ਨਸੀਹਤ.......... ਨਜ਼ਮ/ਕਵਿਤਾ / ਕੇਵਲ ਕ੍ਰਿਸ਼ਨ ਸ਼ਰਮਾ

ਬੈਠ ਮੇਰੇ ਪੰਜਾਬ ਦੀ ਕੁੜੀਏ ਆ ਤੈਨੂੰ ਇੱਕ ਗੱਲ ਸਮਝਾਵਾਂ
ਭੁੱਲਗੀ ਲਗਦੀਏਂ ਤੂੰ ਜਿਹੜਾ ਆ ਤੈਨੂੰ ਕੁਝ ਯਾਦ ਕਰਾਵਾਂ

ਮੰਨਿਆਂ ਬੜੀ ਤਰੱਕੀ ਕੀਤੀ ਪੜ੍ਹ ਲਿਖ ਕੇ ਤੂੰ ਬਣੀ ਸਿਆਣੀ
ਕਿਓਂ ਡਿਸਕੋ ਦੇ ਮਗਰ ਤੂੰ ਤੁਰ ਪਈ ਤੂੰ ਤਾਂ ਸੀ ਗਿੱਧਿਆਂ ਦੀ ਰਾਣੀ

ਮਾਪਿਆਂ ਤੈਨੂੰ ਸ਼ਹਿਰ ਭੇਜਿਆ ਪੜ੍ਹ ਲਿਖ ਕਰੇਂ ਤਰੱਕੀ ਅੱਗੇ
ਵਿਚ ਕਲੱਬਾਂ ਬੀਅਰ ਬਾਰਾਂ ਕਰੇਂ ਆਪਣੀ ਬਰਬਾਦ ਜਵਾਨੀ

ਇਹ ਜੋ ਤੇਰੇ ਮਿੱਤਰ ਬਣਦੇ ਜਿਸਮਾਂ ਦੇ ਭੁੱਖੇ ਨੇ ਸਾਰੇ
ਮੀਟ ਦੇਖ ਕੇ ਆਪਣੇ ਸਾਹਵੇਂ ਜਿਓਂ ਕੁੱਤੇ ਮੂੰਹ ਆ ਜੇ ਪਾਣੀ

ਗੁਰਦਵਾਰੇ ਵੱਲ ਮੂੰਹ ਨਾਂ ਕਰਦੀ ਸਿਨਮੇਂ ਵੱਲ ਤੂੰ ਭੱਜੀ ਜਾਵੇਂ
ਗੁਰੂਆਂ ਦੀ ਤੂੰ ਸਿੱਖਿਆ ਭੁੱਲੀ ਫਿਲਮ ਸਟੋਰੀ ਯਾਦ ਜ਼ੁਬਾਨੀ

ਜਾਗੋ ਕਿਦਾਂ ਚੱਕ ਲਏਂਗੀ ਤੂੰ ਚੁੰਨੀ ਵੀ ਤੈਨੂੰ ਭਾਰੀ ਲਗਦੀ
ਘੜਾ ਦੰਦਾਂ ਨਾਲ ਚੱਕ ਸਕਦੀ ਜੋ ਓਹ ਸੀ ਤੇਰੀ ਦਾਦੀ ਨਾਨੀ

ਪਹਿਰਾਵੇ ਦੀ ਗੱਲ ਕਰੀਏ ਹੁਣ ਸੂਟ ਪੰਜਾਬੀ ਦੁਨੀਆਂ ਮੰਨੇ
ਕਪੜੇ ਅੱਜ ਤੂੰ ਏਦਾਂ ਪਾਵੇਂ ਲੱਗੇ ਕੋਈ ਨੁਮਾਇਸ਼ ਜਿਸਮਾਨੀ

ਕੋਇਲ ਪੰਜਾਬ ਦੀ ਹੁੰਦੀ ਸੀ ਕੋਈ ਅੱਜ ਗੁਟਾਰਾਂ ਬਾਜੀ ਮਾਰੀ
ਪੁਠੀਆਂ ਸਿਧੀਆਂ ਸੁਰਾਂ ਚ' ਗਾਵੇ ਆਖੇ ਮੈਂ ਗੀਤਾਂ ਦੀ ਰਾਣੀ

ਆਪਣੇ ਸੱਭਿਆਚਾਰ ਦੇ ਵਿਚੋਂ ਲਗਦੀ ਮਾੜੀ ਗੱਲ ਜੋ ਦਸਦੇ
ਕਿਓਂ ਪੱਛਮੀ ਕਲਚਰ ਦੇ ਪਿੱਛੇ ਹੋਈ ਫਿਰਦੀ ਤੂੰ ਦੀਵਾਨੀ

ਮੱਖਣ ਦੁੱਧ ਤੇ ਲੱਸੀ ਤੈਨੂੰ ਲਗਦੈ ਜਿਵੇਂ ਅਲਰਜੀ ਕਰਦੇ
ਨੂਡਲ ਬਰਗਰ ਪੀਜੇ ਖਾ ਕੇ ਕਿਥੋਂ ਚਾਹੁੰਦੀ ਸੇਹਤ ਬਣਾਉਣੀ

ਹੱਸਦੀ ਨਚਦੀ ਟੱਪਦੀ ਰਹਿ ਤੂੰ ਕਰੇਂ ਤਰੱਕੀ ਅਸੀਂ ਵੀ ਚਾਹੀਏ
ਸੱਭਿਆਚਾਰ ਨੂੰ ਭੁੱਲੀਂ ਨਾ ਪਰ ਬਣ ਚੱਲੀ ਜੋ ਅੱਜ ਕਹਾਣੀ

****

No comments: