ਦੇਰ ਦੀ ਗੱਲ ਹੈ। ਮੈਂ ਟੋਰਾਂਟੋ ਵਾਸਤੇ ਦਿੱਲੀਓਂ ਫਲਾਈਟ ਲਈ ਸੀ। ਵੇਲਾ ਪਾਸ ਕਰਨ ਲਈ ਮੇਰੇ ਕੋਲ ਕੁਝ ਅਖਬਾਰਾਂ ਸਨ। ਇੱਕ ਪੇਪਰ ਵਿੱਚ ਨਿੰਦਰ ਦਾ ਕੋਈ ਲੇਖ ਛਪਿਆ ਹੋਇਆ ਸੀ। ਮੈਂ ਪੜ੍ਹ ਹਟਿਆ। ਸੁਆਦ ਆਇਆ ਪੜ੍ਹ ਕੇ! ਸ਼ਾਇਦ ਸਿਰਮੌਰ ਨਾਵਲਕਾਰ ਹਰਨਾਮ ਦਾਸ ਸਹਿਰਾਈ ਜੀ ਬਾਰੇ ਸੀ, ਧੰਨਤਾ ਦੇ ਪਾਤਰ ਉਹ ਸਹਿਰਾਈ ਜੀ, ਜਿੰਨ੍ਹਾਂ ਨੇ ਸਾਡੇ ਮਹਾਨ ਸਿੱਖ ਗੁਰੂ ਸਹਿਬਾਨਾਂ ਦੇ ਜੀਵਨ ਤੇ ਕੁਰਬਾਨੀਆਂ ਨੂੰ ਅਧਾਰ ਬਣਾ ਕੇ ਅਣਗਿਣਤ ਨਾਵਲ ਲਿਖੇ। ਘੁਗਿਆਣਵੀ ਨੇ ਸਹਿਰਾਈ ਜੀ ਬਾਬਤ ਲਿਖਿਆ ਬੜਾ ਪਿਆਰਾ ਸੀ। ਮੈਂ ਸੋਚਣ ਲੱਗਿਆ ਕਿ ਇਹ ਸਾਡਾ ਪਿਆਰਾ ਜਿਹਾ ਬੱਚੂ, ਸਿਰ ਸੁੱਟ੍ਹ ਕੇ, ਏਡੇ-ਏਡੇ ਮਹਾਨ ਲੋਕਾਂ ਬਾਰੇ ਧੜਾ-ਧੜ ਲਿਖੀ ਤੁਰਿਆ ਜਾ ਰਿਹੈ, ਪਰ ਇਹਦੇ ਬਾਰੇ ਕਿਸੇ ਨੇ ਹਾਲੇ ਨਿੱਠ ਕੇ ਨਹੀਂ ਲਿਖਿਆ। ਕਹਿ ਦਿੰਦੇ ਐ-‘ਜੁਆਕ ਜਿਹਾ ਐ...ਐਵੇਂ ਤੁਰਿਆ ਫਿਰਦੈ। ਮੈਨੂੰ ਇਹ ਚੁਭ੍ਹਵਾਂ ਜਿਹਾ ਅਹਿਸਾਸ ਹੋਇਆ। ਸ਼ਾਇਦ, ਬਹੁਤ ਲੋਕ ਨਿੰਦਰ ਦੀ ਨਿੱਕੀ ਉਮਰੇ ਕੀਤੇ ਵੱਡੇ ਸਾਹਿਤਕ ਤੇ ਸਭਿਆਚਾਰਕ ਕੰਮ ਨੂੰ ਉਸਦੀ ਉਮਰ ਦੇ ਖਾਤੇ ਵਿੱਚ ਪਾ ਦਿੰਦੇ ਐ ਤੇ ਉਹਦੇ ਵੱਲੋਂ ਕੀਤੇ ਵੱਡੇ ਕੰਮ ਨੂੰ ਅੱਖੋਂ ਉਹਲੇ ਕਰ ਛਡਦੇ ਐ, ਇਹ ਪੀੜ ਮੈਨੂੰ ਦਿਲੋਂ ਮਹਿਸੂਸ ਦੇਰ ਤੋਂ ਹੁੰਦੀ ਰਹੀ। ਮੈਂ ਉਸ ਦਿਨ ਸੋਚਿਆ ਕਿ ਇਸਨੂੰ ਜਿੰਨਾ ਕੁ ਮੈਂ ਜਾਣਿਆ ਹੈ, ਇਸ ਬਾਰੇ ਮੈਂ ਜ਼ਰੂਰ ਲਿਖੂੰਗਾ। ਮੈਂ ਬੁਲਾਰਾ ਜ਼ਰੂਰ ਆਂ ਪਰ ਮੈਂ ਲਿਖਾਰੀ ਨਹੀਂ। ਔਖੀ-ਸੌਖੀ ਕੋਸਿ਼ਸ ਜਿਹੀ ਕੀਤੀ ਐ ਆਪਣੀ ਗੱਲ ਆਖਣ ਦੀ।
ਸਾਡੇ ਯਾਰ ਗੁਰਭਜਨ ਗਿੱਲ ਦਾ ਲਿਖਿਆ ਵਾ,ਕਿਸੇ ਹੋਰ ਥਾਂ ਇਹ ਵੀ ਪੜ੍ਹਿਆ ਸੀ। ਉਸਨੇ ਲਿਖਿਆ ਸੀ-‘ਮੈਨੂੰ ਆਪਣੇ ਆਪ ‘ਤੇ ਕਈ ਵੇਰਾਂ ਗੁੱਸਾ ਆਉਂਦਾ ਹੈ ਕਿ ਸਾਡੇ ਵਿੱਚ ਨਿੰਦਰ ਘੁਗਿਆਣਵੀ ਵਾਲੀ ਊਰਜਾ ਅਤੇ ਦੂਸਰੇ ਦੇ ਕੰਮ ਆਉਣ ਵਾਲੀ ਭਾਵਨਾ ਓਨੀ ਪ੍ਰਬਲ ਕਿਉਂ ਨਹੀਂ?’ ਸਾਡੇ ਯਾਰ ਗਿੱਲ ਦੀ ਕਥਨੀ ਬੜੀ ਵਾਜਿਬ ਐ। ਬਾਪੂ ਜੀ ਕਿਹਾ ਕਰਦੇ ਸਨ ਕਿ ਸਿਰ ਫਿਰੇ ਆਸਿ਼ਕ ਨਾ ਕਦੇ ਹੰਭਦੇ ਐ ਤੇ ਨਾ ਕਦੇ ਥਿੜਕਦੇ ਐ!ਗੱਲ ਇੱਥੋਂ ਅਰੰਭਾਂ ਕਿ ਨਿੰਦਰ ਮੈਨੂੰ ਕਿੱਥੇ ਮਿਲਿਆ ਪਹਿਲੀ ਵਾਰੀ? ਅਖਬਾਰਾਂ ਵਿੱਚ ਇਹਦੀ ਫੋਟੋ ਤਾਂ ਦੇਖੀ ਹੋਈ ਸੀ। ਚੌਦਾਂ ਕੁ ਵਰ੍ਹੇ ਹੋ ਗਏ ਹੋਣੇ ਐਂ। ਸ਼ੇਰਪੁਰ ਦੀ ਸਾਹਿਤਕ ਤੇ ਸਭਿਆਚਾਰਕ ਸੱਥ ਨੇ ਚਾਰ-ਪੰਜ ਲੇਖਕਾਂ ਦਾ ਸਨਮਾਨ ਕਰਨਾ ਸੀ। ਮੈਨੂੰ ਚੀਫ਼ ਗੈਸਟ ਵਜੋਂ ਬੁਲਾਇਆ ਗਿਆ। ਓਦਣ ਮੈਂ ਰਾਮੂੰਵਾਲਿਓ ਗਿਆ ਸੀ। ਬਾਪੂ ਜੀ ਪਿੰਡ ਆਏ ਹੋਏ ਸੀ ਟੋਰਾਂਟੋ ਤੋਂ। ਰਾਤ ਨੂੰ ਮੈਨੂੰ ਪੁਛਦੇ ਐ, “ਅਖੇ ਬਲਵੰਤ, ਪਰਸੋਂ ਨੂੰ ਮੇਰੇ ਕੋਲੇ ਨਿੰਦਰ ਘੁਗਿਆਣਵੀ ਨੇ ਆਉਣਾ ਐਂ, ਕਿੰਨੀ ਕੁ ਉਮਰ ਦਾ ਐ ਇਹ ਲਿਖਾਰੀ?” ਮੈਂ ਬਾਪੂ ਜੀ ਨੂੰ ਦੱਸਿਆ ਕਿ ਜੁਆਕ ਜਿਹੈ, ਫੋਟੋ ਤੋਂ ਦੇਖਿਆ ਵਾ। ਜਦ ਮੈਂ ਸ਼ੇਰਪੁਰ ਪੁੱਜਾ ਤਾਂ ਸਟੇਜ ਤੋਂ ਸਨਮਾਨਿਤ ਕਰਨ ਵਾਲੀਆਂ ਹਸਤੀਆਂ ਦੇ ਨਾਂ ਬੋਲਣ ਲੱਗੇ ਤਾਂ ਸਾਡੇ ਵਿਦਵਾਨ ਮਿੱਤਰ ਡਾਕਟਰ ਤੇਜਵੰਤ ਸਿੰਘ ਮਾਨ ਦੇ ਨਾਲ-ਨਾਲ ਨਿੰਦਰ ਘੁਗਿਆਣਵੀ ਦਾ ਵੀ ਸਨਮਾਨਿਤ ਕੀਤੇ ਜਾਣ ਵਾਲਿਆਂ ਵਿੱਚ ਜਿ਼ਕਰ ਆਇਆ। ਮੈਂ ਪ੍ਰਬੰਧਕਾਂ ਨੂੰ ਆਖਿਆ ਕਿ ਓ ਭਲਿਓ, ਮੈਨੂੰ ਨਿੰਦਰ ਤਾਂ ਦਿਖਾ ਦਿਓ, ਰਾਤ ਈ ਮੇਰੇ ਬਾਪੂ ਜੀ ਪੁਛਦੇ ਸੀ ਏਹਦੇ ਬਾਰੇ, ਕਿੱਥੇ ਐ ਓਹ ਮੁੰਡਾ...? ਝਟ ਨਿੰਦਰ ਮੇਰੀ ਗਲਵੱਕੜੀ ਵਿੱਚ ਸੀ। ਪਤਲਾ ਜਿਹਾ, ਛੋਟੂ ਜਿਹਾ, ਮੁਸਕਰਾਉਦਾ ਹੋਇਆ ਮਲੂਕੜਾ ਜਿਹਾ ਛੁਹਰ! ਮੈਂ ਉਹਨੂੰ ਆਪਣੇ ਕੋਲ ਬਿਠਾਉਣਾ ਚਾਹਿਆ ਪਰ ਉਹ ਬੜੀ ਤਹੰਮਲ ਨਾਲ ਮਿਲ ਕੇ ਮੁੜ ਆਪਣੀ ਸੀਟ ‘ਤੇ ਜਾ ਬੈਠਿਆ। ਉਦੋਂ ਕੁ ਜਿਹੇ ਉਹ ਬਾਪੂ ਜੀ ਬਾਰੇ ਕਿਤਾਬ ਲਿਖਣ ਦੀ ਤਿਆਰੀ ਵੱਟ ਰਿਹਾ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਆਖਿਰ ਤਾਂ ਕੋਈ ਸਾਡੇ ਬਾਪੂ ਜੀ ਬਾਰੇ ਕੁਝ ਲਿਖਣ ਲਈ, ਮੈਦਾਨ ਵਿੱਚ ਨਿੱਤਰਿਆ ਸੀ। ਇਸ ਕਾਰਜ ਪਿੱਛੇ ਮੇਰੇ ਅੰਤਾਂ ਦੇ ਅਜੀਜ਼ ਹਰਭਜਨ ਮਾਨ ਦੀ ਹੱਲਾਸ਼ੇਰੀ ਤੇ ਪ੍ਰੇਰਨਾ ਕੰਮ ਕਰ ਰਹੀ ਸੀ। ਨਿੰਦਰ ਮੈਨੂੰ ਚਾਚਾ ਕਹਿੰਦਾ ਐ, ਉਹ ਇਉਂ ਕਹਿੰਦਾ ਐ, ਵਈ ਮੇਰੇ ਵੱਡੇ ਭਰਾ ਹਰਚਰਨ ਸਿੰਘ ਨੇ ਉਹਨੂੰ ‘ਮੂੰਹ ਬੋਲਿਆ ਪੁੱਤ’ ਕਿਹਾ ਤੇ ਕਿਹਾ ਵੀ ਰਾਮੂੰਵਾਲੇ ਗੁਰਦਵਾਰੇ। ਮੈਨੂੰ ਚਾਚਾ ਕਹਿਣ ਵਾਲੇ ਹੋਰ ਵੀ ਬਥੇਰੇ ਐ ਪਰ ਜਦੋਂ ਨਿੰਦਰ ਚਾਚਾ ਕਹਿੰਦੈ ਤਾਂ ਕਾਲਜੇ ਠੰਢ ਪੈਂਦੀ ਐ। ਜਦ ਬਾਪੂ ਜੀ ਬਾਰੇ ਇਹਨੇ ਪੂਰੀ ਖੋਜ ਕਰਕੇ ਤਿੰਨ ਵੱਡੀਆਂ ਕਿਤਾਬਾਂ ਲਿਖੀਆਂ ਤਾਂ ਚਰਚਾ ਬਹੁਤ ਹੋਈ। ਇਹਨੇ ਪੰਜਾਬੀ ਦੇ ਉਚਕੋਟੀ ਦੇ ਕਹਿੰਦੇ-ਕਹਾਉਂਦੇ ਚੜ੍ਹਦੇ ਤੋਂ ਚੜ੍ਹਦੇ 70 ਦੇ ਲੱਗਭਗ ਲੇਖਕਾਂ ਤੋਂ ਵੀ ਬਾਪੂ ਜੀ ਦੀ ਸਖ਼ਸੀਅਤ ਤੇ ਰਚਨਾ ਬਾਰੇ ਬਹੁਤ ਕੁਝ ਲਿਖਵਾ ਲਿਆ ਤੇ ਉਹ ਕਿਤਾਬ ਵੱਖਰੀ ਪ੍ਰਕਾਸਿਤ਼ ਕੀਤੀ। ਮੈਂ ਆਪਣੇ ਸਾਰੇ ਟੱਬਰ ਵਿੱਚ ਬੈਠਿਆਂ ਇਹ ਗੱਲ ਕਈ ਵਾਰ ਕਰਦਾ ਹੁੰਨੈ ਕਿ ਬਾਪੂ ਨੂੰ ਮੁੜ ਹਰਾ ਕਰਨ ਵਾਲਾ ਸਾਡਾ ਨਿੰਦਰ ਐ। ਇੱਕ ਗੱਲ ਹੋਰ ਵੀ ਦੱਸ ਦਿਆਂ, ਇੱਕ ਰਾਤ ਅਸੀਂ ਰਾਮੂੰਵਾਲੇ ‘ਕੱਠੇ ਸਾਂ, ਬਾਪੂ ਜੀ ਕੋਲ। ਬਹੁਤ ਗੱਲਾਂ ਹੋਈਆਂ ਉਸ ਦਿਨ। ਮੈਂ ਨਿੰਦਰ ਦੀ ਜਿ਼ੰਦਗੀ ਦੇ ਕੀਤੇ ਸੰਘਰਸ਼ ਬਾਰੇ ਸੁਣ ਕੇ ਬੜਾ ਪ੍ਰਭਾਵਿਤ ਹੋਇਆ। ਬਾਪੂ ਜੀ ਕਹਿਣ ਲੱਗੇ, “ਦੇਖ ਲੈ ਬਲਵੰਤ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਐ...ਮੇਰੀ ਗੱਲ ਯਾਦ ਰੱਖੀਂ ਉਏ ਘੁਗਿਆਣਵੀ...ਜਾਹ, ਸਦਾ ਈ ਤੇਰੀਆਂ ਚੜ੍ਹਦੀਆਂ ਕਲਾ ਹੋਣਗੀਆਂ ...ਪਿੱਛਾ ਭਉਂ ਕੇ ਨਾ ਦੇਖੇਂਗਾ ਤੂੰ!” ਆਹ ਗੱਲ ਬਾਪੂ ਜੀ ਨੇ ਓਦਣ ਰਾਤ ਨੂੰ ਮੇਰੇ ਸਾਹਮਣੇ, ਮੂਡ ਵਿੱਚ ਆਏ ਹੋਏ ਨੇ, ਪੂਰੇ ਜਭ੍ਹੇ ਨਾਲ ਨਿੰਦਰ ਨੂੰ ਕਹੀ ਸੀ। ਤੇ ਹਾਂ, ਜਿਹੜੀ ਗੱਲ ਮੈਂ ਦੱਸਣ ਲੱਗਿਆ ਸੀ, ਉਦੋਂ ਹਾਲੇ ਹਜ਼ਾਰ ਦਾ ਨੋਟ ਨਵਾਂ-ਨਵਾਂ ਚੱਲਿਆ ਸੀ। ਸਵੇਰੇ ਜਦ ਮੈਂ ਘਰੋਂ ਤੁਰਨ ਲੱਗਿਆ ਤਾਂ ਦਿਲ ਕੀਤਾ ਕਿ ਨਿੰਦਰ ਨੂੰ ਨਵੇਂ ਨਕੋਰ ਦੋ ਨੋਟ ਦੇਵਾਂ। ਮੈਂ ਜ਼ੋਰ ਲਾ ਹਟਿਆ, ਏਹਨੇ ਲੈਣੇ ਤਾਂ ਕੀ ਸੀ, ਸਗੋਂ ਝਾਕਿਆ ਤੱਕ ਵੀ ਨਹੀਂ ਤੇ ਕਹਿੰਦਾ, ਚਾਚਾ ਤੇਰੇ ਨਾਲੋਂ ਰੁਪੱਈਏ ਚੰਗੇ ਐ ਮੈਨੂੰ? ਮੈਂ ਹੱਸ ਕੇ ਆਖਿਆ, ਉਏ ਲਿਖਾਰੀ ਤਾਂ ਛਡਦੇ ਨੀ ਹੁੰਦੇ, ਤੇ ਤੂੰ ਪਤੰਦਰਾ ਝਾਕਦਾ ਵੀ ਨਹੀਂ, ਹੁਣ ਨੂੰ ਤਾਂ ਜੁੱਪ੍ਹ ਲੈਣੇ ਸੀ, ਅਜੇ ਤੂੰ ਕੱਚਾ ਲਿਖਾਰੀ ਐਂ ਭਤੀਜਿਆ। ਪਿੱਛੇ ਜਿਹੇ ਦੀ ਗੱਲ ਐ, ਮੈਂ ਆਖਿਆ ਕਿਸੇ ਦਿਨ ਖੁੱਲ਼੍ਹਾ ਜਿਹਾ ਟੈਮ ਕੱਢ ਕੇ ਆਵੀਂ ਯਾਰ, ਮੈਂ ਤੇਰੇ ਤੋਂ ਕੁਝ ਪੁੱਛਣਾ ਤੇ ਤੇਰੇ ਬਾਰੇ ਲਿਖਣਾ ਐਂ, ਏਹ ਨਹੀਂ ਆਇਆ। ਨਾ ਕਦੇ ਮੇਰੀ ਸਟੇਜ ‘ਤੇ ਬੋਲਣ ਆਇਆ ਤੇ ਨਾ ਕਦੇ ਏਹਨੇ ਮੇਰੇ ਬਾਰੇ ਹੁਣ ਤੀਕ ਦੋ ਅੱਖਰ ਹੀ ਲਿਖੇ। ਅੱਗੋਂ ਆਂਹਦਾ ਐ ਕਿ ਚਾਚਾ, ਮੈਂ ਥੋਡੇ ਨਾਲ ਬਣੇ ਪਰਿਵਾਰਕ ਸਬੰਧਾਂ ਨੂੰ ਰਾਜਨੀਤਿਕ ਨਹੀਂ ਬਣਾਉਣੇ ਚਾਹੁੰਦਾ। ਯਮਲਾ ਜੀ ਨੂੰ ਅਸੀਂ ਸਾਰੇ ਭੈਣ-ਭਰਾ ਚਾਚਾ ਕਹਿੰਦੇ ਹੁੰਦੇ ਸੀ। ਬਾਪੂ ਜੀ ਨੂੰ ਉਹ ਭਰਾ ਮੰਨਦੇ ਸੀ। ਰਾਮੂਵਾਲੇ ਬਹੁਤ ਆਇਆ ਕਰਦੇ ਸੀ । ਜਦੋਂ ਯਮਲਾ ਜੀ ਟੋਰਾਂਟੋ ਗਏ ਤਾਂ ਇੱਕ ਪ੍ਰਮੋਟਰ ਨੇ ਉਹਨਾਂ ਨੂੰ ਉਥੇ ਬੁਰੀ ਤਰਾਂ ਰੋਲ ਦਿੱਤਾ। ਮੇਰੇ ਭਰਾ ਇਕਬਾਲ ਤੇ ਰਛਪਾਲ ਉਹਨਾਂ ਨੂੰ ਸਾਡੇ ਘਰ ਲੈ ਆਏ। ਇਉਂ ਸਾਡਾ ਯਮਲੇ ਚਾਚੇ ਨਾਲ ਮੋਹ-ਤਿਹੁ ਹੋਰ ਵੀ ਪੱਕਾ ਹੋ ਗਿਆ। ਮੈਂ ਇਹ ਗੱਲ ਕਹਿੰਨੈ ਕਿ ਨਿੰਦਰ ਨੇ ਚਾਚੇ ਯਮਲਾ ਜੀ ਦਾ ਪੇਟ ਘਰੋੜੀ ਦਾ ਚੇਲਾ ਬਣ ਕੇ, ਜੋ ਕੂਝ ਆਪਣੇ ਉਸਤਾਦ ਲਈ ਕੀਤੈ, ਅਜਿਹੀ ਗੁਰੂ-ਚੇਲੇ ਦੀ ਮਿਸਾਲ ਵੀ ਕੋਈ ਵਿਰਲੀ-ਟਾਂਵੀ ਹੀ ਮਿਲਦੀ ਐ। ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਉਹਨੇ ਯਮਲਾ ਜੀ ਬਾਰੇ ਇੱਕ ਇਤਿਹਾਸਕ ਕਿਤਾਬ ਲਿਖੀ। ਬਾਪੂ ਜੀ ਨਾਲ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਅੰਤਾਂ ਦਾ ਸਨੇਹ ਸੀ, ਜਦ ਵੀ ਟੋਰਾਂਟੋ ਆਉਂਦੀ ਤਾਂ ਇਕਬਾਲ ਮਾਹਲ ਬਾਪੂ ਕੋਲ ਉਹਨੂੰ ਜ਼ਰੂਰ ਮਿਲਵਾਉਣ ਆਉਂਦਾ ਸੀ। ਬਾਪੂ ਨੇ ਸੌ ਡਾਲਰ ਸ਼ਗਨ ਦੇਣਾ ਉਸਨੂੰ। ਦਿੱਲੀ ਰਹਿੰਦੀ ਸੁਰਿੰਦਰ ਕੌਰ ਮੇਰੇ ਨਾਲ ਵੀ ਵੱਡੀ ਭੈਣ ਵਾਂਗ ਵਰਤੀ। ਨਿੰਦਰ ਨੇ ਭਾਸ਼ਾ ਵਿਭਾਗ ਪੰਜਾਬ ਸਰਕਾਰ ਦੀ ਤਰਫੋਂ ਉਹਦੇ ਬਾਰੇ ਕਿਤਾਬ ਲਿਖ ਕੇ ਮੀਲ ਪੱਥਰ ਸਥਾਪਿਤ ਕੀਤਾ। ਸਰਦਾਰ ਜਗਦੇਵ ਸਿੰਘ ਜੱਸੋਵਾਲ ਨੂੰ ਵੀ ਅਸੀਂ ਸਾਰੇ ਭੈਣ-ਭਰਾ ਚਾਚਾ ਕਹਿੰਂਨੇ ਐਂ, ਉਹਨਾਂ ਬਾਰੇ ਵੀ ਇੱਕ ਵੱਡੀ ਕਿਤਾਬ ਲਿਖਣਾ ਨਿੰਦਰ ਦੀ ਪ੍ਰਾਪਤੀ ਐ। ਹੁਣ ਮੈਥੋਂ ਉਹਦੀਆਂ ਕਿਤਾਬਾਂ ਦੀ ਗਿਣਤੀ-ਮਿਣਤੀ ਨਹੀਂ ਹੁੰਦੀ, ਸੱਚੀ ਗੱਲ ਤਾਂ ਏਹ ਐ ਬਈ ਇਹਨੇ ਉਹਨਾਂ ਲੋਕਾਂ ਬਾਰੇ ਲਿਖ ਕੇ, ਸਦੀਵੀ ਤੌਰ ‘ਤੇ ਇਤਿਹਾਸਕ ਦਸਤਾਵੇਜ਼ ਕਾਇਮ ਕਰ ਦਿੱਤੇ ਐ ਕਿ ਆਉਣ ਵਾਲੀਆਂ ਪੀੜ੍ਹੀਆਂ ਤੇ ਵਿਦਿਆਰਥੀ ਉਹਦੇ ਕੀਤੇ ਕੰਮ ਦੇ ਹਵਾਲੇ ਤੇ ਰੈਂਫਰੈਂਸ ਲੈਂਦੇ ਐ ਤੇ ਲੈਂਦੇ ਰਹਿਣਗੇ। ਸੰਤੋਖ ਸਿੰਘ ਧੀਰ ਦਾ ਸਾਡੇ ਪਰਿਵਾਰ ਨਾਲ ਸਿਰੇ ਦਾ ਨਿੱਘ ਤੇ ਸਨੇਹ ਸੀ। ਜਦ ਧੀਰ ਸਾਹਿਬ ਚਲੇ ਗਏ ਤਾਂ ਨਿੰਦਰ ਨੇ ਉਹਨਾਂ ਬਾਰੇ ਯਾਦਗਾਰੀ ਕਿਤਾਬ ‘ਮੇਰੇ ਹਿੱਸੇ ਦਾ ਧੀਰ’ ਲਿਖੀ। ਮਾਲਵੇ ਦਾ ਮਾਣ ਬਲਵੰਤ ਗਾਰਗੀ ਮਾਂ ਬੋਲੀ ਦੇ ਭੰਡਾਰੇ ਭਰਦਾ-ਭਰਦਾ ਤੇ ਲੋਕਾਂ ਉੱਤੇ ਲਿਖਦਾ-ਲਿਖਦਾ ਤੁਰ ਗਿਆ, ਉਹਦੇ ‘ਤੇ ਕਿਤਾਬ ਲਿਖਣ ਦੀ ਪਹਿਲ ਨਿੰਦਰ ਨੇ ਕੀਤੀ। ਕਿਤਾਬ ਦਾ ਨਾਂ ਹੈ, ‘ਇੱਕ ਸੀ ਗਾਰਗੀ’। ਪੰਜਾਬੀਆਂ ਦੇ ਚੋਟੀ ਦੇ ਲੋਕ-ਗਾਇਕ ਅਮਰਜੀਤ ਗੁਰਦਾਸਪੁਰੀ ਬਾਰੇ ਉਸਨੇ ਟੈਲੀਫਿਲਮ ਬਣਾ ਕੇ ਉਸਨੂੰ ਅਮਰ ਕਰ ਦਿੱਤਾ। ਇਹ ਵੀ ਮੇਰੇ ਲਈ ਹੈਰਾਨੀ ਭਰੀ ਗੱਲ ਹੈ ਕਿ ਹਰ ਹਫ਼ਤੇ ਉਹ ਲੱਗਭਗ 25 ਮੁਲਕਾਂ ਦੇ ਅਖ਼ਬਾਰਾਂ-ਰਸਾਲਿਆਂ ਲਈ ਰੋਜ਼ਾਨਾ ਕਾਲਮ ਲਿਖਦੈ। ਇੱਕ ਦਿਨ ਸਰਦਾਰ ਬਹਾਦਰ ਸ੍ਰ. ਖੁਸ਼ਵੰਤ ਸਿੰਘ ਦੱਸ ਰਹੇ ਸਨ ਕਿ ਬਲਵੰਤ, ਲਗਾਤਾਰ ਕਾਲਮ ਲਿਖਣਾ ਸੌਖਾ ਕਾਰਜ ਨਹੀਂ ਹੁੰਦਾ, ਕਾਲਮ ਦੀ ਲਗਾਤਾਰਤਾ ਬਣਾਈ ਰੱਖਣੀ, ਲੱਖਾਂ ਪਾਠਕਾਂ ਨੂੰ ਅੱਕਣ ਨਾ ਦੇਣਾ, ਵਿਸ਼ਾ ਨਵਾਂ-ਨਰੋਆ ਤੇ ਨਿੱਗਰ ਹੋਣਾ, ਐਨ ਵਾਣ ਦੇ ਮੰਜੇ ਵਾਗੂੰ ਕੱਸਿਆ-ਤਣਿਆ ਤੇ ਬੁਣਿਆ ਹੋਵੇ ਕਾਲਮ, ਫਿਰ ਈ ਲੋਕ ਪੜ੍ਹਦੇ ਐ। ਮੈਂ ਇਹ ਗੱਲ ਵੀ ਬੜੀ ਸਿ਼ੱਦਤ ਨਾਲ ਮਹਿਸੂਸ ਕਰਦੈਂ ਕਿ ਅੱਜ ਅਫੜਾ ਤਫੜੀ ਦਾ ਤੇਜ਼-ਤਰਾਰ ਯੁੱਗ ਐ, ਕਿਸੇ ਕੋਲ ਚਿੱਠੀ ਲਿਖਣ ਦਾ ਵੀ ਵਕਤ ਨਹੀਂ, ਲੋਕੀ ਫੋਨ ‘ਤੇ ਵੀ ਬਹੁਤ ਸੰਖੇਪ ਜਿਹਾ ਜਵਾਬ ਹੀ ਲਿਖਦੇ ਐ, ਈਮੇਲਾਂ ਦੇ ਜਵਾਬ ਵੀ ਬਹੁਤ ਬਰੀਫ ਹੁੰਦੇ ਐ ਤੇ ਏਹ ਸਾਡਾ ਘੁਗਿਆਣਵੀ ਧੜੀ-ਧੜੀ ਪੱਕੀ ਦੀਆਂ ਕਿਤਾਬਾਂ ਲਿਖੀ ਜਾਂਦੈ। ਪਤਾ ਨਹੀਂ ਕਿਹੜਾ ਭੂਤ ਸਵਾਰ ਹੋਇਐ ਏਹਦੇ ਸਿਰ ‘ਤੇ? ਮੈਂ ਕਾਮਨਾ ਕਰਦਾ ਐਂ ਕਿ ਇਹ ਭੁਤ ਏਹਦੇ ਸਿਰੋਂ ਕਦੇ ਨਾ ਲੱਥੇ! ਅ਼ਸਕੇ ਪੁੱਤ ਨਿੰਦਰਾ ਤੇਰੇ! ਪਤਾ ਨਹੀਂ ਕਿੱਥੋ-ਕਿੱਥੋਂ, ਨਵੇਂ-ਨਵੇਂ ਸ਼ਬਦ ਕੱਢ-ਕੱਢ ਲਿਆਉਨੈ ਤੇ ਸ਼ਬਦ ਨੂੰ ਫਿੱਟ ਕਰਨ ਦਾ ਵੀ ਤਰੀਕਾ ਤੇਰਾ ਨਿਆਰਾ ਐ! ਏੇਥੇ ਬੱਸ ਨਹੀਂ,ਰੋਜ਼ਾਨਾ ਬਦੇਸ਼ੀ ਰੇਡੀਓ ‘ਤੇ ਖ਼ਬਰਾਂ ਪੜ੍ਹਦੈ। ਟੈਲੀਵੀਯਨ ਲਈ ਕੰਮ ਕਰਦੈ। ਐੱਮ.ਫਿਲਾਂ ਤੇ ਪੀ.ਐੱਚ. ਡੀਆਂ ਉਹਦੀਆਂ ਕਿਰਤਾਂ ‘ਤੇ ਹੋਈਆਂ ਜਾਂਦੀਆਂ ਐਂ। ਆਪ ਦਸਵੀ ਤੋਂ ਅਗਾਂਹ ਨਹੀਂ ਟੱਪਿਆ। ਯੁਨੀਵਰਸਿਟੀਆਂ ਉਹਦੇ ਤੋਂ ਕਿਤਾਬਾਂ ਤੇ ਪਰਚੇ ਲਿਖਵਾਈ ਜਾਂਦੀਐਂ ਤੇ ਭਾਸ਼ਨ ਕਰਵਾਈ ਜਾਂਦੀਐਂ। ਉਹਦੇ ਹਾਣ ਦੇ ਉਹਦਾ ਲਿਖਿਆ ਪੜ-ਪੜ੍ਹ ਕੇ ਡਿਗਰੀਆਂ ਲਈ ਜਾਂਦੇ ਐ। ਕਿਹੜਾ ਉਹ ਮੁਲਕ ਐ, ਜਿੱਥੇ ਨਿੰਦਰ ਨਹੀਂ ਗਿਆ। ਉਹਦਾ ਵਡੱਪਣ ਦੇਖੋ, ਸਹੁੰ ਸੱਚੇ ਪਾਤਸ਼ਾਹ ਦੀ, ਜੇ ਉਹਨੇ ਇੱਕ ਦਿਨ ਵੀ ਆ ਕੇ ਕਿਹਾ ਹੋਵੇ, ਬਈ ਚਾਚਾ ਜੀ ਮੈਨੂੰ ਵੀਜ਼ਾ ਲੈਣ ‘ਚ ਮੱਦਦ ਕਰ ਦਿਓ ਜਾਂ ਮੇਰੀ ਟਿਕਟ ਲਾ ਦਿਓ। ਉਹਨੇ ਕਦੇ ਸੇਵਾ ਦਾ ਮੁੱਲ ਨਹੀਂ ਮੰਗਿਆ। ਔਖੇ ਤੋਂ ਔਖੇ ਦਿਨ ਵੀ ਦੇਖੇ ਇਸਨੇ ਤੇ ਜੱਜਾਂ ਦਾ ਅਰਦਲੀ ਬਣ ਕੇ ਚਾਕਰੀ ਕਰਦਾ ਰਿਹਾ। ਭਾਸ਼ਾ ਵਿਭਾਗ ਦੇ ਵਿਹੜੇ ਵਿੱਚ ਫੁੱਲ ਬੂਟੇ ਗੋਡਦਾ ਰਿਹਾ। ਪਰ ਕਦੇ ਥੱਕ ਹਾਰ ਕੇ ਕਦੇ ਨਾ ਬੈਠਾ। ਇਹੀ ਇਸਦਾ ਸਿਦਕ ਐ ਤੇ ਸਿਰੜ ਵੀ। ਮੈਂ ਦੁਨੀਆਂ ਦੇ ਜਿਹੜੇ ਵੀ ਮੁਲਕ ਗਿਐਂ, ਹਰ ਥਾਂ ਤੇ ਹਰ ਮਹਿਫਿਲ ਵਿੱਚ ਮੇਰੇ ਬੱਚੂ ਨਿੰਦਰ ਘੁਗਿਆਣਵੀ ਦਾ ਜਿ਼ਕਰ ਅਵੱਸ਼ ਹੋਇਆ ਐ। ਮੈਂ ਲੰਡਨ ਗਿਆ ਤਾਂ ਮੇਰੇ ਮਿੱਤਰ ਰਣਜੀਤ ਧੀਰ ਆਖਣ ਲੱਗੇ ਕਿ ਬਲਵੰਤ, ਨਿੰਦਰ ਨੇ 35 ਕਿਤਾਬਾਂ ਲਿਖਤੀਆਂ, ਏਨੀ ਤਾਂ ਉਹਦੀ ਉਮਰ ਨਹੀਂ ਲਗਦੀ ਤੇ ਇੱਕ ਹੋਰ ਖਾਸ ਗੱਲ ਇਹ ਕਿ ਇਸਦਾ ਹਾਣੀ ਕੋਈ ਵਿਰਲਾ ਹੀ ਮੁੰਡਾ ਹੋਣੈ, ਜਿਸਨੇ 35 ਕਿਤਾਬਾਂ ਹੁਣ ਤੀਕ ਪੜ੍ਹੀਆਂ ਵੀ ਹੋਣ? ਹੁਣ ਮੈਂ ਗੱਲ ਨੂੰ ਬਾਹਲੀ ਲਮਕਾਵਾਂ ਨਾ...ਬਾਪੂ ਪਾਰਸ ਜੀ ਦੀ ਆਖੀ ਗੱਲ ਯਾਦ ਆ ਰਹੀ ਐ, ‘ਬਲਵੰਤ, ਹੋਰ ਦਾ ਤਾਂ ਮੈਨੂੰ ਪਤਾ ਨਹੀਂ ਪਰ ਕਦੇ ਘੁਗਿਆਣਵੀ ਦਾ ਮੂੰਹ ਨਾ ਫਿਟਕਾਰੀਂ ਯਾਰ...।’ ਸੱਚੀ ਗੱਲ ਐ, ਨਿਆਣਾ ਐਂ, ਅਜੀਜ਼ ਐ ਤੇ ਕਦੇ-ਕਦੇ ਏਹਦਾ ਖੂਨ ਉਬਾਲਾ ਖਾ ਜਾਂਦੈ ਪਰ ਕੋਈ ਨਾ...ਮੇਰੇ ਲਾਡਲੇ ਬੱਚੂ ਨਿੰਦਰ ਨੂੰ ਸਭ ਮਾਫ ਐ! ਜੁਆਨੀਆਂ ਮਾਣ ਪੁੱਤਰਾ, ਐਪਰ ਮਾਂ ਬੋਲੀ ਪੰਜਾਬੀ ਤੇ ਸਭਿਆਚਰ ਦੀ ਸੇਵਾ ਵੱਲੋਂ ਮੁਖ ਨਾ ਮੋੜੀਂ। ****
No comments:
Post a Comment