ਓਲੰਪਿਕ ਖੇਡਾਂ ਵਿੱਚ ਨਿਯਮ ਅਕਸਰ ਹੀ ਬਦਲਦੇ ਰਹਿੰਦੇ ਹਨ । ਤਬਦੀਲੀਆਂ ਕੁਦਰਤੀ ਵੀ ਹਨ। ਜਦ ਦੂਜੀਆਂ ਅਧੁਨਿਕ ਓਲੰਪਿਕ ਖੇਡਾਂ 1900 ਨੂੰ ਪੈਰਿਸ ਵਿੱਚ ਹੋਈਆਂ ਤਾਂ ਉਚੀ ਛਾਲ, ਲੰਬੀ ਛਾਲ, ਤੀਹਰੀ ਛਾਲ ਆਦਿ ਅਜਿਹੀਆਂ ਖੇਡ ਵੰਨਗੀਆਂ ਸਨ, ਜਿੰਨਾਂ ਵਿੱਚ ਖੜੇ-ਖੜੋਤੇ ਹੀ ਭਾਗ ਲਿਆ ਜਾ ਸਕਦਾ ਸੀ। 1912 ਵਿੱਚ ਇਹ ਨਿਯਮ ਖ਼ਤਮ ਕਰ ਦਿੱਤਾ ਗਿਆ ਅਤੇ ਦੂਰੋਂ ਦੌੜ ਕੇ ਇਹ ਛਾਲਾਂ ਲਾਉਣ ਨੂੰ ਪ੍ਰਵਾਨ ਕੀਤਾ ਗਿਆ। ਇਸ ਨਿਯਮ ਦੀ ਪਹਿਲੀ ਮਾਰ ਅਮਰੀਕਾ ਦੇ ਅਪਾਹਜ ਅਥਲੀਟ ਰੇਮੰਡ ਰੇਅ ਕਲਾਰਿੰਸ ਐਵਰੀ ਨੂੰ ਪਈ। ਇਸ ਅਥਲੀਟ ਨੇ 1900 ਤੋਂ ਲੈ ਕੇ 1908 ਤੱਕ ਤੰਦਰੁਸਤ ਅਥਲੀਟਾਂ ਦੀ ਬੂਥ ਲਵਾਈ ਰੱਖੀ ਸੀ ਅਤੇ 8 ਸੁਨਹਿਰੀ ਤਮਗੇ ਜਿੱਤ ਕਿ ਓਲੰਪਿਕ ਇਤਿਹਾਸ ਦੇ ਸੁਨਹਿਰੀ ਪੰਨੇ ਸਿਰਜੇ ਸਨ। ਇਸ ਤੋਂ ਇਲਾਵਾ 2 ਸੋਨ ਤਮਗੇ 1906 ਵਿੱਚ ਏਥਨਜ਼ ਇੰਟਰਕਾਲੇਟਿਡ ਖੇਡਾਂ ਵਿੱਚੋਂ ਵੀ ਜਿੱਤੇ ਸਨ। ਇਸ ਦੀਆਂ ਪ੍ਰਾਪਤੀਆਂ ਦਾ ਜ਼ਿਕਰਯੋਗ ਪਹਿਲੂ ਇਹ ਵੀ ਹੈ ਕਿ ਇਸ ਨੇ ਹਰ ਵਾਰ ਸੋਨ ਤਮਗਾ ਹੀ ਜਿੱਤਿਆ, ਕਦੇ ਵੀ ਦੂਜਾ ਸਥਾਨ ਨਹੀਂ ਸੀ ਲਿਆ।
ਵਿਅਕਤੀਗਤ ਮੁਕਾਬਲਿਆਂ ਦਾ ਹੀਰੋ ਜਿਸ ਨੂੰ ਰੇਅ ਐਵਰੀ ਕਿਹਾ ਕਰਦੇ ਸਨ, ਦਾ ਜਨਮ 14 ਅਕਤੂਬਰ 1973 ਨੂੰ ਲਾਫਾਇਟੇ, ਇੰਡਿਆਨਾ ਵਿੱਚ ਹੋਇਆ। ਬਚਪਨ ਵਿੱਚ ਹੀ ਪੋਲੀਓ ਦੀ ਮਾਰ ਪੈਣ ਸਦਕਾ ਇਹ ਵੀਲ੍ਹ ਚੇਅਰ ਨਾਲ ਹੀ ਬਚਪਨ ਗੁਜ਼ਾਰਨ ਲੱਗਿਆ। ਪਰ ਉਹਦੇ ਮਨ ਵਿੱਚ ਉਡਦੇ ਪੰਛੀਆਂ ਨੂੰ ਵੇਖ ਉਡਾਣ ਭਰਨ ਦਾ ਉਤਾਵਲਾਪਨ ਬਣਿਆ ਰਹਿੰਦਾ ਸੀ। ਇਹ ਵੇਖ ਉਹਦੇ ਮਾਪੇ ਵੀ ਚਿੰਤਤ ਰਿਹਾ ਕਰਦੇ ਸਨ। ਅਪਾਹਜ ਰੇਅ ਐਵਰੀ ਨੂੰ ਲੱਤਾਂ ਦੀ ਵਰਜ਼ਿਸ਼ ਲਈ ਉਚੀ ਉਚੀ ਕੁੱਦਣ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਸੀ। ਉਹ ਬਹੁਤਾ ਸਮਾਂ ਇਹ ਵਰਜ਼ਿਸ਼ ਹੀ ਕਰਿਆ ਕਰਦਾ ਅਤੇ ਮਨ ਵਿੱਚ ਹੌਸਲਾ ਰਖ ਕੇ, ਕੁਝ ਕਰ ਗੁਜ਼ਾਰਨ ਦੇ ਪੌਦੇ ਨੂੰ ਪਾਣੀ ਪਾਉਂਣਾ ਉਹਨੇ ਆਪਣੀ ਆਦਤ ਦਾ ਹਿੱਸਾ ਬਣਾ ਲਿਆ ਸੀ।
ਉਸ ਨੇ ਪੁਰਡੁਇ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਅਤੇ ਸਿਗਮਾ ਨੂ ਦਾ ਮੈਂਬਰ ਬਣਿਆ। ਇਥੋਂ ਹੀ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਐਵਰੀ ਨਿਊਯਾਰਕ ਅਥਲੈਟਿਕ ਕਲੱਬ ਦਾ ਮੈਂਬਰ ਵੀ ਰਿਹਾ। ਇਸ ਦੌਰਾਨ ਹੀ ਉਸ ਨੇ ਖੜੋਤੇ ਖੜੋਤੇ ਛਾਲਾਂ ਮਾਰਨ ਦਾ ਅਭਿਆਸ ਕਰਿਆ। ਜਿਸ ਦੀ ਬਦੌਲਤ 1900 ਵਾਲੀਆਂ ਪੈਰਿਸ ਓਲੰਪਿਕ ਖੇਡਾਂ ਸਮੇਂ ਇੱਕੋ ਦਿਨ 16 ਜੁਲਾਈ ਨੂੰ ਐਵਰੀ ਨੇ ਤਿੰਨ ਸੋਨ ਤਮਗੇ ਜਿੱਤੇ। ਉਚੀ ਛਾਲ 1:655 ਮੀਟਰ ਲਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਲੰਬੀ ਛਾਲ 3:21 ਮੀਟਰ ਅਤੇ ਤੀਹਰੀ ਛਾਲ 10:58 ਮੀਟਰ ਲਾਈ। ਅਗਲੀਆਂ 1904 ਦੀਆਂ ਸੇਂਟਲੂਈ ਖੇਡਾਂ ਮੌਕੇ 29 ਜੁਲਾਈ ਨੂੰ 3:47 ਮੀਟਰ ਲੰਬੀ ਛਾਲ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ। ਉਚੀ ਛਾਲ 31 ਜੁਲਾਈ ਨੂੰ 1:60 ਮੀਟਰ ਲਾ ਕੇ ਅਤੇ ਤੀਹਰੀ ਛਾਲ 3 ਸਤੰਬਰ ਨੂੰ 10:54 ਮੀਟਰ ਮਾਰ ਕੇ ਸੋਨ ਤਮਗੇ ਜਿੱਤੇ। ਵਿਸ਼ਵ ਦੇ ਅਖ਼ਬਾਰਾਂ ਦੀਆਂ ਮੋਟੀਆਂ ਸੁਰਖੀਆਂ ਵਿੱਚ ਰੇਅ ਐਵਰੀ ਦੀ ਖ਼ੂਬ ਚਰਚਾ ਹੋਈ। ਪਰ 1908 ਦੀਆਂ ਲੰਡਨ ਖੇਡਾਂ ਸਮੇ ਇਹ ਅਥਲੀਟ ਤੀਹਰੀ ਛਾਲ ਨਾ ਲਗਾ ਸਕਿਆ। ਉਂਝ ਲੰਬੀ ਛਾਲ 3:33 ਮੀਟਰ 20 ਜੁਲਾਈ ਨੂੰ ਅਤੇ ਉਚੀ ਛਾਲ 1:57 ਮੀਟਰ 23 ਜੁਲਾਈ ਨੂੰ ਲਗਾਕੇ ਸੁਨਹਿਰੀ ਤਮਗੇ ਚੁੰਮੇ।
ਜਦ ਰੇਅ ਐਵਰੀ ਨੇ 29 ਅਗਸਤ 1904 ਨੂੰ 3:47 ਮੀਟਰ ਲੰਬੀ ਛਾਲ ਲਗਾ ਕੇ ਤੰਦਰੁਸਤ ਅਥਲੀਟਾਂ ਨੂੰ ਪਛਾੜਦਿਆਂ ਆਲਮੀ ਰਿਕਾਰਡ ਬਣਾਇਆ ਤਾਂ ਉਹਦਾ ਨਾਂ ਦੁਨੀਆਂ ਭਰ ‘ਚ ਮੀਡੀਏ ਦੀ ਜ਼ੁਬਾਨ ਉਤੇ ਆ ਗਿਆ। ਉਹਦਾ ਇਹ ਰਿਕਾਰਡ 1938 ਤੱਕ ਖਿਡਾਰੀਆਂ ਨੂੰ ਅੰਗੂਠਾ ਦਿਖਾਉਂਦਾ ਰਿਹਾ। ਅੰਤ ਇਹ ਜਰਵਾਣੇ ਹੌਂਸਲੇ ਵਾਲਾ ਅਥਲੀਟ 29 ਸਤੰਬਰ 1937 ਨੂੰ ਆਪਣੇ ਜ਼ਬਰਦਸਤ ਕਾਰਨਾਮਿਆਂ ਨੂੰ ਓਲੰਪਿਕ ਇਤਿਹਾਸ ਦੇ ਹਾਣੀ ਬਣਾ, ਇਸ ਦੁਨੀਆਂ ਤੋਂ ਸਦਾ ਸਦਾ ਲਈ ਕੂਚ ਕਰ ਗਿਆ। ਤੰਦਰੁਸਤ ਖਿਡਾਰੀਆਂ ਲਈ ਉਹ ਚਾਨਣ ਮੁਨਾਰਾ ਹੈ । ਜਿਸ ਤੋਂ ਸੇਧ ਲੈਣਾ ਅਤੇ ਅਮਲ ਕਰਨਾਂ ਬਹੁਤ ਲਾਭਕਾਰੀ ਹੈ ।
****
No comments:
Post a Comment