ਮਾਂ ਲਈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਸਦੀ ਗੋਦੀ ਵਿੱਚ ਪੁੱਤਰ ਦਾ ਖੇਡਣਾ।
ਇਸ ਦਾਤ ਨੂੰ ਪ੍ਰਾਪਤ ਕਰਨ ਲਈ ਮਾਵਾਂ ਲੱਖਾਂ ਜਫ਼ਰ ਜਾਲਦੀਆਂ ਹਨ :
ਤੀਰਥ-ਤੀਰਥ ਖੈਰ ਮੰਗਾਵੇ, ਗੁੱਗੇ ਤੇ ਮੜ੍ਹੀਆਂ ਪੂਜਵਾਵੇ
ਸਿਵਿਆਂ ਉਤੇ ਮਾਸ ਰੰਡ੍ਹਾਵੇ, ਅਣਹੋਈਆਂ ਗੱਲਾਂ ਕਰਵਾਵੇ
ਪੁੱਤਰ ਜਿਹਾ ਨਾ ਮੇਵਾ ਡਿੱਠਾ, ਜਿਤਨਾ ਕੱਚਾ ਉਤਨਾ ਹੀ
ਮਿੱਠਾ।
ਪਰ ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਦੇ ਟੋਟੇ-ਟੋਟੇ ਕਰਵਾ
ਕੇ ਝੋਲੀ ਪਵਾਉਂਦੀਆਂ ਹਨ, ਹੱਥੀਂ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਜੰਗ ਵਿੱਚ ਤੋਰਦੀਆਂ ਹਨ ਪਰ
ਫਿਰ ਵੀ ਅੱਖਾਂ ’ਚੋਂ ਹੰਝੂ ਨਹੀਂ ਕੇਰਦੀਆਂ। ਧੰਨ ਹੈ ਉਹ ਪਿਤਾ ਜਿਹੜਾ ਅੱਖਾਂ ਸਾਹਮਣੇ ਆਪਣੇ
ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖਕੇ ਵੀ ਇਹੋ ਆਖਦਾ ਹੈ :
ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ ।
ਇਹੀ ਹੈ ਇਸ ਸ਼ਹੀਦੀ ਸਾਕੇ ਦੀ ਗਾਥਾ ਜਿਸਦਾ ਅੱਖਰ-ਅੱਖਰ ਇਸ ਗੱਲ ਦੀ ਗਵਾਹੀ
ਭਰਦਾ ਹੈ ਕਿ ਜ਼ੁਲਮ ਸਾਹਮਣੇ ਸੀਸ ਝੁਕਾਉਣਾ ਅਣਖੀ ਲੋਕਾਂ ਦਾ ਕੰਮ ਨਹੀਂ ਅਤੇ ਨਾਲ ਹੀ ਇਹ ਸਾਕਾ ਇਸ
ਗੱਲ ਦਾ ਪ੍ਰਤੀਕ ਹੈ ਕਿ ਮੌਤ ਨੂੰ ਅਤੇ ਉਮਰ ਨੂੰ ਮਾਪਣ ਦੀ ਕੋਈ ਜਰੂਰਤ ਨਹੀਂ ਰਹਿ ਜਾਂਦੀ ਜਦੋਂ ਕੋਈ
ਮੌਤ ‘ਸੁੱਤੇ ਹੋਏ ਲੋਕਾਂ ਨੂੰ ਜਗਾਉਣ ਲਈ’ ਜਾਂ ‘ਜ਼ੁਲਮ ਰਾਜ ਦੇ ਤਖਤਾਂ-ਤਾਜਾਂ ਨੂੰ ਹਿਲਾਉਣ ਲਈ ਹੋਈ ਹੋਵੇ।’
ਇਹ ਵੀ ਇੱਕ ਸਚਾਈ ਹੈ ਕਿ ਜਿਹੜੇ ਇਨਸਾਨ ਇਤਿਹਾਸ ਤੋਂ ਕੁੱਝ ਸਿਖਦੇ ਨਹੀਂ
ਉਹ ਹੀ ਇਤਿਹਾਸ ਨੂੰ ਦੁਹਰਾਉਣ ਦੇ ਜਿੰਮੇਵਾਰ ਹੁੰਦੇ ਹਨ। ਜਿਵੇਂ ਕਰਬਲਾ ਵਿੱਚ ਹਜ਼ਰਤ ਅਲੀ ਦੇ ਪੁੱਤਰਾਂ
ਹਸਨ, ਹੁਸੈਨ ਨੂੰ ਸਮੇਂ ਦੇ ਹਾਕਮਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਸੇ ਤਰ੍ਹਾਂ ਜੇ ਵਜ਼ੀਰ
ਖਾਨ ਨੇ ਉਸ ਸਾਕੇ ਤੋਂ ਕੁੱਝ ਸਿੱਖਿਆ ਹੁੰਦਾ ਤਾਂ ਉਹ ਅਜਿਹੀ ਸਥਿਤੀ ਨੂੰ ਦੁਬਾਰਾ ਦੁਹਰਾਉਣ ਦੀ ਜੁਰਅਤ
ਨਾ ਕਰਦਾ।
‘ਸਾਕਾ ਸਰਹਿੰਦ’ ਕਿਉਂ ਵਾਪਰਿਆ? ਅਨੰਦਪੁਰ ਸਾਹਿਬ ਦੀ ਲੜਾਈ
ਜੋ ਇਤਿਹਾਸਕਾਰਾਂ ਅਨੁਸਾਰ ਮਈ 1704 ਈ: (ਸੰਮਤ 1761) ਨੂੰ ਸ਼ੁਰੂ ਹੋਈ ਸੀ ਲਗਾਤਾਰ ਸੱਤ ਮਹੀਨੇ ਚੱਲਦੀ ਰਹੀ
ਕਿਲੇ ਦੇ ਅੰਦਰ ਸਿੰਘਾਂ ਕੋਲ ਰਾਸ਼ਨ ਪਾਣੀ ਮੁੱਕ ਗਿਆ ਅਤੇ ਉਧਰ ਪਹਾੜੀ ਰਾਜਿਆਂ ਦੀਆਂ ਅਤੇ ਮੁਸਲਮਾਨੀ
ਫੌਜਾਂ ਵੀ ਹੋਰ ਬਹੁਤਾ ਚਿਰ ਲੜਨ ਦੇ ਸਮਰੱਥ ਨਹੀਂ ਸਨ। ਇਸ ਕਰਕੇ ਮੁਸਲਮਾਨਾਂ ਨੇ ਕੁਰਾਨ ਦੀਆਂ ਅਤੇ
ਪਹਾੜੀ ਰਾਜਿਆਂ ਨੇ ਗਊਆਂ ਦੀਆਂ ਝੂਠੀਆਂ ਸਹੁੰਆਂ ਖਾ ਕੇ ਗੁਰੂ ਜੀ ਕੋਲੋਂ ਅਨੰਦਪੁਰ ਦਾ ਕਿਲ੍ਹਾ ਖਾਲੀ
ਕਰਵਾ ਲਿਆ ਅਤੇ ਕਿਹਾ ਕਿ ਉਹ ਮੁੜਕੇ ਵਾਰ ਨਹੀਂ ਕਰਨਗੇ ਪਰ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ
ਇਹ ਮੱਕਾਰ, ਚਾਲਬਾਜ ਲੋਕ ਕਦੇ ਵੀ ਆਪਣੀ ਆਖੀ ਗੱਲ ਤੋਂ ਮੁਕਰ ਸਕਦੇ ਹਨ। ਪਰ ਮਾਤਾ ਗੁਜਰੀ
ਜੀ ਅਤੇ ਕੁੱਝ ਸਿੰਘਾਂ ਦੇ ਕਹਿਣ ’ਤੇ ਗੁਰੂ ਜੀ ਨੇ ਕਿਲ੍ਹਾ ਛੱਡ ਦਿੱਤਾ ਅਤੇ ਰੋਪੜ ਦੇ ਇਲਾਕੇ ਵੱਲ ਨੂੰ ਵਧਣਾ
ਸ਼ੁਰੂ ਕਰ ਦਿੱਤਾ। ਅਜੇ ਗੁਰੂ ਜੀ ਦਾ ਵਹੀਰ ਸਰਸਾ ਨਦੀ ਕੰਢੇ ਹੀ ਪਹੁੰਚਿਆ ਸੀ ਕਿ ਪਿੱਛੋਂ ਆ ਰਹੀ ਦੁਸ਼ਮਣ
ਦੀ ਫੌਜ਼ ਨੇ ਮੁੜ ਹਮਲਾ ਕਰ ਦਿੱਤਾ। ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ। ਇਸ ਸਥਾਨ ’ਤੇ ਲਹੂ ਡੋਲਵੀਂ ਟੱਕਰ
ਸ਼ੁਰੂ ਹੋਈ। ਬਹੁਤ ਕੀਮਤੀ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ। ਇਸੇ ਹੀ ਸਥਾਨ ’ਤੇ ਗੁਰੂ ਜੀ ਦਾ ਪ੍ਰੀਵਾਰ
ਖੇਰੂੰ-ਖੇਰੂੰ ਹੋ ਗਿਆ, ਵੱਡੇ ਸਾਹਿਬਜ਼ਾਦੇ, ਪਿਤਾ ਗੁਰੂ ਗੋਬਿੰਦ ਸਿੰਘ ਜੀ ਸਮੇਤ ਕੁੱਝ ਸਿੰਘਾਂ
ਦੇ ਨਾਲ ਚਮਕੌਰ ਵੱਲ ਨੂੰ ਚਲੇ ਗਏ, ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਂ ਗੁਜਰੀ ਜੀ ਇਕੱਲੇ ਰਹਿ ਗਏ। ਪੋਹ ਦੀ
ਰੁੱਤ, ਕਹਿਰਾਂ ਦੀ ਸਰਦੀ ਦੋ ਛੋਟੇ ਛੋਟੇ ਬਾਲ ਦਾਦੀ ਦੀ ਉਂਗਲੀ ਫੜ ਕੇ ਜੰਗਲਾਂ ਵਿੱਚ ਦੀ ਹੁੰਦੇ ਹੋਏ
ਹਨੇਰੇ ਨੂੰ ਚੀਰਦੇ ਆਪਣੀ ਜ਼ਿੰਦਗੀ ਦੇ ਔਕੜਾਂ ਭਰੇ ਸਫ਼ਰ ਨੂੰ ਤਹਿ ਕਰ ਰਹੇ ਸਨ। ਇੰਝ ਤੁਰਦੇ-ਤੁਰਦੇ
ਗੰਗੂ ਬ੍ਰਾਹਮਣ, ਜੋ ਕਿ ਗੁਰੂ ਘਰ ਦਾ ਰਸੋਈਆ ਸੀ ਉਹਦੇ ਪਿੰਡ ਸਹੇੜੀ ਜਾ ਪਹੁੰਚੇ,
ਉਹ ਬੱਚਿਆਂ ਨੂੰ ਅਤੇ ਦਾਦੀ ਜੀ ਨੂੰ ਆਪਣੇ ਘਰੇ ਲੈ ਗਿਆ, ਦਾਦੀ ਜੀ ਕੋਲ ਕੁੱਝ ਗਹਿਣੇ
ਅਤੇ ਕੁੱਝ ਪੈਸੇ ਜੋ ਕਿ ਇੱਕ ਪੋਟਲੀ ਵਿੱਚ ਪਾਏ ਹੋਏ ਸਨ। ਬੱਸ ਇਹਨਾਂ ਗਹਿਣਿਆਂ ਅਤੇ ਹੀਰਿਆਂ ਦੀ ਚਮਕ
ਨੇ ਉਹਨੂੰ ਅੰਨ੍ਹਾ ਕਰ ਦਿੱਤਾ ਅਤੇ ਉਹ ਇਹਨਾਂ ਕੀਮਤੀ ਵਸਤਾਂ ਨੂੰ ਹਾਸਿਲ ਕਰਨ ਲਈ ਹੀਰਿਆਂ ਤੋਂ ਵੀ
ਸੋਹਣੇ ਛੋਟੇ ਬੱਚਿਆਂ ਦੀ ਮੌਤ ਦਾ ਕਾਰਨ ਬਣਿਆ, ਭਾਵੇਂ ਕਿ ਉਹ ਗੁਰੂ ਘਰ ਦਾ ਰਸੋਈਆ ਸੀ ਪਰ ਸ਼ਾਇਦ
ਉਸ ਕੋਲੋਂ ਗੁਰੂ ਦੁਆਰਾ ਸਾਜਿਆ ਖਾਲਸਾ ਜੋ ਨੀਚਾਂ ਨੂੰ ਊਚ ਬਣਾਉਂਦਾ ਸੀ, ਜਿਸਨੇ ਚਿਰਾਂ ਤੋਂ ਚੱਲੀ
ਆ ਰਹੀ ਬ੍ਰਾਹਮਣਵਾਦ ਦੀ ਰੀਤ ਨੂੰ ਭਸਮ ਕਰ ਦਿੱਤਾ ਸੀ, ਨਾ ਜਰਿਆ ਗਿਆ ਹੋਵੇ ਅਤੇ
ਉਸ ਦੇ ਪਾਪੀ ਮਨ ਨੇ ਸਾਜਿਸ਼ ਰਚਣੀ ਸ਼ੁਰੂ ਕਰ ਦਿੱਤੀ ਹੋਵੇ ਅਤੇ ਅਜਿਹਾ ਮੌਕਾ ਗੁਆਉਣਾ ਉਸਨੇ ਨਾ-ਮੁਨਾਸਿਬ
ਸਮਝਿਆ ਹੋਵੇ। ਉਹ ਜਾਤ ਦਾ ਬ੍ਰਾਹਮਣ ਸੀ ਜੋ ਕਿ ਅਜਿਹੀ ਮਾਨਸਿਕਤਾ ਵਿੱਚ ਪਲਿਆ ਸੀ ਜਿੱਥੇ ਮਜ਼ਲੂਮਾਂ
ਅਤੇ ਬੇਕਸੂਰ ਲੋਕਾਂ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ।
ਸਹੇੜੀ ਦੇ ਚੌਧਰੀ ਅਤੇ ਗੰਗੂ ਨੇ ਇਸ ਗੱਲ ਦੀ ਇਤਲਾਹ ਮੋਰਿੰਡੇ ਦੇ ਰੰਘੜ
ਕੋਲ ਕੀਤੀ, ਕਿਉਂਕਿ ਉਹ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਅਤੇ
ਮਾਤਾ ਨੂੰ ਵਜ਼ੀਰ ਖਾਨ ਕੋਲ ਫੜਾ ਕੇ ਉਹ ਬਹੁਤ ਵੱਡਾ ਇਨਾਮ ਜਿੱਤ ਲੈਣਗੇ। ਇਸ ਤਰ੍ਹਾਂ ਉਨ੍ਹਾਂ ਤਿੰਨਾਂ
ਨੇ ਮਿਲਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਬੰਦੀ ਬਣਾ ਦਿੱਤਾ। ਸਾਹਿਬਜ਼ਾਦਿਆਂ ਨੂੰ ਅਤੇ ਦਾਦੀ ਜੀ
ਨੂੰ ਇੱਕ ਰਾਤ ਠੰਡੇ ਬੁਰਜ ਵਿੱਚ ਰੱਖਿਆ ਗਿਆ, ਉਹ ਬੁਰਜ ਜਿਸ ਨੂੰ ਸਿੱਖ ਇਤਿਹਾਸ ਵਿੱਚ ‘ਚੰਡਾਲ ਬੁਰਜ’
ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸਦੇ ਚਾਰ ਥੰਮ ਸਨ ਨਾ ਉਪਰ ਕੋਈ ਛੱਤ ਸੀ, ਲੋਹੇ ਦੇ ਸਰੀਏ ਵਾਲੇ
ਵੱਡੇ ਵੱਡੇ ਦਰਵਾਜ਼ੇ ਸਨ। ਪੋਹ ਦੀ ਠੰਡੀ ਹਵਾ ਕਲੇਜਿਆਂ ਨੂੰ ਚੀਰਕੇ ਲੰਘ ਰਹੀ ਸੀ ਪਰ ਸਿਦਕ ਦੇ ਪੱਕੇ
ਸ਼ਹੀਦ ਦਾਦੇ ਦੇ ਪੋਤੇ ਆਪਣੀ ਦਾਦੀ ਮਾਂ ਦੀ ਨਿੱਘੀ ਬੁੱਕਲ ਦਾ ਅਨੰਦ ਮਾਣ ਰਹੇ ਸਨ। ਮਖ਼ਮਲਾਂ ’ਤੇ ਸੌਣ ਵਾਲੇ,
ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲੇ ਅੱਜ ਭੁੱਖਣ-ਭਾਣੇ ਠੰਡੇ ਬੁਰਜ ਵਿੱਚ ਬੈਠੇ ਦਾਦੀ ਮਾਂ ਦੀਆਂ
ਬਾਤਾਂ ਸੁਣ ਰਹੇ ਸਨ, ਇਹ ਬਾਤਾਂ ਕੋਈ ਕਲਪਨਾਵਾਂ ਨਹੀਂ ਸਨ, ਸਗੋਂ ਸੱਚ ਦੇ ਰਾਹ ਤੇ
ਤੁਰੇ ਹੋਏ ਪਾਂਧੀਆਂ ਨੂੰ ਰਸਤੇ ਵਿੱਚ ਆਉਣ ਵਾਲੀਆਂ ਔਖਿਆਈਆਂ ਅਤੇ ਉਨ੍ਹਾਂ ਔਕੜਾਂ ਨੂੰ ਖਿੜੇ ਮੱਥੇ
ਸਹਿਣ ਕਰਨ ਦਾ ਉਪਦੇਸ਼ ਦਿੰਦੀਆਂ ਸਨ। ਦਾਦੀ ਮਾਂ ਸਮਝਾ ਰਹੀ ਸੀ ਕਿ ਬੱਚਿਓ ਦਾਦਾ ਜੀ ਦੀ ਚਿੱਟੀ ਪੱਗ
ਨੂੰ ਦਾਗ ਲੱਗਣ ਤੋਂ ਬਚਾਇਓ ਭਾਵੇਂ ਤੁਹਾਡਾ ਸੀਸ ਕੱਟ ਜਾਵੇ। ਦਾਦੀ ਮਾਂ ਦੀਆਂ ਦਿੱਤੀਆਂ ਨਸੀਹਤਾਂ
ਤੇ ਫੁੱਲ ਚੜ੍ਹਾਉਂਦਿਆਂ ਬੱਚਿਆਂ ਨੇ ਕਿਹਾ ਸੀ, ਸਿਰ ਦੇ ਕੇ ਸਿਦਕ ਬਚਾਵਾਂਗੇ। 24 ਦਸੰਬਰ 1704 ਈ: ਦਾ ਦਿਨ ਚੜ੍ਹਿਆ,
ਠੰਡੇ ਬੁਰਜ ਵਿੱਚੋਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਸਿਪਾਹੀ ਆਏ। ਇਸ ਸਥਿਤੀ ਦਾ ਵਰਨਣ ਅੱਲਾ ਯਾਰ
ਖਾਂ ਜੋਗੀ ‘ਸ਼ਹੀਦਾਨਿ ਵਫ਼ਾ’ ਵਿੱਚ ਇਸ ਤਰ੍ਹਾਂ ਕਰਦਾ ਹੈ :
ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ,
ਕੇਸੋਂ ਕੋ ਕੰਘੀ ਕਰੂੰ ਜਰਾ ਧੁਲਾ ਤੋ ਲੂੰ,
ਪਿਆਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ,
ਮਰਨ ਸੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ ।
ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ, ਸੂਰਮਿਆਂ ਨੇ ਕਚਿਹਰੀ
ਵਿੱਚ ਖਲੋ ਕੇ, ਗੱਜ ਕੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’
ਬੁਲਾਈ। ਇਹ ਦੇਖਕੇ ਸੂਬਾ ਕੰਬ ਉ¤ਠਿਆ। ਕਹਿੰਦੇ ਹਨ ਜਿਸ ਦਰਵਾਜ਼ੇ ਰਾਹੀਂ ਸਾਹਿਬਜ਼ਾਦਿਆਂ ਨੂੰ ਕਚਿਹਰੀ ਵਿੱਚ
ਲਿਆਂਦਾ ਗਿਆ ਉਹ ਬਹੁਤ ਨੀਵਾਂ ਸੀ, ਤਾਂ ਕਿ ਜਦੋਂ ਉਹ ਅੰਦਰ ਵੜਣ ਤਾਂ ਉਹਨਾਂ ਦੀ ਨੀਵੀਂ ਪੈ ਜਾਵੇ ਪਰ ਅਣਖ
ਨਾਲ ਜਿਉਣ ਵਾਲੇ ਸੂਰਮਿਆਂ ਦੀ ਧੌਣ ਕਾਇਰਾਂ ਸਾਹਮਣੇ ਨਹੀਂ ਝੁਕ ਸਕਦੀ।
ਸੂਬੇ ਨੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲ੍ਹਾਉਣ ਦੇ ਲੱਖਾਂ ਯਤਨ ਕੀਤੇ
ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡਕੇ ਇਸਲਾਮ ਕਬੂਲ ਕਰ ਲੈਣ। ਸੂਰਜ
ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੋਰਿੰਡੇ ਦੇ ਇੱਕ ਅਹਿਲਕਾਰ ਨੇ ਸਾਹਿਬਜ਼ਾਦਿਆਂ
ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਅਤੇ ਭਰਾ ਚਮਕੌਰ ਦੀ ਜੰਗ ਵਿੱਚ ਮਾਰੇ ਗਏ ਹਨ ਸੋ ਤੁਹਾਡਾ ਕੋਈ ਆਸਰਾ
ਨਹੀਂ ਰਿਹਾ ਜੇਕਰ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਵਜ਼ੀਰ ਖਾਨ ਤੁਹਾਡੀ ਰੱਖਿਆ ਕਰ ਸਕਦਾ ਹੈ। ਸੂਰਜ
ਪ੍ਰਕਾਸ਼ ਅਨੁਸਾਰ :
ਸਾਹਿਬਜ਼ਾਦਿਓ ਪਿਤਾ ਤੁਹਾਰਾ ॥ ਗਢ ਚਮਕੌਰ ਘੇਰ ਗਹਿ ਮਾਰਾ॥
ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ ॥ ਸੰਗੀ ਸਿੰਘ ਸਕਲ ਸੋ ਮਾਰੇ ॥
ਅੱਗੋਂ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ :
ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ ॥ ਜਗ ਮਹਿੰ ਕੋਨ ਸਕੇ ਤਿੰਹ ਮਾਰਾ ॥
ਜਿੰਮ ਆਕਾਸ਼ ਕੋ ਕਿਆ ਕੋਈ ਮਾਰਹਿ ॥ ਕੌਨ ਅੰਧੇਰੀ ਕੋ ਨਿਰਵਾਰਹਿ ॥
ਸੂਬੇ ਦੀ ਗੱਲ ਸੁਣਕੇ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ ਕਿ ਸਾਨੂੰ ਤਾਂ ਅਕਾਲ
ਪੁਰਖ ਦੇ ਆਸਰੇ ਦੀ ਲੋੜ ਹੈ ਹੋਰ ਕੋਈ ਆਸਰੇ ਦੀ ਲੋੜ ਨਹੀਂ। ਸਾਹਿਬਜ਼ਾਦਿਆਂ ਨੇ ਨਿਡਰ ਹੋ ਕੇ ਕਿਹਾ
ਕਿ ਵਜ਼ੀਰ ਖਾਨ ਸੂਰਜ ਪੂਰਬ ਨੂੰ ਛੱਡ ਕੇ ਪੱਛਮ ’ਚੋਂ ਨਿਕਲ ਸਕਦਾ, ਮੱਛੀਆਂ ਪਾਣੀ ਤੋਂ ਬਿਨਾਂ
ਜਿੰਦਾ ਰਹਿ ਸਕਦੀਆਂ ਪਰ ਸ਼ੇਰਾਂ ਦੇ ਪੁੱਤ ਤੇਰੀਆਂ ਗਿੱਦੜ ਧਮਕੀਆਂ ਅੱਗੇ ਝੁਕ ਨਹੀਂ ਸਕਦੇ। ਸੂਬੇ ਨੂੰ
ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਹਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਡੇ ਬੁਰਜ ਵਿੱਚ
ਰੱਖਣ ਦਾ ਹੁਕਮ ਕੀਤਾ। ਭੁੱਖੇ ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸੀਹਿਆਂ ਭਰੀ ਰਾਤ ਪਲ-ਪਲ
ਕਰਕੇ ਗੁਜ਼ਾਰ ਰਹੇ ਸਨ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ ਜੋ ਕਿ ਵਜ਼ੀਰ
ਖਾਨ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਬੀ ਲੈ ਕੇ ਬੁਰਜ ਵਿੱਚ ਪਹੁੰਚਿਆ, ਰਸਤੇ ਵਿੱਚ ਕਿਸੇ ਪਹਿਰੇਦਾਰ
ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ। ਮਾਤਾ
ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ :
ਪਿਖ ਕੇ ਪ੍ਰੇਮ ਸੂ ਮੋਤੀ ਕੇਰਾ, ਮਾਤਾ ਕਹਯੋ ਭਲਾ ਹੋਵੈ
ਤੇਰਾ ॥
ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈ. ਨੂੰ ਹੋਈ। ਜਦੋਂ
ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਲਾਲ ਦੇ ਲਾਲਾਂ ਦੇ ਮੁੱਖ ਚੁੰਮੇ ਅਤੇ ਉਨ੍ਹਾਂ ਨੂੰ
ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਕੇ ਗੱਜਕੇ ਫ਼ਤਿਹ
ਬੁਲਾਈ। ਸੂਬੇ ਨੇ ਫਿਰ ਉਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਾਰੀ
ਨੂੰ ਠੁਕਰਾ ਦਿੱਤਾ। ਵਜ਼ੀਰ ਖਾਨ ਨੇ ਬੱਚਿਆਂ ਤੋਂ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ
ਤੁਸੀਂ ਕੀ ਕਰੋਗੇ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਆਪਣੇ ਪਿਤਾ ਜੀ ਵਾਂਗ ਇੱਕ ਸ਼ੇਰਾਂ ਦੀ
ਫੌਜ਼ ਤਿਆਰ ਕਰਨਗੇ ਅਤੇ ਤੇਰੇ ਵਰਗੇ ਗਿੱਦੜਾਂ ਦੇ ਤਖ਼ਤ ਤਾਜ਼ ਹਿਲਾ ਕੇ ਰੱਖ ਦੇਣਗੇ। ਸੂਬੇ ਨੇ ਆਪਣੀ
ਹਾਰ ਨੂੰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ, ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ
ਬਾਗੀ ਦੇ ਪੁੱਤਰਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ। ਇਹ ਉਹ ਕੁਲਿਹਣੀ ਘੜੀ
ਸੀ ਜਿਸ ਨੂੰ ਸੁਣਕੇ ਧਰਤੀ ਕੰਬੀ, ਅਸਮਾਨ ਡੋਲਿਆ, ਪੱਥਰ ਮੋਮ ਵਾਂਗ ਪਿਘਲ ਗਏ ਅਤੇ ਹਜ਼ਰਤ ਮੁਹੰਮਦ ਸਾਹਿਬ
ਨੇ ਅਰਸ਼ਾਂ ’ਚੋਂ ਖੂਨ ਦੇ ਅੱਥਰੂ ਵਹਾਏ ਜਿਸ ਸਮੇਂ ਇਹ ਫੈਸਲਾ ਸੁਣਾਇਆ ਗਿਆ ਉਸ ਵੇਲੇ
ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉਥੇ ਮੌਜੂਦ ਸੀ। ਉਹ ਉਠ ਖਲੋਤਾ ਉਹਨੇ ‘ਹਾਅ ਦਾ ਨਾਅਰਾ’
ਮਾਰਿਆ, ਵਜ਼ੀਰ ਖਾਨ ਬੱਚਿਆਂ ਉਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੈ, ਇਸਲਾਮ ਇਸ ਪਾਪ ਦੀ ਮੰਨਜ਼ੂਰੀ
ਨਹੀਂ ਦਿੰਦਾ। ਇਸ ਹਾਅ ਦੇ ਨਾਅਰੇ ਨੂੰ ਸੁਣਕੇ ਵਜ਼ੀਰ ਖਾਨ ਦਾ ਮਨ ਕੁੱਝ ਬਦਲਿਆ ਪਰ ਕੋਲ ਬੈਠੇ ਸੁੱਚਾ
ਨੰਦ ਨੇ ਭਾਨੀ ਮਾਰਦਿਆਂ ਕਿਹਾ, ‘ਵਜ਼ੀਰ ਖਾਨ ਇੰਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ
ਨਹੀਂ ਸੌਂ ਸਕਦਾ’ ਕਿਉਂਕਿ ਦੁਸ਼ਮਣ ਨੂੰ ਅਤੇ ਸੱਪ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੈ।
ਬੱਸ ਫਿਰ ਕੀ ਸੀ ਉਹ ਅੰਤਿਮ ਘੜੀ ਆ ਗਈ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ,
ਅਜੇ ਕੰਧ ਛਾਤੀ ਤੱਕ ਪਹੁੰਚੀ ਸੀ ਕਿ ਇੱਟਾਂ ਦਾ ਇਹ ਢਾਂਚਾ ਧੜੰਮ ਡਿੱਗ ਪਿਆ। ਸਾਹਿਬਜ਼ਾਦਿਆਂ ਨੂੰ
ਬੇਹੋਸ਼ੀ ਦੀ ਹਾਲਤ ਵਿੱਚ ਹੀ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹ ਮੁੜ ਹੋਸ਼ ਵਿੱਚ ਆ ਗਏ।
ਕੁਝ ਇਤਿਹਾਸਕਾਰਾਂ ਅਨੁਸਾਰ ਤੀਜ਼ੀ ਪੇਸ਼ੀ 26 ਦਸੰਬਰ ਨੂੰ ਅਤੇ ਕੁੱਝ
ਮੁਤਾਬਿਕ 27 ਦਸੰਬਰ 1704 ਈ. ਨੂੰ ਹੋਈ। ਇਸਲਾਮ ਧਾਰਨ ਕਰਨ ਦੀ ਰਟ ਮੁੜ ਦੁਹਰਾਈ ਗਈ ਪਰ ਸਾਹਿਬਜ਼ਾਦਿਆਂ
ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ ਅਤੇ ਸੂਬੇ ਨੇ ਆਪਣਾ ਆਖਰੀ ਫੈਸਲਾ ਕਿ, ‘‘ਇੰਨ੍ਹਾਂ ਬੱਚਿਆਂ ਦੇ
ਸਿਰ ਕਲਮ ਕਰ ਦਿੱਤੇ ਜਾਣ’’ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੇ ਸਾਹਿਬਜ਼ਾਦਿਆਂ ਨੂੰ ਕੋਹ-ਕੋਹ
ਕੇ ਸ਼ਹੀਦ ਕਰ ਦਿੱਤਾ। ਉਹ ਕਿਹੜੀ ਅੱਖ ਸੀ ਜਿਹੜੀ ਇਸ ਗੱਲ ਨੂੰ ਸੁਣਕੇ ਨਾ ਰੋਈ ਹੋਵੇ। ਇਸ ਤੱਥ ਦੀ
ਪੁਸ਼ਟੀ ‘ਪੰਥ ਪ੍ਰਕਾਸ਼’ ਦੇ ਕਰਤਾ ਗਿਆਨੀ ਗਿਆਨ ਸਿੰਘ ਲਿਖਦੇ ਹਨ :
ਸ਼ਾਸ਼ਲ ਬੇਗ ਅਰ ਬਾਸ਼ਲ ਬੇਗ। ਉਭੈ ਜਲਾਦਨ ਖਿਚ ਕੈ ਤੇਗ ।
ਤਿਸਹੀ ਠਉਰ ਖਰਿਓ ਕੈ ਸੀਸ। ਤੁਰਤ ਉਤਾਰੇ ਦੁਸ਼ਟੈਂ ਰੀਸ ।
ਤੇਰਾਂ ਪੋਹ ਥਾ ਮੰਗਲਵਾਰ । ਮਚਿਓ ਸ਼ਹਿਰ ਮੇਂ ਹਾਹਾਕਾਰ ॥
ਇਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸਪਸ਼ਟ ਹੈ ਕਿ
ਸਾਹਿਬਜ਼ਾਦਿਆਂ ਦੀ ਮੌਤ ਨੀਹਾਂ ਵਿੱਚ ਦਮ ਘੁੱਟਣ ਕਰਕੇ ਨਹੀਂ ਹੋਈ ਸਗੋਂ ਉਨ੍ਹਾਂ ਦੇ ਸਿਰ ਕਲਮ ਕੀਤੇ
ਗਏ। ਇਸ ਦੁਖ਼ਦਾਈ ਖ਼ਬਰ ਦਾ ਪਤਾ ਜਦੋਂ ਮਾਤਾ ਗੁਜਰੀ ਜੀ ਨੂੰ ਲੱਗਿਆ ਤਾਂ ਉਹਨਾਂ ਤੋਂ ਇਹ ਸਦਮਾ ਬਰਦਾਸ਼ਤ
ਨਹੀਂ ਹੋਇਆ ਤੇ ਉਹ ਵੀ ਜੋਤੀ ਜੋਤ ਸਮਾ ਗਏ। ਪਰ ਇਹ ਧਾਰਨਾਂ ਬਿਲਕੁਲ ਗਲਤ ਹੈ ਕਿ ਮਾਤਾ ਗੁਜਰੀ ਜੀ
ਨੇ ਬੁਰਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਕਿਉਂਕਿ ਉਹ ਔਰਤ ਜੋ ਆਪਣੇ ਪਤੀ ਦੇ ਦੇਸ਼ ਕੌਮ ਤੋਂ
ਕੁਰਬਾਨ ਹੋਣ ਵੇਲੇ ਨਹੀਂ ਡੋਲੀ ਅਤੇ ਜਿਸ ਨੇ ਆਪਣੇ ਪੋਤਿਆਂ ਨੂੰ ਹੱਥੀਂ ਸ਼ਹੀਦ ਹੋਣ ਲਈ ਤੋਰਿਆ ਉਹ
ਐਨੀ ਬੁਜ਼ਦਿਲ ਨਹੀਂ ਹੋ ਸਕਦੀ ਕਿ ਬੁਰਜ ਤੋਂ ਛਾਲ ਮਾਰਕੇ ਆਤਮ ਹੱਤਿਆ ਕਰ ਲਵੇ। ਦੂਸਰਾ ਸਿੱਖ ਧਰਮ ਵਿੱਚ
ਆਤਮ ਹੱਤਿਆ ਕਰਨਾ ਵਰਜਿਤ ਹੈ। ਇਥੇ ਹੀ ਬੱਸ ਨਹੀਂ ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਮਾਤਾ ਗੁਜਰੀ
ਜੀ ਨੂੰ ਬੁਰਜ ਤੋਂ ਧੱਕਾ ਦੇ ਦਿੱਤਾ ਗਿਆ ਸੀ। ਪਰ ਇਹ ਗੱਲਾਂ ਇਤਿਹਾਸਕ ਪੱਖ ਤੇ ਖਰੀਆਂ ਨਹੀਂ ਉਤਰਦੀਆਂ।
ਮਾਤਾ ਜੀ ਬਿਰਧ ਅਵਸਥਾ ਵਿੱਚ ਸਨ। ਤਿੰਨ-ਚਾਰ ਦਿਨਾਂ ਤੋਂ ਭੁੱਖਣ-ਭਾਣੇ ਠੰਢੇ ਬੁਰਜ ਵਿੱਚ ਕੈਦ ਸਨ।
ਪੋਹ ਦੀ ਠੰਢੀ ਹਵਾ ਅਤੇ ਭੁੱਖ ਨੇ ਹੀ ਸਰੀਰ ਕਾਫ਼ੀ ਕਮਜ਼ੋਰ ਕਰ ਦਿੱਤਾ ਸੀ ਤੇ ਇਸੇ ਤਰ੍ਹਾਂ ਉਹ ਵੀ ਆਪਣਾ
ਸਰੀਰ ਤਿਆਗ ਗਏ।
ਟੋਡਰ ਮੱਲ ਖੱਤਰੀ ਨੇ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਅਤੇ ਤਿੰਨਾਂ ਦੇਹਾਂ
ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਹ ਸ਼ਹੀਦੀ ਸਾਕਾ 13 ਪੋਹ ਸੰਮਤ 1761 ਨੂੰ ਵਾਪਰਿਆ। ਭਾਵੇਂ
ਵਜ਼ੀਰ ਖਾਨ ਨੇ ਦੋ ਚਮਕਦੇ ਹੀਰਿਆਂ ਨੂੰ ਬਿਨਾਂ ਕਸੂਰੋਂ ਮਿੱਟੀ ਵਿੱਚ ਰੋਲ ਦਿੱਤਾ ਪਰ ਉਹ ਸੂਰਮੇਂ ਤਾਂ
ਅਮਰ ਹਨ। ਉਹਨਾਂ ਦੀ ਸ਼ਹੀਦੀ ਨੇ ਬੰਦੇ ਵਰਗੇ ਵੈਰਾਗੀ ਸਾਧੂਆਂ ਦੇ ਮਨ ਤੇ ਅਜਿਹਾ ਅਸਰ ਕੀਤਾ ਕਿ ਜਿਹੜੇ
ਡੇਰੇ ਦੇ ਆਲੇ ਦੁਆਲੇ ਖ਼ੂਨ ਦਾ ਛਿੱਟਾ ਡੁਲ੍ਹਿਆ ਵੀ ਬਰਦਾਸ਼ਤ ਨਹੀਂ ਸਨ ਕਰਦੇ, ਐਨੇ ਡੁੱਲ੍ਹੇ ਖੂਨ ਨੂੰ
ਦੇਖਕੇ ਪਾਪੀ ਕੋਲੋਂ ਬਦਲਾ ਲੈਣ ਦੀ ਪੱਕੀ ਧਾਰ ਗਏ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
****
No comments:
Post a Comment