( ਕੁਝ ਕਹਾਣੀ ਬਾਰੇ )
ਤੱਥ ਗਵਾਹ ਨੇ ਕਿ ਪੰਜਾਬ ਵਿਚਲੇ ਜ਼ਿਮੀਦਾਰਾਂ ਵਿਚੋਂ ਸੱਤ ਪ੍ਰਤੀਸ਼ਤ ਵੱਡੇ ਜ਼ਿਮੀਦਾਰ ਸੈਂਤੀ ਪ੍ਰਤੀਸ਼ਤ ਜ਼ਮੀਨ ‘ਤੇ ਕਾਬਜ਼ ਹਨ । ਇਹਨਾਂ ਦੇ ਪੁਰਖਿਆਂ ਵਿਚੋਂ 1699 ਈ: ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਅੱਵਲ ਤਾਂ ਕੋਈ ਗਿਆ ਹੀ ਨਹੀਂ ਹੋਣਾ , ਜੇ ਕੋਈ ਇੱਕ-ਅੱਧ ਚਲਾ ਵੀ ਗਿਆ ਹੋਵੇਗਾ ,ਤਾਂ ਉਹ ਗੁਰੂ ਦੀ ਲਹੂ ਮੰਗਦੀ ਤਲਵਾਰ ਵੱਲ ਦੇਖਕੇ ਜ਼ਰੂਰ ਖਿਸਕ ਗਿਆ ਹੋਵੇਗਾ । ਤੇ ਗੁਰੂ ਵਿਚਾਰੇ ਲਈ ਬਚੇ ਹੋਣਗੇ , ਇਹਨਾਂ ਫਿਊਡਲ ਲਾਰਡਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਰਤੀ-ਕਾਮੇ ,ਨਾਈ, ਛੀਬੇਂ ,ਖੱਤਰੀ। ਭਾਈ ਘਨ੍ਹੱਇਆ ਦੇ ਪਾਤਰ ਰਾਹੀਂ ਇਹ ਕਹਾਣੀ,ਦਿੱਲੀ ਦੀਆਂ ਔਰੰਗੇ ਤੋਂ ਤਰੰਗੇ ਤਕ ਦੀਆਂ ਸਰਕਾਰਾਂ ਲਈ ਫੀਡ -ਬੈਂਕ ਬਣਦੀ ਰਹੀ ਤੇ ਭਾਈਵਾਲੀ ਨਿਭਾਉਂਦੀ ਆਈ, ਇਸ ਭੋਂਪਤੀ ਜਮਾਤ ਦੇ ਅਵਸਰਵਾਦੀ ਤੇ ਤਸ਼ੱਦਦੀ ਕਿਰਦਾਰ ‘ਤੇ ਟਿੱਪਣੀ ਕਰਨ ਦਾ ਸਾਹਸ ਕਰਦੀ ਹੈ । ਪੰਜਾਬ ਦੇ ਸੰਦਰਭ ਵਿਚ ਇਹ ਕੰਮ ਵੇਲੇ ਦੀ ਸਰਕਾਰ ਵੱਲੋਂ ਖੱਬੀ ਲਹਿਰ ਦੇ ਇਕ ਦਸਤੇ ਨਕਸਲਵਾਦ ਨੂੰ ਬੇ-ਰਹਿਮੀ ਨਾਲ ਮਾਰੇ ਕੋਹੇ ਜਾਣ ਦੇ ਦਰਦ ਨੂੰ ਮਹਿਸੂਸਦੀ , ਗੋਬਿੰਦ ਗੁਰੂ ਕੋਲ ਚਿੱਠੀ ਦੇ ਰੂਪ ਵਿਚ ਆਪਣਾ ਦੁੱਖ ਰੋਦੀਂ ਹੈ ।
****ਲਿਖਤੁਮ ਭਾਈ ਘਨਈਆ... ਅੱਗੇ ਮਿਲੇ ਦਸਮੇਂ ਸਤਗੁਰ ਮ੍ਹਾਰਾਜ , ਚੌਥੇ ਤਖ਼ਤ ਸ੍ਰੀ ਹਜ਼ੂਰ ਸਾਹਬ , ਜ਼ਿਲ੍ਹਾ ਨੰਦੇੜ ਦੇ ਵਾਸੀ ਨੂੰ ।
ਸੱਚਿਆ ਪਾਤਸ਼ਾਹ ਜੀਓ , ਬਹੁਤੀ ਮੁਦੱਤ ਹੋ ਗਈ ਐ ਕਿ ਤੁਹਾਡੇ ਬੰਨਿਓਂ ਕੋਈ ਖ਼ਤ -ਪੱਤਰ ਨਈਂ ਆਇਆ । ਮੈਨੂੰ ਵੀ ਆਪ ਜੀ ਨੂੰ ਚਿੱਠੀ ਪਾਉਣ ਦੀ ਵਿਹਲ ਨਈਂ ਮਿਲੀ । ਵਿਹਲ ਮਿਲਦਾ ਵੀ ਕਿੱਦਾਂ ? ਤੁਹਾਂ ‘ਨੰਦਪੁਰ ਦੀ ਲੜਾਈ ‘ਚ ਜ਼ਖਮੀ ਹੋਏ ਤੁਰਕਾਂ ਨੂੰ ਪਾਣੀ ਪਲਾਉਣ ਦੀ ਮੇਰੀ ‘ਗਲਤੀ’ ਵਜੋਂ ਥਾਪੀ ਕੀ ਦਿੱਤੀ ,ਮੈਂ ਤਾਂ ਆਪਣੇ ਕਾਰ-ਕਿੱਤੇ ਅੰਦਰ ਖੁੱਭਿਆ ਸਾਰਾ ਕੁਸ਼ ਈ ਭੁੱਲ-ਭਲਾ ਗਿਆ । ਮੈਨੂੰ ਨਾ ਵੈਰੀ ਦੀ ਪਛਾਣ ਰਈ , ਨਾ ਮਿੱਤਰ ਦੀ । ਆਪਣੀ ਧੁੰਨ ‘ਚ ਮਸਤ ਹੋਏ ਨੇ ਮੈਂ ਜਿੱਥੇ ਵੀ ਕੋਈ ਭੁੱਖਾ-ਪਿਆਸਾ ਦੇਖਿਆ ,ਉਥੇ ਈ ਅਪਣੀ ਚਮੜੇ ਦੀ ਮਛਕ ‘ਚੋਂ ਚਾਰ ਘੁੱਟ ਪਾਣੀ ਉਹਦੇ ਸਿਕੜੀ ਜੰਮੇਂ ਬੁਲ੍ਹਾਂ ‘ਤੇ ਰੋੜ ਦਿੱਤਾ । ਪਰ , ਇਕ ਗੱਲ ਦੀ ਮੈਨੂੰ ਸਮਝ ਨਈਂ ਸੀ ਪਈ ਕਿ ਕਈ ਜ਼ੋਜਨ ਅੱਗੇ ਲੰਘ ਆਏ ਬੰਦੇ ਦੀ ਖਸਲਤ ਕਿਉਂ ਨਈਂ ਬਦਲੀ । ਹੁਣ ਤੇ ਰਾਜਿਆਂ-ਮ੍ਹਾਰਾਜਿਆਂ ਦਾ ਧਰਮ ਵੀ ਬਾਈ ਧਾਰਾਂ ਦੇ ਰਾਜਿਆਂ ਆਂਗੂੰ ਮਾਇਆ ਖਾਤਰ ਲੁੱਟ-ਖੋਹ ,ਮਾਰ - ਧਾੜ ਕਰਨਾ ਈ ਕਿਉਂ ਐ , ਬਦਲਿਆ ਕਿਉਂ ਨਈਂ ,
ਤੱਥ ਗਵਾਹ ਨੇ ਕਿ ਪੰਜਾਬ ਵਿਚਲੇ ਜ਼ਿਮੀਦਾਰਾਂ ਵਿਚੋਂ ਸੱਤ ਪ੍ਰਤੀਸ਼ਤ ਵੱਡੇ ਜ਼ਿਮੀਦਾਰ ਸੈਂਤੀ ਪ੍ਰਤੀਸ਼ਤ ਜ਼ਮੀਨ ‘ਤੇ ਕਾਬਜ਼ ਹਨ । ਇਹਨਾਂ ਦੇ ਪੁਰਖਿਆਂ ਵਿਚੋਂ 1699 ਈ: ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਅੱਵਲ ਤਾਂ ਕੋਈ ਗਿਆ ਹੀ ਨਹੀਂ ਹੋਣਾ , ਜੇ ਕੋਈ ਇੱਕ-ਅੱਧ ਚਲਾ ਵੀ ਗਿਆ ਹੋਵੇਗਾ ,ਤਾਂ ਉਹ ਗੁਰੂ ਦੀ ਲਹੂ ਮੰਗਦੀ ਤਲਵਾਰ ਵੱਲ ਦੇਖਕੇ ਜ਼ਰੂਰ ਖਿਸਕ ਗਿਆ ਹੋਵੇਗਾ । ਤੇ ਗੁਰੂ ਵਿਚਾਰੇ ਲਈ ਬਚੇ ਹੋਣਗੇ , ਇਹਨਾਂ ਫਿਊਡਲ ਲਾਰਡਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਰਤੀ-ਕਾਮੇ ,ਨਾਈ, ਛੀਬੇਂ ,ਖੱਤਰੀ। ਭਾਈ ਘਨ੍ਹੱਇਆ ਦੇ ਪਾਤਰ ਰਾਹੀਂ ਇਹ ਕਹਾਣੀ,ਦਿੱਲੀ ਦੀਆਂ ਔਰੰਗੇ ਤੋਂ ਤਰੰਗੇ ਤਕ ਦੀਆਂ ਸਰਕਾਰਾਂ ਲਈ ਫੀਡ -ਬੈਂਕ ਬਣਦੀ ਰਹੀ ਤੇ ਭਾਈਵਾਲੀ ਨਿਭਾਉਂਦੀ ਆਈ, ਇਸ ਭੋਂਪਤੀ ਜਮਾਤ ਦੇ ਅਵਸਰਵਾਦੀ ਤੇ ਤਸ਼ੱਦਦੀ ਕਿਰਦਾਰ ‘ਤੇ ਟਿੱਪਣੀ ਕਰਨ ਦਾ ਸਾਹਸ ਕਰਦੀ ਹੈ । ਪੰਜਾਬ ਦੇ ਸੰਦਰਭ ਵਿਚ ਇਹ ਕੰਮ ਵੇਲੇ ਦੀ ਸਰਕਾਰ ਵੱਲੋਂ ਖੱਬੀ ਲਹਿਰ ਦੇ ਇਕ ਦਸਤੇ ਨਕਸਲਵਾਦ ਨੂੰ ਬੇ-ਰਹਿਮੀ ਨਾਲ ਮਾਰੇ ਕੋਹੇ ਜਾਣ ਦੇ ਦਰਦ ਨੂੰ ਮਹਿਸੂਸਦੀ , ਗੋਬਿੰਦ ਗੁਰੂ ਕੋਲ ਚਿੱਠੀ ਦੇ ਰੂਪ ਵਿਚ ਆਪਣਾ ਦੁੱਖ ਰੋਦੀਂ ਹੈ ।
****ਲਿਖਤੁਮ ਭਾਈ ਘਨਈਆ... ਅੱਗੇ ਮਿਲੇ ਦਸਮੇਂ ਸਤਗੁਰ ਮ੍ਹਾਰਾਜ , ਚੌਥੇ ਤਖ਼ਤ ਸ੍ਰੀ ਹਜ਼ੂਰ ਸਾਹਬ , ਜ਼ਿਲ੍ਹਾ ਨੰਦੇੜ ਦੇ ਵਾਸੀ ਨੂੰ ।
ਸੱਚਿਆ ਪਾਤਸ਼ਾਹ ਜੀਓ , ਬਹੁਤੀ ਮੁਦੱਤ ਹੋ ਗਈ ਐ ਕਿ ਤੁਹਾਡੇ ਬੰਨਿਓਂ ਕੋਈ ਖ਼ਤ -ਪੱਤਰ ਨਈਂ ਆਇਆ । ਮੈਨੂੰ ਵੀ ਆਪ ਜੀ ਨੂੰ ਚਿੱਠੀ ਪਾਉਣ ਦੀ ਵਿਹਲ ਨਈਂ ਮਿਲੀ । ਵਿਹਲ ਮਿਲਦਾ ਵੀ ਕਿੱਦਾਂ ? ਤੁਹਾਂ ‘ਨੰਦਪੁਰ ਦੀ ਲੜਾਈ ‘ਚ ਜ਼ਖਮੀ ਹੋਏ ਤੁਰਕਾਂ ਨੂੰ ਪਾਣੀ ਪਲਾਉਣ ਦੀ ਮੇਰੀ ‘ਗਲਤੀ’ ਵਜੋਂ ਥਾਪੀ ਕੀ ਦਿੱਤੀ ,ਮੈਂ ਤਾਂ ਆਪਣੇ ਕਾਰ-ਕਿੱਤੇ ਅੰਦਰ ਖੁੱਭਿਆ ਸਾਰਾ ਕੁਸ਼ ਈ ਭੁੱਲ-ਭਲਾ ਗਿਆ । ਮੈਨੂੰ ਨਾ ਵੈਰੀ ਦੀ ਪਛਾਣ ਰਈ , ਨਾ ਮਿੱਤਰ ਦੀ । ਆਪਣੀ ਧੁੰਨ ‘ਚ ਮਸਤ ਹੋਏ ਨੇ ਮੈਂ ਜਿੱਥੇ ਵੀ ਕੋਈ ਭੁੱਖਾ-ਪਿਆਸਾ ਦੇਖਿਆ ,ਉਥੇ ਈ ਅਪਣੀ ਚਮੜੇ ਦੀ ਮਛਕ ‘ਚੋਂ ਚਾਰ ਘੁੱਟ ਪਾਣੀ ਉਹਦੇ ਸਿਕੜੀ ਜੰਮੇਂ ਬੁਲ੍ਹਾਂ ‘ਤੇ ਰੋੜ ਦਿੱਤਾ । ਪਰ , ਇਕ ਗੱਲ ਦੀ ਮੈਨੂੰ ਸਮਝ ਨਈਂ ਸੀ ਪਈ ਕਿ ਕਈ ਜ਼ੋਜਨ ਅੱਗੇ ਲੰਘ ਆਏ ਬੰਦੇ ਦੀ ਖਸਲਤ ਕਿਉਂ ਨਈਂ ਬਦਲੀ । ਹੁਣ ਤੇ ਰਾਜਿਆਂ-ਮ੍ਹਾਰਾਜਿਆਂ ਦਾ ਧਰਮ ਵੀ ਬਾਈ ਧਾਰਾਂ ਦੇ ਰਾਜਿਆਂ ਆਂਗੂੰ ਮਾਇਆ ਖਾਤਰ ਲੁੱਟ-ਖੋਹ ,ਮਾਰ - ਧਾੜ ਕਰਨਾ ਈ ਕਿਉਂ ਐ , ਬਦਲਿਆ ਕਿਉਂ ਨਈਂ ,
ਸੱਚੇ ਸਾਈਂ ਜੀਓ , ਤੁਹਾਂ ਸਮੇਤ ਦਹਾਂ ਬਾਬਿਆਂ ਨੇ ਦੋ-ਢਾਈ ਸੌ ਸਾਲ ਮਾਇਆ ਦੇ ਜਿਹੜੇ ਜਕੜ-ਜੰਦ ਨੂੰ ਤੋੜਨ ਲਈ ਪੂਰਾ ਤਾਣ ਲਾਇਆ ਸੀ , ਉਨ੍ਹੇ ਮੁੜ ਅਪਣੀਆਂ ਤੰਦੂਏ ਵਰਗੀਆਂ ਤਾਰਾਂ ਧਰਤੀ ਤੋਂ ਪਾਤਾਲ ਤੱਕ ਵਿਛਾ ਰੱਖੀਆਂ ਹੋਇਆਂ ਹੈਨ । ਮੈਨੂੰ ਚੰਗੀ ਤਰ੍ਹਾਂ ਯਾਦ ਐ ਬਿਕਰਮੀ ਸੰਮਤ 1756 ਦੀ ਵਿਸਾਖੀ ਆਲਾ ਦਿਨ ਫੁਲਕਾ-ਪਾਣੀ ਛਕਣ ਆਈਆਂ ਲੱਖਾਂ ਸੰਗਤਾਂ ਵਿਚੋਂ ਤੁਹਾਂ ਨੂੰ ਕੰਮ ਦੇ ਬੰਦੇ ਲੱਭੇ ਸੀ ਸਿਰਫ਼ ਪੰਜ ਤੇ ਉਹ ਵੀ ਕੰਮੀ-ਕਮੀਨ । ਚੌਧਰੀਆਂ,ਜਗੀਰਦਾਰਾਂ ਦੇ ਟੱਬਰਾਂ ਦੇ ਟੱਬਰ ਓਥੋਂ ਐਓਂ ਖਿਸਕੇ ਸੀ ਜਿਓਂ ਵਹੀਰੋਂ ਡਰਦੇ ਗਿੱਦੜ ਭਜਦੇ ਐ । ਫਿਰ ਤੁਹਾਂ ਦੇ ਅੱਖਾਂ ਮੀਟਣ ਦੀ ਦੇਰ ਸੀ ਮੁੜ ਓਹੀ ਕੜ੍ਹੀ ਘੁਲਣ ਲੱਗੀ ਜਿਹੜੀ ਪਹਿਲਾਂ ਘੁਲਦੀ ਸੀ । ਮੁੜ ਓਹੀ ਕੁਣਕਾ ਖਾਣੇ ਵੱਡੇ-ਵੱਡੇ ਜੁਗਾੜਾਂ ਆਲੇ ਸਰਦਾਰਾਂ ਨੇ ਤੁਹਾਂ ਦੀ ਬਖਸ਼ੀ ਰਹਿਤ ਮਰਯਾਦਾ ਨੂੰ ਆਪਣੀ ਰਖੇਲ ਜਈ ਬਣਾ ਘੱਤਿਆ । ਖੇਤਾਂ ਬੰਨਿਆਂ ਅੰਦਰ ਮਰਦੇ ਮਿਨ੍ਹਤੀਆਂ-ਮਜੂਰਾਂ ਤੋ ਆਪਣੇ ਡੌਲਿਆਂ-ਪੱਟਾਂ ਦੀਆਂ ਮਾਲਸ਼ਾਂ ਕਰਾਈਆਂ । ਦੋ ਵੇਲੇ ਦੀ ਖੰਨੀ ਮਿੱਸੀ ਉਨ੍ਹਾਂ ਅੱਗੇ ਸੁਟ ਕੇ ਆਪ ਦਾਤੇ ਬਣਦੇ ਰਏ। ਇਹ ਓਹੀ ‘ਮਹਾਂ ਪੁਰਖ’ ਸਨ ਜਿਹੜੇ ਮੁੱਢ-ਕਦੀਮ ਤੋ ਖੁਲ੍ਹੀ-ਮੌ੍ਹਕਲੀ ਧਰਤੀ ‘ਤੇ ਖੜੱਪੇ ਬਣ ਕੇ ਮੇਲ੍ਹਦੇ ਆਏ ਸੀ । ਮੁਗ਼ਲਈਆਂ ਦੇ ਹੱਲਿਆਂ ਸਮੇਂ ਇਹ ਮੁਸਲਮਾਨ ਬਣੇ ਗਏ , ਤੁਹਾਂ ਦੇ ਖੜਕਾਏ ਖੰਡੇ ਤੋਂ ਡਰਦੇ ਸਿੰਘ ਸਜ਼ ਗਏ ਸਨ ਅਤੇ ਕੁੱਟਲ ਨੀਤੀ ਦੇ ਗੁਰੂ-ਘੰਟਾਲ ‘ਗਰੇਜ਼ਾ ਨਾਲ ਅੰਦਰੋਂ-ਅੰਦਰ ਗਾਂਢਾ-ਸਾਂਢਾ ਕਰ ਕੇ , ਇਹ ਦੋ ਤਿੰਨ ਪਾਲਟੀਆਂ ਜਿਹੀਆਂ ਬਣ ਕੇ ਬਗਲੇ ਭਗਤਾਂ ਆਂਗ ਅੱਖਾਂ ਮੀਟੀ ਕਿਸੇ ਮਾਰ ਦੀ ਛੈਹ ‘ਤੇ ਸ਼ਿਸ਼ਤ ਲਾਈ ਬੈਠੇ ਸਨ ।
ਸੱਚੇ ਮਾਲਕ ਜੀਓ , ਫਿਰ ਹੋਇਆ ਓਹੀ ਜਿਸ ਨੂੰ ਟਾਲਣ ਲਈ ਤੁਹਾਂ ਆਪਣੀ ਸਾਰੀ ਦੀ ਸਾਰੀ ਆਯੂ ਦਾਨ ਕੀਤੀ ਸੀ । ਤੁਹਾਡੀ ਪਵਨ-ਪਾਵਨ ਧਰਤੀ ਉੱਤੇ ਖੂਨ ਦੀਆਂ ਨਦੀਆਂ ਚੱਲੀਆਂ , ਮਾਮਾਂ-ਭੈਣਾਂ ਨੂੰ ਸ਼ਰੇਆਮ ਨੰਗਿਆਂ ਕਰ ਕੇ ਵਹਿਸ਼ੀ ਨਾਚ ਨੱਚਿਆ ਗਿਆ । ਦਿਨ-ਦਿਹਾੜੇ ਡਾਕੇ ਪਏ । ਬਲੂਰ ਬਾਲਾਂ ਨੂੰ ਬਰਛਿਆਂ-ਨੇਜ਼ਿਆਂ ਦੀਆਂ ਨੋਕਾਂ ‘ਤੇ ਟੰਗਿਆ ਗਿਆ । ਇਹ ਘੱਲੂਘਾਰਾ ਸਿਰਫ਼ ਦੋਂ ਸਾਨ੍ਹਾਂ ਦੀ ਅਣ-ਬਣ ਕਰਕੇ ਹੋਇਆ - ਅਖੇ, ਇਕ ਮਿਆਨ ‘ਚ ਦੋ ਤਲਵਾਰਾਂ ਕਿਦਾਂ ਆ ਸਕਦੀਆਂ , ਇਕੋ ਥਾਂ ‘ਤੇ ਦੋ ਕੌਮਾਂ ‘ਕੱਠੀਆਂ ਕਿਮੇਂ ਰਹਿ ਸਕਦੀਆਂ । ਰਗੜਾ ਸੌਹਰੀ ਚੌਧਰ ਦਾ ਸੀ ,ਭੁਗਤਣਾ ਪਿਆ ਲੋਕਾਂ ਨੂੰ , ਸਾਨੂੰ ਸਾਰਿਆਂ ਨੂੰ , ਸਦੀਆਂ ਤੋਂ ਸਾਂਝੇ ਘੜਿਉਂ ਪਾਣੀ ਪੀਦੇਂ ਕਿਰਤੀਆਂ ਨੂੰ , ਬੰਜਰ -ਬਾਰਾਂ ਆਬਾਦ ਕਰਨ ਆਲੇ ਕਿਸਾਨਾਂ ਨੂੰ ।
ਖੈਰ, ਉਹ ਤਾਂ ਹੋਇਆ ਸੌ ਹੋ ਨਿਬੜਿਆ , ਅਹਾਂ ਨੂੰ ਮਾੜੀ ਮੋਟੀ ਧਰਵਾਸ ਮਿੱਠੀ ਛੁਰੀ ਮਾਰ ਫਰੰਗੀ ਦੇ ਜਾਣ ਮਗਰੋਂ ,ਜਿਹੜੀ ਅਪਣਿਆਂ ਤੋਂ ਮਿਲਦੀ ਸੀ , ਉੁਹ ਵੀ ਪਿਛਲੇ ਸੱਠਾਂ ਪੈਹਟਾਂ ਵਰ੍ਹਿਆਂ ਦੇ ਅੱਖ-ਫਰੋਕੇ ਅੰਦਰ ਖੰਭ ਲਾ ਕੇ ਕਿਤੇ ਉਡ-ਪੁਡ ਗਈ ਐ । ਜਿਮੀਂ-ਜੈਦਾਤ ਦੇ ਸਾਬ੍ਹ ਨਾਲ ਗੱਦੀਆਂ ਹਥਿਆ ਕੇ ਬੈਠੇ ਕਮਲੇ-ਰਮਲੇ ਜਿਹੇ ਵੀ ਸਿਆਣੇ ਬਣੇ ਵੇ ਐ । ਉਨ੍ਹਾਂ ਹੇਠਲੇ ਵੱਡੇ-ਛੋਟੇ ਅਹਿਲਕਾਰ ਵੀ ਰੱਜ ਕੇ ਆਪ-ਹੁਦਰੀਆਂ ਕਰਦੇ ਐ । ਦੁਨੀਆਂ ਭਰ ਦਾ ਸਾਰਾ ਸੁੱਖਰਾਮ ਉਨ੍ਹਾਂ ਕੋਲ ਗ੍ਹਿਰਵੀ ਹੋਇਆ ਪਿਐ । ਨੰਤਾ ਚਮਿਆਰ, ਲੱਛੂ ਜਲਾਹ , ਭਾਗੂ ਤਰਖਾਣ , ਅੱਛਰੂ ਛੀਂਬਾ ਤਾਂ ਧਰਮ-ਸ਼ਰਮ , ਜਾਤ-ਕੁਜਾਤ ਦੇ ਗਧੀ -ਗੇੜ ਅੰਦਰ ਫਸਿਆ , ਆਪਣੀ ਗੁਰਬਤ ਨੂੰ ਪੂਰਬਲੇ ਕਰਮਾਂ ਦਾ ਫਲ ਸਮਝੀ ਤੁਰਿਆ ਆਉਂਦਾ । ਰੁਖੀ-ਮਿੱਸੀ ਖਾ ਕੇ ਠੰਡਾ ਪਾਣੀ ਪੀਣ ਦਾ ਮੰਤਰ ਜਪਦਿਆਂ ਨਿਢਾਲ ਹੋਏ ਲੋਕਾਂ ਦੀ ਤਕਦੀਰ ਨੂੰ ਤੁਹਾਂ ਤਾਂ ਅਪਣੀ ਉਮਰ ਦੇ ਚਾਲ੍ਹੀ-ਬਤਾਲ੍ਹੀ ਵਰ੍ਹਿਆਂ ਦੀ ਸਾਧਨਾ ਸਦਕਾ ਈ ਬਦਲ ਕੇ ਰੱਖ ਦਿੱਤਾ ਸੀ । ਅਹਾਂ ਚਿੜੀਆਂ ਅਰਗੇ ਕਮਜ਼ੋਰਾਂ ਨੱੂੰ ਜਬਰ-ਜੁਲਮਾਂ ਨਾਲ ਟਕਰਾਉਣ ਲਈ ਖੂਨਖਾਰ ਬਾਜ਼ਾਂ ਦੀ ਬਰੋਬਰੀ ਕਰਨੀ ਸਿਖਾਉਣ ਉਪਰੰਤ ਤੁਹਾਂ , ‘ਲਾਕੇ ਦੇ ਸਾਰੇ ਮਸੰਦਾਂ ਨੂੰ ਸੜਦੇ-ਸੜਦੇ ਤੇਲ ਦੇ ਕੜਾਹੇ ਅੰਦਰ ਡੋਬ ਕੇ ਇਸ ਲਈ ਮਾਰਿਆ ਸੀ ਕਿ ਉਹ ਗੁਰੂ-ਮ੍ਹਾਰਾਜ ਦੀ ਬਾਣੀ ‘ਚ ਦਰਜ ਧਰਮ-ਕਰਮ ਦੀ ਰਹੁ-ਰੀਤ ਨੂੰ ਛੱਡ ਕੇ , ਲੱਚਪੁਣਾ-ਲੰਡਰਪੁਣਾ ਕਰਨ ਲੱਗ ਪਏ ਸੀ । ਅਪਣੀ ਕੌਮ ਦੀ ਬਿਹਤਰੀ ਲਈ ‘ਕੱਠਾ ਕੀਤਾ ਧੰਨ ਆਪਣੇ ਬੋਝਿਆਂ ਅੰਦਰ ਈ ਤੁੰਨੀ ਜਾਂਦੇ ਸੀ । ਪਰ , ਅੱਜ ਤਾਂ ਇੱਟ ਚੁਕੇ ਮਸੰਦ ਨਿਕਲਦੈ । ਕੋਈ ਐਬ ਐਸਾ ਨਈਂ ਜਿਹੜਾ ਨਈਂ ਹੁੰਦੇ । ਧੋਖੇ-ਫਰੇਬਾਂ ਨਾਲ ‘ਕੱਠੀ ਕੀਤੀ ਮਾਇਆ ਪੁਠੇ ਸਿੱਧੇ ਕਮਾਂ ‘ਤੇ ਲਾਉਣ ਆਲਿਆਂ ਨੂੰ ਉਪਰੋਂ ਕਿਸੇ ਦਾ ਕੋਈ ਭੈਅ ਨਈਂ । ਯੋਗ-ਅਯੋਗ ਢੰਗਾਂ ਰਾਹੀ ਉੱਚੀਆਂ ਪਦਵੀਆਂ ‘ਤੇ ਪਧਾਰੇ ਦੰਭੀਆਂ ਨੂੰ ਕਿਸੇ ਦਸਮ-ਪਿਤਾ ਦੇ ਕੜਾਹੇ ਦਾ ਡਰ ਨਈਂ । ਅਪਣੀ ਰਿਆਇਆ ਨੂੰ ਦੱਬ ਕੇ ਰੱਖਣ ਲਈ ਜਿੰਨਾ ਵੱਡਾ ਕੋਈ ਤਸ਼ਦੱਦ ਕਰਦਾ ਐ ਓਨੀ ਵੱਡੀ ਸਾਬਾਸ਼ੇ , ਉਸ ਨੂੰ ਉਪਰੋਂ ਮਿਲਦੀ ਐ ।
ਲਓ ,ਤੁਸੀਂ ਆਪ ਈ ਦੱਸੀਓ ਜੇ , ਪਈ ਲੋਹੇ ਦੀਆਂ ਸੜਦੀਆਂ ਬਲਦੀਆਂ ਲਾਲ ਸੁਰਖ ਸੀਖਾਂ ਸੌ-ਪੰਜਾਹ ਜਗਦੀਆਂ ਮਘ੍ਹਦੀਆਂ ਅੱਖਾਂ ਅੰਦਰ ਤੁੰਨਣਾ ਕਿੱਥੋਂ ਦਾ ਅਨਸਾਫ਼ ਹੋਇਆ । ਰੱਸੀ ਵੱਟ ਚਾੜ੍ਹ ਕੇ ਅਪਣੇ ਅਰਗੇ ਇਨਸਾਨਾਂ ਦੀਆਂ ਲੱਤਾਂ-ਬਾਹਾਂ ਤੋੜਨਾ ਕਿੱਡੀ ਕੁ ਚੁਤਰਾਈ ਹੋਈ । ਮਾਮਾਂ-ਭੈਣਾਂ ਦੇ ਨਰਮ-ਨਾਜ਼ਕ ਗੁਪਤ ਅੰਗਾਂ ਅੰਦਰ ਫੁਟ-ਫੁਟ ਲੰਮੇ ਸਰੀਏ ਲੰਘਾਉਣਾ ਕਿੱਧਰ ਦੀ ਬਹਾਦਰੀ ਹੋਈ । ਉਪਰੋਂ ਵੱਡਾ ਸਿਤਮ ਇਹ ਐ , ਕਿ ਜਿਹੜਾ ਵੀ ਇਨ੍ਹਾਂ ਕਰਤੂਤਾਂ ਵਿਰੁੱਧ ਬੋਲਦਾ ਐ, ਉਹਨੂੰ ਜਾਂ ਕਾਲ-ਕੋਠੜੀ ਅੰਦਰ ਡੱਕ ਦਿੱਤਾ ਜਾਂਦੇ , ਜਾਂ ਅਕਹਿ ਤੇ ਅਸਹਿ ਤਸੀਏ ਦੇ ਕੇ ਸੋਚਣੋਂ-ਬੋਲਣੋਂ ਨਕਾਰਾ ਕਰ ਦਿੱਤਾ ਜਾਂਦੈ । ਦੋ ਡੰਗ ਦੀ ਰੋਟੀ ਲਈ ਜੂਝਦੇ ਲੋਕਾਂ ਦਾ ਧਿਆਨ ਹੋਦਰੇ ਪਾਉਣ ਲਈ ਕਈ ਤਰ੍ਹਾਂ ਦੀਆਂ ਅਪਲ-ਟਪਲੀਆਂ ਮਾਰੀਆਂ ਜਾਂਦੀਆਂ । ਢਿੱਡੋਂ ਭੁੱਖੀ ,ਪਿੰਡਿਓਂ ਨੰਗੀ , ਹਓਕੇ ਭਰਦੀ ਜੰਤਾ ਨੂੰ , ਮੁਲਕ ਅੰਦਰ ਗੜਬੜ ਫਲਾਉਣ ਦਾ ਦੋਸ਼ੀ ਗਰਦਾਨ ਕੇ ਲਾਠੀ-ਗੋਲੀ ਦਾ ਦਮਨ-ਚੱਕਰ ਚਲਾਇਆ ਜਾਂਦੈ ।ਇਹ ਸਾਰਾ ਕੁਸ਼ ਪਤਾ ਕਿਉਂ ਹੁੰਦੈ । ਸਿਰਫ਼ ਕੁਰਸੀ ਖਾਤਰ , ਮਾਇਆ ਦੀ ਛਹਿਬਰ ਲਾ ਕੇ ਪ੍ਰਾਪਤ ਕੀਤੀ ਗੱਦੀ ਬਚਾਉਣ ਖਾਤਰ ਹੁੰਦੈ ।ਤੁਹਾਂ ਆਂਗਰ ਰਾਜ ਸੱਤਾ ਝੋਕ ਕੇ ਗਊ-ਗਰੀਬ ਦੀ ਰਾਖੀ ਕਰਨ ਖਾਤਰ ਨਈਂ । ਅਪਣਾ ਕੁਟੁੰਮਭ ਰੋਲ ਕੇ ਢੱਤਿਆਂ ਨੂੰ ਢਾਰਸ ਦੇਣ ਬਦਲੇ ਨਈਂ ਹੁੰਦਾ ।
ਤੁਹੀਂ ਇਹ ਨਾ ਸਮਝ ਲੈਣਾ ਕਿ ਹਰ ਟੈਮ ਵਾਖਰੂ-ਬਾਖਰੂ ਕਰਨ ਆਲਾ ਸ਼ਾਂਤ-ਚਿੱਤ ਘਨਈਆ ਕਿਹੋ ਜਿਹੀਆਂ ਭੈੜੀਆਂ ਗੱਲਾਂ ਕਰਨ ਲੱਗ ਪਿਐ ।ਪਰ ,ਦੀਨ-ਦੁਖੀ ਦੇ ਮਾਲਕ ਜੀਓ , ਇਹ ਸਾਰਾ ਕੁਸ਼ ਏਥੇ ਹੁੰਦਾ ਐ, ਮੇਰੇ ਭਾਈਆਂ ਨਾਲ ਵਾਪਰਦਾ ਐ । ਜੇ ਨਈਂ ਯਕੀਨ ਤਾਂ ਭਾਈ ਦਯਾ ਸੂੰਹ ਨੂੰ ਭੇਜ਼ ਕੇ ਪਤਾ ਕਰ ਲਿਆ ਜੇ । ਉਂਝ ਮੈਨੂੰ ਪੱਕਾ ਨਿਸ਼ਚਾ ਐ , ਕਿ ਤੁਹਾਂ ਨੂੰ ਮੇਰੀ ਹਰ ਗੱਲ ‘ਤੇ ਯਕੀਨ ਐ , ਤਾਈਓਂ ਤਾਂ ਲੋੜਮੰਦਾਂ ਦੇ ਮੂੰਹਾਂ ਵਿੱਚ ਪਾਣੀ ਪਾਉਂਦੇ ਦੀ ‘ਸ਼ਕੈਤ’ ਲੱਗਣ ਵੇਲੇ ਤੁਹਾਂ ਮੈਨੂੰ ਮੱਲ੍ਹਮ-ਪੱਟੀ ਵੀ ਦਿੱਤੀ ਸੀ । ਪਰ ,ਹੁਣ ਮੈਂ ਸ਼ਰੇਆਮ ਸਾਰੇ ਘਾਇਲਾਂ ਦੀ ਮੱਲਮ-ਪੱਟੀ ਨਈਂ ਜੇ ਕਰਦਾ , ਦੇਖ-ਚਾਖ ਕੇ ਕਰਦਾਂ ਆਂ । ਤੁਹੀਂ ਆਖੋਗੇ - ਇਹ ਤੈਨੂੰ ਕੀ ਹੋ ਗਿਆ ? ਤੂੰ ਤਾਂ ਭਲਾ ਚੰਗਾ ਸੈਂ । ਮੈਂ ਉੱਤਰ ਦਿਆਂਗਾ - ਹੁਣ ਮੈਨੂੰ ਦਯਾਹੀਨ , ਅਧਰਮੀ ਕੁਸਿੰਘਾਂ ਦੀ ਮਾੜੀ ਮੋਟੀ ਪਛਾਣ ਹੋਣ ਲੱਗ ਪਈ ਐ । ਏਸੇ ਕਰਕੇ ਮੈਂ ਹੁਣ ਹਰ ਇਕ ਦੇ ਮੂੰਹ ਲਾਗੇ ਮਛਕ ਲਿਆਉਣ ਤੋਂ ਕੰਨੀ ਕਤਰਾਉਣ ਲੱਗ ਪਿਆ ਵਾਂ । ਉੱਝ ਕਈ ਵੇਰਾਂ ਆਟੇ ਨਾਲ ਘੁਣ ਵੀ ਪੀਸਿਆਂ ਜਾਂਦੈ , ਪਰ ਕੀ ਕਰਾਂ ਮ੍ਹਾਰਾਜ ਦੀਓ , ਜਦ ਮੈਂ ਦਯਾਵਾਨ , ਧਰਮੀ ,ਹਿੰਮਤੀ ‘ਸਿੰਘਾਂ’ ਨੂੰ ਮੋਹਕਮ ਤੇ ਸਾਹਬ ‘ਚੰਦਾਂ’ ਨਾਲ ਮੋਢੇ ਨਾਲ ਮੋਢੇ ਜ਼ੋੜ ਕੇ ਉਸਾਰੇ ਭਾਈਚਾਰੇ ਨੂੰ ਢਹਿ-ਢੇਰੀ ਕਰਨ ਲਈ ਅਮੀਰਾਂ-ਵਜ਼ੀਰਾਂ-ਬਸ਼ੀਰਾਂ ਵਲੋਂ ਹੁੰਦੇ ਅਤਿਆਚਾਰਾਂ ਵੱਲ ਨਜ਼ਰ ਮਾਰਦਾਂ , ਤਾਂ ਮੇਰਾ ਮਨ ਰੋਹ ਨਾਲ ਭਰ ਜਾਂਦੈ । ਮੈਂ ਸੋਚਦਾ ਆਂ ਕਿਉਂ ਨਾ ਅਹਾਂ ਕੜ੍ਹਾ-ਖਾਣੀਆਂ ‘ਫੌਜਾਂ’ ਨਾਲ ਹੱਥੋਂ-ਹੱਥ ਨਿਬੜਿਐ । ਕਿਉਂ ਮੁੜ-ਘਿੜ ਅਹਾਂ ਅਪਣਿਆਂ ਦਲਾਂ ਦੀ ਸਰਦਾਰੀ ਵੱਡਿਆਂ ਸਰਦਾਰਾਂ ਦੇ ਟੱਬਰਾਂ ਦੇ ਮੁਖੀਆਂ ਹੱਥੀ ਸੌਂਪਦੇ ਰਏ , ਜਿਹਨਾਂ ਨੇ ਤੁਹਾਂ ਦੇ ਸਿਰਜੇ ਸਪਨਿਆਂ ਦਾ ਕੌੜੀ ਮੁੱਲ ਨਈਂ ਪਾਇਆ ।
ਸੱਚਿਆ ਪਾਤਸ਼ਾਹ ਜੀਓ , ਮੈਨੂੰ ਉਹ ਨਾਜ਼ਕ ਟੈਮ ਵੀ ਚੰਗੀ ਤਰ੍ਹਾਂ ਚੇਤੇ ਐ, ਜਦ ਤੁਹਾਂ ਦੇ ਬਹਾਦਰ ਸਿੰਘਾਂ-ਸਿੰਘਣੀਆਂ ਦੇ ਕੱਟੇ ਹੋਏ ਸਿਰਾਂ ਦਾ ਵੀ ਮੁੱਲ ਪਿਆ ਕਰਦਾ ਸੀ ।ਸੌ-ਪੰਜਾਹ ਸਿਰਲੱਥਾਂ ਨੂੰ ਜਿਊਂਦਿਆਂ ਫੜਨ ਲਈ ਮੁਗਲ ਫੌਜਾਂ ਦੇ ਲਸ਼ਕਰਾਂ ਦੇ ਲਸ਼ਕਰ ਆ ਚੜ੍ਹਿਆ ਕਰਦੇ ਸਨ । ਓਦੋਂ ਤਾਂ ਸੱਚ-ਮੁਚ ਈ ਤੁਹਾਂ ਦੇ ਸਾਜੇ-ਨਿਵਾਜੇ ਖਾਲਸੇ ਦੀ ਹੋਂਦ ਨੂੰ ਖਤਰਾ-ਈ-ਖ਼ਤਰਾ ਸੀ , ਪਰ ਹੁਣ ਆਹ ਵੱਡੇ-ਵੱਡੇ ਅਲਾਟੀਆਂ ਦੀ ਕਲ਼ਗੀ ਨੂੰ ਕਿਹੜੀ ਕਿਸਮ ਦਾ ਖਤਰਾ ਆ ਬਣਿਐ ,ਜ਼ੋ ਇਹਨਾਂ ਧਰਮ-ਕੌਮ-ਸੂਬੇ ਦਾ ਟੰਟਾ ਖੜਾ ਕਰ ਕੇ ਵਿਚਾਰੇ ਗਰੀਬ ਧਰਮੀ-ਕਰਮੀ ਲੋਕਾਂ ਨੂੰ ਬਲ੍ਹਦੀ-ਬੂਬੇ ਦਿੱਤਾ ਹੋਇਐ ।ਮੇਰੀ ਮੂੜ੍ਹ ਜਿਹੀ ਬੁੱਧੀ ਅਨੁਸਾਰ ,ਇਹ ਵੀ ਰਾਜ-ਭਾਗ ਵਿਚਲੀਆਂ ਹਿੱਸੇ-ਪੱਤੀਆਂ ਦਾ ਈ ਰਗੜਾ-ਝਗੜਾ ਐ ।ਕਿਉਕਿ ਰਾਜ ਕਰਦੀ ਬਹੁ-ਗਿਣਤੀ ਦੇ ਵੱਡੇ ਚੌਧਰੀਆਂ ਨੇ ਘੱਟ ਗਿਣਤੀ ਦੇ ਵੱਡੇ ਚੌਧਰੀਆਂ ਨੂੰ ਚੌਧਰ-ਦੌੜ ਅੰਦਰ ਅਪਣੇ ਤੋਂ ਫਾਡੀ ਰੱਖ ਰੱਖਿਆ ,ਇਸੇ ਕਰਕੇ ਉਨ੍ਹਾਂ ਵੀ ਵੇਲਾ ਤਾੜ ਕੇ ਕੋਈ ਨਾ ਕੋਈ ਵਾ-ਵੇਲਾ ਖੜਾ ਕਰਨਾ ਸੀ ਸੋ ਕਰ ਦਿੱਤਾ ।ਬੱਸ ਇਹਦੇ ਤੋਂ ਸਿਵਾ ਜੇ ਕੋਈ ਹੋਰ ਗੱਲ ਹੋਵੇ ਤਾਂ ਮੈਨੂੰ ਨੀਮੇਂ ਬਹਾ ਕੇ ਪੁਛਿਆ ਜੇ।
ਮ੍ਹਾਰਾਜ ਜੀਓ , ਔਹ ਜਿਹੜੇ ਉੱਚੀਆਂ-ਉੱਚੀਆਂ ਕਾਠੀਆਂ ਆਲੇ ਵੱਡੇ-ਵੱਡੇ ਵਿਸਵੇਦਾਰ ,ਨਿੱਤ-ਨਮੇਂ ਦੇਸ਼ ਉੱਨਤੀ-ਏਕਤਾ ਨੂੰ ਖਤਰੇ ਦਾ ਭੈਅ ਖੜਾ ਕਰ ਕੇ , ਜਨ-ਸੇਵਕ ਅਖਵਾਉਣ ਦੀਆਂ ਟਾਹਰਾਂ ਮਾਰਦੇ ਐ , ਉਨ੍ਹਾਂ ‘ਚੋਂ ਕਦੀ ਵੀ ਕੋਈ ਤੁਹਾਂ ਦੀ ਤਰ੍ਹਾਂ ਮਿੱਟੀ ਨਾਲ ਮਿੱਟੀ ਹੋ ਕੇ ਵਸਾਇਆ ‘ਨੰਦਪੁਰ ਛੱਡਣ ਨੂੰ ਤਿਆਰ ਨਈਂ ਹੋਇਆ । ਉਨ੍ਹਾਂ ‘ਚੋਂ ਕਦੀ ਕਿਹੇ ਦਾ ਜੀਤ ਸਿਓਂ-ਜੁਝਾਰ ਸਿਓਂ ਰਣਤੱਤੇ ਅੰਦਰ ਨਈਂ ਜੂਝਿਆ । ਕਦੀ ਕਿਹੇ ਦਾ ਜ਼ੋਰਾਵਰ ਸੂੰਹ-ਫਤੇਹ ਸੂੰਹ ਮਹਾਂ-ਮੂਹੀਂ ਇੱਟਾਂ ਚੂਨੇ ਦੇ ਭਾਰ ਹੇਠ ਨਈਂ ਦੱਬ ਹੋਇਆ ।ਕਦੀ ਵੀ ਕਿਹੇ ਮਾਈ ਦੇ ਲਾਲ ਨੇ ਆਪਣੇ ਮਾਂ-ਪਿਓ ਨੂੰ ਕਤਲ-ਗਾਹਾਂ ਵਲ ਭੇਜਣ ਦੀ ਹਿੰਮਤ ਨਈਂ ਕੀਤੀ । ਸਿੱਧੇ-ਪੱਧਰੇ ਆਲੇ-ਭੋਲੇ ਲੋਕਾਂ ਨੂੰ ਸੂਲੀ ਤੇ ਟੰਗ ਕੇ ਤਮਾਸ਼ਾ ਦੇਖਣ ਆਲੇ ਇਹ ਭੱਦਰ-ਪੁਰਸ਼ ਜ਼ੋ ਕਰਦੇ ਐ , ਮੇਰੀ ਨਿਮਾਣੇ ਜਿਹੇ ਸੇਵਕ ਦੀ ਹਿੰਮਤ ਨਈਂ ਜੇ ਪੈਂਦੀ ਦੱਸਣ ਦੀ । ਪਰ ।।।।ਹੁਣ ਜੇਕਰ ਤੁਹਾਨੂੰ ਦੋ ਅੱਖਰ ਲਿਖਣ ਲਈ ਕਾਨੀ ਫੜੀ ਈ ਐ ਤਾਂ ਖ਼ਰੀਆਂ-ਖ਼ਰੀਆਂ ਗੱਲਾਂ ਲਿਖ ਦਿਆਂਗਾ , ਭਾਮੇਂ ਮੇਰਾ ਸਾਰਾ ਘਰ-ਘਾਟ ਕੁਰਕੀ ਹੋ ਜੇ , ਭਾਮੇਂ ਮੈਨੂੰ ਕਿਸੇ ਨਹਿਰ ਕੰਢੇ ਹੋਣ ਵਾਲੇ ਪੁਲਸ-ਮੁਕਾਬਲੇ ਅੰਦਰ ਗੋਲੀ ਦਾ ਨਿਸ਼ਾਨਾ ਬਣਨਾ ਪਵੇ ।
ਮਹਾਂ ਪੁਰਖ ਜੀਓ , ਤੁਹਾਂ ਮਹਾਂ-ਪੁਰਖਾਂ ਦੇ ਖੂਨ ਨਾਲ ਸਿੰਝੇ ਬੂਟਿਆਂ ਦੇ ਫੁਲਾਂ-ਪੱਤਿਆਂ ਉਤੇ ਜਦ ਵੀ ਕਿਸੇ ਔੜ-ਸੌਕੇ ਦੀ ਆਫਤ ਆਈ ਐ,ਤਾਂ ਖੁਲ੍ਹੇ ਖੇਤਾਂ ਅੰਦਰ ਉੱਗੀਆਂ ਫਸਲਾਂ ਅਤੇ ਰਾਹਾਂ ਕੰਢੇ ਲੱਗੇ ਛਾਂ-ਦਾਰ ਬ੍ਰਿਖਾਂ ਦੇ ਈ ਪਿੰਡੇ ਝਰੀਟੇ ਗਏ ਹਨ । ਕਦੀ ਵੀ ਕਿਸੇ ਬੰਗਲੇ ਦੀ ਕਿਆਰੀ ਅੰਦਰ ਉੱਗੀ ਕਲੀ ਨੂੰ ਸੇਕ ਨਈਂ ਲੱਗਾ । ਦਿੱਲੀ-ਦੱਖਣ ਤੋਂ ਲੈ ਕੇ ਕਾਬਲ-ਕੰਧਾਰ ਦੇ ਸ਼ਾਹੀ-ਮਹਿਲਾ ਦੇ ਮੁਕਟ-ਧਾਰੀਆਂ ਨੂੰ ਚਾਰ ਕੌਡਾਂ ਦੀ ਖੋਹ-ਖਿੰਝ ਖਾਤਰ ਬਾਰਾਂ-ਦੁਆਬਾਂ ,ਝੰਗ-ਬੇਲਿਆਂ ਅੰਦਰ ਡੁੱਲੇ ਖੂਨ ਦਾ ਹਿਰਖ ਤੱਕ ਨਈਂ ਹੋਇਆ । ਹੁਣ ਜਦ ਅਸੀਂ ਔਰੰਗੇ ਤੋਂ ਤਰੰਗੇ ਤਕ ਦੀ ਮਾਰ-ਧਾੜ, ਵੱਡ-ਟੁੱਕ ਦਾ ਅਸ਼ਮੇਧ-ਯੱਗ ਕਰਾਉਣ ਆਲੀਆਂ ਮਹਿਲ-ਅਟਾਰੀਆਂ ਤੋ ਢਾਰੇ-ਝੁੱਗੀਆਂ-ਝੌਪੜੀਆਂ ਦੇ ਅਜਾਈਂ ਕੀਤੇ ਉਜਾੜੇ ਦਾ ਸ੍ਹਾਬ ਮੰਗਦੇ ਆਂ, ਤਾਂ ਬਾਈ ਧਾਰਾਂ ਵਰਗੇ ਅਠਾਈ ਸੂਬਿਆਂ ਦੇ ਰਾਜਿਆਂ ਨੂੰ ਬੜਾ ਕਸ਼ਟ ਹੁੰਦੈ । ਅੰਦਰੋ-ਅੰਦਰੀ ਉਹ ਬਹੁਤ ਤਰਲੋ-ਮੱਛੀ ਹੁੰਦੇ ਐ । ਕੜ੍ਹੀ ਨੂੰ ਆਏ ਉਬਾਲੇ ਆਂਗ,ਆਪਣੀਆਂ ਸੰਗੀਨਾਂ ਦਾ ਮੂੰਹ ਸਾਡੀ ਵਲ ਤਣ ਦਿੰਦੇ ਐ । ਸਾਡੀਆਂ ਮੁਕਤੀ ਫੌਜਾਂ ਨੂੰ ਤਹਿਸ-ਨਹਿਸ ਕਰਨ ਲਈ ਹਰ ਢੰਗ ਵਰਤਦੇ ਐ । ਕਦੀ ਸਾਡੇ ਗਿਣਮੇਂ-ਚੁਣਮੇਂ ਬੰਦਿਆਂ ਨੂੰ ਲਾਲਚ ਦੇ ਕੇ ਆਪਣੀ ਬੋਲੀ ਬਲਾਉਣ ਦਾ ਯਤਨ ਕਰਦੇ ਐ । ਕਦੀ ਉਹ ਆਪਣੀ ਚੀਚੀ ਉਂਗਲੀ ਨੂੰ ਚੀਰਾ ਦੇ ਕੇ ਸ਼ਹੀਦ ਅਖਵਾਉਣ ਦਾ ਭੁਲੇਖਾ ਪਾਉਂਦੇ ਐ । ਉਤੋਂ-ਉਤੋਂ ਲੋਕ-ਸੇਵਕ, ਜਨ-ਭਗਤ,ਦੇਸ਼-ਬੰਦੂ ਹੋਣ ਦੀਆ ਢੀਗਾਂ ਮਾਰਦੇ ਗੱਦੀਦਾਰ, ਬੋਲੀ ਨੂੰ ਬੋਲੀ, ਧਰਮ ਨੂੰ ਧਰਮ , ਕੌਮ ਨੂੰ ਕੌਮ , ਸੂਬੇ ਨੂੰ ਸੂਬੇ ਨਾਲ ਲੜਾਉਣ ਦਾ ਹਰ ਹੀਲਾ ਵਰਤਦੇ ਐ । ਫਿਰ ਵੀ ਜੇ ਉਨ੍ਹਾਂ ਦਾ ਦਾਅ ਨਾ ਭਰੇ ਦਾਂ ਗੁਆਂਡੀ ਮੁਲਕਾਂ ਦੇ ਰਾਜਿਆਂ ਨਾ ਗਾਂਡਾਂ-ਸਾਂਡਾ ਕਰ ਕੇ , ਹੱਦਾਂ-ਸਰਹੱਦਾਂ ਦਾ ‘ਝਗੜਾ’ ਖੜਾ ਕਰ ਕੇ ਆਪਣੇ ‘ਪਿਆਰੇ’ ਤੇ ਜਾਨਬਾਜ਼ ਫੌਜੀਆਂ ਦੇ ਖੂਨ ਨਾਲ ਹੋਲੀ ਖੇਡਦੇ ਐ। ਹੋਰ ਤਾਂ ਹੋਰ ਜਿਹਨਾਂ ਸੁਆਣੀਆਂ ਦੀ ਮਾਂਗ ਦਾ ਸੰਧੂਰ ਕਿਸੇ ਫਰਜ਼ੀ ਹੱਦ-ਬੰਨੇ ਦੀ ਰਾਖੀ ਕਰਦਿਆਂ, ਇਨ੍ਹਾਂ ਦੇ ਟੈਕਾਂ ਦੇ ਭਾਰ ਹੇਠ ਦਰੜਿਆ ਜਾਂਦੈ, ਉਨ੍ਹਾਂ ਦੇਈ ਸੱਗੀ-ਫੁੱਲ ,ਕਾਂਟੇ,ਬਾਲ੍ਹੀਆਂ ,ਨੱਥਾਂ ਤੱਕ ਕਿਸੇ ਨਾਕਾਰੀ ਜਿਹੀ ਸਲਾਈ ਮਸ਼ੀਨ ਦੇ ‘ਤੋਹਫੇ’ ਬਦਲੇ ਲੁਟ ਹੋ ਕੇ , ਰਾਜਿਆਂ-ਮ੍ਹਰਾਜਿਆਂ ਦੇ ਤਹਿਖ਼ਾਨਿਆਂ ਅੰਦਰ ਨੱਪੀਆਂ ਤਜੌਰੀਆਂ ਅਤੇ ਲਾਕਰਾਂ ਅੰਦਰ ਘੁਟ ਹੋ ਜਾਂਦੈ ।
ਪਹਿਲੋਂ-ਪਹਿਲ ਤਾਂ ਮ੍ਹਰਾਜ਼ ਜੀਓ , ਮੈਨੂੰ ਇਸ ਲੁੱਟ-ਖਸੁਟ,ਦੋਗਲ ਨੀਤੀ , ਲੂੰਬੜਬਾਜ਼ੀ ਦੀ ਰਤੀ ਭਰ ਸਮਝ ਨਈਂ ਸੀ , ਪਰ ਹੁਣ ਅਪਣੇ ਈ ਪਿੰਡ ਦੀ ਲਹਿੰਦੀ ਬਾਹੀ ਆਲੇ ਬਖਸ਼ਾ ਸੂੰਹ ਦੀਆਂ ਗੱਲਾਂ ਸੁਣ ਸੁਣ ਕੇ , ਇਸ ਸਾਰੇ ਜੁਗਾੜ ਦੀ ਮਾੜੀ ਮੋਟੀ ਸਮਝ ਪੈ ਗਈ ਐ । ਚਾਰੇ-ਕੂੰਟਾਂ, ਦੇਸ਼ਾਂ-ਦਸ਼ੰਤਰਾਂ ਅੰਦਰ ਘੁੰਮਿਆ-ਫਿਰਿਆ ਬਖਸ਼ਾ ਸਿਓ , ਟੈਮ-ਕੁਟੈਮ ਪਿੰਡ ਦੀ ਮੁਢੀਰ ਨੂੰ ‘ਕੱਠਿਆਂ ਕਰ ਕੇ ਦਸਦਾ ਹੁੰਦੈ ਕਿ ਇਸ ਸਾਰੇ ਸਿੜੀ-ਸਿਆਪੇ ਦੀ ਜੜ੍ਹ ਜੈਦਾਤ-ਐ-ਜੈਦਾਤ , ਜਿਹਨੂੰ ਸਾਡੇ ਵੱਡੇ-ਵਡੇਰੇ ਮਾਇਆ ਆਂਹਦੇ ਹੁੰਦੇ ਸੀ । ਪਸ਼ੂਆਂ,ਜਨੌਰਾਂ,ਮਨੁੱਖਾਂ ਦੇ ਸਦਾਚਾਰ-ਸਭਿਆਚਾਰ ਦੀ ਸਾਰੀ ਦੀ ਸਾਰੀ ਤਵਾਰੀਖ ਜੈਦਾਤ ਉੱਤੇ ਕਬਜ਼ਾ ਜਮਾਈ ਰੱਖਣ ਦੀ ਈ ਤਵਾਰੀਖ ਐ । ਸਤਜੁਗ ਦੇ ਮੁਠ ਭਰ ਧਰਮੀਂ ਬੰਦੇ ਵੀ ਇਹਦੀ ਲਾਲਸਾ ਤੋਂ ਮੁਕਤ ਨਈਂ ਹੋ ਸਕੇ। ਫਿਰ ਕਲਯੁਗ ਤਾਂ ਹੈ ਈ ਅਰਬਾਂ-ਖਰਬਾਂ ਵਿਚਕਾਰ ਓਡੀ-ਦੀ-ਓਡੀ ਧਰਤੀ ਦੇ ਵਧ-ਤੋਂ-ਵਧ ਹਿੱਸੇ ‘ਤੇ ਕਬਜਾ ਕਰਨ ਦੀ ਲੜਾਈ ।
ਪਰ , ਸੱਚੇ ਪਾਤਸ਼ਾਹ ਜੀਓ , ਤੁਹਾਂ ਵੀ ਤਾਂ ਰਾਜ-ਘਰਾਣੇ ਵਿਚ ਈ ਜੰਮੇ ਪਲੇ ਸਾਓ , ਤੁਹਾਂ ਕੋਲ ਵੀ ‘ਨੰਦਪੁਰ ਦੀ ਸੈਂਕੜੇ ਏਕੜ ਭੂਮੀ ਦੀ ਮਾਲਕੀ ਹੈ ਸੀ । ਤੁਹੀਂ ਵੀ ਗੁਆਂਡੀ ਬਾਈ ਧਾਰਾਂ ਨਾਲ ਜੁੜਮੀਂ ਅਪਣੀ ਤੇਈਮੀਂ ਧਾਰ ਬਣਾ ਸਕਦੇ ਸਾਓ । ਤੁਹੀਂ ਵੀ ਲਾਹੌਰ , ਮੁਲਤਾਨ ,ਸਰਹੰਦ ਦੇ ਸੂਬੇਦਾਰਾਂ ਨਾਲ ਮਿਲੀ ਭੁਗਤ ਕਰ ਦੇ ਦਿੱਲੀ ਦੇ ਸ਼ਹਿਨਸ਼ਾਹ ਬਣ ਸਕਦੇ ਸਾਓ । ਪਰ ਤੁਹਾਂ ਤਾਂ ਦੀਨ-ਦੁਖੀ ਦੇ ਮਾਲਕ ਬਨਣ ਲਈ ਦੁਸ਼ਟ-ਦਮਨ ਬਣ ਕੇ ਦਿਖਾਇਆ । ਹਜ਼ਾਰਾਂ ਕਸ਼ਟ ਝੱਲੇ । ਸਾਰੇ ਦਾ ਸਾਰਾ ਟੱਬਰ ਖੇਰੂੰ-ਖੇਰੂੰ ਕਰਵਾਇਆ , ਕਿਉਂਜੋ ਤੁਹਾਂ ਮਾਇਆ ਦੇ ਵਰਤਾਰੇ ਦਾ ਅਸਲੀ ਚਿਹਰਾ ਚੰਗੀ ਤਰ੍ਹਾਂ ਪਛਾਣ ਲਿਆ ਸੀ ।
ਇਸ ਗੱਲ ਦੀ ਹੁਣ ਮੈਨੂੰ ਭਲੀ-ਭਾਂਤ ਸਮਝ ਪੈ ਗਈ ਐ , ਪਈ ਤੁਹਾਂ ਜ਼ੋ ਕੀਤਾ ਕਿਸ ਲਈ ਕੀਤਾ ? ਸੋਨੇ ਅਰਗੇ ਜਿਗਰ ਦੇ ਟੋਟਿਆਂ ਦਾ ਸਨੇਹ , ਆਲੀਸ਼ਾਨ ਰੈਣ-ਬਸੇਰੇ , ਗੜ੍ਹੀਆਂ-ਕੋਟ-ਕਿਲੇ੍ਹ ਛੱਡ-ਛੁਡਾ ਕੇ ਆਪਣੀ ਚੰਦਨ ਅਗਰੀ ਦੇਹ ਨੂੰ ਸੂਲਾਂ-ਕੰਡਿਆਂ ਦੇ ਹਵਾਲੇ ਕੀਤਾ ਤਾਂ ਕਿਉਂ ? ਸਰੋਂਦੀ ਕਵਿਤਾ ਅਰਗੀ ਨੀਂਦ ਨੂੰ ਸਲਵਾੜ ਦੇ ਚੀਰੇ ਲਗਵਾਏ ਤਾਂ ਕਿਹਦੀ ਖਾਤਰ ? ਪਰ , ਤੁਹਾਂ ਦੀ ਅਣਥੱਕ ਘਾਲਣਾ ਘਾਲ ਕੇ ਸਿਰਜੀ ਲਾਡਲੀ ਫੌਜ਼ ਜਿੰਨਾ ਚਿਰ ਮੁਕਤੀ ਕਾਰਜਾਂ ਦੇ ਪਰਉਪਕਾਰੀ ਕੰਮਾਂ ਅੰਦਰ ਰੁਝੀ ਰਈ , ਓਨਾ ਚਿਰ ਮੋਹ-ਮਾਇਆ ਦੇ ਬੰਧਨਾਂ ਤੋਂ ਮੁਕਤ ਰਈ । ਤੁਰਕਾਂ ਦੇ ਰੋਜ਼-ਦਿਹਾੜੇ ਹੁੰਦੇ ਹਲਿਆਂ ਨੂੰ ਠੱਲ੍ਹ ਪਾ, ਜਦੋਂ ਮਿਸਲਾਂ ਨੇ ਅਪਣੀ ਵਖ-ਵਖ ਸਰਦਾਰੀ ਕੈਮ ਕਰ ਲਈ ਤਾਂ ਸਭ ਦੇ ਸਭ ਓਸੇ ਜਿੱਲਣ ਅੰਦਰ ਮੁੜ ਫਸ ਗਏ , ਜਿਥੋਂ ਤੁਹਾਂ ਉਨ੍ਹਾਂ ਨੂੰ ਆਪਣਾ ਸਾਰਾ ਕੁਸ਼ ਨਿਸਾਵਰ ਕਰ ਕੇ ਕੱਢਿਆ ਸੀ ।
ਪਰੰਤੂ ਇਹਦਾ ਮਤਲਬ ਇਹ ਨਈਂ ਕਿ ਤੁਹਾਂ ਦੀ ਬਖਸ਼ੀ ਦਾਤ ਤੋਂ ਅਹੀਂ ਬਿਲਕੁਲ ਅਵੇਸਲੇ ਹੋ ਕੇ ਗਏ ਆਂ -ਐਸਾ ਕਦਾਚਿਤ ਨਈਂ ਹੋ ਸਕਦਾ , ਨਾ ਹੋਵੇਗਾ ਈ । ਗੰਗਾ ਅਤੇ ਸਤਲੁਜ਼ ਤੇ ਵਿਹੜੇ ਵਸਦੇ ਲੋਕ ਆਦਿ ਸਮੇਂ ਤੋਂ ਈ ਬਹਾਦਰ ਅਤੇ ਨਿਡਰ ਅਨ ।ਹੁਣ ਤਾਂ ਸਗੋਂ ਬਖ਼ਸ਼ਾ ਸੂੰਹ ਦੀਆਂ ਦੱਸੀਆਂ ਸਾਂਝਾ ਭਾਈਚਾਰਾ ਉਸਾਰਨ ਦੀਆਂ ਵਿਧੀਆਂ ਨੇ ਸੋਨੇ ‘ਤੇ ਸੁਹਾਗੇ ਆਲੀ ਗੱਲ ਕੀਤੀ ਐ । ਹੁਣ ਤਾਂ ਵਿਚਾਰਾਂ ਦੇ ਤੇਜ਼ ਤਰਾਰ ਹਥਿਆਰ ਨਾਲ ਲੈਸ ਹੋ ਕੇ ਲੱਖਾਂ ਮਰਜੀਵੜੇ ਤਲਵਾਰਾਂ ਦੀ ਛਾਂ ਹੇਠ ਆਉਣ ਲਈ ਤਿਆਰ-ਬਰ-ਤਿਆਰ ਅਨ । ਇਹ ਵੀ ਤੁਹਾਡੇ ਆਂਗੂ ਮਾਇਆ ਦੇ ਸਨੇਹ ਤੋਂ ਮੁਕਤ ਹੋ ਕੇ ਆਪਣੇ ਸੁਖ ਦੂਜਿਆ ਖ਼ਾਤਰ ਕੁਰਬਾਨ ਕਰਨ ਲਈ ਤੱਤਪਰ ਅਨ ।
ਪਰ।।।।।।।ਪਰ ਮਾਜਰਾ ਇਹ ਵੇ ਕਿ ਇਨ੍ਹਾਂ ਆਤਮ-ਬਲਦਾਨੀਆਂ ਦੇ ਸਾਹਸ ਨੂੰ ਵਰਤਣ ਆਲੇ ‘ਪੀਰਾਂ-ਫਕੀਰਾਂ’ ਤੋਂ ਅਜੇ ਤਾਈ ਸਿਰ ਜ਼ੋੜ ਕੇ ਬੈਠਣ ਨਈਂ ਹੋਇਆ ।ਅੱਧੀ ਸਦੀ ਦੀ ਘੋਖ-ਪੜਤਾਲ ਪਿਛੋਂ ਵੀ ਨਾਦਰ ਸ਼ਾਹਾਂ-ਵਜ਼ੀਰ ਖਾਨਾਂ ਦੀ ਪਛਾਣ ਨਈਂ ਹੋਈ । ‘ਅਮ੍ਰਿਤਧਾਰੀ’ ਸਿੱਖਾਂ ਨੂੰ ਸ਼ਹੀਦ ਕਰਨ ਆਲੇ ਜ਼ਕਰੀਆ ਖ਼ਾਨਾਂ-ਮੀਰ ਮਨੂਆਂ ਨਾਲੋਂ ਸਾਂਝ ਭਿਆਲੀ ਨਈਂ ਟੁੱਟੀ । ਸੱਥਾਂ ਢਾਰਿਆਂ ਨੂੰ ਜਾਣ ਆਲੀਆਂ ਪੈੜਾਂ , ਮਹਿਲਾਂ-ਮੱਠਾਂ ਦੀਆਂ ਵਲਗਣਾਂ ਅੰਦਰ ਗੁਆਚ ਗਈਆਂ । ਗੁਰਬਤ , ਗੁਲਾਮੀ , ਭੁਖ਼ਮਰੀ ਨੂੰ ਡੇਗਣ ਆਲੀਆਂ ਕਲਮਾਂ ਇਕ ਦੂਜੀ ਦੇ ਖੰਭ ਖੋਹਣ ਲਈ ਬੁਰੀ ਤਰ੍ਹਾਂ ਗੁਥਮ-ਗੁਥਾ ਹੋਇਆ ਪਈਆਂ । ਮਿਨ੍ਹਤੀਆਂ-ਮਜ਼ੂਰਾਂ ਦੇ ਬੰਦ-ਖ਼ਲਾਸ , ਚੌਧਰ ਦੀ ਮ੍ਰਿਗ-ਤ੍ਰਿਸ਼ਨਾ ਅੰਦਰ ਭਟਕਦੇ ਦੋ-ਚਾਰ-ਦਸ-ਵੀਹ ਮੰਜੀਆਂ ਡਾਕ ਕੇ ਬੈਠ ਗਏ । ਹੱਡ-ਭੰਨਵੀਂ ਮੁਸ਼ੱਕਤ ਕਰਨ ਆਲੀਆਂ ਵਹੀਰਾਂ ਦੀ ਅਗਵਾਈ ਕਰਦੇ ‘ਖਾਂਦੇ-ਪੀਦੇਂ ਮੁਕਤੀਦਾਤਿਆਂ’ ਨੇ ਮੁੜ ਅਪਣਾ ਅਸਲੀ ਕਿਰਦਾਰ ਦੱਸ ਦਿੱਤਾ ਐ । ਗੱਦਾਰੀ ਫਿਰ ਤੇਜਾ ਸੂੰਹ , ਗੁਲਾਬ ਸੂੰਹ , ਲਾਲ ਸੂੰਹ ਨੇ ਈ ਕੀਤੀ ਐ । ਅਟਾਰੀ ਆਲੇ ਸ਼ਾਮ ਸਿੰਘਾਂ ਨੇ ਤਾਂ ਕਦੀ ਭੁਲ ਕੇ ਵੀ ਰਣਤੱਤੇ ਨੂੰ ਪਿੱਠ ਨਈਂ ਦਿਖਾਈ । ਸੁਕ-ਬਰੂਰੇ ਛੋਲੇ ਖਾ ਕੇ ਜਮਰੌਦਾਂ ਫਤਿਹ ਕਰਨ ਆਲੇ ਖਾਲਸੇ , ‘ਇਕ ਸਰਕਾਰ’ ਤੋਂ ਵਾਝੇਂ ਹੋ ਕੇ ਮੁੜ ਤੀਰਥ-ਯਾਤਰਾਵਾਂ ‘ਤੇ ਨਿਕਲ ਗਏ ਅਨ । ਕਿਉਂਜੋਂ ਸਿਰਲੱਥ ਕਾਫਲਿਆਂ ਦੇ ਝੰਡਾ-ਬਰਦਾਰ ਹਾਲੀ ਤਕ ਵੀ ਅਪਣੀ ਧੁੰਦ ਘਿਰੇ ਹੋਏ ਅਨ ।
ਦੁਸ਼ਟ-ਦਮਨ ਜੀਓ , ਤੁਹਾਂ ਦੇ ਅਪਣਾਏ ਪੈਂਤੜੇ ਦਾ ਧਿਆਨ ਧਰ ਕੇ ,ਜ਼ਦ ਮੇਰੇ ਅੰਦਰ ਤੁਹਾਂ ਦੀ ਬਖਸ਼ੀ ਫਤਿਹ ਦਾ ਜੈਕਾਰਾ ਸਰਬਤ ਦੇ ਭਲੇ ਲਈ ਆਪ-ਮੁਹਾਰੇ ਗੂੰਜ ਉਠਦਾ ਐ, ਤਾਂ ਮਾਨਵ ਜਾਤੀ ਦੇ ਦੋਖੀਆਂ ਦਾ ਫਰੇਬੀ ਚਿਹਰਾ , ਮੇਰੀ ਅਲੜ੍ਹ ਜਿਹੀ ਸੂਝ ਉਤੇ ਸਾਫ-ਸਾਫ ਉੱਕਰਿਆ ਜਾਂਦਾ ਐ, ਜਿਸ ਕਰਕੇ ਮੇਰੀ ਮਛਕ ਦੇ ਮੂੰਹ ‘ਚੋਂ ਨਿਕਲਦੀ ਧਾਰ , ਚੌਧਰ ਲਈ ਸਹਿਕਦੇ-ਤੜਫਦੇ ਬੁਲ੍ਹਾਂ ਦੇ ਡਿਗਣੋਂ ਰੁਕ ਕੇ , ਅਪਣਾ-ਬਿਗਾਨਾ ਪਛਾਨਣ ਲੱਗ ਪੈਂਦੀ ਐ । ਮੇਰੀ ਮੱਛਕ ਦੀ ਇਸ ਕਰਤੂਤ ‘ਤੇ ਤੁਹੀਂ ਨਾਰਾਜ਼ ਤਾਂ ਜਰੂਰ ਹੋਵੋਗੇ , ਪਰ ਕੀਤਾ ਕੀ ਜਾਏ , ਇਹ ਇਦ੍ਹੀ ਮਜਬੂਰੀ ਵੀ ਐ ਤੇ ਸਮੇਂ ਦੀ ਲੋੜ ਵੀ ।
ਸੱਚਿਆ ਪਤਾਸ਼ਾਹ ਜੀਓ , ਮੈਂ ਆਪ ਦਾ ਬਹੁਤ ਸਾਰਾ ਟੈਮ ਹਰਜ ਕੀਤਾ ਐ । ਪਰ, ‘ਨੰਦਪੁਰ ਦੀ ਲੜਾਈ ਅੰਦਰ ਬੋਲੇ ਮਿੱਠੇ ਜਿਹੇ ਸੱਚ ਆਸਰੇ ਈ ਐਡਾ ਵੱਡਾ ਕੂਟ-ਕੱਪੜ-ਝੂਠ ਦੱਸਣ ਦੀ ਹਿੰਮਤ ਕੀਤੀ ਐ । ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ਼ ਕਰਨਾ ਅਤੇ ਅਗਾਂਹ ਤੋਂ ਵੀ ਸੱਚ ਸੱਚ ਬੋਲਦੇ ਰਹਿਣ ਦੀ ਹਿੰਮਤ ਬਖਸ਼ਣਾ ਜੀ ।
ਮੈਂ ਹਾਂ ਆਪ ਦਾ ਜੀ ਦਾ ਸੇਵਕ,
ਘਨਈਆ ( ਭਾਈ )
****
No comments:
Post a Comment