ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ……… ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 2 ਜੂਨ 2012 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਬੀਬੀ ਸੁਰਿੰਦਰ ਗੀਤ ਨੂੰ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਸਕੱਤਰ ਦੇ ਸੱਦੇ ਤੇ ਹਰਸੁਖਵੰਤ ਸਿੰਘ ਸ਼ੇਰਗਿਲ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪ੍ਰਵਾਨ ਕੀਤੀ ਗਈ।

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀਆਂ ਦੋ ਗ਼ਜ਼ਲਾਂ ਸੁਣਾਕੇ ਅੱਜ ਦਾ ਰਚਨਾਵਾਂ ਦਾ ਦੌਰ ਸ਼ੁਰੂ ਕੀਤਾ :

1- ਨਾਮ ਤੇਰਾ  ਲੈ ਰਿਹਾਂ ਮੈਂ  ਹਰ ਘੜੀ
   ਸਾਧਨਾ ਹੈ ਭਗਤ ਜਿਉ ਕਰਦਾ ਕੜੀ।
   ਵਾਂਗ ਝਰਨੇ ਪ੍ਰੇਮ ਤੇਰਾ ਝਰ ਰਿਹਾ
   ਵਿਰਦ ਹਾਂ ਗਲਤਾਨ ਬਿਨ ਮਾਲਾ ਫੜੀ।

2-ਤੇਰੇ ਆਵਣ ਦੀ ਖੁਸ਼ੀ ਦਿਲ, ਚੁੰਗੀਆਂ ਭਰਦਾ ਫਿਰੇ
   ਅਲਵਲੱਲੀ ਗੱਲ ਜੀਕਣ, ਬਾਲਕਾ  ਕਰਦਾ ਫਿਰੇ।
   ਵਿਚ ਹਾਵਾਂ ਉਡਦਾ ਹੈ ਦਿਲ ਇਵੇਂ ਮਖਮੂਰ ਹੋ
   ਜਾਪਦਾ ਜੀਕਣ ਖ਼ੁਸ਼ੀ ਦੀ ਲਹਿਰ ‘ਤੇ ਤਰਦਾ ਫਿਰੇ।



ਤਾਰਿਕ ਮਲਿਕ ਨੇ ਅਹਮਦ ਫ਼ਰਾਜ਼ ਦੇ ਕੁਝ ਖ਼ੂਬਸੂਰਤ ਸ਼ਿਅਰ ਸੁਣਾਏ :

ਬਰਸੋਂ ਕੇ ਬਾਦ ਦੇਖਾ ਇਕ ਸ਼ਖ਼ਸ ਦਿਲਰੁਬਾ ਸਾ
ਅਬ ਜ਼ਹਨ ਮੇਂ ਨਹੀਂ ਹੈ ਪਰ ਨਾਮ ਥਾ ਭਲਾ ਸਾ।

ਹਰਸੁਖਵੰਤ ਸਿੰਘ ਸ਼ੇਰਗਿਲ ਨੇ ਮਹਿੰਦਰ ਪਰਵਾਨਾ ਦੀ ਕਵਿਤਾ ‘ਧੀਆਂ ਦੀ ਪੁਕਾਰ’ ਸਾਂਝੀ ਕੀਤੀ :

 ਦੁਨੀਆਂ ਵਾਲਿਓ ਸੁਣੋ ਪੁਕਾਰ ਸਾਡੀ,
 ਅੱਗੇ ਤੁਸਾਂ ਦੇ ਵਾਸਤੇ ਪੌਣ ਧੀਆਂ
 ਸਾਡੇ ਜੰਮਣ ਨੂੰ ਕਾਹਤੋਂ ਸਰਾਪ ਸਮਝੋਂ,
 ਜਦਕਿ ਤੁਸਾਂ ਦੇ ਸ਼ਗਨ ਮਨੌਣ ਧੀਆਂ।

ਮੋਹਤਰਮਾ ਅਮਤੁੱਲ ਮਤੀਨ ਖ਼ਾਨ ਨੇ ਨਜ਼ਮ ਅਤੇ ਇਕ ਗ਼ਜ਼ਲ ਸੁਣਾਕੇ ਤਾੜੀਆਂ ਖੱਟ ਲਈਆਂ :

‘ਕੰਵਲ ਗਹਰੇ ਪਾਨੀ ਮੇਂ ਉਦਾਸ ਤੈਰਤਾ ਹੁਆ
 ਉਭਰਾ ਹੁਆ ਇੱਕ ਦਸਤੇ-ਦੁਆ ਲਗਤਾ ਹੈ।

‘ਗ਼ਜ਼ਲ’ ਯੇ ਤੋ ਹਰ ਨਫਸ ਕੀ ਇਬਾਦਤ ਕਾ ਕਰੀਨਾ ਹੈ
 ਮਾਨ ਲੋ ਤੋ  ਕਈ ਬਾਰ  ਪੱਥਰ ਭੀ  ਖ਼ੁਦਾ  ਲਗਤਾ ਹੈ’

ਨਈਮ ਖ਼ਾਨ ਨੇ ਕੁਝ ਚੁਟਕਲੇ ਸੁਣਾਉਂਦੇ ਹੋਏ ਹਸਾ-ਹਸਾ ਕੇ ਬੁਲਾਰਿਆਂ ਵਿੱਚ ਹਾਜ਼ਰੀ ਲਵਾ ਲਈ। ਜਤਿੰਦਰ ਸਿੰਘ ‘ਸਵੈਚ’ ਨੇ ਆਪਣੀ ਕਵਿਤਾ ‘ਅਜੋਕਾ ਜਿਉਣ ਢੰਗ’ ਨਾਲ ਤਾੜੀਆਂ ਖੱਟ ਲਈਆਂ :

ਦੁਨੀਆਂ ਦਾ ਦਸਤੂਰ ਨਿਰਾਲਾ, ਹਰ ਕੋਈ ਇਸ ਵਿੱਚ ਢਲਦਾ
ਬੁੱਢਾ, ਠੇਰ੍ਹਾ, ਗਭਰੂ, ਅਧਖੜ, ਜਾਂ ਹੋਵੇ ਛੋਹਰ ਕੱਲ੍ਹ ਦਾ।

ਲ਼ੋਕ ਦਿਖਾਵਾ ਉਪਰੋਂ ਉਪਰੀ, ਸਭ ਦਾ ਬਣੇ ਹਿਤੈਸ਼ੀ
ਉਪਰੋਂ ਮੋਮਨ ਬਣਿਆ ਅੰਦਰੋ, ਰਹੇ ਨਿਰੰਤਰ ਛੱਲਦਾ।

ਐਚ. ਐਸ. ਚੇਰਾ ਹੋਰਾਂ ਅਪਣੀਆਂ ਦੋ ਰਚਨਾਵਾਂ ਸਾਂਝੀਆਂ ਕਰਕੇ ਖ਼ੁਸ਼ ਕਰ ਦਿੱਤਾ :

1-‘ਸੂਰਜ ਦੀ ਬੁੱਕਲ ‘ਚ ਛੁਪਿਆ ਹਨੇਰ੍ਹਾ
   ਹਨੇਰ੍ਹੇ ਦੀ ਬੁੱਕਲ ‘ਚ ਛੁਪਿਆ ਸਵੇਰਾ’

2-‘ਕਯੋਂ ਕਰ ਬੈਠੀ ਸ਼ਿੰਗਾਰ ਕੁੜੇ, ਜ਼ੁਲਫ਼ਾਂ ਨਾ ਹੋਰ ਸੰਵਾਰ ਕੁੜੇ
   ਫੁਲ ਖ਼ਾਰਾਂ ਦੇ ਵਿੱਚ ਪਲਦੇ ਨੇ, ਜੀ ਤੂੰ ਵੀ ਬਨ ਤਲਵਾਰ ਕੁੜੇ’

ਬੀਜਾ ਰਾਮ ਨੇ ਅਪਣੀ ਸੁਰੀਲੀ ਅਵਾਜ਼ ਵਿੱਚ ਪਹਿਲੋਂ ਸ਼ਿਵ ਬਟਾਲਵੀ ਅਤੇ ਮਹਿੰਦਰ ਪਾਲ ਦੇ ਗੀਤ ਗਾਏ ਤੇ ਫਿਰ ਆਪਣੀਆਂ ਲਿਖੀਆਂ ਇਹ ਦੋ ਰਚਨਾਵਾਂ ਗਾਕੇ ਵਾਹ-ਵਾਹ ਲੁਟ ਲਈ :

1-‘ਇਸ਼ਕ ਤੇਰੇ ਨੂੰ ਭੁਲ ਜਾਵਾਂ ਏ ਕਿੰਨਾ ਚੰਗਾ ਹੈ
   ਤੂੰ ਮੁੱਕ ਗਈ ਏਹ ਮੰਨ ਲਵਾਂ ਤਾਂ ਕਿੰਨਾ ਚੰਗਾ ਹੈ’

2-‘ਰੂਹ ਮੇਰੀ ਨੂੰ ਵਿੰਨ੍ਹਕੇ ਤੁਰ ਗਏ ਦਿਲ ਦੇ ਜਿਹੜੇ ਜਾਨੀ ਸੀ
   ਕਦਮਾਂ ਤੇ ਹੀ ਰੁਸਕੇ ਬਹਿ ਗਏ ਉਮਰਾਂ ਦੇ ਜੋ ਹਾਣੀ ਸੀ’

ਜੱਸ ਚਾਹਲ ਨੇ ਬਸ਼ੀਰ ਬਦਰ ਦੀ ਉਰਦੂ ਗ਼ਜ਼ਲ ਦੇ ਕੁਝ ਸ਼ਿਅਰ ਸਾਂਝੇ ਕੀਤੇ :

ਭੀਗੀ ਹੁਈ ਆਂਖੋਂ ਕਾ ਯੇ, ਮੰਜ਼ਰ ਨ ਮਿਲੇਗਾ
ਘਰ ਛੋੜ ਕੇ ਨਾ ਜਾਓ ਕਹੀਂ ਘਰ ਨ ਮਿਲੇਗਾ’

ਸੁਰਜੀਤ ਸਿੰਘ ਪੰਨੂੰ ਹੋਰਾਂ ਕੁਝ ਖ਼ੂਬਸੂਰਤ ਰੁਬਾਈਆਂ ਅਤੇ ਅੱਜ-ਕੱਲ ਦੇ ਹਾਲਾਤ ਤੇ ਲਿਖੀ ਇਹ ਗ਼ਜ਼ਲ ਸੁਣਾ ਕੇ ਸੋਚਣ ਲਈ ਮਜ਼ਬੂਰ ਕਰ ਦਿੱਤਾ :

 ਹਰ ਇਕ ਨੂੰ ਹੈ ਜਲਦੀ-ਜਲਦੀ
 ਪਤਾ ਨਹੀਂ ਖ਼ਲਕਤ ਕਿੱਧਰ ਚਲਦੀ।
 ਰਿਸ਼ਵਤ ਖੋਰੀ ਅਤੇ ਮਹਿੰਗਾਈ
 ਏਹ ਬਲਾ ਦਿਸਦੀ ਨਹੀਂ ਟਲਦੀ।

ਅਕਰਮ ਪਾਸ਼ਾ ਨੇ ਪਹਿਲੀ ਵਾਰ ਸਭਾ ਵਿੱਚ ਸ਼ਿਰਕਤ ਕਰਦਿਆਂ ਆਪਣੇ ਉਰਦੂ ਦੇ ਕੁਝ ਸ਼ਿਅਰ ਸਾਂਝੇ ਕਰਕੇ ਖ਼ੁਸ਼ ਕਰ ਦਿੱਤਾ :

 1-ਹਾਲਾਤ ਤੋ ਹਮੇਸ਼ਾ ਮੁਆਫ਼ਿਕ ਨਹੀਂ ਰਹੇ
 ਗ਼ੈਰੋਂ ਕੀ ਬਾਤ ਛੋੜਿਏ ਅਪਨੇ ਨਹੀਂ ਰਹੇ।
 ਦਾਨਾਈ ਨੇ ਹਮੇਸ਼ਾ ਹੀ ਰੁਸਵਾ ਕਿਯਾ ਹਮੇਂ
 ਮੰਜ਼ਿਲ ਕਰੀਬ ਆਈ ਤੋ ਸਾਥੀ ਨਹੀਂ ਰਹੇ।

 2-ਵਤਨ ਕੇ ਅਪਨੇ ਸਪੂਤੋਂ ਸੇ ਕਯਾ ਕਰੇਂ ਸ਼ਿਕਵਾ
 ਜੋ ਤੋੜ ਕੇ ਅਪਨਾ ਵਤਨ ਘਰ ਸੇ ਹੋ ਗਏ ਬੇਘਰ।

ਬੀਬੀ ਸੁਰਿੰਦਰ ਗੀਤ ਨੇ ਇੱਕ ਕਵਿਤਾ ਅਤੇ ਇਹ ਗ਼ਜ਼ਲ ਸੁਣਾਈ :

‘ਮੁਸ਼ਕਿਲ ਬੜਾ ਹੈ ਜੀਣਾ ਆਪੇ ਤੋਂ ਦੂਰ ਜਾਕੇ
 ਅਪਣੇ ਹੀ ਪੇਟ ਖਾਤਿਰ ਆਪਣਾ ਹੀ ਮਾਸ ਖਾਕੇ।
 ਲਗਦੀ ਬੜੀ ਹੈ ਰੌਣਕ ਤੇਰੇ ਮਹਾਂ ਨਗਰ ‘ਚ
 ਆ ਵੇਖ ਤੂੰ ਵੀਰਾਨਾ ਸਾਡੇ ਘਰਾਂ ‘ਚ ਆਕੇ’।

ਜਸਵੀਰ ਸਿੰਘ ਸਿਹੋਤਾ ਨੇ ਜੂਨ ਦੇ ਮਹੀਨੇ ਨੂੰ ਗੁਰੁ ਅਰਜਨ ਦੇਵ ਦੀ ਸ਼ਹਾਦਤ ਦਾ ਮਹੀਨਾ ਦਸਦਿਆਂ ਲੁਕਾਈ ਨੂੰ ਨਿਡਰਤਾ ਨਾਲ ਸੱਚਾਈ ਖ਼ਾਤਿਰ ਲੜਨ ਦਾ ਸੁਨੇਹਾ ਦਿੱਤਾ। ਉਪਰੰਤ 1947 ਦੀ ਤਸਵੀਰ ਖਿਚਦੀ ਅਪਣੀ ਰਚਨਾ ਰਾਹੀਂ ਉਹਨਾਂ ਸਭ ਨੂੰ ਹਿਲਾ ਕੇ ਰਖ ਦਿੱਤਾ :

‘ਮੇਰਾ ਮੁਲਕ ਜਦੋਂ ਏਹ ਟੋਟੇ-ਟੋਟੇ ਹੋਇਆ ਹੋਣਾ
 ਹਰ ਇਕ ਹਿਰਦੇ ਵਾਲਾ ਧਾਹਾਂ ਮਾਰਕੇ ਰੋਇਆਂ ਹੋਣਾ
 ਰਹਿਣ ਵਾਲਿਆਂ ਗਲੀ-ਮਹੱਲੇ,
 ਕੀਤੇ ਹੋਣੇ  ਇੱਕ ਦੂਜੇ ਤੇ ਹੱਲੇ

ਬੰਦੇ ਵਿੱਚੋਂ ਬੰਦਾ ਮੋਇਆ ਹੋਣਾ, ਮੇਰਾ ਮੁਲਕ ਜਦੋਂ………          

ਕੇ.ਐਨ. ਮਹਿਰੋਤਰਾ ਨੇ ਜੱਸ ਚਾਹਲ ਦਾ ਇਹ ਸ਼ਿਅਰ ਅਤੇ ਕੁਝ ਹੋਰਾਂ ਦੇ ਲਿਖੇ ਹਿੰਦੀ ਦੇ ਸ਼ਿਅਰ ਸਾਂਝੇ ਕੀਤੇ :

‘ਜਰਾ ਧੀਰੇ ਸੇ ਬੋਲੋ ਬਾਤ ਨਾ ਯੇ ਆਮ ਹੋ ਜਾਏ
 ਕਹੀਂ ਬਾਤੋਂ ਹੀ ਬਾਤੋਂ ਮੇਂ ਕੋਈ ਬਦਨਾਮ ਹੋ ਜਾਏ’

ਪ੍ਰਭਦੇਵ ਸਿੰਘ ਗਿੱਲ ਨੇ ਇਹਨਾਂ ਖ਼ੂਬਸੂਰਤ ਸਤਰਾਂ ਨਾਲ ਅਪਣੀ ਹਾਜ਼ਰੀ ਲਗਵਾਈ :

‘ਕਿੱਦਾਂ ਕੋਈ ਆਵੇ ਤੇਰੇ ਮਕਾਨ ਵਿੱਚ
 ਕਾਗਜ਼ ਦੇ ਸਾਰੇ ਫੁੱਲ ਨੇ ਤੇਰੇ ਗੁਲਦਾਨ ਵਿੱਚ’

ਇਹਨਾਂ ਤੋਂ ਇਲਾਵਾ ਬੀਬੀ ਏ. ਕੇ. ਚੇਰਾ ਅਤੇ ਬਹਾਰ ਨੇ ਵੀ ਸਭਾ ਦੀ ਰੌਨਕ ਵਧਾਈ। ਫੋਰਮ ਵਲੋਂ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ।

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭਦਾ ਧੰਨਵਾਦ ਕਰਦੇ ਹੋਏ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ। ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਨ ਨਾਲ ਵੀ ਸਾਂਝ ਪਾਵੇਗੀ।

ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿੱਚਰਵਾਰ 7 ਜੁਲਾਈ 2012 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜਾਂ ਜੱਸ ਚਾਹਲ (ਸਕੱਤਰ) ਨਾਲ 403-667-0128 ਤੇ ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 403-681-8281 ਅਤੇ ਪ੍ਰਬੰਧ ਸਕੱਤਰ ਜਤਿੰਦਰ ਸਿੰਘ ‘ਸਵੈਚ’ ਨਾਲ 403-903-5601 ਤੇ ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 403-988-3961 ਸੰਪਰਕ ਕਰ ਸਕਦੇ ਹੋ।
****

No comments: