ਅੱਜ ਦੀ ਗੱਲ........... ਗ਼ਜ਼ਲ / ਤਰਲੋਚਨ ਸਿੰਘ ‘ਦੁਪਾਲ ਪੁਰ’

ਵੋਟ ਰਾਜ ਨਹੀਂ ਆਖੋ ਪੈਰਾਂ ਹੇਠ ਬਟੇਰਾ ਜਿਹਦੇ ਆ ਜਾਂਦਾ
ਅੱਖਾਂ ਮੀਟ ਕੇ ਪੰਜ ਸਾਲ ਫਿਰ ਲੋਕੋ ਉਸ ਦਾ ਹੁਕਮ ਬਜਾਉ ।

ਪੁਤਰ, ਸਾਲੇ, ਜੀਜੇ, ਸਾਂਢੂ, ਭੂਆ-ਮਾਮਿਉਂ ਬਣੇ ਮਨਿਸਟਰ
ਐਰਾ ਗੈਰਾ ਘੁਟ ਘੁਟ ਲਾ ਕੇ ਏਸ ਖੁਸ਼ੀ ਵਿੱਚ  ਜਸ਼ਨ ਮਨਾਉ ।

ਕੌਮ ਵੇਚ ਕੇ ਨਾਲ  ਮੱਕਾਰੀ  ਰਾਜ  ਘਰਾਣਾ  ਪੱਕਾ  ਕਰਿਆ
‘ਕੂੜ ਨਿਖੱਟੂ’ ਕਦੋਂ  ਨਾਨਕਾ ! ਕਦ ਹੋਵੇ ਗਾ ‘ਸੱਚਾ ਨਿਆਂੳਂ’ ?

ਉਮਰ ਤਕਾਜ਼ਾ ਭੁੱਲ ਕੇ ਰਾਜਾ ਕਰਦਾ ਰਹਿੰਦਾ ਮਸ਼ਕਰੀਆਂ
ਐਨਿਆਂ ਵਿੱਚੋਂ ਕੋਈ ਤਾਂ ਯਾਰੋ ਧੌਲੇ ਉਸਨੂੰ  ਯਾਦ ਕਰਾਉ !

ਚੂਰੀ-ਚਾਟੇ ਲਾ ਲਾ ਕੇ ਸਾਰੇ ਤੋਤੇ ਆਪਣੇ ਪਿੰਜਰੇ ਪਾ  ਲਏ
ਬਾਜ ਤੇ ਸਿ਼ਕਰੇ ਬੇਵੱਸ  ਕਹਿੰਦੇ ‘ਆਉ ਆਪਣੀ ਕੌਮ ਬਚਾਉ’!!

‘ਅਗਲੇ ਸਾਲ ਨੂੰ ਵਾਫਰ ਬਿਜਲੀ  ਵੇਚਾਂ ਗੇ ਅਸੀਂ ਹੋਰਾਂ ਨੂੰ’
ਸੁਣ ਲਿਉ ਵੀਰੋ ਆਂਉਂਦੇ ਸਾਲ ਨੂੰ ਏਸੇ ਬਿਆਨ ਦਾ ਫਿਰ ਦੁਹਰਾਉ।

ਕਹਿਰ ਦੀ ਗਰਮੀ,ਬਿਜਲੀ ਕੱਟ ਤੇ ਮੱਛਰ ਰਾਤ ਨੂੰ ਸੌਣ ਨਾ ਦੇਵੇ
ਏ.ਸੀ. ਰੂਮ ਵਿੱਚ ਬੁਢੜਾ ਹਾਕਮ  ਆਖੇ ਮੈਨੂੰ  ਗੀਤ  ਸੁਣਾਉ !!!

****

No comments: