ਸਮੇਂ ਦਾ ਗੇੜ……… ਲੇਖ / ਬਲਜੀਤ ਬੱਲੀ

ਮੇਰੇ ਲਈ ਵੀ ਤਿਆਰ ਸੀ, ਏ ਕੇ 47 ਦੀਆਂ ਬੁਛਾੜ
 
ਜਯੋਤੀ ਡੇਅ ਦੀ ਥਾਂ ਮੈਂ ਵੀ ਹੋ ਸਕਦਾ ਸੀ

ਦਹਿਸ਼ਤਵਾਦ ਦੇ ਦਿਨਾਂ ਇੱਕ ਕੌੜੀ ਯਾਦ, ਜਦੋਂ ਮੈਨੂੰ ਇਕ ਰੂਪੋਸ਼ ਖਾਲਿਸਤਾਨੀ ਨੇ ਮੇਰੀ ਜਾਨ ਬਚਾਈ

ਕੁਝ ਦਿਨ ਪਹਿਲਾਂ ਪੰਜਾਬ ਸਕੱਤਰੇਤ ਵਿਚ ਸੀਨੀਅਰ ਪੀ ਸੀ ਅਫ਼ਸਰ ਅਰੁਣ ਸੇਖੜੀ ਕੋਲ ਬੈਠਾ  ਸਾਂ। ਗੱਲ ਚਲਦੀ-ਚਲਦੀ ਉਸਦੇ ਪਰਿਵਾਰਕ ਪਿਛੋਕੜ ਤਕ ਚਲੀ ਗਈ। ਇਕ ਦੁਖਾਂਤ ਭਾਰੀ ਯਾਦ ਤਾਜ਼ਾ ਹੋ ਗਈ। ਅਰੁਣ ਦੇ ਚੀਫ ਇੰਜੀਨੀਅਰ ਪਿਤਾ ਨੂੰ ਖਾਲਿਸਤਾਨੀ ਦਹਿਸ਼ਤਪਸੰਦਾਂ  ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਹ ਪੁਆੜੇ ਦੀ ਜੜ੍ਹ ਬਣੀ ਐਸ ਵਾਈ ਐਲ ਦੇ ਚੀਫ ਇੰਜੀਨੀਅਰ ਸਨ।ਉਨ੍ਹਾਂ ਦਿਨਾਂ ਵਿਚ ਇਸੇ ਨਹਿਰ  ਤੇ ਕੰਮ ਕਰਦੇ ਵਰਕਰ ਵੀ ਬਹੁਤ ਬੇਦਰਦੀ ਨਾਲ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ। ਪੰਜਾਬ ਦੇ ਉਨ੍ਹਾਂ ਸੰਤਾਪ ਦੇ ਦਿਨਾਂ ਦੀ ਰੀਲ੍ਹ ਜਿਹੀ ਘੁੰਮ ਗਈ। 1988 ਵਿਚ ਪੰਜਾਬ ਵਿਚ ਆਏ ਵੱਡੇ  ਹੜ੍ਹਾਂ ਤੋਂ ਬਾਅਦ ਚੰਡੀਗੜ੍ਹ ਵਿਚ ਭਾਖੜਾ-ਬਿਆਸ ਮੈਨੇਜਮੈਂਟ ਬੋਰਡ  ਦੇ ਉਸ ਵੇਲੇ ਦੇ ਚੇਅਰਮੈਨ ਜਰਨਲ ਕੁਮਾਰ ਦੀ ਗੋਲੀਆਂ ਦੀ ਬੁਛਾੜ ਨਾਲ ਵਿੰਨ੍ਹੀਂ ਲਾਸ਼ ਵੀ ਯਾਦ ਆ ਗਈ ਤੇ ਜਨਰਲ ਕੁਮਾਰ  ਦੇ ਕਤਲ ਨਾਲ ਜੁੜੀ ਇੱਕ ਨਿੱਜੀ ਘਟਨਾ ਅੱਖਾਂ ਸਾਹਮਣੇ ਘੁੰਮ ਗਈ।

ਇਹ ਵਾਕਿਆ 1989 ਦਾ ਹੈ। ਮੈਂ ਚੰਡੀਗੜ੍ਹ ਦੇ ਸੈਕਟਰ 22 ਵਿਚਲੇ ਅਜੀਤ ਦੇ ਦਫ਼ਤਰ ਵਿਚ ਕੰਮ ਕਰ ਰਿਹਾ ਸੀ।ਪੰਜਾਬ ਪੁਲਿਸ ਦੇ ਸੂਹੀਆ ਮਹਿਕਮੇ ਦੇ ਇੱਕ ਸੀਨੀਅਰ ਅਫ਼ਸਰ ਦਾ ਸੁਨੇਹਾ ਆਇਆ ਕਿ ਦਫ਼ਤਰ ਆ ਕੇ ਮਿਲੋ, ਜ਼ਰੂਰੀ ਗੱਲ ਕਰਨੀ ਹੈ। ਜਦੋਂ  ਉਸ ਨੂੰ ਮਿਲੇ ਤਾਂ ਉਸ ਨੇ ਕਿਹਾ ਕਿ ਤੁਸੀਂ ਪੁਲਿਸ ਸੁਰੱਖਿਆ ਲੈ ਲਵੋ, ਤੁਹਾਡੀ ਜਾਨ ਨੂੰ ਖ਼ਤਰਾ ਹੈ । ਉਸ ਨੇ ਦੱਸਿਆ  ਕਿ  ਭਿੰਡਰਾਂ ਵਾਲਾ ਟਾਈਗਰ ਫੋਰਸ ਛੰਦੜਾ ਗਰੁੱਪ ਦਾ ਇੱਕ ਖਾੜਕੂ ਸਾਡੇ ਹੱਥ ਆਇਐ, ਉੁਸ ਨੇ ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਕੀਤਾ  ਹੈ ਕਿ ਉਨ੍ਹਾਂ ਦੇ ਗਰੁੱਪ  ਨੇ ਬੱਲੀ ਅਤੇ ਅਜੀਤ ਦੇ ਇਕ ਹੋਰ ਪੱਤਰਕਾਰ ਨੂੰ ‘‘ਸੋਧਣ’’ ਦਾ ਫ਼ੈਸਲਾ ਕੀਤਾ ਸੀ। ਓਸ ਖਾੜਕੂ ਇਹ ਵੀ ਦੱਸਿਆ ਸੀ ਕਿ ਸਾਡੇ ਦਫ਼ਤਰ  ਅਤੇ ਘਰਾਂ ਦੀ ਰੈਕੀ ਵੀ ਕਰ ਚੁੱਕੇ ਸਨ। ਸੋਧਣ ਲਈ ਉਸਦੀ ਡਿਊਟੀ ਵੀ ਲੱਗੀ ਹੋਈ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪੰਜਾਬ ਵਿਚ ਕਿਸੇ ਥਾਂ ਪੁਲਿਸ ਦੇ ਕਾਬੂ ਆ  ਗਿਆ ਸੀ।ਉੁਸ ਵੇਲੇ ਖਾਲਿਸਤਾਨੀ ਜਥੇਬੰਦੀਆਂ ਦੀ ਭਾਸ਼ਾ ਵਿਚ “ਸੋਧਣ” ਦਾ ਅਰਥ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦੇਣ ਤੋਂ ਹੁੰਦਾ ਸੀ।

ਜਦੋਂ ਇਹ ਪੁੱਛਿਆ ਗਿਆ ਕਿ ਉਹ ਸਾਨੂੰ ਕਿਓਂ ਮਾਰਨਾ ਚਾਹੁੰਦੇ ਸਨ ਤਾਂ ਉਸ ਅਫ਼ਸਰ ਨੇ ਦੱਸਿਆ ਕਿ ਉਕਤ ਖਾੜਕੂ ਨੇ ਇਹ ਕਾਰਨ ਦੱਸਿਆ ਹੈ ਕਿ ਅਸੀਂ ਅਜੀਤ ਵਿਚ ਉਨ੍ਹਾਂ ਦੀਆਂ ਖ਼ਬਰਾਂ ਘੱਟ ਅਤੇ ਸੋਹਨ ਦੀ ਅਗਵਾਈ ਵਾਲੀ “ਪੰਥਕ ਕਮੇਟੀ” ਦੀਆਂ ਖ਼ਬਰਾਂ ਘੱਟ ਲਾਉਂਦੇ ਸੀ। ਸੋਹਣ ਸਿੰਘ ਵਾਲੀ ਪੰਥਕ ਕਮੇਟੀ  ਓਸ ਵੇਲੇ  ਦੀਆਂ 5 ਮੋਹਰੀ ਖਾਲਿਸਤਾਨੀ ਜਥੇਬੰਦੀਆਂ  ਦਾ ਇੱਕ ਸਾਂਝਾ ਫਰੰਟ ਸੀ।ਇਸ ਵਿਚ ਬੱਬਰ ਖ਼ਾਲਸਾ, ਖ਼ਾਲਿਸਤਾਨ ਕਮਾਂਡੋ ਫੋਰਸ (ਕੇ ਸੀ ਐਫ਼) ਅਤੇ ਖ਼ਾਲਿਸਤਾਨ ਲਿਬਰੇਸ਼ਨ  ਫੋਰਸ (ਕੇ ਐਲ ਐਫ਼)   ਤੋਂ ਇਲਾਵਾ  ਭਾਈ ਦਲਜੀਤ ਸਿੰਘ ਬਿੱਟੂ ਵਾਲੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੀ ਸ਼ਾਮਲ ਸੀ। ਦਰਅਸਲ ਉਸ ਵੇਲੇ ਖਾਲਿਸਤਾਨੀ ਦਹਿਸ਼ਤਪਸੰਦੀ ਪੂਰੇ ਜ਼ੋਰਾਂ ‘ਤੇ ਸੀ ਅਤੇ ਲੁੱਟਮਾਰ ਦਾ ਮਾਹੌਲ ਹਾਵੀ ਸੀ ਪਰ ਉਹ ਸਿਰੇ ਦੀ  ਆਪਸੀ ਧੜੇਬੰਦੀ  ਦਾ ਇਸ ਹੱਦ ਤੱਕ ਸ਼ਿਕਾਰ ਸਨ ਕਿ ਅਰਾਜਕਤਾ ਵਾਲੀ ਹਾਲਤ ਸੀ। ਏ. ਕੇ. 47 ਵਾਲਾ ਹਰੇਕ ਹੀ ਏਰੀਆ ਕਮਾਂਡਰ ਬਣ ਬਹਿੰਦਾ ਸੀ ਅਤੇ ਫ਼ਰਮਾਨ ਜਾਰੀ ਕਰਨੇ ਸ਼ੁਰੂ ਕਰ ਦਿੰਦਾ ਸੀ । ਸਿੱਟੇ ਵਜੋਂ ਬੇਕਸੂਰ ਤੇ ਮਾਸੂਮ ਲੋਕਾਂ ਦੇ ਬੇਰਹਮੀ ਨਾਲ ਕੀਤੇ ਜਾਂਦੇ ਕਤਲ ਅਤੇ ਲੁੱਟਮਾਰ ਪ੍ਰਧਾਨ ਸੀ ।ਉਧਰ ਪੁਲਿਸ  ਦੀਆਂ ਲਗਾਮਾਂ ਵੀ ਖੁੱਲ੍ਹੀਆਂ ਸਨ ਤੇ ਝੂਠੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸ਼ਰੇਆਮ ਸੀ।

ਸੋਹਣ ਸਿੰਘ ਵਾਲੀ ਪੰਥਕ ਕਮੇਟੀ  ਵਿਚ ਜਿਥੇ ਉੁਸ ਵੇਲੇ ਦੇ ਚੋਟੀ ਦੇ ਕੱਟੜ ਅਤੇ ਹਿੰਸਾ-ਪਸੰਦ ਖਾੜਕੂ ਸ਼ਾਮਲ ਸਨ ਉਥੇ ਇਸ ਮੁਕਾਬਲਤਨ ਪੜ੍ਹੇ ਲਿਖੇ ਖਾਲਿਸਤਾਨੀ ਵਿਚਾਰਧਾਰਕ ਸਨ। ਇਸਦੇ ਬਾਹਰੀ ਸਮਰਥਕਾਂ ਵਿਚ ਕੁਝ ਸਿੱਖ ਚਿੰਤਕ ਅਤੇ  ਪੱਤਰਕਾਰ ਵੀ ਮੌਜੂਦ ਸਨ । ਇਸ ਲਈ ਇਸ ਦੇ ਬਿਆਨ ਅਤੇ ਪ੍ਰੈ¤ਸ ਨੋਟਾਂ ਦੀ  ਸਿਰਫ਼ ਹੱਥ-ਲਿਖਤ ਹੀ ਖ਼ੂਬਸੂਰਤ ਨਹੀਂ ਸੀ, ਸਗੋਂ ਸ਼ਬਦਾਵਲੀ ਵੀ ਬਹੁਤ ਗੁੰਦਵੀਂ ਹੁੰਦੀ ਸੀ। ਮੀਡੀਆ  ਨੂੰ ਵਰਤਣ  ਦੀ ਉਨ੍ਹਾਂ ਦੀ ਵਿਉਂਤਬੰਦੀ ਵੀ ਬਾਕੀਆਂ ਨਾਲੋਂ ਵਧੇਰੇ ਕਾਰਗਰ ਹੁੰਦੀ ਸੀ। ਸੁਭਾਵਕ ਹੀ ਇਸ ਕਮੇਟੀ ਅਤੇ ਇਸ ਨਾਲ ਜੁੜੇ ਖਾੜਕੂਆਂ ਦੀਆਂ ਖਬਰਾਂ ਨੂੰ ਪ੍ਰੈ¤ਸ ਵਿੱਚ ਵਧੇਰੇ ਥਾਂ ਮਿਲ ਜਾਂਦੀ ਸੀ। ਜ਼ਿਕਰ ਕਰਨਾ ਜ਼ਰੂਰੀ ਹੈ ਫਾਂਸੀ ਦੀ ਸਜ਼ਾ ਪ੍ਰਾਪਤ ਖਾੜਕੂ ਸੁੱਖੇ ਅਤੇ ਜਿੰਦੇ ਵੱਲੋਂ ਫਾਂਸੀ ਚੜ੍ਹਨ ਤੋਂ ਪਹਿਲਾਂ ਮੀਡੀਏ ਰਾਹੀਂ ਸਿੱਖ ਕੌਮ ਦੇ ਨਾਂ ਜੋ ਲੰਮਾ  ਦਸਤਾਵੇਜ਼ੀ ਸੰਦੇਸ਼ ਦਿੱਤਾ ਗਿਆ ਸੀ, ਉਹ ਵੀ ਇਸੇ ਹੀ ਧੜੇ ਵੱਲੋਂ ਵੰਡਿਆ ਅਤੇ ਬਹੁਤੇ ਅਖਬਾਰਾਂ ਵਿਚ ਜ਼ੋਰ-ਜ਼ਬਰਦਸਤੀ ਨਾਲ ਛਪਵਾਇਆ ਵੀ  ਗਿਆ ਸੀ।

ਖ਼ੈਰ, ਅਸੀਂ ਉਸ ਪੁਲਿਸ ਅਫ਼ਸਰ ਦਾ ਧੰਨਵਾਦ ਕੀਤਾ ਪਰ ਨਾਲ ਹੀ  ਕਿਹਾ  ਕਿ ਅਸੀਂ ਸੁਰੱਖਿਆ ਲੈ ਕੇ ਕੀ ਕਰਾਂਗੇ। ਅਸੀਂ ਸਾਰਾ ਦਿਨ ਕਵਰੇਜ਼ ਲਈ ਇੱਧਰ ਉ¤ਧਰ ਜਾਣਾ ਹੁੰਦੈ ਅਤੇ ਉਹ ਵੀ ਸਕੂਟਰ ‘ਤੇ। ਅਸੀਂ ਕਿੱਥੇ-ਕਿੱਥੇ ਪੁਲਿਸ ਵਾਲਿਆਂ ਨੂੰ ਸਕੂਟਰ ਤੇ ਬਿਠਾਈ ਫਿਰਾਂਗੇ। ਅਸੀਂ ਸੁਰੱਖਿਆ ਲੈਣ ਤੋਂ ਜਵਾਬ ਦੇ ਦਿੱਤਾ ।ਉਂਝ ਉਨ੍ਹਾਂ ਸਿਵਲ ਕੱਪੜਿਆਂ ਵਿੱਚ ਸਾਡੇ ਦਫ਼ਤਰ ਅੱਗੇ ਕੁਝ ਕਰਮਚਾਰੀ ਜ਼ਰੂਰ ਬਿਠਾ ਦਿੱਤੇ ਸਨ।
ਦੂਜੀ  ਵਾਰ ਮੈਨੂੰ ਜਾਨੋਂ ਮਾਰ ਦੇਣ ਦੀ ਸਕੀਮ ਸੋਹਣ ਸਿੰਘ ਪੰਥਕ ਕਮੇਟੀ ਵਿਚ ਸ਼ਾਮਲ ਖਾੜਕੂਆਂ ਨੇ ਹੀ ਬਣਾਈ ਪਰ ਉਸੇ ਗਰੁੱਪ ਦੇ ਇੱਕ ਰੂਪੋਸ਼ ਖਾੜਕੂ ਨੇ ਮੈਨੂੰ ਬਚਾਉਣ ਵਿਚ ਮਦਦ ਕੀਤੀ। ਇਸ ਪੰਥਕ  ਕਮੇਟੀ ਜਾਂ ਇਸ ਨਾਲ ਜੁੜੇ ਖਾੜਕੂਆਂ ਦਾ ਜ਼ੋਰ ਇਸ ਗੱਲ ਤੇ ਸੀ  ਕਿ ਜੋ ਕੁਝ ਉਹ ਆਪਣੇ ਬਿਆਨ ਵਿਚ ਲਿਖ ਕੇ ਦਿੰਦੇ ਨੇ ਇਸ ਨੂੰ ਇੰਨ-ਬਿੰਨ ਛਾਪਿਆ ਜਾਵੇ। ਪਰ ਅਜਿਹਾ ਕਰਨਾ ਸੰਭਵ ਨਹੀਂ ਸੀ ਹੁੰਦਾ। ਇਹ ਬਿਆਨ ਲੰਬੇ ਵੀ ਹੁੰਦੇ ਸੀ । ਇਨ੍ਹਾਂ ਵਿਚ  ਵੱਖ ਵੱਖ ਲੋਕਾਂ ਨੂੰ ਜਾਨੋਂ ਮਾਰ ਦੇਣ ਦੀਆਂ ਸਿੱਧੀਆਂ ਧਮਕੀਆਂ ਹੁੰਦੀਆਂ ਸਨ। ਇਸਦੇ ਨਾਲ ਹੀ ਲੋਕਾਂ ਲਈ ਜਾਰੀ ਕੀਤੇ ਰੋਜ਼ ਨਵੇਂ ਫੁਰਮਾਨ ਹੁੰਦੇ ਸਨ।ਬੰਦੂਕ ਦੀ ਨੋਕ ਤੇ ਲਾਗੂ ਕਰਾਇਆ ਜਾਂਦਾ ਸੀ। ਇਹ ਉਹੀ ਦਿਨ ਸਨ ਜਦੋਂ ਪੰਥਕ ਕਮੇਟੀ ਵੱਲੋਂ ਹੀ ਪੰਜਾਬ ਅਤੇ ਚੰਡੀਗੜ੍ਹ ਦੇ ਪੱਤਰਕਾਰਾਂ ਲਈ ਵੀ ਇੱਕ ਕੋਡ ਜਾਰੀ ਕੀਤਾ ਸੀ। ਨਵੰਬਰ,1990 ਵਿਚ ਜਾਰੀ ਕੀਤੇ 6 ਸਫ਼ਿਆਂ ਦੇ ਇਸ ਫ਼ਰਮਾਨ ਦੀ ਨਕਲ ਅੱਜ ਵੀ ਮੇਰੇ ਰਿਕਾਰਡ ਵਿਚ ਸਾਂਭੀ ਹੋਈ ਹੈ। ਇਸ ਕੋਡ ਨੂੰ ਨਾ ਮੰਨਣ ਵਾਲਿਆਂ ਨੂੰ ਸਿੱਟੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਸੀ।ਸੁੱਖੇ-ਜਿੰਦੇ ਵਾਲੀ ਚਿੱਠੀ ਬਾਰੇ ਵੀ ਇਹੋ ਕੁਝ ਵਾਪਰਿਆ ਸੀ।ਇਹ ਚੰਡੀਗੜ੍ਹ ਵਿਚ ਹੀ ਮੇਰੇ ਸਮੇਤ ਕਾਫੀ ਪੱਤਰਕਾਰਾਂ ਨੂੰ ਵੰਡੀ ਗਈ ਸੀ।ਅਜੀਤ ਵਿਚ ਇਹ ਸੰਖੇਪ ਕਰਕੇ ਪ੍ਰਕਾਸ਼ਤ ਕੀਤੀ ਗਈ ਸੀ ਜਦੋਂ ਕਿ ਕੁਝ ਅਖਬਾਰਾਂ ਵਿਚ  ਉਨ੍ਹਾਂ ਨੇ  ਧਮਕੀਆਂ ਦੇਕੇ ਇਹ ਹੂ-ਬ-ਹੂ, ਅੱਖਰ-ਅੱਖਰ ਛਪਵਾ ਲਈ ਸੀ।ਉਂਝ ਵੀ  ਥੋਕ  ਵਿਚ ਵੱਖ-ਵੱਖ ਗਰੁੱਪਾਂ ਦੇ ਰੋਜ਼ਾਨਾ ਇੰਨੇ ਪ੍ਰੈ¤ਸ ਨੋਟ ਆਉਂਦੇ ਸਨ ਕਿ ਕਿਸੇ ਵੀ ਅਖ਼ਬਾਰ ਲਈ ਇਨ੍ਹਾਂ ਨੂੰ ਛਾਪਣਾ ਸੰਭਵ ਨਹੀਂ ਸੀ।ਉਧਰੋਂ ਸਰਕਾਰ  ਅਤੇ ਪੁਲਿਸ  ਦਾ ਦਬਾਅ ਹੁੰਦਾ ਸੀ  ਕਿ ਖਾੜਕੂਆਂ ਦੇ ਬਿਆਨ ਅਤੇ ਧਮਕੀਆਂ ਨਾ ਛਪੀਆਂ ਜਾਣ। ਅਜੀਤ ਅਤੇ ਇਸ ਦੇ ਪੱਤਰਕਾਰ ਇਸ ਪਖੋਂ ਬਹੁਤ ਕਸੂਤੀ ਹਾਲਤ ਚੱਕੀ ਦੇ ਦੋ ਪੁੜਾਂ ਵਿਚਾਲੇ ਫਸਿਆਂ ਵਾਲੀ ਸੀ ।ਦੋਵੇਂ ਪਾਸੇ  ਤੋਂ ਹੀ ਜਾਨੀ ਨੁਕਸਾਨ ਦਾ ਖ਼ਤਰਾ  ਸੀ।।

ਇੱਕ ਦਿਨ ਜਦੋਂ ਮੈਂ ਦਫ਼ਤਰੋਂ ਘਰ ਪੁੱਜਾ ਤਾਂ ਮੇਰੇ ਘਰ ਕੰਮ ਕਰਦੇ ਨੇਪਾਲੀ ਵਰਕਰ ਨੇ ਇੱਕ ਕਾਗ਼ਜ਼ ਮੈਨੂੰ ਫੜਾਇਆ ਤੇ ਦੱਸਿਆ ਕਿ ਇਹ ਕੋਈ  ਦੇ ਗਿਆ ਸੀ। ਮੈਂ ਫੜ ਕੇ ਪੜ੍ਹਿਆ ਤਾਂ ਉਹ ਮੈਨੂੰ ਜਾਨੋਂ ਮਾਰਨ ਲਈ ਧਮਕੀ ਭਰਿਆ ਪੱਤਰ ਸੀ। ਇਕੋ ਸਫੇ ‘ਤੇ ਬਹੁਤ ਖੁਸ਼ਕਤ ਲਿਖਾਈ ਵਿਚ ਇਹ ਲਿਖਿਆ “ਅਸੀ ਤੇਰੇ ਖਿਲਾਫ ਕਾਰਵਾਈ ਕਰਨ ਦਾ ਫ਼ੈਸਲਾ ਕਰ ਲਿਆ ਹੈ ਅਤੇ ਤੇਰਾ  ਹਸ਼ਰ ਵੀ ਜਰਨਲ ਬੀ. ਐਨ. ਕੁਮਾਰ ਵਰਗਾ ਹੋਵੇਗਾ।” ਕਾਰਣ ਇਹ ਦੱਸਿਆ ਕਿ ਇਹ ਮੈਂ ਉਨ੍ਹਾਂ  ਦੀਆਂ ਖ਼ਬਰਾਂ ਅਤੇ ਪ੍ਰੈ¤ਸ ਨੋਟ ਠੀਕ ਤਰ੍ਹਾਂ ਨਹੀਂ ਛਾਪਦਾ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਸੰਘਰਸ਼  ਵਿਚ ਅੜਿੱਕਾ ਬਣ ਰਿਹਾ ਸੀ । ਬੀ ਐਨ ਕੁਮਾਰ ਭਾਖੜਾ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਸਨ, ਜਿਨ੍ਹਾਂ ਨੂੰ ਚੰਡੀਗੜ੍ਹ ਵਿਚ ਦਹਿਸ਼ਤਪਸੰਦਾ ਨੇ ਮਾਰ ਦਿੱਤਾ ਸੀ। ਉਸਤੇ ਇਹ ਦੋਸ਼ ਸੀ ਕਿ 1988 ਵਿਚ ਭਾਖੜਾ ਡੈਮ ਦੇ ਗੇਟ ਖੋਲ੍ਹ ਕੇ ਪੰਜਾਬ ਵਿਚ ਹੋਈ ਹੜ੍ਹਾਂ ਦੀ ਤਬਾਹੀ ਲਈ ਉਹ ਜ਼ਿੰਮੇਵਾਰ ਸਨ। ਉਨ੍ਹਾਂ ਦਾ ਭਾਵ ਇਹ ਸੀ ਇਹ ਧਮਕੀ ਫੋਕੀ ਨਹੀਂ ਸੀ।

ਮੈਨੂੰ ਮਿਲੀ ਧਮਕੀ ਭਰੀ ਚਿੱਠੀ ਸੋਹਣ ਸਿੰਘ ਪੰਥਕ ਕਮੇਟੀ ਨਾਲ ਜੁੜੇ ਇੱਕ ਗਰੁੱਪ ਵੱਲੋਂ ਹੀ ਸੀ।ਇਸ ਪੰਥਕ ਕਮੇਟੀ ਦਾ ਇੱਕ ਕਰਿੰਦਾ ਗੁਰਜੀਤ  ਸਿੰਘ ਕਮੇਟੀ ਦੇ ਪ੍ਰੈ¤ਸ ਨੋਟ ਦੇਣ ਆਉਂਦਾ ਹੁੰਦਾ ਸੀ।ਉਹ ਦਲਜੀਤ ਸਿੰਘ ਬਿੱਟੂ ਦੀ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ। ਉਸ ਦਾ ਵਤੀਰਾ ਕਾਫ਼ੀ ਸਲੀਕੇ ਭਰਪੂਰ ਸੀ। ਅਗਲੇ ਦਿਨ ਉਹ ਕੋਈ  ਬਿਆਨ ਲੈ ਕੇ ਆਇਆ ਤਾਂ ਮੈਂ ਉਸਨੂੰ ਉਹ ਚਿੱਠੀ ਦਿਖਾਈ।ਉਸਨੇ ਕਿਹਾ  ਮੈਂ ਪਤਾ ਕਰਾਂਗਾ ਕਿ ਇਹ ਅਸਲੀ ਹੈ ਕਿ ਨਕਲੀ ? ਤੀਜੇ ਕੁ ਦਿਨ  ਉਹ ਆਇਆ ਅਤੇ ਕਹਿਣ ਲੱਗਾ  ਕਿ ਉਹ ਚਿੱਠੀ ਤਾਂ ਬਿਲਕੁਲ ਅਸਲੀ ਹੈ। ਉਹ ਤੁਹਾਡੇ ‘ਤੇ ਬਹੁਤ ਗ਼ੁੱਸੇ ਨੇ । ਉਸਨੇ ਇਹ ਵੀ ਦੱਸਿਆ  ਕਿ “ਮੈਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਆਪਣੀ ਜ਼ਿੱਦ ਤੇ ਅੜੇ ਹੋਏ ਨੇ। ਤੁਹਾਡੀ ਜਾਨ ਨੂੰ ਪੂਰਾ  ਖ਼ਤਰਾ  ਹੈ।” ਉਸਨੇ ਇਸ ‘ਤੇ ਅਫ਼ਸੋਸ ਵੀ ਜ਼ਾਹਰ ਕੀਤਾ ਅਤੇ  ਸਲਾਹ ਦਿੱਤੀ ਕਿ ਇਸ ਦਾ ਇਕੋ ਹੱਲ ਇਹ ਸੀ ਇਕ ਥੋੜ੍ਹੇ ਦਿਨਾਂ ਲਈ ਇੱਧਰ-ਉ¤ਧਰ ਹੋ ਜਾਓ। ਅਜੇ ਤਾਜ਼ਾ-ਤਾਜ਼ਾ ਮਸਲਾ ਐ, ਥੋੜ੍ਹੇ ਦਿਨਾਂ ਤੱਕ ਠੰਢਾ ਹੋ ਜਾਵੇਗਾ।

ਘਰ-ਪਰਿਵਾਰ ਵਿਚ ਚਿੰਤਾ ਹੋਣੀ ਸੁਭਾਵਕ ਸੀ।ਇਸ ਤੋਂ ਪਹਿਲਾਂ ਵੀ ਖਾਲਿਸਤਾਨੀ ਸਾਡੇ ਪਰਿਵਾਰ ਕੁਝ ਬਹੁਤ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਜਾਨੀ ਨੁਕਸਾਨ ਪੁਚਾ ਚੁੱਕੇ ਸਨ। 1988 ਵਿਚ ਖਾਲਿਸਤਾਨੀ ਦਹਿਸ਼ਤਪਸੰਦ ਹੀ ਮੇਰੀ ਸਕੀ ਸਾਲੀ ਅਤੇ ਸਾਂਢੂ ਨੂੰ ਵੀ ਸ਼ਾਹਬਾਦ (ਹਰਿਆਣੇ) ਵਿੱਚ  ਗੋਲੀਆਂ ਨਾਲ ਮਾਰ ਚੁੱਕੇ ਸਨ। ਉਹ ਸੀ ਪੀ ਆਈ ਆਗੂ ਅਤੇ ਸਾਬਕਾ ਐਮ ਐਲ ਏ ਡਾ. ਹਰਨਾਮ ਸਿੰਘ ਦੇ ਨੂੰਹ-ਪੱਤਰ ਸਨ।ਪਰਿਵਾਰ ਅੰਦਰ ਸਹਿਮ ਪੈਦਾ ਹੋਣਾ ਕੁਦਰਤੀ ਸੀ।

ਮੈਂ ਆਪਣੇ ਅਖ਼ਬਾਰ  ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ  ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਕਿਹਾ ਕਿ ਸੋਚ ਲਓ ਕੀ ਕਰਨਾ ਹੈ । ਉਨ੍ਹਾਂ ਲਈ ਇਹ ਰੋਜ਼ਾਨਾ ਦੀ ਸਿਰਦਰਦੀ ਸੀ । ਅਕਸਰ ਹੀ ਖ਼ੁਦ ਬਰਜਿੰਦਰ ਸਿੰਘ ਨੂੰ ਵੀ ਤੇ ਪੱਤਰਕਾਰਾਂ ਨੂੰ  ਕਿਸੇ ਨਾ ਕਿਸੇ ਰੂਪ ਵਿਚ ਧਮਕੀਆਂ ਮਿਲਦੀਆਂ ਹੀ ਰਹਿੰਦੀਆਂ ਸਨ।

ਇਹ ਸੋਚ ਵਿਚਾਰ  ਚੱਲ ਹੀ ਰਹੀ ਸੀ ਕਿ ਸਬੱਬ ਨਾਲ ਹੀ ਮੇਰੀ ਬੀਵੀ ਦੇ ਚਚੇਰੇ ਭਰਾ ਦੇ ਵਿਆਹ ਦਾ ਸੱਦਾ ਆ ਗਿਆ।।ਇਹ ਪਰਿਵਾਰ ਆਂਧਰਾ ਪ੍ਰਦੇਸ਼ ਦੇ ਗੰਟੂਰ ਸ਼ਹਿਰ  ਵਿਚ ਵਸਿਆ ਹੋਇਆ ਸੀ। ਵਿਆਹ ਵੀ ਉਥੇ ਹੀ ਸੀ।ਘਰੋਂ ਜਾਣ ਦਾ ਬਹਾਨਾ ਵੀ  ਢੁਕਵਾਂ ਸੀ । ਮੈਂ ਅਜੀਤ ਦਫ਼ਤਰੋਂ ਛੁੱਟੀ ਲਈ, ਘਰ ਨੂੰ ਲਾਇਆ ਤਾਲਾ ਤੇ ਆਪਣੀ ਬੀਵੀ ਅਤੇ ਧੀ ਨੂੰ ਲੈ ਕੇ ਗੰਟੂਰ ਚਲਾ ਗਿਆ।

ਅਸੀਂ  ਦੋ ਹਫ਼ਤੇ ਤੋਂ ਵੱਧ ਸਮਾਂ ਗੰਟੂਰ  ਅਤੇ ਕੁਝ ਦਿਨ  ਹੈਦਰਾਬਾਦ ਵੀ ਰਹੇ। ਫ਼ਰਵਰੀ ਮਹੀਨੇ ਵਿਚ ਵੀ ਉਥੇ ਬੇਹੱਦ ਗਰਮੀ ਸੀ। ਫ਼ੋਨ ਕਰਕੇ ਇਥੋਂ ਦੀ ਖਬਰਸਾਰ ਵੀ ਲੈਂਦੇ ਰਹੇ।ਉਦੋਂ ਮੋਬਾਈਲ  ਨਹੀਂ ਸੀ ਹੁੰਦੇ।ਲੈਂਡ ਲਾਈਨ ਤੇ ਗੱਲ ਕਰੀਦੀ ਸੀ ਸੀ।ਪਤਾ ਲੱਗਾ ਕਿ ਪਿਛੋਂ ਉੁਸ ਗਰੁੱਪ ਦੇ ਕੁਝ ਮੋਹਰੀ ਪੁਲਿਸ ਹੱਥੋਂ ਮਾਰੇ ਗਏ ਤੇ ਕੁਝ ਕਾਬੂ ਵੀ ਗਏ ਸਨ।ਆਖ਼ਰ ਅਸੀਂ ਵਾਪਸ ਪਰਤ ਆਏ। ਕੁਝ ਦੇਰ ਬਾਅਦ ਉਹ ਖਾੜਕੂ ਗੁਰਜੀਤ  ਸਿੰਘ ਵੀ ਪੁਲਿਸ ਹੱਥੋਂ ਮਾਰਿਆ ਗਿਆ ਜਿਸ ਨੇ ਮੇਰੀ ਜਾਨ ਬਚਾਉਣ ਵਿਚ ਮੱਦਦ ਕੀਤੀ ਸੀ।

ਪਿਛਲੇ  ਵਰ੍ਹੇ ਜਦੋਂ 11 ਜੂਨ 2011  ਨੂੰ ਮੁੰਬਈ ਦੇ  ਚਰਚਿਤ ਅਖ਼ਬਾਰ ਮਿਡ-ਡੇਅ ਦੇ ਖ਼ੋਜੀ ਸੰਪਾਦਕ ਜਯੋਤੀ  ਡੇਅ ਦਾ ਸ਼ਰੇਆਮ ਕਤਲ ਕੀਤਾ ਗਿਆ ਸੀ  ਤਾਂ ਉਦੋਂ ਮੈਨੂੰ ਪੰਜਾਬ ਵਿਚਲਾ  ਉਹ ਸਮਾਂ ਯਾਦ ਆਇਆ ਸੀ। ਸੋਚ ਰਿਹਾ ਸੀ ਕਿ ਸਬੱਬ ਅਤੇ ਚੰਗੀ ਕਿਸਮਤ ਨਾਲ ਬਚ ਗਏ ਨਹੀਂ ਮੈਂ ਵੀ ਡੇਅ ਵਾਲੀ ਥਾਂ ਹੋ ਸਕਦਾ ਸੀ।ਮੇਰੇ ਵਰਗੇ ਪੰਜਾਬ ਦੇ ਕੁਝ ਪੱਤਰਕਾਰ ਉੁਸ ਸੰਤਾਪ ਭਰੇ ਦੌਰ ਦੀ ਭੇਂਟ ਚੜ੍ਹ ਗਏ ਸਨ।ਮੇਰੇ ਵਰਗੇ ਅਜਿਹੇ ਖ਼ੁਸ਼ਨਸੀਬ ਵੀ ਸਨ ਜੋ ਏ ਕੇ ਸੰਤਾਲ੍ਹੀਆਂ ਦਾ ਨਿਸ਼ਾਨਾ  ਬਣਦੇ-ਬਣਦੇ ਮਸੀਂ ਹੀ ਬਚੇ।

****

No comments: