ਅਮਰੀਕਾ ਦੀ ਫੇਰੀ ( ਭਾਗ 4 ).......... ਸਫ਼ਰਨਾਮਾ/ ਯੁੱਧਵੀਰ ਸਿੰਘ

ਰਾਤ ਨੂੰ ਘਰੇ ਪਹੁੰਚੇ ਤੇ ਕੰਪਿਊਟਰ ਤੇ ਨਾਸਾ ਦੀ ਵੈਬਸਾਈਟ ਖੋਲੀ  ਤਾਂ ਕਿ ਜੇਕਰ ਕੋਈ ਰਾਕਟ ਉਡਾਨ ਹੋ ਰਹੀ ਹੋਵੇ, ਦਸ ਜਾਂ ਪੰਦਰਾਂ ਦਿਨਾਂ  ਵਿਚ ਤਾਂ ਉਸ ਨੂੰ ਦੇਖਿਆ ਜਾ ਸਕੇ । ਪਰ ਵੈਬਸਾਈਟ ਵਿਚ ਚਾਰ ਪੰਜ ਮਹੀਨਿਆਂ ਦੇ ਬਾਦ ਦਾ  ਉਡਾਨ ਟਾਇਮ ਦਿਖਾ ਰਹੀ ਸੀ । ਮੈਂ ਸੋਚਿਆ ਚਲੋ ਵੈਸੇ ਹੀ ਬਾਹਰੋ ਦੇਖ ਆਵਾਂਗੇ ਦੋ ਚਾਰ ਦਿਨਾਂ ਬਾਦ । ਅਸੀਂ ਟੀ। ਵੀ। ਦੇਖਣ ਵਿਚ ਮਸਤ ਹੋ ਗਏ, ਰਾਤ ਦੇ ਇਕ ਵਜੇ ਮੈਂ ਨਾਸਾ ਦੇ ਐਪ ਨਾਲ ਫਿਰ ਪੰਗੇ ਲੈਣੇ ਸ਼ੁਰੂ ਕਰ ਦਿੱਤੇ ਤਾਂ ਵੇਖਿਆ ਕਿ ਇਕ ਟਾਇਮ ਕਲਾਕ ਚਲ ਰਿਹਾ ਹੈ । ਜਿਸ ਦੇ ਵਿਚ ਤਕਰੀਬਨ 16 ਘੰਟੇ ਦਾ ਸਮਾਂ ਬਾਕੀ ਦਿਖਾਇਆ ਜਾ ਰਿਹਾ ਸੀ । ਥੋੜਾ ਹੋਰ ਘੋਖਿਆ ਤਾਂ ਪਤਾ ਚੱਲਿਆ ਕਿ ਇਕ ਉਡਾਨ ਕੱਲ ਹੀ ਜਾ ਰਹੀ ਹੈ ਨਾਸਾ ਫਲੋਰਿਡਾ ਤੋਂ, ਮੈਂ ਪਰਾਂਜਲ ਨੂੰ ਜਾ ਕੇ ਕਿਹਾ ਕਿ ਕੱਲ ਨਾਸਾ ਤੋਂ ਇਕ ਉਡਾਨ  ਜਾ ਰਹੀ ਹੈ । ਉਸਨੇ ਕਿਹਾ ਕਿ ਸ਼ਾਮ ਤੱਕ ਤਾਂ ਸਾਰੀ ਵੈਬਸਾਈਟ ਖਿਲਾਰ ਦਿੱਤੀ ਸੀ ਤਾਂ ਦਿਖਾਈ ਨਹੀਂ ਦਿੱਤੀ ਹੁਣ ਕਿਥੋਂ ਆ ਗਈ ਇਕ ਦਮ ਉਡਾਨ ? ਤੈਨੂੰ ਭੁਲੇਖਾ ਲੱਗ ਰਿਹਾ ਹੈ । ਮੈਂ ਉਸ ਨੂੰ ਫੋਨ ਦਿਖਾਇਆ ਤਾਂ ਉਸ ਨੇ ਕੰਪਿਊਟਰ ਤੇ ਜਾ ਕੇ ਵੈਬਸਾਈਟ ਚੈੱਕ ਕੀਤੀ। ਵਾਕਿਆ ਹੀ ਗੱਲ ਸਹੀ ਸੀ । ਰਾਤ ਨੂੰ ਅਸੀਂ ਫੈਸਲਾ ਕਰ ਲਿਆ ਕਿ ਸਵੇਰੇ ਨਾਸਾ ਤੇ ਗਾਹ ਪਾਉਣਾ ਚੱਲ ਕੇ ਤੇ ਰਾਕੇਟ ਦੇ ਉਡਾਨ ਦਰਸ਼ਨ ਨੇੜੇ ਤੋਂ ਕਰਣੇ ਹਨ । ਰਾਤ ਨੂੰ ਦੇਰ ਨਾਲ ਸੌਣਾ ਤੇ ਸਵੇਰੇ ਲੇਟ ਉੱਠਣਾ ਆਦਤ ਹੀ ਬਣੀ ਹੋਈ ਸੀ । ਅੱਗੋਂ ਪਰਾਂਜਲ ਦਾ ਵੀ ਉੱਠਣ ਤੇ ਸੌਣ ਦਾ ਇਹੀ ਹਿਸਾਬ ਸੀ । ਸਵੇਰੇ 3 ਕੁ ਵਜੇ ਜਾ ਕੇ ਸੁੱਤੇ ਤਾਂ 12 ਵਜੇ ਅੱਖਾਂ ਖੁੱਲੀਆਂ । ਇਕ ਵਾਰ ਫਿਰ ਵੈਬਸਾਈਟ ਚੈੱਕ ਕੀਤੀ ਤਾਂ ਕਿ ਪੱਕਾ ਹੋ ਜਾਏ । ਰਾਕਟ ਉਡਾਨ ਵਿਚ 5 ਘੰਟੇ ਬਾਕੀ ਸਨ ।

ਅਰਾਮ ਨਾਲ ਨਾਸ਼ਤਾ ਕਰ ਕੇ ਅਸੀਂ ਮੇਰਿਟ ਆਈਲੈਂਡ ਵੱਲ ਨੂੰ ਚਾਲੇ ਪਾ ਦਿੱਤੇ, ਜਿੱਥੇ ਟਿਟਸਵਿਲੇ ਸ਼ਹਿਰ  ਵਿਚ  ਕੈਨੇਡੀ ਸਪੇਸ ਸੈਂਟਰ ਬਣਿਆ ਹੋਇਆ ਹੈ । ਇਹ ਹਿੱਸਾ ਬਾਕੀ ਫਲੋਰਿਡਾ ਰਾਜ ਨਾਲੋਂ ਕੁਦਰਤੀ ਤੌਰ ‘ਤੇ ਕੱਟਿਆ ਹੋਇਆ ਹੈ । ਇਕ ਫਲੋਰਿਡਾ 528 ਟੋਲ ਹਾਈਵੇਅ ਹੈ, ਜੋ ਕਿ ਸਿੱਧਾ ਇਸ ਜਗ੍ਹਾ ਤੱਕ ਆਉਂਦਾ  ਹੈ । ਉਰਲੈਂਡੌ ਸ਼ਹਿਰ ਤੋਂ ਨਾਸਾ ਸੈਂਟਰ ਨੂੰ ਕਰੀਬ 40 ਮਿੰਟ ਦਾ ਰਸਤਾ ਹੈ, ਖੁੱਲੀਆਂ ਸੜਕਾਂ ਬਣੀਆਂ ਹੋਈਆਂ ਹਨ । 70 ਮੀਲ ਘੰਟਾ ਤੇ ਕਾਰਾਂ ਚਲਦੀਆਂ ਹਨ । ਮੌਸਮ ਕਾਫੀ ਠੀਕ ਸੀ । ਜੇ ਕਰ ਮੌਸਮ ਵਿਚ ਕੋਈ ਤਬਦੀਲੀ ਆ ਜਾਂਦੀ ਤਾਂ ਉਡਾਨ ਕੈਂਸਲ ਹੋਣ ਦੀ ਜਾਂ ਲੇਟ ਹੋਣ ਦੀ ਸੰਭਾਵਨਾ ਪੂਰੀ ਹੁੰਦੀ ਹੈ । ਜਿਹੜਾ ਅੱਜ ਰਾਕਟ ਛੱਡਿਆ ਜਾਣਾ ਸੀ, ਇਸ ਦਾ ਨਾਮ ਐਟਲਸ ਸੀ ਤੇ ਇਸ ਨੇ ਲੋਕਹੀਡ ਮਾਰਟਿਨ ਕੰਪਨੀ ਦੇ ਬਣਾਏ ਹੋਏ ਯੂ. ਐਸ. ਨੇਵੀ. ਦੇ ਪਹਿਲੇ ਮੋਬਾਇਲ ਯੂਜਰ ਉਬਜੈਕਟਿਵ ਸਿਸਟਮ ਸੈਟੇਲਾਇਟ ਨੂੰ ਪੁਲਾੜ ਵਿਚ ਛੱਡਣਾ ਸੀ । ਇਸ ਯੂ.ਐਸ. ਫੌਜ ਨਾਲ ਸਬੰਧਿਤ ਸੈਟੇਲਾਇਟ ਸੀ ਅਤੇ ਇਸ ਨੇ ਯੂ.ਐਸ. ਫੌਜ ਦੇ ਗਰਾਊਂਡ ਕਮਿਊਨੀਕੇਸ਼ਨਜ਼ ਨੂੰ ਹੋਰ ਮਜ਼ਬੂਤ ਕਰਨ ਸੀ । ਇਸ ਗੱਲ ਤੋਂ ਅਸੀਂ ਅੰਦਾਜਾ ਲਗਾਇਆ ਕਿ ਯੂ. ਐਸ. ਫੌਜ ਨਾਲ ਸਬੰਧਤ ਹੋਣ ਕਾਰਣ ਹੀ ਇਸ ਬਾਰੇ ਜਿ਼ਆਦਾ ਪਹਿਲਾਂ ਨਹੀਂ ਦੱਸਿਆ ਗਿਆ ਤੇ ਸਿਰਫ ਕੁਝ ਘੰਟੇ ਪਹਿਲਾਂ ਹੀ ਇਸ ਦੀ ਜਾਣਕਾਰੀ ਦਿੱਤੀ ਗਈ ਤਾਂ ਕਿ ਲਾਂਚ ਤੋਂ ਪਹਿਲਾਂ ਕੋਈ ਮੁਸੀਬਤ ਨਾ ਆ ਜਾਏ । ਨਹੀਂ ਤਾਂ 2013 ਤੱਕ ਦੇ ਉਡਾਨ ਪਰੋਗਰਾਮ ਨਾਸਾ ਦੀ ਵੈਬਸਾਈਟ ਦੇ ਵਿਚ ਦਿੱਤੇ ਹੋਏ ਸਨ । ਇੰਝ ਤੀਰ ਤੁੱਕੇ ਲਗਾਉਂਦੇ ਅਸੀ ਨਾਸਾ ਸੈਂਟਰ ਵਿਚ ਜਾ ਪਹੁੰਚੇ । ਉਡਾਨ ਦਾ ਪਰੋਗਰਾਮ ਹੋਣ ਕਾਰਣ ਕਾਫੀ ਸਖ਼ਤੀ ਸੀ ਤੇ ਜਿ਼ਆਦਾ ਅੱਗੇ ਨਾ ਜਾ ਕੇ, ਨਾਸਾ ਦੇ ਵਿਜ਼ਿਟਰ ਸੈਂਟਰ ਜਾ ਸਕਦੇ ਸੀ । ਉਥੋਂ ਬੱਸਾਂ ਚੱਲ ਰਹੀਆਂ ਸਨ, ਜਿੰਨਾਂ ਨੇ ਕਿ ਸਾਨੂੰ ਰਾਕਟ ਦਰਸ਼ਨ ਬੇਹੱਦ ਨਜ਼ਦੀਕ ਤੋਂ ਕਰਵਾ ਦੇਣੇ ਸੀ । ਇਹਨਾਂ ਬੱਸਾਂ ਨੇ ਯਾਤਰੀਆਂ ਨੂੰ ਉਡਾਨ ਕੇਂਦਰ ਤੋਂ ਥੋੜੀ ਦੂਰ ਬਣੇ ਇਕ ਹਾਲ ਦੇ ਵਿਚ ਸਭ ਯਾਤਰੀਆਂ ਨੂੰ ਛੱਡਣਾ ਸੀ ਜਿੱਥੇ ਕਿ ਯਾਤਰੀ ਫੋਟੋ ਖਿੱਚ ਸਕਦੇ ਹਨ ਜਾਂ ਮੂਵੀ ਬਣਾ ਸਕਦੇ ਹਨ । ਟਿਕਟ ਇਕ ਬੰਦੇ ਦੀ 45 ਡਾਲਰ ਸੀ । ਐਨੇ ਘੱਟ ਸਮੇਂ ਦੇ ਵਿਚ ਪਤਾ ਲੱਗਣ ਦੇ ਬਾਵਜੂਦ ਵੀ ਬਹੁਤ ਲੋਕ ਆਏ ਹੋਏ ਸਨ । ਗੱਡੀ ਪਾਰਕ ਕਰਦੇ ਥੋੜਾ ਸਮਾਂ ਜਿਆਦਾ ਲੱਗ ਗਿਆ । ਐਨੇ ਵਿਚ ਹੀ ਆਖਰੀ ਬੱਸ ਵੀ ਨਿਕਲ ਗਈ ।

ਟਿਕਟ ਸੈਂਟਰ ਤੇ ਗੱਲ ਕੀਤੀ ਤਾਂ ਬੀਬੀ ਨੇ ਕਿਹਾ ਕਿ ਨੇੜੇ ਤੋਂ ਰਾਕਟ ਦੇਖਣ ਵਾਲੇ ਕੰਮ ਵਿਚ ਉਹ ਜਿ਼ਆਦਾ ਮਦਦ ਨਹੀਂ ਕਰ ਸਕਦੀ ਪਰ ਜੇਕਰ ਵਿਜ਼ਿਟਰ ਸੈਂਟਰ ਦੇਖਣਾ ਹੈ ਤਾਂ ਉਸ ਵਿਚ ਉਹ ਇਕ ਟਿਕਟ ਪਿੱਛੇ ਦਸ ਡਾਲਰ ਘੱਟ ਕਰ ਸਕਦੀ ਹੈ ਪਰ ਸੈਂਟਰ ਵੀ 5.30 ਵਜੇ ਬੰਦ ਹੋ ਜਾਣਾ ਹੈ । ਇਸ ਸੈਂਟਰ ਦੇ ਵਿਚ ਪੁਰਾਣੇ ਰਾਕਟ, ਸਪੇਸ ਸ਼ਿਪ ਮੌਜੂਦ ਹਨ । ਤੁਸੀਂ ਹਰ ਇਕ ਉਡਾਣ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ । ਤੁਸੀਂ ਪੁਲਾੜ ਵਿਗਿਆਨੀ ਦੇ ਨਾਲ ਬੈਠ ਕੇ ਖਾਣਾ ਵੀ ਖਾ ਸਕਦੇ ਹੋ, ਉਸ ਨਾਲ ਫੋਟੋ ਖਿਚਵਾ ਸਕਦੇ ਹੋ ਜਾਂ ਉਸ ਤੋਂ ਪੁਲਾੜ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ । ਇਸ ਸਭ ਲਈ ਅਲੱਗ ਤੋਂ ਟਿਕਟ ਲੈਣਾ ਪੈਂਦਾ ਹੈ । ਜੇਕਰ  ਉਡਾਨ ਨਾ ਹੋ ਰਹੀ ਹੋਵੇ ਤਾਂ ਤੁਸੀਂ ਰਾਕਟ ਲਾਂਚ ਵਾਲੀ ਜਗ੍ਹਾ ਤੇ ਵੀ ਜਾ ਸਕਦੇ ਹੋ ਤੇ ਹੋਰ ਬਹੁਤ ਵਡਮੁੱਲੀ  ਜਾਣਕਾਰੀ ਪੁਲਾੜ ਬਾਰੇ ਲੈ ਸਕਦੇ ਹੋ । ਤਕਰੀਬਨ ਇਕ ਘੰਟੇ ਦੇ ਵਿਚ ਐਨਾ ਸਭ ਕੁਝ ਨਹੀਂ ਦੇਖਿਆ ਜਾ ਸਕਦਾ ਸੀ । ਅਸੀਂ ਫੈਸਲਾ ਕੀਤਾ ਕਿ ਅੱਜ ਰਾਕਟ ਦਰਸ਼ਨ ਵਾਲਾ ਕੰਮ ਕਰ ਲਈਏ  । ਜਿਹੜਾ ਸਮਾਨ ਅੰਦਰ ਪਿਆ ਹੈ, ਉਹਨੇ ਕਿਹੜਾ ਕਿਤੇ ਜਾਣਾ ਹੈ ਸੋ ਦੁਬਾਰਾ ਨਾਸਾ ਦਾ ਗੇੜਾ ਮਾਰ ਲਵਾਂਗੇ । ਅਸੀ ਵਾਪਸ ਕਾਰ ਕੋਲ ਜਾ ਪਹੁੰਚੇ ਤਾਂ ਦੇਖਿਆ ਕਿ ਜਿਹੜੇ ਕਾਫੀ ਬੰਦੇ ਉਡਾਨ ਸੈਂਟਰ ਦੇ ਕੋਲ ਨਹੀਂ ਜਾ ਸਕੇ, ਉਹਨਾਂ ਨੇ ਪਾਰਕਿੰਗ ਦੇ ਵਿਚ ਹੀ ਕੈਮਰਿਆਂ ਨੂੰ ਤੋਪਾਂ ਵਾਂਗ ਬੀੜ ਦਿੱਤਾ । ਸਕਿਉਰਟੀ ਵਾਲੇ ਨੇ ਦਿਸ਼ਾ ਦੱਸ ਦਿੱਤੀ ਸੀ ਕਿ ਇਸ ਸਾਇਡ ਤੋਂ ਰਾਕਟ ਸਹੀ ਦੇਖਿਆ ਜਾ ਸਕਦਾ ਹੈ । ਸਕਿਉਰਟੀ ਵਾਲੇ ਵੀ ਮੁਸਤੈਦੀ ਨਾਲ  ਪਹਿਰਾ ਦੇ ਰਹੇ ਸੀ । ਅਸਮਾਨ ਦੇ ਵਿਚ ਦੇਖਿਆ ਤਾਂ ਧੂੰਆ ਛੱਡਣ ਵਾਲੇ ਜਹਾਜ਼ ਆਪਣੇ ਕਰਤਬ ਦਿਖਾ ਰਹੇ ਸੀ । ਇਹਨਾਂ ਦਾ ਨਾਸਾ ਨਾਲ ਕੋਈ ਸਬੰਧ ਨਹੀਂ ਸੀ । ਇਹ ਵਿਦਿਆਰਥੀ ਸਨ ਤੇ ਪਾਇਲਟ ਬਣਨ ਦੇ ਲਈ ਆਪਣੇ ਹੱਥ ਜਹਾਜ ਤੇ ਅਜ਼ਮਾ ਰਹੇ ਸੀ । ਪਰਾਂਜਲ ਨੇ ਹਥਿਆਰ ( ਕੈਮਰੇ ) ਸਾਂਭ ਲਏ ਤੇ ਮੈਂ ਮੋਬਾਇਲ ਤੇ ਲਾਂਚ ਟਾਇਮ ਚੈੱਕ ਕਰ ਰਿਹਾ ਸੀ । ਇਹ ਸਭ ਕੁਝ ਆਨਲਾਇਨ ਚੱਲ ਰਿਹਾ ਸੀ । ਉਡਾਨ ਦਾ ਸਮਾਂ ਸ਼ਾਮ 5.15 ਤੋਂ 5.45 ਦਾ ਸੀ । ਸਾਨੂੰ ਲੱਗ ਰਿਹਾ ਸੀ ਸ਼ਾਇਦ 5.30 ਤੱਕ ਹੀ ਲਾਂਚ ਹੋਵੇਗਾ । ਪਰ 5.15 ਹੁੰਦੇ ਹੀ ਕਾਊਂਟਡਾਊਨ ਸ਼ੁਰੂ ਹੋ ਗਿਆ ਤੇ ਜਿਵੇਂ ਹੀ ਫੋਨ ਤੇ ਟਾਇਮ ਜ਼ੀਰੋ ਹੋਇਆ, ਉਸ ਦੇ 3-4 ਸਕਿੰਟਾਂ ਬਾਦ ਅਸਮਾਨ ਵੱਲ ਨੂੰ ਵੱਧਦੀ ਇਕ ਮਿਜ਼ਾਇਲ ਦੇਖੀ । ਲੋਕ ਧੜਾਧੜ ਫੋਟੋ  ਖਿੱਚ ਰਹੇ ਸੀ । ਰਾਕਟ ਬਹੁਤ ਸਪੀਡ ਨਾਲ ਉਤਾਂਹ ਨੂੰ ਜਾ ਰਿਹਾ ਸੀ । ਰਾਕਟ ਸਿਰਫ 15-20 ਸਕਿੰਟ ਹੀ ਦਿਖਾਈ ਦਿੱਤਾ, ਬਾਦ ਵਿਚ ਧੂੰਏ ਦੀ ਲੰਮੀ ਪੂਛ ਦਿਖਾਈ ਦੇ ਰਹੀ ਸੀ । ਲੋਕ ਤਾੜੀਆਂ ਮਾਰ ਰਹੇ ਸੀ । ਕੁਝ ਮਿੰਟ ਬਾਦ ਹੀ ਸਪੀਕਰ ‘ਤੇ ਅਨਾਊਂਸਮੈਂਟ ਹੋ ਗਈ ਕਿ ਉਡਾਨ ਸਫਲਤਾਪੂਰਵਕ  ਹੋ ਗਈ ਹੈ । ਇੰਝ ਬਿਨਾਂ ਜਾਣਕਾਰੀ ਦੇ ਵੀ ਅਸੀਂ ਉਡਾਨ ਦੇ ਦਰਸ਼ਨ ਕਰ ਲਏ । ਇਸ ਸਮੇਂ ਵਾਪਿਸ ਉਰਲੈਂਡੌ  ਜਾ ਕੇ ਕੁਝ ਹੋਰ ਨਹੀਂ ਦੇਖਿਆ ਜਾ ਸਕਦਾ ਸੀ । ਸੋ ਪਰਾਂਜਲ ਨੇ ਫੈਸਲਾ ਕੀਤਾ ਕਿ ਇਸ ਆਈਲੈਂਡ ਦੇ ਵਿਚ ਬਣੇ ਕੋਕੋਆ ਬੀਚ ਦੇਖਦੇ ਹਾਂ ।

ਕੋਕੋਆ ਬੀਚ ਕਾਫੀ ਚਹਿਲ ਪਹਿਲ ਵਾਲਾ ਕਸਬਾ ਹੈ । ਇੱਥੇ ਯਾਤਰੀ ਕਾਫੀ ਆਉਂਦੇ ਹਨ ਛੁੱਟੀਆਂ ਮਨਾਉਣ ਦੇ ਲਈ, ਨਾਸਾ ਸੈਂਟਰ ਤੋਂ ਕੋਕੋਆ ਬੀਚ ਦਾ ਤਕਰੀਬਨ 20 ਮਿੰਟ ਦਾ ਰਸਤਾ ਹੈ । ਇਹ ਛੋਟਾ ਆਈਲੈਂਡ ਹੈ, ਕਈ ਵਾਰ ਇਹੋ ਜਿਹਾ ਦ੍ਰਿਸ਼ ਆਉਂਦਾ ਹੈ ਕਿ ਤੁਸੀਂ ਸੜਕ ਤੇ ਕਾਰ ਚਲਾ ਰਹੇ ਹੋ ਤੇ ਸਮੁੰਦਰ ਤੁਹਾਡੇ ਦੋਹਾਂ ਪਾਸਿਆਂ ਤੇ ਹੁੰਦਾ ਹੈ । ਅਸੀਂ ਬੀਚ ਦੇ ਕੋਲ ਬਣੀ ਪਾਰਕਿੰਗ ਦੇ ਵਿਚ ਕਾਰ ਪਾਰਕ ਕਰ ਦਿੱਤੀ । ਬੀਚ ਦੇ ਨਾਲ ਹੀ ਕਾਫੀ ਬੀਅਰ ਬਾਰ ਬਣੇ ਹੋਏ ਸਨ । ਗਰਮੀ ਦੇ ਕਾਰਣ ਲੋਕਾਂ ਵੱਲੋਂ ਬੀਅਰਾਂ ਦੇ ਜਾਮ ਟਕਰਾਏ ਜਾ ਰਹੇ ਸੀ । ਅਮਰੀਕਾ ਦੇ ਵਿਚ ਬੱਡ ਲਾਈਟ ਬੀਅਰ ਕਾਫੀ ਮਸ਼ਹੂਰ ਹੈ । ਅਮਰੀਕਾ ਦੇ ਵਿਚ ਪਰੀਮਿਕਸ ਡਰਿੰਕਸ ਨਹੀਂ ਮਿਲਦੇ ਜਿਵੇਂ ਕਿ ਆਸਟਰੇਲੀਆ ਦੇ ਵਿਚ ਮਿਲਦੇ ਹਨ । ਉੱਥੇ ਕਿਸੇ ਨੂੰ ਪਰੀਮਿਕਸ ਡਰਿੰਕਸ ਦਾ ਪਤਾ ਵੀ ਨਹੀਂ । ਬੀਅਰ ਲੈ ਕੇ ਪਰਾਂਜਲ ਤੇ ਮੈਂ ਬੀਚ ਦੇ ਕੰਡੇ ਤੇ ਜਾ ਪਹੁੰਚੇ ਜਿਸ ਤੋਂ  ਤਕਰੀਬਨ ਦੋ  ਘੰਟੇ ਦੇ ਰਸਤੇ ਤੇ ਬਰਮੁੱਡਾ ਟਾਪੂ ਹੈ । ਜੋ ਕਿ ਵਿਸ਼ਵ ਪ੍ਰਸਿੱਧ ਬਰਮੁੱਡਾ ਟਰੈਂਗਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ  ।  ਬਰਮੁੱਡਾ ਟਰੈਂਗਲ ਅਮਰੀਕਾ ਦੇ ਅਟਲਾਂਟਿਕ ਉਸ਼ੇਨ ਦੇ ਸਾਊਥਈਸਟਰਨ ਕੋਸਟ ਦੇ ਵਿਚ ਹੈ ਤੇ ਇਹ ਤਿਕੋਣ (ਟਰੈਂਗਲ) ਪਾਣੀ ਦੇ ਵਿਚ ਤਕਰੀਬਨ 500,000 ਸਕੇਅਰ ਮੀਲ ਏਰੀਆ ਕਵਰ ਕਰਦੀ ਹੈ । ਇਹ ਸਮੁੰਦਰ ਵਿਚ ਇਕ ਤਿਕੋਣ ਦੀ ਸ਼ਕਲ ਵਾਂਗ ਹੈ  ਜਿਸ ਦਾ ਕਿ ਇਕ ਸਿਰਾ ਮਿਆਮੀ ਨਾਲ ਹੈ, ਦੂਜਾ ਸਿਰਾ ਬਰਮੁੱਡਾ ਟਾਪੂ ਤੇ ਤੀਜਾ ਸਿਰਾ ਪੁਇਰਟੋ ਰੀਕੇ ਨਾਲ ਹੈ । ਬਰਮੁੱਡਾ ਟਰੈਂਗਲ ਬਾਰੇ ਬਹੁਤ ਕਹਾਣੀਆਂ ਬਣੀਆਂ ਹੋਈਆਂ ਹਨ । ਕਹਿੰਦੇ ਹਨ ਕਿ ਇਸ ਤਿਕੋਣ ਦੇ ਵਿਚਲਾ ਪਾਣੀ ਬਹੁਤ ਖਤਰਨਾਕ ਹੈ, ਜਿਸ ਵਿਚ ਰੋਜ਼ ਤੂਫਾਨ ਆਉਂਦੇ ਹਨ ਤੇ ਇਸ ਟਰੈਂਗਲ ਦੇ ਵਿਚ ਬੱਦਲਾਂ ਵਿਚ ਵੀ ਘਮਸਾਨ ਛਿੜਿਆ ਰਹਿੰਦਾ ਹੈ । ਤੇ ਜੇਕਰ ਕੋਈ ਸਮੁੰਦਰੀ ਜਹਾਜ ਜਾਂ ਹਵਾਈ ਜਹਾਜ ਇਸ ਟਰੈਂਗਲ ਦੇ ਵਿਚ ਆ ਜਾਵੇ ਜਾਂ ਫਸ  ਗਿਆ ਤਾਂ ਸਮਝੋ ਜਹਾਜ ਦੇ ਹਿੱਸੇ ਵੀ ਮੁਸ਼ਕਿਲ ਨਾਲ ਲੱਭਦੇ ਹਨ । ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਜਗ੍ਹਾ ਵਿਚ ਸਰਕਾਰ ਨੇ ਕੁਝ ਸਾਇੰਸ ਦੇ  ਤਜਰਬੇ ਕੀਤੇ ਹੋਏ ਸਨ  ਤੇ ਆਮ ਲੋਕ ਕਿਤੇ ਉਸ ਜਗਾ ਚਲੇ ਨਾ ਜਾਣ ਇਸ ਲਈ ਝੂਠੀਆਂ ਕਹਾਣੀਆਂ ਬਣਾਈਆਂ ਹੋਈਆਂ ਹਨ । ਇਸ ਨੂੰ ਕਾਫੀ ਲੋਕ ਡੇਵਿਲ ਟਰੈਂਗਲ ਵੀ ਕਹਿੰਦੇ ਹਨ । ਪਰ ਇੰਟਰਨੈਟ ਮੁਤਾਬਿਕ ਦ ਯੂ. ਐਸ. ਬੋਰਡ ਆਫ ਜਿਉਗਰਾਫਿਕ ਨੇਮਸ ਨੇ ਬਰਮੁੱਡਾ ਟਰੈਂਗਲ ਦੇ ਮੌਜੂਦਗੀ ਦੀ ਕਦੇ ਵੀ ਪੁਸ਼ਟੀ ਨਹੀਂ ਕੀਤੀ ਨਾ ਹੀ ਕੋਈ ਰਿਕਾਰਡ ਰੱਖਿਆ ਹੈ । ਪਰ ਕਹਿੰਦੇ ਹਨ ਕੋਈ ਵੀ ਹਵਾਈ ਜਹਾਜ ਜਾਂ ਸਮੁੰਦਰੀ ਜਹਾਜ ਬਰਮੁੱਡਾ ਟਰੈਂਗਲ ਵਿਚੋਂ ਨਹੀਂ ਲੰਘਦਾ ਕਿਉਂਕਿ ਜਾਨ ਦਾ ਜੋਖਮ ਕੋਈ ਵੀ ਨਹੀਂ ਲੈਣਾ ਚਾਹੁੰਦਾ ।  ਵੈਸੇ ਬਰਮੁੱਡਾ ਇਕ  ਬਹੁਤ ਛੋਟਾ ਜਿਹਾ ਟਾਪੂ ਹੈ । ਜੇ ਤੁਸੀਂ ਇੰਟਰਨੈਟ ਤੇ ਦੁਨੀਆ ਦੇ ਨਕਸ਼ੇ ਵਿਚ ਵੇਖਣਾ ਹੋਵੇ ਤਾਂ ਤੁਹਾਨੂੰ ਨਕਸ਼ੇ ਨੂੰ ਬਹੁਤ ਜਿ਼ਆਦਾ ਜੂਮ ਕਰ ਕੇ ਦੇਖਣਾ ਪੈਣਾ ਹੈ । ਬਰਮੁੱਡਾ ਦੇ ਵਿਚ ਐਲ ਐਫ ਵੇਡ ਇੰਟਰਨੈਸ਼ਨਲ ਏਅਰਪੋਰਟ ਵੀ ਬਣਿਆ ਹੋਇਆ ਹੈ ਤੇ ਘੁੰਮਣ ਦੇ ਲਈ ਹੇਮਿੰਲਟਨ, ਬਰਮੁੱਡਾ ਆਈਲੈਂਡਸ, ਹੋਗ ਬੇ, ਸਮਰਸੇਟ ਵਿਲੇਜ ਤੇ  ਸੇਂਟ ਜਾਰਜ ਆਈਲੈਂਡ ਜਿਹੇ ਛੋਟੇ ਕਸਬੇ ਹਨ । ਦੁਨੀਆਂ ਭਰ ਤੋਂ ਲੋਕ ਇੱਥੇ ਘੁੰਮਣ ਆਉਂਦੇ ਹਨ । ਕੋਕੋਆ ਬੀਚ ਤੇ ਗੋਰੇ ਗੋਰੀਆਂ ਪੂਰੀ ਮਸਤੀ ਵਿਚ ਟਹਿਲ ਰਹੇ ਸੀ । ਇਥੋਂ ਵੀ ਕਾਫੀ ਕਰੂਜ ਚੱਲਦੇ ਹਨ ਜੋ ਕਿ ਤੁਹਾਨੂੰ ਛੋਟੇ ਵੱਡੇ ਟਾਪੂਆਂ ਦੀ ਸੈਰ ਕਰਵਾਉਂਦੇ ਹਨ । ਇਸ ਲਈ ਇਹ ਕਸਬੇ ਸਾਰਾ ਸਾਲ ਯਾਤਰੀਆਂ ਨਾਲ ਭਰੇ ਰਹਿੰਦੇ ਹਨ । ਡਿਸਕੋ, ਪੱਬਾਂ ਵਿਚ ਵੀ ਪੂਰੀ ਚਹਿਲ ਪਹਿਲ ਰਹਿੰਦੀ ਹੈ ।  ਕੁਦਰਤ ਦੇ ਰੰਗ ਵੇਖ ਕੇ ਲੱਗਦਾ ਹੈ ਵਾਕਿਆ ਰੱਬ ਨੇ ਰੀਝਾਂ ਨਾਲ ਧਰਤੀ ਨੂੰ ਬਣਾਇਆ ਹੈ ਤੇ ਕਾਇਨਾਤ ਵਿਚ ਬਾਕਮਾਲ ਰੰਗ ਭਰੇ ਹਨ । ਵੱਡੇ ਸ਼ਹਿਰਾਂ ਵਾਂਗ ਇੱਥੇ ਜਿਆਦਾ ਟਰੈਫਿਕ ਨਹੀਂ ਹੁੰਦਾ ਨਾ ਹੀ ਕੋਈ ਹੱਲਾ ਗੁੱਲਾ । ਕੋਕੋਆ ਬੀਚ ਤੋਂ ਥੋੜੀ ਦੂਰ ਤੇ ਹੀ ਇਕ ਮੈਲਬੌਰਨ ਨਾਮ ਦਾ ਛੋਟਾ ਸ਼ਹਿਰ ਵੀ ਹੈ । ਮੈਲਬੌਰਨ ਦੇ ਵਿਚ ਵੀ ਏਅਰਪੋਰਟ ਬਣਿਆ ਹੋਇਆ ਹੈ । ਨਾਸਾ ਜਾਂ ਕੋਕੋਆ ਬੀਚ ਘੁੰਮਣ ਵਾਲੇ ਸਿੱਧਾ ਇਸੇ ਏਅਰਪੋਰਟ ਤੇ ਉੱਤਰਦੇ ਹਨ । ਐਨਾ ਘੁੰਮਣ ਦੇ ਕਾਰਣ ਢਿੱਡ ਦੇ ਵਿਚ ਚੂਹਿਆਂ ਨੇ ਭੰਗੜਾ ਪਾਉਣਾ ਸ਼ੁਰੂ ਕੀਤਾ ਹੋਇਆ ਸੀ । ਸੋ ਪਰਾਂਜਲ ਨੇ ਕਾਰ ਆਈਹੋਪ ਰੈਸਟੋਰੈਂਟ ਦੇ ਵਿਚ ਜਾ ਲਾਈ ਤੇ ਪੇਟ ਪੂਜਾ ਦੇ ਬਾਦ ਪੈਟਰੋਲ ਵਾਲੀ ਬੱਕੀ ਦੀਆਂ ਵਾਗਾਂ ਘਰ ਵੱਲ ਨੂੰ  ਮੋੜ ਦਿੱਤੀਆਂ ।

ਚਲਦਾ...


No comments: