱਤੀ। ਕਾਫੀ ਲੰਮੇ ਸਮੇਂ ਤੱਕ ਚੱਲੀ ਇਸ ਸਾਹਿਤਕ ਮਿਲਣੀ ਵਿਚ ਬੀਜਾ ਰਾਮ ,ਸੁਰਜੀਤ ਸਿੰਘ ਪੰਨੂ, ਹਰਕੰਵਲਜੀਤ ਸਾਹਿਲ,਼ਕਹਾਣੀਕਾਰ ਜੋਰਾਵਰ ਬਾਂਸਲ, ਰੁਇਲ ਵੋਮੈਨ ਸੁਸਾਇਟੀ ਦੀ ਪ੍ਰਧਾਨ ਗੁਰਮੀਤ ਸਰਪਾਲ, ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਹਰਮਿੰਦਰ ਕੌਰ ਢਿੱਲੋਂ, ਅਜੈਬ ਸਿੰਘ ਸੇਖੋਂ ਅਤੇ ਬਲਜਿੰਦਰ ਸੰਘਾ ਨੇ ਭਾਗ ਲਿਆ। ਫਿਲਮ ਪ੍ਰੋਡਿਊਸਰ ਪਰਮਜੀਤ ਸੰਦਲ ਵੱਲੋਂ ਸੁਣਾਏ ਚੁਟਕਲਿਆਂ ਨੇ ਸਭ ਨੂੰ ਖੂਬ ਹਸਾਇਆ। ਸਾਰੰਸ ਕਾਲੀਆਂ ਨੇ ਆਪਣੀ ਵੈਬਸਾਈਟ ਲਈ ਫੋਟੋਗ੍ਰਾਫੀ ਕੀਤੀ। ਇਸਤੋਂ ਇਲਾਵਾ ਹਰੀਪਾਲ, ਸੁਖਪਾਲ ਪਰਮਾਰ, ਜੋਗਿੰਦਰ ਸਿੰਘ ਸੰਘਾ, ਸਿਮਰ ਕੌਰ ਚੀਮਾ, ਸੁਰਿੰਦਰ ਕੌਰ ਚੀਮਾ,ਮਨਜੀਤ ਬਰਾੜ, ਮੇਜਰ ਸਿੰਘ ਧਾਰੀਵਾਲ, ਰਣਜੀਤ ਸਿੰਘ ਆਹਲੂਵਾਲੀਆਂ,ਭਜਨ ਕੌਰ, ਹਰਚਰਨ ਕੌਰ ਬਾਸੀ, ਹਰਪਾਲ ਸਿੰਘ ਬਾਸੀ, ਖੁਸ਼ਮੀਤ ਸਿੰਘ ਥਿੰਦ, ਵਰਦੀਪ ਕੌਰ ਥਿੰਦ, ਰਾਜਿੰਦਰ ਕੌਰ ਪੰਨੂ, ਕੁਲਦੀਪ ਥਿੰਦ, ਜਗਜੀਤ ਸਿੰਘ ਗਿੱਲ, ਮਨੋਹਰ ਕੌਰ, ਕੁਲਵੰਤ ਕੌਰ, ਕਰਨਵੀਰ ਸਿੰਘ, ਪਵਨਦੀਪ ਬਾਂਸਲ ਤੋਂ ਇਲਾਵਾ ਬਹੁਤ ਸਾਰੇ ਸੱਜਣ ਹਾਜ਼ਰ ਸਨ। ਬਲਜਿੰਦਰ ਸੰਘਾ ਵੱਲੋਂ 15 ਜੁਲਾਈ, 2012 ਨੂੰ ਹੋਣ ਵਾਲੀ ਸਭਾ ਦੀ ਮੀਟਿੰਗ ਵਿਚ ਪੰਜਾਬੀ ਭਾਸ਼ਾਂ ਦੇ ਸਹੀ ਸ਼ਬਦ ਉਚਾਰਣ ਬਾਰੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਅਤੇ ਇਸ ਵਿਚ ਭਾਗ ਲੈਣ ਦੇ ਚਾਹਵਾਨ ਲੇਖਕਾਂ, ਬੁੱਧੀਜੀਵੀਆਂ ਨੂੰ ਪਹਿਲਾ ਨਾਮ ਦੇਣ ਦੀ ਬੇਨਤੀ ਕੀਤੀ। ਚਾਹ-ਪਾਣੀ ਦਾ ਪ੍ਰਬੰਧ ਗੁਰਚਰਨ ਕੌਰ ਥਿੰਦ ਦੇ ਪਰਿਵਾਰ ਵੱਲੋਂ ਕੀਤਾ ਗਿਆ। ਅਖੀਰ ਵਿਚ ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ. ਪਾਲ ਨੇ ਸਭ ਹਾਜ਼ਰੀਨ ਦਾ ਸਭਾ ਵੱਲੋਂ ਧੰਨਵਾਦ ਕੀਤਾ। ਸਭਾ ਦੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਲਈ ਪ੍ਰਧਾਨ ਮਹਿੰਦਰਪਾਲ ਐਸ.ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ ਜਾਂ ਸਭਾ ਦੀ ਵੈਬਸਾਈਟ ਪੰਜਾਬੀ ਲਿਖਾਰੀ ਸਭਾ ਕੈਲਗਰੀ ਡਾਟ ਕਾਮ ਤੇ ਵੀ ਦੇਖ ਸਕਦੇ ਹੋ।
No comments:
Post a Comment