ਗਰੀਨ ਕਾਰਡ.......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ

ਮੇਰੇ ਉਡ ਜਾ ਬਨੇਰੇ ਉਤੋਂ ਕਾਂਵਾਂ ਕਾਲਿਆ,
ਮੈਨੂੰ ਮਾਹੀ ਦੇ ਆਉਣ ਦੀ ਉਡੀਕ ਨਹੀਂ ਹੈ।

ਉਹਨੂੰ ਘੱਲਿਆ ਵਲੈਤ ਵਿੱਚ ਪੌਂਡਾਂ ਵਾਸਤੇ,
ਅਜੇ ਵਾਪਸੀ ਦੀ ਉਸ ਦੀ ਤਰੀਕ ਨਹੀਂ ਹੈ।

ਸੁੱਖਾਂ ਸੁੱਖੀਆਂ ਮੈਂ, ਮੁੜ ਆਏ ਨਾ ਉਹ ਖਾਲੀ,
ਵੇਚ ਗਿਆ ਘਰੋਂ ਸਾਰੇ ਉਹ ਹੱਲ ਤੇ ਪੰਜਾਲੀ।

ਰੱਬਾ ਦੇ ਦੇ ਉਹਨੂੰ ਕੁਝ ਸਾਲ ਕਮਾਈ ਵਾਸਤੇ,
ਭਾਵੇਂ ਗੋਰੀ ਨੂੰ ਵਿਆਹ ਲਏ, ਰੁਸਵਾਈ ਵਾਸਤੇ।

ਕੈਦ ਕੀਤੇ ਹਟਕੋਰੇ,  ਮੀਟ ਲਈਆਂ ਬੁੱਲ੍ਹੀਆਂ,
ਤ੍ਰਿਪ ਤ੍ਰਿਪ ਅੱਖਾਂ ਬੇਸ਼ਕ, ਰੋਂਦੀਆਂ ਨੇ ਖੁੱਲ੍ਹੀਆਂ।

ਮੈਨੂੰ ਹਿਜ਼ਰਾਂ ਦੀ ਭੱਠੀ ਵਿੱਚ  ਭੁੱਜ  ਜਾਣ ਦੇ,
ਪਰਵਾਹ ਜਿੰਦਗੀ ਦੇ ਵਿੱਚ ਮੈਨੂੰ ਰੁੱਝ ਜਾਣ ਦੇ।

ਮੈਨੂੰ ਛੱਡ ਦੇ ਇਕੱਲੇ, ਸਾਰੇ ਦੁੱਖ ਸਹਿਣ ਦੇ।
ਵਿਯੋਗ ਭੋਰਾ ਭੋਰਾ ਕਰ  ਦਿਨ ਕੱਟ ਲੈਣ ਦੇ।

ਇਹ ਭੈੜੀਆਂ ਸਜਾਵਾਂ ਆਪੇ ਮੈਂ ਨਾ ਮੱਲੀਆਂ,
ਦਾਜ ਵਰੀ ਵਿੱਚ ਮਿਲੀਆਂ ਨੇ ਮੈਨੂੰ ਝੱਲੀਆਂ।

ਪੱਗ ਬਾਪੂ ਦੀ ਤੇ ਲਾਜ ਮੇਰੇ ਸਹੁਰੇ ਘਰ ਦੀ,
ਇਹਨਾਂ ਵਾਸਤੇ ਮੈਂ ਪੀੜਾਂ ਸਭ ਰਹਾਂ ਜਰਦੀ।

ਇਹ ਲੰਮੀਆਂ ਜੁਦਾਈਆਂ ਮੇਰੇ ਹਾਣ ਦੀਆ,
ਮੇਰੇ ਦਿਲ ਦੀਆਂ ਨੇ ਗੰਢਾਂ ਸੱਭੇ ਜਾਣ ਦੀਆਂ।

ਰਾਤ ਦਿਨੇ ਮੈਨੂੰ ਲਾਰੇ ਲਾਉਂਦੀਆਂ ਨੇ ਭੈੜੀਆਂ,
ਹਰ ਪਲ ਮੈਨੂੰ ਸਮਝਾਉਂਦੀਆਂ ਇਹ ਭੈੜੀਆਂ।

ਛੇਤੀ ਲੈ ਜਾਣਾ ਤੈਨੂੰ, ਮਾਰੀਂ ਅੰਬਰੀਂ ਉਡਾਰੀਆਂ,
ਭੁੱਲ ਜਾਣੀਆਂ ਨੇ ਤੈਨੂੰ, ਫਿਰ ਸੱਭੋ ਦੁਸ਼ਵਾਰੀਆਂ।

ਪੰਨੂ ਦਿੰਦਾ ਏ ਦਿਲਾਸੇ ਰੋਜ ਸੁਪਨੇ ‘ਚ ਆਣਿ ਕੇ,
ਮਿਲ ਜਾਊ ਗਰੀਨ ਕਾਰਡ, ਪੈ ਜਾਂ ਲੰਮੀ ਤਾਣ ਕੇ।

****

No comments: