
ਉਸਦੀ ਸੁਪਰ ਸਟਾਰ ਦਿੱਖ ਦਾ ਅਜਿਹਾ ਅਸਰ ਪਿਆ ਕਿ ਨੌਜਵਾਨ ਕੁੜੀਆਂ ਉਸਦੀ ਖੂਬਸੂਰਤੀ ਤੇ ਸ਼ੋਖ ਅਦਾਕਾਰੀ ਦੀਆਂ ਅਦਾਵਾਂ ‘ਤੇ ਮਰ ਮਿਟਦੀਆਂ ਸਨ। ਸਿਰਫ ਇੱਕ ਝਲਕ ਪਾਉਣ ਲਈ ਉਸਦੇ ਬੰਗਲੇ ਦੇ ਸਾਹਮਣੇ ਖੜੀਆ ਰਹਿੰਦੀਆਂ ਸਨ। ਉਸ ਨਾਲ ਵਿਆਹ ਕਰਵਾਉਣ ਲਈ ਆਪਣੇ ਖੂੁਨ ਨਾਲ਼ ਖਤ ਲਿਖਦੀਆਂ ਸਨ । ਉਸਦੀ ਫੋਟੋ ਨਾਲ ਵਿਆਹ ਕਰਵਾ ਕੇ ਆਪਣੇ ਸਿਰ ਦੇ ਚੀਰ ਨੂੰ ਸਿੰਧੂਰ ਨਾਲ਼ ਭਰ ਲੈਂਦੀਆਂ । ਜਦ ਉਸਦੀ ਕਾਰ ਸਟੂਡੀਓ ਦੇ ਗੇਟ ‘ਤੇ ਆ ਕੇ ਖੜਦੀ ਤਾਂ ਬੰਦ ਕਾਰ ਦੇ ਸ਼ੀਸ਼ਿਆਂ ਨੂੰ ਚੁੰਬਨ ਕਰਕੇ ਆਪਣੇ ਮਨ ਦੀ ਹਸਰਤ ਪੂਰੀ ਕਰਦੀਆਂ। ਕਈ ਵਾਰ ਤਾਂ ਇੰਝ ਹੁੰਦਾ ਕਿ ਰਾਜੇਸ਼ ਖੰਨਾ ਨੂੰ ਵੇਖਣ ਆਈ ਭੀੜ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਂਦਾ ਸੀ। ਰਾਜੇਸ਼ ਖੰਨਾ ਹੀ ਫਿਲਮੀ ਖੇਤਰ ਦਾ ਅਜਿਹਾ ਪਹਿਲਾ ਹੀਰੋ ਸੀ, ਜਿਸਨੇ ਫਿਲਮੀ ਹਸਤੀਆਂ ਨੂੰ ਸਾਦਗੀ ‘ਚੋਂ ਕੱਢਕੇ ਅਸਲ ਸ਼ਾਹੀ ਜ਼ਿੰਦਗੀ ਜਿਉਣ ਦਾ ਢੰਗ ਸਿਖਾਇਆ ਤੇ ਮਰਦੇ ਦਮ ਤੱਕ ਆਪਣੇ ਇਸ ਸ਼ਾਹੀ ਅੰਦਾਜ਼ ਨੂੰ ਕਾਇਮ ਰੱਖਿਆ। ਦਰਅਸਲ ਇਸ ਸ਼ਾਹੀ ਅੰਦਾਜ਼ ਦੇ ਪਿੱਛੇ ਖੁੱਲੀ ਪੰਜਾਬੀ ਰਹਿਣੀ ਬਹਿਣੀ ਦਾ ਅਸਰ ਸੀ।
ਰਾਜੇਸ਼ ਖੰਨਾ ਨੇ 23 ਦਿਸੰਬਰ 1942 ਨੂੰ ਪੰਜਾਬ ਦੀ ਪਵਿੱਤਰ ਧਰਤੀ ‘ਤੇ ਅੱਖ ਖੋਲ੍ਹੀ। ਫਿਰ ਏਸੇ ਪੰਜਾਬੀਪੁਣੇ ਨੂੰ ਆਪਣੇ ਨਾਲ ਹੰਢਾਇਆ। ਹੋਰਾਂ ਨੂੰ ਵੀ ਜਿੰਦਗੀ ਜਿਉਣ ਦਾ ਸਲੀਕਾ ਦੱਸਿਆ। ਉਹਦੀ ਅਦਾਕਾਰੀ ‘ਚੋਂ ਸੰਵੇਦਨਸ਼ੀਲਤਾ ਡੁੱਲ ਡੁੱਲ ਪੈਂਦੀ ਸੀ। ਇਹੋ ਕਾਰਨ ਸੀ ਕਿ ਜਜ਼ਬਾਤੀ ਕਲਾਕਾਰੀ ਵਿੱਚ ਉਹ ਜਾਨ ਪਾ ਦਿੰਦਾ ਸੀ। ਇਹਦੇ ਨਾਲ਼ ਨਾਲ਼ ਰੋਮਾਂਟਿਕ ਫਿਲਮਾਂ ਦੀ ਬਾਦਸ਼ਾਹਤ ਵੀ ਰਾਜੇਸ਼ ਖੰਨਾ ਨੇ ਹੀ ਕਾਇਮ ਕੀਤੀ ਸੀ। ਇੱਕ ਸਮਾਂ ਸੀ ਕਿ ਰੋਮਾਂਟਿਕ ਗੀਤ ‘ਤੇ ਰਾਜੇਸ਼ ਖੰਨਾ ਦਾ ਚੋਲੀ ਦਾਮਨ ਵਾਲਾ ਸੰਗ ਸੀ ਤੇ ਇਸ ਉਪਰ ਕਿਸ਼ੋਰ ਕੁਮਾਰ ਦੀ ਚੰਚਲ ਆਵਾਜ਼ ਹੋਰ ਵੀ ਨਵਾਂ ਜਾਦੂ ਛੇੜ ਦਿੰਦੀ ਸੀ। ਇਹ ਜੱਗ ਚੱਲਣਹਾਰ ਹੈ। ਕਈ ਆਏ ਤੇ ਕਈ ਗਏ ਪਰ ਸ਼ਾਨ ਨਾਲ ਜਿੰਦਗੀ ਬਤੀਤ ਕਰਨ ਦਾ ਸੰਦੇਸ਼ ਰਾਜੇਸ਼ ਖੰਨਾ ਵਰਗੇ ਹੀ ਦੇ ਸਕਦੇ ਹਨ।
****
No comments:
Post a Comment