ਪਰਛਾਵਾਂ.......... ਕਹਾਣੀ / ਤਰਸੇਮ ਬਸ਼ਰ

ਜਿੰਦਗੀ ਦਾ ਹਿਸਾਬ... 12 ਸਾਲਾਂ ਕਾਲੀ ਨੂੰ ਇਸ ਲੰਬੇ ਚੌੜੇ ਗੋਰਖ ਧੰਦੇ ਦੇ ਬਾਰੇ ਕੋਈ ਇਲਮ ਨਹੀਂ ਸੀ । ਉਸਦੇ ਦੇ ਦਿਲੋ ਦਿਮਾਗ ਵਿੱਚ ਸੀ ਤਾਂ ਸਕੂਲ ਦੀ ਕਲਾਸ ਦਾ ਹਿਸਾਬ । ਇਹ ਹਿਸਾਬ ਨਾ ਤਾਂ ਉਸਨੂੰ ਕਦੇ ਚੰਗਾ ਲੱਗਿਆ ਤੇ ਨਾ ਹੀ ਆਇਆ । ਹਿਸਾਬ ਦਾ ਪੀਰੀਅਡ ਆਉਂਦਿਆਂ ਹੀ ਉਸਨੂੰ ਲੱਗਦਾ ਕਿ ਸਕੂਲ ਜੇਲ੍ਹ ਹੈ । ਕਲਾਸ ਦਾ ਕਮਰਾ ਫਾਂਸੀ ਘਰ ਤੇ ਅੱਖੜ ਮਾਸਟਰ ਜੱਲਾਦ । ਇੰਨੀ ਦਿਨੀਂ ਮਾਸਟਰ ਉਸਨੂੰ ਜਿਆਦਾ ਹੀ ਨਫਰਤ ਕਰਨ ਲੱਗ ਪਿਆ ਸੀ ਤੇ ਕਾਲੀ ਨੂੰ ਮਹਿਸੂਸ ਹੁੰਦਾ ਕਿ ਉਹ ਮਾਸਟਰ ਉਸਦੇ ਪਿਛਲੇ ਜਨਮ ਦਾ ਵੈਰੀ ਹੈ ਤੇ ਹੁਣ ਬਦਲੇ ਲੈ ਰਿਹਾ ਹੈ । ਅੱਜ... ਅੱਜ ਪਤਾ ਹੀ ਨਹੀਂ ਕਦੋਂ ਉਹ ਸਟੇਸ਼ਨ ਤੇ ਪਹੁੰਚ ਕੇ ਗੱਡੀ ਵਿੱਚ ਬੈਠ ਗਿਆ । ਉਸਨੂੰ ਨਾ ਤਾਂ ਆਪਣੀ ਮਾਂ ਦੇ ਫਿਕਰ ਦਾ ਖਿਆਲ ਸੀ ਤੇ ਨਾ ਯਾਰਾਂ ਦੋਸਤਾਂ ਦਾ ਧਿਆਨ । ਉਹ ਤਾਂ ਬੱਸ ਹਿਸਾਬ ਤੇ ਇਸ ਚੱਕਰ ਤੋਂ ਦੂਰ ਜਾਣਾ ਚਾਹੁੰਦਾ ਸੀ...।

ਛੱਜੂ ਰਾਮ ਦੀ ਹਲਵਾਈ ਦੀ ਦੁਕਾਨ ਪੂਰੇ ਸ਼ਹਿਰ ਵਿੱਚ ਹੀ ਨਹੀਂ ਸਗੋਂ ਪੂਰੇ ਇਲਾਕੇ ਵਿੱਚ ਮਸ਼ਹੂਰ ਸੀ । ਸਾਰੇ ਜਾਣਦੇ ਸੀ ਛੱਜੂ ਰਾਮ ਦੀ ਦੁਕਾਨ ਤੇ ਮਿਲਾਵਟ ਨਹੀਂ ਹੁੰਦੀ ਤੇ ਹਰ ਇੱਕ ਚੀਜ਼ ਖਾਣ ਨੂੰ ਮਿਲ ਜਾਂਦੀ ਹੈ । ਛੱਜੂ ਰਾਮ ਜੋ ਆਪ ਇੱਕ ਇਮਾਨਦਾਰ ਬੰਦੇ ਵਜੋਂ ਮਸ਼ਹੂਰ ਸੀ, ਦੁਕਾਨ ਤੇ ਪੰਜ ਸੱਤ ਘੰਟੇ ਜਰੂਰ ਬੈਠਦਾ । ਨਹੀਂ ਤਾਂ ਉਹ ਕਿਸੇ ਧਰਮਸ਼ਾਲਾ ਦੀ ਚੇਅਰਮੈਨੀ ਦੀ ਮੀਟਿੰਗ ਵਿੱਚ ਹੁੰਦਾ ਜਾਂ ਫਿਰ ਯਤੀਮਖਾਨੇ ਦੇ ਸਟਾਫ਼ ਨਾਲ ਮੀਟਿੰਗ ਕਰ ਰਿਹਾ ਹੁੰਦਾ । ਕਈ ਸੰਸਥਾਵਾਂ ਦੇ ਅਹੁਦੇ ਉਸ ਕੋਲ ਸਨ । ਇਲਾਕੇ ਵਿੱਚ ਉਸ ਦੀ ਇਮਾਨਦਾਰੀ ਅਤੇ ਸਮਾਜ ਸੇਵਾ ਹਰ ਇੱਕ ਦੀ ਜੁਬਾਨ ‘ਤੇ ਸੀ । ਨੇਕ ਬੰਦੇ ਦਾ ਜਿ਼ਕਰ ਹੋਵੇ, ਛੱਜੂ ਰਾਮ ਦਾ ਨਾਂ ਪਹਿਲਾਂ ਆਉਂਦਾ । ਦੁਕਾਨ ‘ਤੇ ਹਰ ਸਮੇਂ ਚਹਿਲ ਪਹਿਲ ਰਹਿੰਦੀ ਤੇ ਨੌਕਰ ਵੀ ਖਾਸ ਕਰਕੇ ਵਿਅੰਜਨ ਬਣਾਉਣ ਵਾਲੇ, ਛੱਜੂ ਰਾਮ ਦੇ ਨਾਂ ਹੇਠ ਕੰਮ ਕਰਨ ਦੀ ਜਿੰਮੇਵਾਰੀ ਬਾਖੂਬੀ ਸਮਝਦੇ । ਨੇਤ ਰਾਮ ਮੁੱਖ ਹਲਵਾਈ ਸੀ ਤੇ ਛੱਜੂ ਰਾਮ ਦਾ ਖਾਸ । ਛੱਜੂ ਰਾਮ ਦੁਪਹਿਰੇ 5-6 ਘੰਟੇ ਖੁਦ ਬੈਠਦਾ ਤੇ ਬਾਕੀ ਦੀ ਜਿੰਮੇਵਾਰੀ ਨੇਤਰਾਮ ਦੀ... ।
    
ਇਤਫ਼ਾਕਨ ਕਾਲੀ ਉਸੇ ਸ਼ਹਿਰ ਵਿੱਚ ਉਤਰਿਆ । ਭੁੱਖ ਲੱਗੀ ਸੀ ਤੇ ਸਵੇਰ ਦਾ ਨਾਸ਼ਤਾ ਤਿਆਰ ਕਰ ਰਹੇ  ਨੇਤ ਰਾਮ ਸਾਹਮਣੇ ਜਾ ਖਲੋਇਆ । ਭਾਂਡੇ ਮਾਂਜਣ ਵਾਲਾ ਕੋਈ ਨਹੀਂ ਸੀ ਮਿਲ ਰਿਹਾ । ਨੇਤ ਰਾਮ ਨੂੰ ਉਹ ਮਿਲ ਗਿਆ ਤੇ ਕਾਲੀ ਨੂੰ ਭਰ ਪੇਟ ਨਹੀਂ ਪਰ ਖਾਣਾ ਜਰੂਰ ਮਿਲ ਗਿਆ । ਓਧਰ ਦੁਪਹਿਰੇ ਯਤੀਮਖਾਨੇ ਦੇ ਬੱਚਿਆਂ ਨੂੰ ਪੂੜੀਆਂ ਦਾ ਲੰਗਰ ਖੁਆ ਕੇ ਦੁਕਾਨ ਤੇ ਆਏ ਸੇਠ ਛੱਜੂ ਰਾਮ ਨੇ ਕਾਲੀ ਨੂੰ ਭਾਂਡੇ ਮਾਂਜਦਿਆਂ ਦੇਖਿਆ ਤਾਂ ਕੁਝ ਰਾਹਤ ਮਹਿਸੂਸ ਹੋਈ । ਆਖਿਰ ਮੁੰਡਾ ਮਿਲ ਹੀ ਗਿਆ !! ਉਸ ਨੇ ਕੁਝ ਵੀ ਪੁੱਛਿਆ ਨਹੀਂ, ਦੱਸਿਆ ਨਹੀਂ ਤੇ ਆਪਣੀ ਗੱਦੀ ‘ਤੇ ਬੈਠ ਗਿਆ । ਛੱਜੂ ਰਾਮ ਕੋਲ ਉਸਦਾ ਯਾਰ ਦੋਸਤ ਆ ਗਿਆ ਸੀ । ਭਾਂਡੇ ਮਾਂਜ ਰਹੇ ਕਾਲੀ ਨੇ ਸੁਣਿਆ ਸੇਠ ਉਸਨੂੰ ਕਹਿ ਰਿਹਾ ਸੀ;

“ਕਿਸੇ ਦਾ ਢਿੱਡ ਭਰਨਾ ਮੇਰਾ ਤਾਂ ਇਹੀ ਕੰਮ ਐ ਤੇ ਇੱਥੇ ਦੁਕਾਨ ਤੇ ਵੀ ਅਸੂਲ ਹੈ, ਜੋ ਆਇਆ ਖੁਸ਼ ਹੋ ਕੇ ਜਾਵੇ । ਬੱਸ ਇਸੇ ਤਰ੍ਹਾਂ ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ ਹੋ ਕੇ ਦਿਨ ਕਟੀ  ਹੋ ਜਾਣੀ ਐ” ।

ਗੱਲਾਂ ਕਰਦਾ ਸੇਠ ਕਾਲੀ ਨੂੰ ਭਗਵਾਨ ਜਾਪ ਰਿਹਾ ਸੀ ਤੇ ਮਨ ਵਿੱਚ ਹੌਸਲਾ ਆ ਗਿਆ ਸੀ ਕਿ ਉਹ ਠੀਕ ਜਗ੍ਹਾ ਤੇ  ਹੈ । ਉਸਨੂੰ ਘਰੋਂ ਆਏ ਨੂੰ ਇੱਕ ਦਿਨ ਹੋ ਗਿਆ ਸੀ ਪਰ ਉਸਨੂੰ ਪਿੱਛੇ ਦਾ ਕੋਈ ਖਿਆਲ ਨਹੀਂ ਸੀ ਆਇਆ । ਇੱਕ ਖਿਆਲ ਜਰੂਰ ਮਨ ਤੇ ਭਾਰੀ ਹੋ ਗਿਆ ਸੀ, ਉਹ ਸੀ ਢਿੱਡ ਵਿੱਚ ਨੱਚਦੇ ਚੂਹਿਆਂ ਦਾ । ਜੋ ਸਵੇਰ ਦੀਆਂ ਦੋ ਪੂੜੀਆਂ ਨਾਲ ਸ਼ਾਂਤ ਹੋ ਗਏ ਸਨ ਪਰ ਹੁਣ ਫੇਰ ਉਸਨੂੰ ਬਹੁਤ ਭੁੱਖ ਲੱਗ ਰਹੀ ਸੀ । ਜੀ ਕਰ ਰਿਹਾ ਸੀ ਕਿ ਕੁਝ ਮੰਗ ਕੇ ਖਾ ਲਵੇ । ਭਾਂਡੇ ਮਾਂਜਦੇ ਨੂੰ ਦੁਪਹਿਰ ਹੋ ਗਈ । ਕਿਸੇ ਨੇ ਉਸਨੂੰ ਕੁਝ ਵੀ ਖਾਣ ਲਈ ਨਹੀਂ ਕਿਹਾ । ਨੇਤ ਰਾਮ ਪਰਾਉਂਠੇ ਬਣਾ ਰਿਹਾ ਸੀ ਤੇ ਸ਼ਾਇਦ ਖਾ ਵੀ ਚੁੱਕਿਆ ਸੀ । ਸੇਠ ਕਿਸੇ ਨਾ ਕਿਸੇ ਨਾਲ ਗੱਲਾਂ ਬਾਤਾਂ ਵਿੱਚ ਰੁੱਝਿਆ ਹੋਇਆ ਸੀ । ਭੁੱਖ ਨੇ ਬੱਚੇ ਨੂੰ ਸਿਆਣਾ ਬਣਾ ਦਿੱਤਾ । ਉਹ ਸੇਠ ਕੋਲ ਗਿਆ ਨਮਸਤੇ ਬੁਲਾਈ । ਸੇਠ ਹੁਣ ਇਕੱਲਾ ਸੀ ਤੇ ਹੌਸਲੇ ਨਾਲ ਕਹਿ ਦਿੱਤਾ, “ਅੰਕਲ ਜੀ ਰੋਟੀ ਖਾਣੀ ਐ ।‘‘

ਬਦਕਿਸਮਤੀ ਨਾਲ ਉਦੋਂ ਹੀ ਫ਼ੋਨ ਦੀ ਘੰਟੀ ਖੜਕ ਪਈ ਤੇ ਸੇਠ ਜੀ ਬਿਰਧ ਆਸ਼ਰਮ ਵਿੱਚ ਕੱਲ੍ਹ ਹੋਣ ਵਾਲੇ ਜਲਸੇ ਬਾਰੇ ਗੱਲ ਕਰਨ ਲੱਗੇ “ਚਲੋ ਜੀ ! ਯਤੀਮਖਾਨੇ ਤੇ ਬਿਰਧ ਆਸ਼ਰਮ ਵਾਸਤੇ ਜੋ ਵੀ ਸੇਵਾ ਦਿਓਗੇ, ਮੈਨੂੰ ਮਨਜੂਰ ਹੈ । ਰੁਪਈਏ ਬੰਦਾ ਕਾਹਦੇ ਲਈ ਕਮਾਉਂਦੈ ? ਮੈਂ ਤਾਂ ਸਟੇਸ਼ਨ ਤੋਂ ਫੜ ਫੜ ਕੇ ਭੁੱਖਿਆਂ ਨੂੰ ਰੋਟੀ ਖਵਾਉਣਾ । ਇਹ ਤਾਂ ਫੇਰ ਬਿਰਧਾਂ ਦੀ ਸੇਵਾ ਐ।”
ਹੱਸਦੇ ਹੋਏ ਸੇਠ ਨੇ ਫੋਨ ਰੱਖ ਦਿੱਤਾ ਤੇ ਕਾਲੀ ਨੇ ਦੀਨਤਾ ਭਰੀ ਅਵਾਜ਼ ਬਣਾਉਂਦਿਆਂ ਫਿਰ ਕਿਹਾ, “ਅੰਕਲ ਜੀ ! ਭੁੱਖ ਲੱਗੀ ਐ ।” ਸੇਠ ਛੱਜੂ ਰਾਮ  ਨੇ ਕੁਝ ਕਹਿਣ ਤੋਂ ਪਹਿਲਾਂ ਮਾਂਜੇ ਜਾਣ ਵਾਲੇ ਭਾਂਡਿਆਂ ਦੇ ਢੇਰ  ਵੱਲ ਵੇਖਿਆ ਤੇ ਫੇਰ ਮੇਜ਼ਾਂ ਤੇ ਖਾਲੀ ਹੋ ਰਹੇ ਭਾਂਡਿਆਂ ਵੱਲ ਤੇ ਫਿਰ ਕਿਹਾ, “ਪਹਿਲਾਂ ਭਾਂਡੇ ਮਾਂਜ ਲੈ ਕਾਕਾ ! ਇੱਥੇ ਤਾਂ ਖਾਣ ਨੂੰ ਜੀ ਕਰਦਾ ਈ ਰਹਿਣੈ । ਇਸੇ ਕਰਕੇ ਮੈਂ ਅਸੂਲ ਬਣਾਇਐ । ਕੰਮ ਪਹਿਲਾਂ ਖਾਣਾ ਪੀਣਾ ਬਾਅਦ ‘ਚ... । ਜਦੋਂ ਗਾਹਕ ਘਟ ਜਾਣ ਉਦੋਂ ਖਾ ਲਈਂ ।”

ਕਾਲੀ ਫਿਰ ਭਾਂਡੇ ਮਾਂਜਣ ਬੈਠ ਗਿਆ । ਢਿੱਡ ‘ਕੱਠਾ ਹੋ ਗਿਆ ਪਰ ਸ਼ਾਮ ਤੱਕ ਜੂਠੇ ਭਾਂਡੇ ਆਉਣੇ ਬੰਦ ਨਾ ਹੋਏ । ਦਇਆਵਾਨ ਲੱਗਣ ਵਾਲਾ ਸੇਠ ਹੁਣ ਉਸਨੂੰ ਰਾਖਸ਼ ਲੱਗਣ ਲੱਗ ਪਿਆ ਸੀ । ਉਹ ਸੇਠ ਤੋਂ ਡਰ ਗਿਆ ਸੀ ਤੇ ਇਸੇ ਡਰ ਕਰਕੇ ਉਸਨੇ ਜੂਠੇ ਭਾਂਡਿਆਂ ਵਿੱਚ ਬਚੇ ਅੱਧੇ ਪਚੱਧੇ ਪਰਾਉਂਠੇ ਨਾ ਖਾਧੇ, ਭਾਵੇਂ ਕਿ ਉਹਦਾ ਜੀ ਬਹੁਤ ਕੀਤਾ ਸੀ । ਦਿਨ ਛਿਪ ਗਿਆ । ਕਾਲੀ ਭੁੱਖ ਨਾਲ ਨਿਢਾਲ ਹੋ ਚੁੱਕਿਆ ਸੀ, ਪਰ ਭਾਂਡੇ ਆ ਰਹੇ ਸਨ । 12 ਸਾਲਾਂ ਕਾਲੀ ਦੋ ਦਿਨਾਂ ਵਿੱਚ ਹੀ ਸਿਆਣਾ ਹੋ ਗਿਆ ਸੀ, ਉਸਨੂੰ ਪਤਾ ਲੱਗ ਗਿਆ ਸੀ ਕਿ ਛੱਜੂ ਰਾਮ ਦੀ ਦੁਕਾਨ ਨੇ ਉਸਦਾ ਬੇੜਾ ਨਹੀਂ ਸੀ ਪਾਰ ਲਗਾਉਣਾ  । ਉਸਨੂੰ ਯਤੀਮਖਾਨੇ ਦਾ ਧਿਆਨ ਆਇਆ । ਉਸਨੇ ਭਾਂਡਿਆਂ ਵਿੱਚੋਂ ਬਚਿਆ ਖੁਚਿਆ ਕੁਝ ਖਾਧਾ ਤੇ ਉਠ ਕੇ ਤੁਰ ਪਿਆ  । ਥੋੜੀ ਦੂਰ ਜਾ ਕੇ ਇੱਕ ਸਿਗਰਟਾਂ ਵੇਚਣ ਵਾਲੇ ਨੂੰ ਯਤੀਮਖਾਨੇ ਬਾਰੇ ਪੁਛਿਆ । ਸਿਗਰਟਾਂ ਵੇਚਣ ਵਾਲਾ ਆਪਣੇ ਹੀ ਧਿਆਨ ਵਿਚ ਸੀ । ਉਸਨੇ ਕਾਲੀ ਵੱਲ ਤੱਕਿਆ ਵੀ ਨਾ ਤੇ ਬੋਲਿਆ, “ਯਤੀਮਖਾਨਾ ! ਓਹੀ ਸੇਠ ਛੱਜੂ ਰਾਮ ਵਾਲਾ ?”  ਕਾਲੀ ਸੇਠ ਦਾ ਨਾਂ ਸੁਣ ਕੇ ਹੀ ਠਿਠੰਬਰ ਗਿਆ । ਹੁਣ ਊਸਨੂੰ ਘਰ ਦੀ ਯਾਦ ਆਈ । ਮਾਂ ਅਤੇ ਭਰਾਵਾਂ ਦਾ ਫਿਕਰ ਹੋ ਆਇਆ ਸੀ ।

ਉਹ ਸਟੇਸ਼ਨ ਵੱਲ ਚੱਲ ਪਿਆ ਤੇ  ਹੱਥ ਅੱਡ ਲਿਆ ਤਾਂ ਕਿ ਵਾਪਸ ਜਾਣ ਦਾ ਕਿਰਾਇਆ ਬਣ ਜਾਵੇ । ਜਿੱਥੇ ਕਾਲੀ ਹੱਥ ਅੱਡ ਕੇ ਖੜ੍ਹਾ ਸੀ ਉਸਦੇ ਪਿੱਛੇ ਸੇਠ ਛੱਜੂ ਰਾਮ ਦੀ ਇੱਕ ਬਹੁਤ ਵੱਡੀ ਫੋਟੋ ਲੱਗੀ ਸੀ।  ਉਸਦੇ ਅੱਡੇ ਹੱਥ ਦਾ ਪਰਛਾਵਾਂ ਸੇਠ ਛੱਜੂ ਰਾਮ ਦੀ ਵੱਡੀ ਫੋਟੋ ਦੇ ਉਹਨਾਂ ਅੱਖਰਾਂ ਦੇ ਪੈ ਰਿਹਾ ਸੀ ਜਿੱਥੇ ਲਿਖਿਆ ਸੀ ਦਇਆਵਾਨ, ਦਾਨਵੀਰ ਤੇ ਇਨਸਾਨੀਅਤ ਦੇ ਦੇਵਤਾ  ਸੇਠ ਛੱਜੂ ਰਾਮ ਜੀ । ਜਿੰਨਾਂ ‘ਤੇ ਸਾਰੇ ਸ਼ਹਿਰ ਨੂੰ ਮਾਣ ਹੈ ।   

****                     

No comments: