ਮਰਦ ਕੋ ਕਭੀ ਦਰਦ ਨਹੀ ਹੋਤਾ……… ਸ਼ਰਧਾਂਜਲੀ / ਵਿਵੇਕ, ਕੋਟ ਈਸੇ ਖਾਂ

“ਮਰਦ ਕੋ ਕਭੀ ਦਰਦ ਨਹੀ ਹੋਤਾ” ਵਰਗਾ ਮਸ਼ਹੂਰ ਫਿਲਮੀ ਸੰਵਾਦ ਬੋਲਣ ਵਾਲੇ ਦਾਰਾ ਸਿੰਘ ਕਰੋੜਾਂ ਦੇਸ਼ ਵਾਸੀਆਂ ਨੂੰ ਅਸਹਿ ਦਰਦ ਦੇ ਕੇ ਫਾਨੀ ਜਗਤ ਨੂੰ ਅਲਵਿਦਾ ਕਹਿ ਗਏ। ਦਾਰਾ ਸਿੰਘ ਫਿਲਮੀ ਖੇਤਰ ਤੇ ਸੰਸਾਰ ਭਰ ਵਿੱਚ ਪੰਜਾਬੀ ਸੱਭਿਆਚਾਰ ਦੀ ਇੱਕੋ ਇਕ ਵਿਲੱਖਣ ਪਹਿਚਾਣ ਸਨ, ਜਿੰਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਵਿੱਚ 1928 ਵਿੱਚ ਹੋਇਆ । ਉਨ੍ਹਾਂ ਅਜਿਹੀ ਪ੍ਰਸਿੱਧੀ ਪ੍ਰਾਪਤ ਕੀਤੀ ਕਿ ਰਹਿੰਦੀ ਦੁਨੀਆਂ ਤੱਕ ਇਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। 1966 ਵਿੱਚ ਰੁਸਤਮੇ ਪੰਜਾਬ ਤੇ 1978 ਵਿੱਚ ਰੁਸਤਮੇ ਹਿੰਦ ਦਾ ਖਿਤਾਬ ਹਾਸਿਲ ਕਰ ਦਾਰਾ ਸਿੰਘ ਨੇ ਪੰਜਾਬੀਅਤ ਨੂੰ ਚਾਰ ਚੰਨ ਲਾਏ। ਕੁਸ਼ਤੀ ਦੇ ਅਖਾੜੇ ਵਿੱਚ ਦਾਰਾ ਸਿੰਘ ਦੀ ਅਜਿਹੀ ਧਾਂਕ ਸੀ ਕਿ ਆਪਣੇ ਜ਼ਮਾਨੇ ਦੇ ਕਹਿੰਦੇ ਕਹਾਉਂਦੇ ਦੇਸ਼ੀ ਵਿਦੇਸ਼ੀ ਪਹਿਲਵਾਨਾਂ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਸੀ। ਕਈ ਪਹਿਲਵਾਨ ਤਾਂ ਆਪਣੀ ਨਮੋਸ਼ੀ ਭਰੀ ਹਾਰ ਤੋਂ ਡਰਦੇ ਕਦੇ ਦਾਰਾ ਸਿੰਘ ਨੂੰ ਲਲਕਾਰਦੇ ਹੀ ਨਹੀ ਸਨ।

ਇਹੋ ਕ੍ਰਿਸ਼ਮਾ ਇਹਨਾਂ ਨੇ ਫਿਲਮੀ ਜਗਤ ਵਿੱਚ ਵੀ ਕਰ ਵਿਖਾਇਆ ਅਤੇ ਅਸਲੀ ਹੀਰੋ ਦੀ ਦਿੱਖ ਨੂੰ ਦਰਸ਼ਕਾਂ ਅੱਗੇ ਪੇਸ਼ ਕੀਤਾ ਤੇ ਵਾਹ ਵਾਹ ਖੱਟੀ। ਕੋਈ ਸਮਾਂ ਸੀ ਕਿ ਮੁਮਤਾਜ਼ ਨਾਲ ਜੋੜੀ ਏਨੀ ਹਿੱਟ ਰਹੀ ਕਿ ਦੋਹਾਂ ਨੇ ਚੌਦਾਂ ਫਿਲਮਾਂ ਵਿੱਚ ਇੱਕਠੇ ਕੰਮ ਕੀਤਾ।ਦਾਰਾ ਸਿੰਘ ਨੇ ਆਪਣੇ ਕੁਸ਼ਤੀ ਤੇ ਫਿਲਮੀ ਕੈਰੀਅਰ ਵਿੱਚ ਕਦੇ ਨਿਰਾਸ਼ਾ ਦਾ ਸਾਹਮਣਾ ਨਹੀ ਕੀਤਾ। ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ । ਦਾਰਾ ਸਿੰਘ ਵਿੱਚ ਪੰਜਾਬੀ ਸਾਦਗੀ ਤੇ ਦਿਆਨਤਦਾਰੀ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ । ਇਹੋ ਕਾਰਨ ਹੈ ਕਿ ਜਿੱਥੇ ਸੰਸਾਰ ਭਰ ਵਿੱਚ ਫੈਲੇ ਇਹਨਾਂ ਦੇ ਪ੍ਰਸ਼ੰਸ਼ਕ ਗਮਗੀਨ ਹਨ ।ਉਥੇ ਹਰ ਪੰਜਾਬੀ ਦਾ ਦਿਲ ਵੀ ਜ਼ਾਰ ਜ਼ਾਰ  ਰੋ ਰਿਹਾ ਹੈ । ਉਨਾਂ ਦੀ ਯਾਦ ਸਦਾ ਦਿਲ ਵਿੱਚ ਕਾਇਮ ਰਹੇਗੀ, ਇਹੋ ਸੱਚੀ ਸ਼ਰਧਾਂਜ਼ਲੀ ਹੈ।               

****

No comments: