ਪਹਿਲੇ ਸਮੇਂ ਦੇ ਸੰਗੀਤਕਾਰ, ਸਰੋਤੇ ਤੇ ਸਬਰ.......... ਲੇਖ / ਨਿੰਦਰ ਘੁਗਿਆਣਵੀ

ਪੰਜਾਬੀ ਲੋਕ-ਗਾਇਕੀ ਦਾ ਦਸਾਂ ਦਹਾਕਿਆਂ ਤੋਂ ਵੀ ਵੱਧ ਵਰ੍ਹਿਆਂ ਦਾ ਸਫ਼ਰ ਬੜਾ ਦਿਲਚਸਪ ਤੇ ਰੌਣਕੀਲਾ ਰਿਹਾ ਹੈ। ਹਾਲੇ ਸੰਨ 1905 ਦਾ ਹੀ ਸਮਾਂ ਸੀ, ਜਦੋਂ ਗੌਹਰਾ ਜਾਨ ਨੇ ਕਲਕੱਤੇ ਇੱਕ ਰਿਕਾਰਡਿੰਗ ਕੰਪਨੀ ਵਿੱਚ ਆਪਣੇ ਇਕੱਠੇ 6 ਪੰਜਾਬੀ ਗੀਤ ਰਿਕਾਰਡ ਕਰਵਾ ਦਿੱਤੇ ਸਨ। ਉਸ ਤੋਂ ਬਾਅਦ ਇੱਕ-ਇੱਕ ਕਰਕੇ ਕਾਫਲਾ ਜੁੜਦਾ ਗਿਆ ਤੇ ਪੰਜਾਬੀ ਲੋਕ-ਗਾਇਕਾਂ ਤੇ ਗਾਇਕਾਵਾਂ ਦਾ ਇੱਕ ਵੱਡਾ ਕਾਫਲਾ ਜੁੜ ਗਿਆ। ਸੰਨ 1932 ਦੇ ਲਾਗੇ-ਚਾਗੇ ਜਦ ਐੱਚ.ਐੱਮ.ਵੀ ਕੰਪਨੀ ਆ ਗਈ ਤਾਂ ਲੋਕ-ਗਾਇਕਾਂ ਦੇ ਟੈਸਟ ਲੈਕੇ ਉਹਨਾਂ ਨੂੰ ਬੜੀ ਤੇਜ਼ੀ ਨਾਲ ਰਿਕਾਰਡ ਕੀਤਾ ਜਾਣ ਲੱਗਿਆ। ਗੀਤਾਂ ਦੇ ਤਵੇ ਭਰਨ ਲੱਗੇ। ਇੰਨ੍ਹਾਂ ਸਮਿਆਂ ਦੌਰਾਨ ਗਾਇਕੀ ਵੰਨ-ਸੁਵੰਨੇ ਮੋੜਾਂ ਉਤੋਂ ਦੀ ਗੁਜ਼ਰਦੀ ਰਹੀ। ਬਹੁਤ ਸਾਰੇ ਸੰਗੀਤਕਾਰ, ਮੰਚ ਉਤੇ ਆਏ, ਆਪੋ-ਆਪਣੇ ਫ਼ਨ ਦਾ ਮੁਜ਼ਾਹਰਾ ਕਰਦੇ ਰਹੇ ਤੇ ਟੁਰਦੇ ਗਏ। ਗਾਉਣਾ, ਅਜਿਹੇ ਫ਼ਨਕਾਰਾਂ ਦਾ ਕਰਮ ਵੀ ਸੀ ਤੇ ਧਰਮ ਵੀ। ਕਿੱਤਾ ਵੀ ਸੀ ਅਤੇ ਆਤਮਿਕ ਤ੍ਰਿਪਤੀ ਵੀ। ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲੀ ਗੱਲ ਸੀ। ਜੁ ਮਿਲਦਾ ਰਿਹਾ, ਓਨੇ ਨਾਲ ਹੀ ਸਬਰ ਤੇ ਸ਼ੁਕਰ ਕਰਦੇ ਰਹੇ। ਇਹ ਲੋਕਾਂ ਦੇ ਕਲਾਕਾਰ ਸਨ। ਲੋਕਾਂ ਨਾਲ ਦਿਲੋਂ ਜੁੜੇ ਰਹੇ। ਤਦੇ ਹੀ ਅਜਿਹੇ ਕਲਾਕਾਰ ਆਪਣੇ ਗੀਤਾਂ ਵਿੱਚ ਲੋਕ-ਜੀਵਨ ਦੀ ਅਸਲੀ, ਸਾਫ-ਸਪੱਸ਼ਟ ਤੇ ਸੁੰਦਰ ਤਸਵੀਰ ਪੇਸ਼ ਕਰਦੇ ਸਨ, ਨਾ ਕਿ ਹੁਣ ਦੇ ਬਹੁਤਿਆਂ ਵਾਂਗ ‘ਚੱਕਲੋ ਚੱਕਲੋ ਧਰਲੋ ਧਰਲੋ’ ਹੁੰਦੀ ਸੀ।

ਪਿਛਲੇ ਦਿਨਾਂ ਦੀ ਹੀ  ਗੱਲ ਹੈ, ਜਦ ਪੰਜਾਬੀ ਲੋਕ-ਗਾਇਕੀ ਦੇ ਉਸਤਾਦ ਬਜੁਰਗ ਲੋਕ –ਗਾਇਕ ਮਿਲਖੀ ਰਾਮ ਕੋਲ ਬੈਠਾ ਸਾਂ ਤਾਂ ਬਾਹਰੋਂ ਉਸਦਾ ਛੋਟਾ ਜਿਹਾ ਪੋਤਾ ਭੱਜਾ-ਭੱਜਾ ਆਇਆ ਤੇ ਆਣ ਕੇ ਉਸਨੇ ਟੀ ਵੀ ਆਨ ਕਰ ਦਿੱਤਾ। ਟੀ ਵੀ ‘ਤੇ ਗੀਤ ਵੱਜ ਰਿਹਾ ਸੀ:

ਮਿੱਤਰਾਂ ਦੀ ਅੱਖ ਅੱਜ ਲਾਲ ਹੈ       
ਬੰਦਾ ਬੁੰਦਾ ਮਾਰਨਾ ਤਾਂ ਦੱਸ ਬੇਲੀਆ...

ਇਹ ਗੀਤ ਸੁਣਦਿਆਂ ਉਸਤਾਦ ਮਿਲਖੀ ਰਾਮ ਦੀਆਂ ਅੱਖਾਂ ਵਿੱਚ ਆਪ ਮੁਹਾਰੇ ਅੱਥਰੂ ਟਪਕ ਪਏ ਤੇ ਉਹ ਦੁਖੀ ਹਿਰਦੇ  ‘ਚੋਂ ਬੋਲੇ, “ਹਾਏ ਮੇਰਿਆ ਰੱਬਾ...ਅਹਿ ਦਿਨ ਵੀ ਦੇਖਣੇ ਪੈਣੇ ਸਨ ਅਸਾਂ ਨੂੰ?”

ਉਸਤਾਦ ਜੀ ਦਾ ਦੁਖੀ ਹਿਰਦਾ ਦੇਖ ਕੇ ਜਦ ਪੁੱਛਿਆ ਕਿ ਉਸਤਾਦ ਜੀ ਕੀ ਬਣੂੰ? ਤਾਂ ਉਸਤਾਦ ਜੀ ਨੇ ਕਿਹਾ, “ਬਣਨਾ ਕੀ ਏ ਪੁੱਤਰ...ਇੱਕ ਨੂੰ ਕੀ ਰੋਈਏ, ਏਥੇ ਸਾਰੇ ਈ ਇੱਦਾਂ ਮਰਨਗੇ ਤੇ ਬਾਂਦਰ ਕਲੋਲਾਂ ਕਰਨਗੇ।” ਸੱਚਮੁੱਚ ਹੀ ਬਾਂਦਰ ਕਲੋਲਾਂ ਕਰਦੇ ਫਿਰਦੇ ਦਿਖਾਈ ਦਿੰਦੇ ਹਨ।

ਜਿਵੇਂ-ਜਿਵੇਂ ਪੁਰਾਣੇ ਫ਼ਨਕਾਰਾਂ ਦੇ ਪੂਰ ਤੁਰਦੇ ਗਏ ਨੇ ਤਿਵੇਂ-ਤਿਵੇਂ ਨਵਿਆਂ ਦੀ ਆਮਦ ਨਾਲ ਪੰਜਾਬ ਦੀ ਗਾਇਕੀ ਡਿਗਦੀ, ਢਹਿੰਦੀ, ਉਠਦੀ ਤੇ ਦਮ ਲੈਂਦੀ ਰਹੀ ਹੈ ਤੇ ਡੰਡੀਓ ਡੰਡੀ ਤੁਰਦੀ ਰਹੀ ਹੈ। ਨਵਿਆਂ ਵਿੱਚੋਂ ਕੁਝ ਹੀ ਹਨ, ਜਿਹੜੇ ਇਹ ਮਹਿਸੂਸ ਕਰਦੇ ਹਨ ਕਿ ਕਲਾਕਾਰ ਸਮਾਜ ਦਾ ਦੂਤ ਹੁੰਦਾ ਹੈ, ਬਾਕੀ ਵਧੇਰੇ ਤਾਂ ਧੰਨ ਇਕੱਠਾ ਕਰਨ ਲੱਗੇ ਹੋਏ ਹਨ। ਜੇਕਰ ਪਹਿਲੇ ਵੇਲਿਆਂ ਦੇ ਸੰਗੀਤਕਾਰਾਂ ਦੇ ਸੰਗੀਤ, ਸ੍ਰੋਤਿਆਂ ਪ੍ਰਤੀ ਉਹਨਾਂ ਦੀ ਸੱਚੀ ਸ਼ਰਧਾ ਤੇ ਉਹਨਾਂ ਦੇ ਸੰਜਮ, ਸਾਧਨਾ ਤੇ ਸਿਦਕ  ਦੀ ਗੱਲ ਕਰੀਏ ਤਾਂ ਬੜੇ ਦਿਲਚਸਪ ਤੇ ਮਨਮੋਹਣੇ ਤੱਥ ਸਾਹਮਣੇ ਆਉਂਦੇ ਹਨ। ਅਜਿਹੇ ਫ਼ਨਕਾਰ ਸਬਰ-ਸੰਤੋਖ ਨਾਲ ਮਾਲਾਮਾਲ ਸਨ। ਕੁਦਰਤ ਦੇ ਵਰੋਸਾਏ ਹੋਏ ਸਨ। ਕੋਈ ਫੋਕਾ ਵਿਖਾਵਾ ਨਹੀਂ ਸੀ। ਜੋ ਸੀ, ਉਹ ਸਭ ਸ੍ਰੋਤਿਆਂ ਦੇ ਸਨਮੁਖ ਸੀ। ਫ਼ਾਕਾ ਮਸਤੀ ਵਿੱਚ ਦਿਨ ਕਟਦੇ ਸਨ। ਸਿਰ ਥੱਲੇ ਬਾਂਹ ਰੱਖ ਕੇ ਸੌਂਦੇ ਸਨ। ਗਾੳਂੁਦੇ-ਗਾਉਂਦੇ ਹੀ ਸੌਂਦੇ ਸਨ ਤੇ ਗਾਉਂਦੇ-ਗਾਉਂਦੇ ਹੀ ਜਾਗਦੇ ਸਨ। ਨਾ ਉਹਨਾਂ ਕੋਲ ਵੱਡੀਆਂ ਕੋਠੀਆਂ ਸਨ, ਨਾ ਬਦੇਸ਼ੀ ਕਾਰਾਂ, ਨਾ ਏਸੀ ਕਮਰੇ, ਨਾ ਹੱਥਾਂ ਵਿੱਚ ਸੋਨੇ ਦੇ ਛੱਲੇ ਮੁੰਦੀਆਂ, ਨਾ ਕੋਈ ਫੋਨ, ਨਾ ਕੋਈ ਮਹਿੰਗੇ ਹਥਿਆਰ। ਜੇ ਕੁਝ ਕੋਲ ਸੀ ਤਾਂ ਸਿਰਫ਼ ਤੇ ਸਿਰਫ਼ ਕਲਾ ਹੀ ਸੀ ਉਹਨਾਂ ਕੋਲ! ਜੇ ਕੁਝ ਸੀ ਤਾਂ ਸਾਜ਼ ਹੀ ਸਨ ਕੋਲ। ਉਹ ਸਾਜ਼ਾਂ ਨੂੰ ਪਲੋਸਦੇ ਸਨ, ਪਿਆਰ ਕਰਦੇ ਸਨ ਸਾਜ਼ਾਂ ਨਾਲ ਤੇ ਸਾਜ਼ਾ ਵਿੱਚੋਂ ਸੁਰਾਂ ਉਤਪਨ ਹੁੰਦੀਆਂ ਸਨ ਤੇ ਹੁਣ ਦੇ ਸਾਜ਼ਾਂ ੳੁੱਤੇ ਲਾਠੀ ਚਾਰਜ ਕਰਦੇ ਹਨ ਤੇ ਸਾਜ਼ਾਂ ਵਿੱਚੋਂ ਚੀਕਾਂ ਨਿਕਲਦੀਆਂ ਹਨ। ਏਨਾ ਫਰਕ ਹੈ, ਹੁਣ ਵਾਲਿਆ ਤੇ ਪਹਿਲੇ ਵਾਲਿਆਂ ਵਿੱਚ। ਹੁਣ ਵਾਲੇ ਜਦ ਆਪਣੀ ਕਲਾ ਪੇਸ਼ ਕਰਦੇ ਨੇ ਤਾਂ ਲਗਦਾ ਹੈ ਜਿਵੇਂ ਸਟੇਜ ਥੱਲੇ ਕਿਸੇ ਨੇ ਅੱਗ ਬਾਲ ਦਿੱਤੀ ਹੋਵੇ, ਤਾਂਹੀ ਉਹ ਤੜਫ਼ ਰਹੇ ਹਨ, ਭੁੜਕ ਰਹੇ ਹਨ। ਪਹਿਲੇ ਗਾਉਂਦੇ ਸਨ ਤਾਂ ਲਗਦਾ ਸੀ ਕਿ ਉਹ ਆਪਣੇ ਸਰੋਤਿਆ ਨਾਲ ਸੰਵਾਦ ਰਚਾ ਰਹੇ ਹਨ। ਗਵੰਤਰੀ ਗਾਉਂਦਾ ਸੀ ਤਾਂ ਸਰੋਤੇ ਨੂੰ ਸੁਖ ਮਿਲਦਾ ਪ੍ਰਤੀਤ ਹੁੰਦਾ ਸੀ, ਹੁਣ ਦੁਖ ਮਿਲਦਾ ਹੈ ਸਰੋਤੇ ਨੂੰ। ਪਹਿਲੇ ਸਰੋਤੇ ਵੀ ਤਾਂ ਕਮਾਲ ਸਨ, ਗਵੱਈਆਂ ਗਾਉਂਦਾ ਸੀ ਤੇ ਉਹ ਅਸ਼-ਅਸ਼ ਕਰਦੇ ਸਨ, ਵਾਹ-ਵਾਹ ਨਾਲ ਦਾਦ ਦਿੰਦੇ ਸਨ। ਹੁਣ ਦੇ ਸਰੋਤੇ ਗਾਇਕ ਦਾ ਸਵਾਗਤ ਚੀਕਾਂ ਮਾਰ ਕੇ ਤੇ ਗਾਲ੍ਹਾਂ ਦੇ ਕੇ ਕਰਦੇ ਹਨ। ਪਿੱਛੇ ਜਿਹੇ ਆਸਟ੍ਰੇਲੀਆ ਗਿਆ ਸਾਂ ਤਾਂ ਉਥੇ ਕੁਝ ਗਾਇਕਾਂ ਦੇ ਸ਼ੋਅ ਦੇਖਣ ਦਾ ਮੌਕਾ ਮਿਲਿਆ। ਸ੍ਰੋਤਿਆਂ ਨੇ ਗਾਇਕਾਂ ਵੱਲ ਸਟੇਜ ਉਤੇ ਜੁੱਤੀਆਂ ਚਲਾਈਆਂ। ਚੀਕਾ-ਕੂਕੀ ਖੂਬ ਕੀਤੀ। ਕਿਸੇ ਦੇ ਪੱਲੇ ਕੱਖ ਨਾ ਪਿਆ। ਪੰਜਾਬੀ ਕੌਮ ਦਾ ਬੜਾ ਜਲੂਸ ਨਿਕਲਿਆ। ਗੋਰੇ ਵੀ ਹੈਰਾਨ ਪਰੇਸ਼ਾਨ ਹੋਏ ਕਿ ਇਹ ਲੋਕ ਸਾਡੇ ਮੁਲਕਾਂ ਵਿੱਚ ਆਪਣਾ ਕਿਹੋ-ਜਿਹਾ ਸਭਿਆਚਾਰ ਫੈਲਾ ਰਹੇ ਹਨ? ਸਰੋਤੇ ਆਪਸ ਵਿੱਚ ਵੀ ਛਿੱਤਰੋ-ਛਿੱਤਰੀ ਹੋਏ ਤੇ ਪ੍ਰੋਗਰਾਮ ਬੰਦ ਕਰਵਾ ਕੇ ਘਰੋ-ਘਰੀਂ ਤੁਰ ਗਏ। 

ਪਹਿਲਾਂ ਵਾਲੇ ਗਵੰਤਰੀ ਸਿੱਖਣ ‘ਤੇ ਸਾਰੀ-ਸਾਰੀ ਉਮਰ ਲਾ ਦਿੰਦੇ ਸਨ, ਹੁਣ ਵਾਲੇ ਗਾਉਣਾ ਪਹਿਲਾਂ ਸ਼ੁਰੂ ਕਰਦੇ ਹਨ ਤੇ ਸਿਖਦੇ ਮਗਰੋਂ ਵੀ ਨਹੀਂ। (ਇੱਥੇ ਇੱਕ ਘਟਨਾ ਦਾ ਜਿਕਰ ਜ਼ਰੂਰ ਕਰਾਂਗਾ, ਕੁਝ ਸਾਲ ਹੋਏ, ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦਿੱਲੀ ਨੇ ਪੁਰਾਣੇ ਸਾਸ਼ਤਰੀ ਸੰਗੀਤਕਾਰਾਂ ਬਾਰੇ ‘ਸੁਰਾਂ ਦੇ ਪੁਜਾਰੀ’ ਨਾਂ ਦੀ ਇੱਕ ਕਿਤਾਬ ਦਾ ਮੇਰੇ ਤੋਂ ਅਨੁਵਾਦ ਕਰਵਾਇਆ ਸੀ ਤਾਂ ਉਸ ਵਿੱਚ ਇੱਕ ਉਸਤਾਦ ਦੀ ਜੀਵਨ ਕਥਾ ਵਿੱਚ ਦੇਖੋ-ਬੜਾ ਹੰਢਿਆ ਹੋਇਆ ਉਸਤਾਦ ਹੈ, ਸੰਗੀਤ ਨੂੰ ਪੂਰੀ ਤਰ੍ਹਾਂ ਸਮਰਪਿਤ, ਗਿਆਨ ਵਿੱਚ ਗੁੱਧਾ ਹੋਇਆ। ਆਪਣੀ ਝੌਂਪੜੀ ਦੇ ਬਾਹਰ ਆਪਣੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਸੀ। ਲਾਗੇ ਕਈ ਤਰਾਂ ਦੇ ਸਾਜ਼ ਪਏ ਹੋਏ ਹਨ। ਬੱਚਾ ਕੁਟੀਂਦਾ ਦੇਖ ਕੇ ਕੋਲੋਂ ਲੰਘਦੇ ਕਿਸੇ ਰਾਹੀ ਨੂੰ ਤਰਸ ਆਇਆ ਤਾਂ ਉਸਨੇ ਕਿਹਾ ਕਿ ਉਸਤਾਦ ਜੀ ਬਸ ਕਰੋ...ਬੱਚਾ ਮਰ ਜਾਏਗਾ...ਆਪਣੇ ਬੱਚੇ ਨੂੰ ਕੁਟਦੇ ਹੋਏ ਉਸਤਾਦ ਜੀ ਨੇ ਆਖਿਆ...ਜੇ ਸੰਗੀਤ ਨਹੀਂ ਸਿੱਖਣਾ ਤਾਂ ਫਿਰ ਜੀਣ ਦਾ ਕੀ ਫਾਇਦਾ...ਇਸਤੋਂ ਚੰਗਾ ਏ ਕਿ ਇਹ ਮਰ ਹੀ ਜਾਏ...!) ਅਜਿਹੇ ਉਸਤਾਦ ਗਵੰਤਰੀਆਂ ਦੀ ਜਿ਼ੰਦਗੀ ਕਿਹੋ-ਜਿਹੀ ਹੋਵੇਗੀ? ਕਿੰਨਾ ਮਰ-ਮਿਟ ਗਏ ਹੋਏ ਸਨ ਅਜਿਹੇ ਕਲਾਕਾਰ ਆਪਣੇ ਸੰਗੀਤ ਤੇ ਸਾਧਨਾ ਪ੍ਰਤੀ। ਜਿੰਨ੍ਹਾਂ ਨੂੰ ਆਪਣੀ ਔਲਾਦ ਨਾਲੋਂ ਵੱਧ ਫਿ਼ਕਰ ਆਪਣੀ ਕਲਾ ਦੀ ਸੀ। ਹੁਣ ਵਾਲਿਆਂ ਨੂੰ ਫਿਕਰ ਆਪਣੀ ਔਲਾਦ ਹੈ, ਕਲਾ ਦਾ ਨਹੀਂ। ਔਲਾਦ ਲਈ ਉਹ ਵੱਧ ਤੋਂ ਵੱਧ ਧੰਨ-ਦੌਲਤ ਜੋੜ ਦੇਣ, ਇਹੋ ਝੋਰਾ ਹੈ ਹੁਣ ਵਾਲਿਆਂ ਨੂੰ।

ਹੁਣ ਵਾਲੇ ਪਹਿਲਾਂ ਪੈਸੇ (ਘੱਟ ਤੋਂ ਡੇਢ ਲੱਖ, ਵੱਧ ਤੋਂ ਵੱਧ ਜਿੰਨੇ ਮਰਜ਼ੀ) ਲੈਂਦੇ ਹਨ, ਫਿਰ ਮੰਚ ਉਤੇ ਚੜ੍ਹਦੇ ਹਨ, ਜਿੰਨਾ ਮਰਜ਼ੀ ਦੇਈ ਜਾਓ, ਕੋਈ ਰੱਜ ਨਹੀਂ। ਪੁਰਾਣੇ ਵੇਲਿਆਂ ਦੇ ਸੰਗੀਤਕਾਰ ਸਰੋਤੇ ਦੀ ਜੇਬ ਦਾ ਖਿਆਲ ਰੱਖਦੇ ਸਨ, ਲੁਟਦੇ ਨਹੀਂ ਸਨ। ਉਦੋਂ ਗਵੰਤਰੀ ਨੂੰ ਇੱਕ ਰੁਪਈਆਂ ਦੇਣ ਦਾ ਰਿਵਾਜ਼ ਹੁੰਦਾ ਸੀ। ਜੇ ਕੋਈ ਸਰੋਤਾ ਦੂਜੀ ਵਾਰ ਰੁਪਈਆਂ ਦੇਣ ਲਗਦਾ ਸੀ ਤਾਂ ਗਵੱਈਆਂ ਰੁਪਈਆ ਫੜਦਾ, ਮੱਥੇ ਨੂੰ ਛੁਹਾਉਂਦਾ ਤੇ ਵਾਪਸ ਮੋੜਦਾ ਅੱਗੋਂ ਗਾ ਕੇ ਹੀ ਆਖਦਾ :

ਜਿਵੇਂ ਕੱਢਿਆ ਜੇਬ ਵਿੱਚ ਪਾ ਲੈ
ਇੱਕ ਤੇਰਾ ਲੱਖ ਵਰਗਾ...

ਹੁਣ ਦੇ ਗਾਇਕ ਕਹਿਣ ਨੂੰ ਤਾਂ ਸ੍ਰੋਤਿਆਂ ਨੂੰ ਰੱਬ ਦਾ ਰੂਪ ਆਖਦੇ ਨੇ ਪਰੰਤੂ ਉਹਨਾਂ ਵੇਲਿਆਂ ਵਿੱਚ ਸਰੋਤੇ ਗਾਇਕਾਂ ਲਈ ਸੱਚੀਓਂ ਹੀ ਰੱਬ ਦਾ ਰੂਪ ਸਨ। ਬਹੁਤ ਕਦਰ ਹੁੰਦੀ ਸੀ ਸ੍ਰੋਤਿਆ ਦੇ ਦਿਲਾਂ ਵਿੱਚ ਆਪਣੇ ਫਨਕਾਰ ਪ੍ਰਤੀ। ਕਿਉਂਕਿ ਗਾਇਕ ਵਪਾਰੀ ਨਹੀਂ ਸਨ ਬਣੇ। ਅੱਜ ਮੈਨੂੰ ਇੱਕ ਸ਼ਾਇਰ ਮਿੱਤਰ ਦੀ ਇੱਕ ਗਜ਼ਲ ਦਾ ਸ਼ੇਅਰ ਯਾਦ ਆ ਰਿਹਾ ਹੈ:

ਯਾਰੋ, ਕਲਾ ਦੀ ਆਬਰੂ ਨੀਲਾਮ ਕਿਉਂ ਨਾ ਹੋਵੇ
ਵਪਾਰ ਕਰਨ ਵਾਲੇ ਜਦ ਫਨਕਾਰ ਹੋ ਗਏ ਨੇ

ਗਾਇਕਾਂ ਦੀ ਸ੍ਰੋਤਿਆਂ ਵੱਲੋਂ ਕਦਰ ਕਰਨ ਸਬੰਧੀ ਮੈਨੂੰ ਬਾਪੂ ਸ੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਕਹੀ ਗੱਲ ਯਾਦ ਆ ਗਈ ਹੈ, ਜਦੋਂ ਮੈਂ ਉਹਨਾਂ ਬਾਰੇ ਕਿਤਾਬ ਲਿਖ ਰਿਹਾ ਸਾਂ,ਤਾਂ ਉਹਨਾਂ ਕਿਹਾ ਸੀ ਕਿ ਇਹ ਵੀ ਲਿਖਦੇ, “ਜਿਹੜੇ ਵੇਲਿਆਂ ਵਿੱਚ ਅਸੀਂ ਪਿੰਡਾਂ ਵਿੱਚ ਗਾਉਣ ਜਾਂਦੇ ਹੁੰਦੇ ਸਾਂ ਤਾਂ ਉਦੋਂ ਆਉਣ-ਜਾਣ ਦੇ ਸਾਧਨ ਹਾਲੇ ਆਏ ਨਹੀਂ ਸਨ...ਦੂਰ-ਦੂਰ ਤੀਕ ਤੁਰ ਕੇ ਜਾਣਾ ਪੈਂਦਾ ਸੀ ਤੇ ਅੱਗਿਓਂ ਸਾਡੇ ਸ੍ਰੋਤੇ ਸਾਨੂੰ ਘੋੜੀਆਂ ‘ਤੇ ਲੈਣ ਆਏ ਖੜ੍ਹੇ ਹੁੰਦੇ ਸਨ...ਗਵੱਈਆਂ ਨੇ ਗਾਈ ਜਾਣਾ ਤੇ ਸ੍ਰੋਤਿਆ ਨੇ ਸੁਣੀ ਜਾਣਾ...ਨਾ ਕਿਸੇ ਨੂੰ ਠੰਢ ਦੀ ਪਰਵਾਹ ਹੁੰਦੀ ਸੀ, ਨਾ ਗਰਮੀਂ ਦੀ। ਰਜਵਾੜਿਆਂ, ਜੈ਼ਲਦਾਰਾਂ, ਨੰਬਰਦਾਰਾਂ ਤੇ ਦਰਮਿਆਨੇ ਜਿ਼ੰਮੀਦਾਰਾਂ-ਸਰਦਾਰਾਂ ਅਤੇ ਸਿਰਕੱਢ ਨਵਾਬਾਂ ਤੇ ਮਹਾਜਨਾਂ ਦੇ ਵਿਆਹਾਂ ‘ਤੇ ਗਵੱਈਆਂ ਨੂੰ ਬੁਲਾਉਣਾ ਲਾਜ਼ਮੀ ਸਮਝਿਆ ਜਾਂਦਾ ਸੀ। ਗਵੱਈਆਂ ਦੇ ਅਖਾੜੇ ਦੇ ਵਿਚੋਂ ਹੀ ਹੀ ਭੰਡ (ਨਕਲੀਏ ਮੀਰ) ਵੀ ਆਪਣਾ ਦਾਅ ਲਾ ਜਾਂਦੇ, ਖੂਬ ਹਾਸਾ ਠੱਠਾ ਕਰਦੇ, ਇਨਾਮ ਵੀ ਬੜੇ ਮਿਲਦੇ...ਉਸ ਸਮੇਂ ਜੰਝਾਂ ਵੀ ਖੁੱਲ੍ਹੇ ਪਿੜਾਂ ਵਿੱਚ ਬਿਠਾਈਆਂ ਜਾਂਦੀਆ...ਜੰਝਾਂ ਵੀ ਕਈ-ਕਈ ਦਿਨ ਠਹਿਰਦੀਆਂ ਤੇ ਗਵੱਈਏ ਵੀ ਉਥੇ ਟਿਕੇ ਰਹਿੰਦੇ। ਬੜਾ ਰੌਣਕ ਤੇ ਅਪਣੱਤ ਪੂਰਨ ਮਾਹੌਲ ਹੁੰਦਾ। ਮੰਜਿਆਂ ‘ਤੇ ਰੰਗ-ਬਿਰੰਗੇ ਘਰ ਦੇ ਕੱਢੇ ਸੂਤੀ ਵਿਛੌਣੇ ਵਿਛਾਏ ਜਾਂਦੇ। ਪੱਖੀਆਂ ਝੱਲੀਆਂ ਜਾਂਦੀਆਂ। ਕੱਚੀ ਥਾਂ ਉਤੇ ਪਾਣੀ ਦਾ ਛਿੜਕਾਓ ਕੀਤਾ ਜਾਂਦਾ। ਘਰ ਦੀ ਦੇਸੀ ਦਾਰੂ ਵਰਤੀਂਦੀ ਤੇ ਬੱਕਰੇ ਵਢੀਂਦੇ...ਗਵੱਈਆਂ ਨੇ ਅਣਮਿੱਥੇ ਸਮੇਂ ਲਈ ਗਾਉਣਾ...ਹੁਣ ਵਾਲਿਆਂ ਦੀ ਤਾਂ ਦੋ ਘੰਟਿਆਂ ਵਿੱਚ ਈ ਬਸ ਹੋ ਜਾਦੀ ਐ...ਬਾਪੂ ਪਾਰਸ ਨੇ ਆਖਿਆ-ਹੁਣ ਤਾਂ ਉਹ ਗੱਲ ਆ ਵਈ...ਅੰਨ੍ਹੀ ਨੂੰ ਬੋਲ਼ਾ ਘੜੀਸੇ ਨਾ ਕੁਝ ਸੁਣੇ ਤੇ ਨਾ ਕੁਝ ਦੀਸੇ...।”

(ਪੰਨਾ 111, 12, ਕਰਨੈਲ ਸਿੰਘ ਪਾਰਸ ‘ਰਾਮੂਵਾਲੀਆ’-ਜੀਵਨ ਤੇ ਰਚਨਾ)

ਬਾਪੂ ਪਾਰਸ ਨੇ ਆਖਿਆ ਸੀ, “ ਪਹਿਲੇ ਕਲਾਕਾਰਾਂ ਦਾ ਮਨ ਨੀਵਾਂ ਤੇ ਮੱਤ ਉੱਚੀ ਹੁੰਦੀ ਸੀ...ਤੇ ਹੁਣ ਦੇ ਬਹੁਤੇ ਕਲਾਕਾਰਾਂ ਦੀ ਮੱਤ ਖੱਡਾਂ ਵਿੱਚ ਜਾ ਧਸੀ ਹੈ ਤੇ ਮਨ ਅਕਾਸ਼ ‘ਤੇ ਉਡਾਰੀਆਂ ਭਰਦਾ ਫਿਰਦਾ ਹੈ। ਪਹਿਲੇ ਸਮਿਆਂ ਦੇ ਸ੍ਰੋਤੇ ਵੀ ਅਣਖੀਲੇ ਸਨ। ਜੇਕਰ ਕੋਈ ਗਾਇਕ ਬਹੁਤਾ ਹੀ ਸਿਰੇ ਆਉਣ ਲਗਦਾ ਸੀ ਤਾਂ ਉਸਦੀ ਭੁਗਤ ਵੀ ਸੰਵਾਰ ਦਿੰਦੇ ਸਨ। ਗਾਇਕ ਕੰਨਾਂ ਨੂੰ ਹੱਥ ਲਾਕੇ ਮਸਾਂ ਖਹਿੜਾ ਛੁਡਾਉਂਦਾ ਸੀ ਤੇ ਪਿੰਡ ਵਿੱਚ ਅੱਗਂੋ ਤੋਂ ਵਿਆਹ-ਸ਼ਾਦੀ ਮੌਕੇ ਉਸਦਾ ਦਾਖਲਾ ਬੰਦ ਹੋ ਜਾਂਦਾ ਸੀ। ਬਹੁਤ ਸਾਰੀਆਂ ਘਟਨਾਵਾਂ ਵਿੱਚੋਂ ਇੱਕ ਗੱਲ ਯਾਦ ਆ ਰਹੀ ਹੈ, ਜੁ ਹੁਣ ਦੇ ਸ੍ਰੋਤਿਆਂ ਲਈ ਸ਼ਾਇਦ ਪ੍ਰੇਰਨਾ ਦਾਇਕ ਸਿੱਧ ਹੋ ਸਕੇ। ਬਹੁਤ ਪੁਰਾਣੀ ਗੱਲ ਹੈ, ਉਦੋਂ ਹਾਲੇ ਸਪੀਕਰ,(ਜਿੰਨ੍ਹਾਂ ਨੂੰ ਸਾਡੇ ਪੇਂਡੂ ਸਰੋਤੇ ਸਪੀਕਰ ਘੱਟ ਤੇ ‘ਧੂਤਰੂ ਵਾਜਾ’ ਬਹੁਤਾ ਕਹਿੰਦੇ ਸਨ), ਉਦੋਂ ਹਾਲੇ ਇਹ ਚੱਲਿਆ-ਚੱਲਿਆ ਹੀ ਸੀ, ਸਾਡੇ ਪਿੰਡਾਂ ਨੇੜੇ ਪਿੰਡ ਜੰਡ ਵਾਲਾ ਵਿੱਚ ਮੁਕਲਾਵਾ ਲੈਣ ਆਏ ਤਾਂ ਆਪਣੇ ਨਾਲ ਇੱਕ ‘ਧੂਤਰੂ ਵਾਜਾ’ ਵੀ ਲੈ ਆਏ, ਕੋਠੇ ‘ਤੇ ਦੋ ਮੰਜੇ ਖੜ੍ਹੇ ਕੀਤੇ ਤੇ ਉਤੇ ‘ਧੁਤਰੂ ਵਾਜਾ’ ਟੰਗਿਆ, ਗੀਤ ਵੱਜਿਆ:

ਕਿਹੜੇ ਯਾਰ ਦੀ ਬੁੱਕਲ ‘ਚੋਂ ਆਈ
ਨੀ ਕੁੜਤੀ ਨੂੰ ਦਾਗ ਪੈ ਗਿਆ...

ਉਸ ਘਰ ਦੇ ਅਣਖੀ ਬਜ਼ੁਰਗ ਤੋਂ ਰਿਹਾ ਨਾ ਗਿਆ। ਉਹ ਔਖਾ-ਸੌਖਾ ਕੋਠੇ ‘ਤੇ ਚੜ੍ਹ ਗਿਆ ਤੇ ‘ਧੂਤਰੂ ਵਾਜਾ’ ਲਾਹ ਕੇ ਹੇਠਾ ਠਾਹ ਮਾਰਿਆ। ਲੱਗਾ ਝਾੜਾਂ ਤੇ ਫਿਟਕਾਰਾਂ ਪਾਉਣ,  ਬਜ਼ੁਰਗ ਨੇ ਕਿਹਾ, “ਪਹਿਲਾਂ ਤਾਂ ਏਹ ਦੱਸੋ...ਵਈ ਥੋਡੇ ਘਰੇ ਧੀਆਂ-ਭੈਣਾਂ ਹੈਨੀ? ਜੇਕਰ ਹੈਗੀਆਂ ਨੇ ਤਾਂ ਤੁਸੀਂ ਉਹਨਾਂ ਨੂੰ ਹਾਅ ਲੁੱਚਾ ਗੀਤ ਸੁਣਾਲੋਂਗੇ? ਜਾਓ ਪਰ੍ਹੇ ਭੱਜ ਜੋ ਬੇੜੀ ਬਹਿਣਿਓਂ...ਸਾਨੂੰ ਨਹੀਂ ਲੋੜ ਐਹੋ-ਜੇਹੇ ਰਿਸ਼ਤੇਦਾਰਾਂ ਦੀ...।” ਮੁਕਲਾਵੇ ਵਾਲੇ ਰੁੱਸ ਕੇ ਤੁਰਨ ਲੱਗੇ। ਮਸਾਂ ਕਿਤੇ ਮੁਹਤਵਰਾਂ ਨੇ ਮਿੰਨਤਾ ਕਰਕੇ ਮੋੜੇ ਤੇ ਬਜ਼ੁਰਗ ਫਿਰ ਵੀ ਆਖੀ ਜਾਵੇ,“ਐਡੇ ਭੈੜੇ ਗੀਤ ਸੁਣਨ ਵਾਲਿਆਂ ਰਿਸ਼ਤੇਦਾਰਾਂ ਦੀ ਸਾਨੂੰ ਨਹੀਂ ਲੋੜ...ਆਹਾ ਗੀਤ ਸੁਣਨ ਤੋਂ ਈ ਪਤਾ ਲੱਗ ਗਿਆ ਐ ਕਿ ਇਹਨਾਂ ਦਾ ਖਾਨਦਾਨ ਕਿਹੋ-ਜਿਹਾ ਹੋਊ।” ਏਨੇ ਅਣਖੀ ਤੇ ਸੁੱਚੇ ਤੇ ਸੁਭਾਅ ਵਾਲੇ ਸਰੋਤੇ ਸਨ ਪਹਿਲੇ ਸਮਿਆਂ ਵਿੱਚ।

ਅੱਜ ਜਦੋਂ ਕੋਈ ਗਾਇਕ ਅਸ਼ਲੀਲ ਗੀਤ ਦੀ ਪੇਸ਼ਕਾਰੀ ਕਰਦਾ ਹੈ ਤਾਂ ਅਸੀਂ ਸਮੇਤ ਟੱਬਰ ਦੇ ਅਸੀਂ ਉਸਨੂੰ ਸੁਣਦੇ ਹਾਂ, ਮਾਣਦੇ ਹਾਂ ਤੇ ਖੁਸ਼ ਹੋ ਕੇ ਉਸਨੂੰ ਰੁਪਈਏ ਦਿੰਦੇ ਹਾਂ। ਅਸ਼ਲੀਲ ਗੀਤ ਤੋਂ ਭਾਵ ਕਿ ਉਹ ਤਾਂ ਸਾਨੂੰ ਸਾਡੇ ਸਾਹਮਣੇ, ਸਮੇਤ ਸਾਡੇ ਟੱਬਰ ਦੇ ਗਾਲਾਂ ਦੇ ਰਿਹਾ ਹੁੰਦਾ ਹੈ, ਅਸ਼ਲੀਲ ਗੀਤ ਰਾਹੀਂ ਤੇ ਅਸੀਂ ਖੁਸ਼ ਹੋਕੇ, ਉਸ ਵੱਲੋਂ ਦਿੱਤੀਆਂ ਜਾ ਰਹੀਆਂ ਗਾਲ੍ਹਾਂ ਦੇ ਇਵਜ ਵਿੱਚ ਉਸਨੂੰ ਰੁਪਈਏ ਦੇ ਰਹੇ ਹੁੰਦੇ ਹਾਂ। ਜਿੱਥੇ ਗਾਲ੍ਹਾਂ ਵੱਟੇ ਪੈਸੇ ਦਿੱਤੇ ਜਾਣ, ਉਥੇ ਸਭਿਆਚਾਰ ਦਾ ਕੀ ਬਣੂੰ.. ? ਇਹ  ਸਰੋਤੇ ਹੀ ਸਮਝਣ।

ਪਹਿਲੇ ਗਾਇਕਾਂ ਤੇ ਗੀਤਕਾਰਾਂ ਨੇ ਪੰਜਾਬਣ ਨੂੰ ਆਪਣੇ ਗੀਤਾਂ ਵਿੱਚ ਵਡਿਆਈ ਦਿੱਤੀ। ਉਸਦੀ ਤਾਰੀਫ਼ ਕੀਤੀ, ਉਦਾਹਰਨ ਵਜੋਂ:

ਮੈਂ ਜੱਟੀ ਪੰਜਾਬ ਦੀ,
ਮੇਰੀਆਂ ਰੀਸਾਂ ਕੌਣ ਕਰੇ...

ਪਾਸੇ ਹਟਜਾ ਜ਼ਾਲਮਾਂ
ਮੈਂ ਪੰਜਾਬਣ ਜੱਟੀ ਆਈ
ਦੁੱਧ ਮੱਖਣਾਂ ਨਾਲ ਪਲੀ ਜੁਆਨੀ
ਖਾਂਦੀ ਦੁੱਧ ਮਲਾਈ...

ਧਨੀ ਰਾਮ ਚਾਤ੍ਰਿਕ ਨੇ ਲਿਖਿਆ:

ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ..

ਇੰਦਰਜੀਤ ਹਸਨਪੁਰੀ ਨੇ ਲਿਖਿਆ-

ਤੇਰਾ ਨਹੀਂਓ ਜੱਗ ‘ਤੇ ਜੁਆਬ ਨੀਂ ਪੰਜਾਬਣੇ...

ਅਜਿਹੇ ਗੀਤ ਬਹੁਤ ਮਿਲ ਜਾਣਗੇ, ਜੋ ਪੰਜਾਬਣ ਦੀ ਸ਼ਾਨ ਤੇ ਸਿਫ਼ਤ ਵਿੱਚ ਰਚੇ ਤੇ ਗਾਏ ਗਏ ਹਨ। ਪਰੰਤੂ ਬਹੁਤ ਸਾਰੇ ਅਜੋਕੇ ਗਾਇਕਾਂ ਦੇ ਗੀਤਾਂ ਵਿੱਚ ਪੰਜਾਬਣ ਮੁਟਿਆਰ ਦੀ ਜਿਵੇਂ ਆਨ ਤੇ ਸ਼ਾਨ ਉੱਕਾ ਹੀ ਮੁੱਕ ਗਈ ਹੈ। ਗੀਤਾਂ ਵਿੱਚ ਪੇਸ਼ ਹੋ ਰਿਹਾ ਹੈ ਕਿ ਆਸ਼ਕ-ਮਾਸ਼ੂਕ ਨਿਰਾਸ਼ਾ ਵਾਦੀ ਸੋਚ ਸੋਚ ਵਾਲੇ ਜਿ਼ਹਨੀ ਤੌਰ ‘ਤੇ ਬੀਮਾਰ ਹਨ, ਰੋਂਦੇ-ਪਿਟਦੇ ਤੇ ਕੁਰਲਾਂਦੇ ਫਿਰਦੇ, ਕੰਧਾਂ ਨਾਲ ਟੱਕਰਾਂ ਮਾਰਦੇ ਹਨ, ਸਿਰ ਪਾੜਦੇ ਤੇ ਪੜਵਾਉਂਦੇ ਹਨ, ਕੀੜੇਮਾਰ ਦਵਾਈਆਂ ਪੀਕੇ ਖੁਦਕੁਸ਼ੀਆਂ ਕਰਦੇ ਦਿਸਦੇ ਹਨ ਸਾਡੇ ਅਜੋਕੇ ਗੀਤਾਂ ਵਿਚਲੇ ਨਾਇਕ ਤੇ ਨਾਇਕਾਵਾਂ। ਬਹੁਤੇ ਗੀਤਾਂ ਵਿੱਚ ਕੁੜੀ ਹੀ ਹਰ ਗੀਤ ਦੀ ਨਾਇਕਾ ਹੈ, ਉਹ ਵੀ ਇਸ ਰੂਪ ਵਿੱਚ ਕਿ ਇਹ ਧੋਖਾ ਦੇਣ ਵਾਲੀ ਹੈ। ਬੇਵਫਾ ਹੈ। ਵੱਡੀਆਂ-ਵੱਡੀਆਂ ਗਾਲਾਂ ਕੁੜੀਆਂ ਨੂੰ ਗੀਤਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ, ਟੁੱਟ ਪੈਣੀਏਂ, ਦਗੇ ਬਾਜਣੇ, ਤਬਾਹ ਹੋਣੀਏ, ਜਾਂਦੀ ਰੰਡੀ ਹੋਜੇਂ, ਫਰੇਬਣੇ, ਵੈਰਨੇ, ਹੰਕਾਰਨੇ, ਉੱਜੜ ਜਾਣੀਏਂ, ਗਿਠ-ਗਿਠ ਲੰਮੇ ਕੀੜੇ ਪੈਣੀਏ। ਅਜੋਕੇ ਗੀਤਾਂ ਵਿੱਚ ਕੁੜੀ ਬੁਰੀ ਤਰਾਂ ਭੰਡੀ-ਨਿੰਦੀ ਜਾ ਰਹੀ ਹੈ। ਹੁਣ ਜੇਕਰ ਕੁਝ ਸਰੋਤਿਆਂ ਦੀ ਅਣਖ ਜਾਗੀ ਤੇ ਉਹਨਾਂ ਨੇ ਲੱਚਰ ਗੀਤ ਗਾਉਣ ਵਾਲਿਆਂ ਦੇ ਪੁਤਲੇ ਤੇ ਅਰਥੀਆਂ ਫੂਕੀਆਂ ਨੇ ਤਾਂ ਸਾਡਾ ਸਮਾਜ ਖੁੱਲ੍ਹ ਕੇ ਉਹਨਾਂ ਸ੍ਰੋਤਿਆਂ ਦੀ ਹਮਾਇਤ ‘ਤੇ ਨਹੀਂ ਆਇਆ ਹੈ। ਦੁੱਖ ਇਸ ਗੱਲ ਦਾ ਵੀ ਹੈ ਗਾਇਕਾਂ ਤੋਂ ਲੱਖਾਂ ਦੇ ਇਸ਼ਤਿਹਾਰ ਪ੍ਰਾਪਤ ਕਰਨ ਵਾਲੀਆਂ ਅਖਬਾਰਾਂ ਨੇ ਵੀ ਇਸ ਮੁੱਦੇ ਨੂੰ ਆਪਣੀ ਖ਼ਬਰ ਨਹੀਂ ਬਣਾਇਆ ਹੈ ਕਿਉਕਿ ਇੰਝ ਕਰਨ ਨਾਲ ਉਹਨਾਂ ਦੀ ਗਾਇਕਾਂ ਪਾਸੋਂ ਹੁੰਦੀ ਮੋਟੀ ਕਮਾਈ ਮਾਰੀਦੀ ਸੀ। ਕਿਸੇ ਇੱਕ ਅੱਧ ਟੀਵੀ ਚੈਨਲ ਨੇ ਹੀ ਅਜਿਹੇ ਅਣਖੀ ਸ੍ਰੋਤਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪ੍ਰਕਾਸਿ਼ਤ ਮੇਰੀ ਇੱਕ ਪੁਸਤਕ ‘ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ’ ਦੇ ਪੰਨਾ-71 ਉਤੇ ਦਰਜ ਹੈ ਕਿ ਪੰਮੀ ਬਾਈ ਉਸਤਾਦ ਯਮਲਾ ਜੀ ਨੂੰ ਇੱਕ ਮਿਲਣੀ ਵਿੱਚ ਪੁਛਦਾ ਹੈ ਕਿ ਤੁਹਾਨੂੰ ਕੀ ਲੋੜ ਪੈ ਗਈ ਸੀ ‘ਵਿਸਕੀ ਦੀ ਬੋਤਲ ਵਰਗੀ ਇੱਕ ਮੈਂ ਕੁੜੀ ਫਸਾ ਲਈ ਐ’ ਗੀਤ ਗਾਉਣ ਦੀ? ਤਾਂ ਉਸਤਾਦ ਜੀ ਨੇ  ਕਿਹਾ ਕਿ ਪੁੱਤਰ ਮੈਨੂੰ ਦੁਖ ਹੈ ਕਿ ਮੈਂ ਇਹ ਗੀਤ ਗਾਇਐ ਤੇ ਲੋਕਾਂ ਦੀ ਹਠ ਅੱਗੇ ਮੈਨੂੰ ਝੁਕਣਾ ਪੈ ਗਿਆ...ਜਦੋਂ ਨਵੇਂ ਦੌਰ ਦੇ ਸਰੋਤੇ ਕਿਹਾ ਕਰਨ ਕਿ ਓ ਯਮਲਿਆ ਤੱਤਾ-ਤੱਤਾ ਗੀਤ ਸੁਣਾ ਪਰੰਤੂ ਉੁਹਨਾ ਫਿਰ ਵੀ ਵਿਸਕੀ ਦੀ ਬੋਤਲ ਨੂੰ ਸਰੀਰ ਕਿਹਾ ਤੇ ਉਸ ਵਿਚਲੀ ਆਤਮਾ ਨੂੰ ਸ਼ਰਾਬ ਕਿਹਾ ਤੇ ਇਸ ਗੀਤ ਨੂੰ ਰੂਹ ਤੇ ਆਤਮਾ ਦਾ ਸਬੰਧ ਬਣਾ ਕੇ ਲੋਕਾਂ ਵਿੱਚ ਪੇਸ਼ ਕੀਤਾ। ਉਸਤਾਦ ਯਮਲਾ ਜੱਟ ਆਪਣੀ ਸਟੇਜ ਉਤੇ ਗਾੲਇਆ ਕਰਦੇ ਸਨ:
 ਤਿੱਖੀ ਤੇਜ਼ ਤਲਵਾਰ ਤੋਂ ਕੰਧ ਤੋਂ ਦੇਖੀ
ਐਧਰ ਸੁਰਗ ਤੇ ਐਧਰ ਹੈ ਨਰਕ ਲੋਕੋ
ਭੂੰਡ ਫੁੱਲਾਂ ਦੇ ਵਿੱਚ ਗ਼ਲਤਾਨ ਰਹਿੰਦਾ
ਨਹੀਂ ਮਾਰਦਾ ਗੰਦ ਨੂੰ ਬਰਕ ਲੋਕੋ
ਗੰਦੇ ਗਾਉਣ ਵਾਲੇ, ਗੰਦੇ ਲਿਖਣ ਵਾਲੇ
ਬੇੜਾ ਕਰਨ ਸਮਾਜ ਦਾ ਗਰਕ ਲੋਕੋ
ਯਮਲਾ ਜੱਟ ਸਮਾਜ ਨੂੰ ਦੇ ਗਿਆ ਏ
ਤੇ ਹਰ ਇੱਕ ਗੱਲ ਦਾ ਕੱਢ ਕੇ ਅਰਕ ਲੋਕੋ...

ਇੱਕ ਗੱਲ ਹੋਰ ਮੈਂ ਇੱਥੇ ਕਰਦਾ ਜਾਵਾਂ ਕਿ ਪਹਿਲੇ ਸਮੇਂ ਦੇ ਸੰਗੀਤਕਾਰਾਂ ਵਿੱਚ ਇੱਕ ਦੂਜੇ ਦੀ ਮੱਦਦ ਕਰਨ ਤੇ ਪ੍ਰੇਰਨਾ ਦੇਣ ਦੀ ਭਵਾਨਾ ਬੜੀ ਬਲਵਾਨ ਹੁੰਦੀ ਸੀ। ਇੱਕ ਦੂਜੇ ਦੀ ਸਹਾਇਤਾ ਕਰਨ ਵਾਸਤੇ ਹੁੱਭ ਕੇ ਤਿਆਰ ਰਹਿੰਦੇ ਸਨ। ਦੇਵ ਥਰੀਕਿਆਂ ਵਾਲੇ ਦੇ ਪਹਿਲੇ ਪ੍ਰੇਰਨਾ ਸ੍ਰੋਤ ਉਸਤਾਦ ਲਾਲ ਚੰਦ ਯਮਲਾ ਜੱਟ ਜੱਟ ਹੀ ਸਨ। ਜਦੋਂ ਸੰਨ 1956 ਵਿੱਚ ਅੰਮ੍ਰਿਤਸਰ ਵਿਖੇ ਕਾਂਗਰਸ ਸੈਸ਼ਨ ਦੌਰਾਨ ਜਗਤ ਸਿੰਘ ਜੱਗੇ ਦੀ ਆਵਾਜ਼ ਫਟ ਗਈ ਸੀ ਤਾਂ ਉਸਨੂੰ ਪਾਕਿਸਤਾਨੀ ਲੂਣ ਦੀ ਬਣੀ ਦੇਸੀ ਦਵਾਈ ਦੀ ਚੂੰਢੀ ਦੇਣ ਵਾਲੇ ਵੀ ਉਸਤਾਦ ਯਮਲਾ ਜੀ ਹੀ ਸਨ ਕਿ, “ਚੱਲ ਪੁੱਤਰਾ, ਚੜ੍ਹ ਸਟੇਜ ‘ਤੇ...ਗਾ ਰੱਬ ਦਾ ਨਾਂ ਲੈਕੈ।”  ਤੇ ਹੁਣ? ਹੁਣ ਤਾਂ ਬਹੁਤੇ ਇਹੋ ਸੋਚਣਗੇ ਕਿ ਜੇਕਰ ਕਿਵੇਂ ਨਾ ਕਿਵੇਂ ਏਹਨੂੰ ਆਹ ਸੀਸੀ ਪਿਲਾ ਏਈਏ ਤੇ ਏਹਦੀ ਆਵਾਜ਼ ਖਰਾਬ ਹੋਵੇ, ਤਾਂ ਬਹੁਤ ਚੰਗਾ ਹੋਵੇ...ਮੈਥੋਂ ਵਧੇਰੇ ਚੰਗਾ ਏਹ ਮੇਰਾ ਸ਼ਰੀਕ ਨਾ ਗਾ ਜਾਵੇ ਕਿਤੇ! ਪਹਿਲੇ ਸੰਗੀਤਕਾਰ ਆਪਸ ਵਿੱਚ ਭਾਈਚਾਰਾ ਸਮਝਦੇ ਸਨ ਤੇ ਹੁਣ ਦੇ ਬਹੁਤੇ ਸ਼ਰੀਕਾ ਸਮਝਦੇ ਹਨ।

ਅੰਤ ਵਿੱਚ ਮੈਂ ਇਹੋ ਕਹਾਂਗਾ ਕਿ  ਪਹਿਲੇ ਸਮੇਂ ਦੇ ਸਰੋਤਿਆਂ ਕੋਲ ਜਿੱਥੇ ਸਬਰ ਸੀ, ਉਥੇ ਸੰਗੀਤਕਾਰਾਂ ਕੋਲ ਸੁਰੀਲੀ-ਸੁਰ ਸੀ ਤੇ ਉੇਸਨੂੰ ਪੇਸ਼ ਕਰਨ ਦੀ ਪੂਰੀ-ਪੂਰੀ ਸੂਝ ਤੇ ਸਮਰੱਥਾ ਸੀ। ਸ੍ਰੋਤਿਆਂ ਪਾਸ ਸੁਣਨ ਲਈ ਸੰਗੀਦਗੀ ਤੇ ਸੁਹਿਰਦਤਾ ਸੀ। ਸੰਗੀਤਕਾਰਾਂ ਵਿੱਚ ਅੰਤਾਂ ਦੀ ਸਹਿਣਸੀਲਤਾ ਸੀ, ਛੇਤੀ ਕੀਤੇ ਸਰੋਤੇ ਦੀ ਕਹੀ ਚੰਗੀ-ਮਾੜੀ ਦਾ ਬੁਰਾ ਨਹੀਂ ਸਨ ਮਨਾਉਂਦੇ ਸਨ। ਉਹਨਾਂ ਦੀ ਕਲਾ ਵਿੱਚ ਸੰਦੇਸ਼ ਸੀ। ਸ਼ਾਤੀ ਸੀ। ਉਹ ਬੜੇ ਭਲੇ ਵਕਤ ਸਨ। ਕਾਸ਼ ! ਉਹ ਵਕਤ ਪੰਜਾਬੀ ਸੰਗੀਤ ਸੰਸਾਰ ‘ਤੇ ਫਿਰ ਆ ਜਾਣ, ਇਹੋ ਮੇਰੀ ਦੁਆ ਹੈ!

****

No comments: