ਸ਼ਾਂਤ ਆਦਮੀ.......... ਮਿੰਨੀ ਕਹਾਣੀ / ਤਰਸੇਮ ਬਸ਼ਰ

ਮੁਹੱਲੇ ਦੇ ਨੇੜੇ ਹੀ ਦਰਖੱਤਾਂ ਦੇ ਝੁੰਡ ‘ਚ ਇੱਕ ਚਾਦਰ ਥੱਲੇ ਰਹਿੰਦੇ ਅਮਰਨਾਥ ਨੂੰ ਲੋਕਾਂ ਨੇ ਹਮੇਸ਼ਾ ਕੁੱਤਿਆਂ ਨਾਲ ਖੇਡਦਿਆਂ, ਦਰੱਖਤਾਂ ਨਾਲ ਗੱਲਾਂ ਕਰਦਿਆਂ ਤੇ ਆਪ ਮੁਹਾਰੇ ਹੱਸਦਿਆਂ ਹੀ ਦੇਖਿਆ ਸੀ । ਉਹ ਬੋਲਦਾ ਤਾਂ ਕਿਸੇ ਨਾਲ ਘੱਟ ਹੀ ਸੀ ਪਰ ਇੰਨਾਂ ਕੁ ਸਮਾਜਿਕ ਜ਼ਰੂਰ ਸੀ ਕਿ ਦੋ ਤਿੰਨ ਘਰ ਸਨ, ਜਿੱਥੇ ਉਹ ਸ਼ਾਮ ਸਵੇਰੇ ਚੁੱਪ-ਚਾਪ ਜਾ ਖਲੋਂਦਾ ਤੇ ਖਾਣਾ ਲੈ ਆਉਂਦਾ । ਕੁਝ ਲੋਕਾਂ ਨੇ ਹਮਦਰਦੀ ਵੱਸ ਉਹਦਾ ਅੱਗਾ ਪਿੱਛਾ ਜਾਣਨ ਦੀ ਕੋਸਿ਼ਸ਼ ਕੀਤੀ ਪਰ ਅਸਫਲ ਰਹੇ ।

ਅਸਲ ‘ਚ ਸ਼ਹਿਰ ਵਿੱਚ ਇੱਕ ਵੱਡਾ ਸਾਰਾ ਘਰ ਤੇ ਉਸੇ ਦੇ ਅਗਲੇ ਹਿੱਸੇ ਵਿੱਚ ਬਣੀ ਵੱਡੀ ਸਾਰੀ ਦੁਕਾਨ ਤੇ ਹੀ ਜਿ਼ਆਦਾ ਸਮਾਂ ਬੀਤਦਾ ਸੀ ਬਾਬੂ ਅਮਰਨਾਥ ਦਾ । ਖੁਸ਼ਹਾਲ ਪਰਿਵਾਰ ਸੀ । ਦੋ ਮੁੰਡੇ ਤੇ ਘਰਵਾਲੀ।  ਵੱਡੇ ਮੁੰਡੇ ਦਾ ਵਿਆਹ ਵੀ ਬੜੀ ਸ਼ਾਨੋ ਸ਼ੌਕਤ ਨਾਲ ਹੋਇਆ ਸੀ । ਵੱਡੀ ਨੂੰਹ ਨੇ ਆਉਂਦਿਆਂ ਹੀ ਆਪਣੀ ਵਿਵਹਾਰਿਕ ਸੋਚ ਨੂੰ ਅਮਲੀ ਜਾਮਾਂ ਪਹਿਨਾ ਦਿੱਤਾ ਸੀ । ਨਤੀਜਤਨ ਬਾਬੂ ਅਮਰਨਾਥ ਦੁਕਾਨ ਤੋਂ ਬਾਹਰ ਸੀ ਤੇ ਵੱਡਾ ਲੜਕਾ ਦੁਕਾਨ ਦੀ ਗੱਦੀ ‘ਤੇ । ਛੋਟੇ ਲੜਕੇ ਦੀ ਸ਼ਾਦੀ ਹੋਈ ਤਾਂ ਹਾਲਾਤ ਹੋਰ ਖਰਾਬ ਹੋ ਗਏ । ਹੁਣ ਵੱਡੀ ਦੁਕਾਨ ਦੀਆਂ ਦੋ ਦੁਕਾਨਾਂ ਬਣ ਗਈਆਂ ਸਨ । ਅਮਰਨਾਥ ਨੂੰ ਸਮਾਂ ਕਿਸੇ ਤਰ੍ਹਾਂ ਘਰ ਤੋਂ ਬਾਹਰ ਬਿਤਾਉਣਾ ਪੈਂਦਾ ਸੀ ਤੇ ਉਸ ਦੀ ਘਰਵਾਲੀ ਨੂੰ ਜਾਂ ਤਾਂ ਨੂੰਹਾਂ ਦੀ ਖਿਦਮਤ ਕਰਨੀ ਪੈਂਦੀ ਜਾਂ ਫਿਰ ਦੁਤਕਾਰ ਸੁਣਨੀ ਪੈਂਦੀ । ਅਖੀਰ ਉਹ ਬੀਮਾਰ ਹੋ ਗਈ । ਅਮਰਨਾਥ ਬਹੁਤ ਕੂਕਿਆ ਪਰ ਸਭ ਪੈਸੇ ਦੇ ਪੀਰ ਸਨ ।
ਸ਼ਾਇਦ ਉਹ ਦੋਵੇਂ ਜੀਅ ਬਾਕੀ ਪਰਿਵਾਰ ਲਈ ਕਿਸੇ ਕੰਮ ਦੇ ਨਹੀਂ ਸਨ । ਅਮਰਨਾਥ ਚਾਹ ਕੇ ਵੀ ਕੁਝ ਨਹੀਂ ਕਰ ਸਕਿਆ । ਉਹ ਉਸਨੂੰ ਇੱਕਲਿਆਂ ਛੱਡ ਕੇ ਚਲੀ ਗਈ । ਖੂਨ ਸਫ਼ੈਦ ਹੋਣ ਦੇ ਵਰਤਾਰੇ ਨੇ ਅਮਰਨਾਥ ਨੂੰ ਉਹ ਸਦਮਾ ਦਿੱਤਾ ਕਿ ਉਹ ਚੁੱਪ ਹੋ ਗਿਆ । ਸ਼ਾਂਤ ਬਿੱਲਕੁਲ ਸ਼ਾਂਤ... ਜਿਵੇਂ ਬਰਫ਼ ਦਾ ਬਣਿਆ ਆਦਮੀ ਹੋਵੇ । ਰਸਮਾਂ ਨਿਪਟੀਆਂ ਤੇ ਉਹ ਘਰੋਂ ਚੱਲ ਪਿਆ ਸੀ ਤੇ ਆ ਟਿਕਿਆ ਸੀ ਇੱਥੇ । ਜਿੱਥੇ ਪਹਿਲੀ ਵਾਰ ਬਰਫ਼ ਦੇ ਇਸ ਆਦਮੀ ਵਿੱਚ ਲਰਜਿਸ਼ ਪੈਦਾ ਹੋਈ, ਜਦੋਂ ਦੋ ਦਿਨਾਂ ਬਾਅਦ ਇੱਕ ਕੁੱਤੇ ਨੇ ਅਪਣਤ ਜਤਾਉਂਦਿਆਂ ਉਸਦੇ ਮੋਢੇ ਤੇ ਸਿਰ ਰੱਖ ਦਿੱਤਾ ਸੀ ।

****

1 comment:

DILJODH said...

tru.it happens in life