ਗਿਆਨੀ ਸੋਹਣ ਸਿੰਘ ਸੀਤਲ.......... ਸ਼ਬਦ ਚਿਤਰ / ਸ਼ਮਸ਼ੇਰ ਸਿੰਘ ਸੰਧੂ (ਪ੍ਰੋ.)


ਇਹ 1946 ਦੀ ਗੱਲ ਹੈ। ਓਦੋਂ ਮੈਂ ਛੇਵੀਂ ਜਮਾਤ ਚੜ੍ਹਿਆ ਸਾਂ ਜਦੋਂ ਮੈਂ ਪਹਿਲੀ ਵਾਰ ਸੀਤਲ ਹੋਰਾਂ ਨੂੰ ਵੇਖਿਆ ਤੇ ਸੁਣਿਆਂ। ਮੈਂ ਤੇ ਮੇਰਾ ਵੱਡਾ ਵੀਰ ਗੁਰਚਰਨ ਸਿੰਘ ਆਪਣੇ 5-7 ਬੇਲੀਆਂ ਨਾਲ ਆਪਣੇ ਪਿੰਡ ਸਹਿਜਰਾ (ਹੁਣ ਪਾਕਿਸਤਾਨ) ਤੋਂ 1 ਮੀਲ ਦੂਰ ਪਿੰਡ ਰੱਤੋਕੇ ਮੇਲਾ ਵੇਖਣ ਗਏ ਹੋਏ ਸਾਂ। ਘੁੰਮਦਿਆਂ ਫਿਰਦਿਆਂ ਮੇਲਾ ਵੇਖਦਿਆਂ ਘਰੋਂ ਲਿਆਂਦੀ ਆਨਾ-ਦੁਆਨੀ ਜਦ ਖਰਚੀ ਗਈ ਤਾਂ ਗਰਮੀਂ ਦੇ ਹਰਫਲੇ ਹੋਏ ਛਾਂ ਭਾਲਦੇ ਅਸੀਂ ਪੰਡਾਲ ਦੀ ਛਾਂਵੇ ਇਕ ਨੁਕਰੇ ਜਾ ਖਲੋਤੇ। ਪੰਡਾਲ ਦੀ ਛਾਂ ਥੁਹੜੀ ਸੀ ਤੇ ਸੀਤਲ ਹੋਰਾਂ ਨੂੰ ਸੁਣਨ ਵਾਲਿਆਂ ਦਾ ਇਕੱਠ ਜ਼ਿਆਦਾ। ਸੀਤਲ ਹੋਰਾਂ ਨੇ 1936 ਵਿੱਚ ਪਹਿਲੀ ਵਾਰ ਆਪਣੇ ਢਾਡੀ ਜਥੇ ਨਾਲ ਰੱਤੋਕੇ ਦੀਵਾਨ ਕੀਤਾ ਸੀ। ਸੀਤਲ ਜੀ ਓਦੋਂ ਤੋਂ ਇਸ ਮੇਲੇ ਤੇ ਆਪਣਾ ਪ੍ਰੋਗਰਾਮ ਦੇਣ ਆਇਆ ਕਰਦੇ ਸਨ। ਇਲਾਕੇ ਵਿੱਚ ਉਹਨਾਂ ਦੀ ਕਾਫੀ ਪ੍ਰਸਿੱਧੀ ਹੋ ਚੁਕੀ ਸੀ। ਰੱਤੋਕੇ ਪਹਿਲੇ ਵੱਡੇ ਪੱਧਰ ਦੇ ਦੀਵਾਨ ਦਾ ਬਿਰਤਾਂਤ ਸੀਤਲ ਜੀ ਦੀ ਆਪਣੀ ਕਲਮ ਤੋਂ ਅੰਕਿਤ ਕੀਤਾ ਕਾਬਲੇ ਗੌਰ ਹੈ:

"1936 ਈ. ਦਾ ਸਤਾਈ ਵਿਸਾਖ ਦਾ ਦਿਨ... ਸਾਡੇ ਪਿੰਡ ਤੋਂ ਦਸ ਬਾਰਾਂ ਮੀਲ ਦੂਰ ਪਿੰਡ 'ਰੱਤੋਕੇ' ਵਿਚ 'ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀਏ' ਦਾ ਗੁਰਦੁਆਰਾ ਹੈ। ਸਤਾਈ ਵਿਸਾਖ ਨੂੰ ਹਰ ਸਾਲ ਓਥੇ ਮੇਲਾ ਲੱਗਿਆ ਕਰਦਾ ਸੀ। ਉਸ ਮੇਲੇ ਵਾਸਤੇ ਅਸਾਂ ਉਚੇਚੀ ਵਾਰ ਲਿਖੀ। 'ਸਿੱਖ ਰਾਜ ਕਿਵੇਂ ਗਿਆ' ਦਾ ਪਹਿਲਾ ਭਾਗ ਮੈਂ ਲਿਖਿਆ, ਤੇ ਅਸਾਂ ਸਾਰਿਆਂ ਯਾਦ ਕੀਤਾ। ਸਾਡੇ ਪਿੰਡੋਂ ਦਸ-ਬਾਰਾਂ ਸਿੰਘ ਸਾਨੂੰ ਸੁਣਨ ਵਾਸਤੇ ਤਿਆਰ ਹੋ ਗਏ। ਸਾਰੇ ਰਾਹ ਉਹ ਜਿਵੇਂ ਸਾਡੀ ਅਣਖ ਨੂੰ ਟੁੰਬਦੇ ਗਏ, "ਹੂੰ! ਘਰੇ ਤਾਂ ਰੋਜ਼ ਢੱਡਾਂ ਕੁੱਟਦੇ ਈ ਰਹਿੰਦੇ ਓ ਨਾ! ਉਥੇ ਪੁਰਾਣੇ ਪਹਿਲਵਾਨਾਂ ਸਾਮ੍ਹਣੇ ਵੇਖੀ ਜਾਏਗੀ।" ਖੁਸ਼ੀਆਂ ਦੇ ਪੰਧ ਨੇੜੇ। ਹੱਸਦੇ ਖੇਡਦੇ ਅਸੀਂ ਮੇਲੇ ਵਿਚ ਪੁੱਜੇ। ਸੰਗਤਾਂ ਦੀ ਹਾਜ਼ਰੀ ਵੀਹ ਹਜ਼ਾਰ ਤੋਂ ਕੁਛ ਵੱਧ ਹੀ ਹੋਵੇਗੀ। ਸਾਥੋਂ ਪਹਿਲਾਂ ਦੋ ਚੋਟੀ ਦਿਆਂ ਜਥਿਆਂ ਨੇ ਕੀਰਤਨ ਕੀਤਾ। ਫਿਰ ਸਾਡੀ ਵਾਰੀ ਆ ਗਈ। ਮੈਂ ਸਕੱਤਰ ਸਾਹਿਬ ਨੂੰ ਪੁੱਛਿਆ, "ਜੀ ਅਸਾਂ ਟਾਈਮ ਕਿੰਨਾ ਲੌਣਾ ਏਂ?" ਉਹਨੇ ਮੇਰੇ ਵੱਲ ਵੇਖ ਕੇ ਆਪਣੇ ਸੁਭਾਅ ਅਨੁਸਾਰ ਕਿਹਾ, "ਸ਼ੁਰੂ ਕਰ ਓਇ ਮੁੰਡਿਆ! ਸੌਦਾ ਵਿਕਦਾ ਵੇਖ ਕੇ ਸੋਚਾਂਗਾ।"
"ਗੁਰੂ ਦੀ ਓਟ ਰੱਖ ਕੇ ਅਸਾਂ ਬੜੇ ਸ੍ਵੈ-ਭਰੋਸੇ ਨਾਲ ਸ਼ੁਰੂ ਕੀਤਾ। ਮੰਗਲਾਚਰਨ ਤੋਂ ਬਾਅਦ ਮੈਂ ਸ਼ੇਰੇ-ਪੰਜਾਬ ਦੀ ਬੰਸਾਵਲੀ ਸ਼ੁਰੂ ਕੀਤੀ।... ਫਿਰ ਸ਼ੇਰੇ-ਪੰਜਾਬ ਦਾ ਸੁਰਗਵਾਸ ਹੋਣਾ, ਉਸ ਤੋਂ ਪਿੱਛੋਂ ਆਪਣਿਆਂ ਹੱਥੋਂ ਆਪਣਿਆਂ ਦਾ ਕਤਲ, ਡੋਗਰਿਆਂ ਦੀ ਗ਼ੱਦਾਰੀ ਤੇ ਅੰਤ ਬੀਰ ਸਿੰਘ ਜੀ ਦੀ ਸ਼ਹੀਦੀ 'ਤੇ ਲਿਆ ਕੇ ਖ਼ਤਮ ਕੀਤਾ। ਨਾ ਸਾਨੂੰ ਕਿਸੇ ਨੇ ਹਟਾਇਆ, ਤੇ ਨਾ ਅਸਾਂ ਹਿੰਮਤ ਹਾਰੀ। ਸਾਢੇ ਤਿੰਨ ਘੰਟੇ ਪਿੱਛੋਂ ਅਸਾਂ ਆਪ ਫਤਹਿ ਬੁਲਾਈ। ਸਰੋਤਿਆਂ ਵਾਸਤੇ ਇਹ ਦਿਲ-ਕੰਬਾਊ ਕਹਾਣੀ ਬਿਲਕੁਲ ਨਵੀਂ ਸੀ। ਮੈਂ ਵੇਖ ਰਿਹਾ ਸਾਂ, ਕਿ ਕੋਈ ਵੀ ਅੱਖ ਸੁੱਕੀ ਨਹੀਂ ਸੀ, ਸਭ ਰੋ ਰਹੇ ਸਨ।"
"ਸਟੇਜ ਉੱਤੇ ਸੱਜੇ ਹੱਥ ਡੇਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਜੀ ਬੈਠੇ ਸਨ। ਉਹ ਵੀ ਰੋ ਰਹੇ ਸਨ। ਉਨ੍ਹਾਂ ਇਸ਼ਾਰਾ ਕਰ ਕੇ ਮੈਨੂੰ ਆਪਣੇ ਕੋਲ ਬੁਲਾ ਲਿਆ... ਨਾਂ ਪਤਾ ਪੁੱਛਣ ਪਿੱਛੋਂ ਉਨ੍ਹਾਂ ਹੁਕਮ ਕੀਤਾ, "ਤੂੰ ਅੱਜ ਨਹੀਂ ਜਾਣਾ। ਮੈਂ ਭਲਕੇ ਤੈਥੋਂ ਇਹ ਵਾਰ ਸੁਣਨੀ ਏਂ।"
ਸੀਤਲ ਜੀ ਤੇ ਮੇਰੇ ਪਿਤਾ ਜੀ ਸ. ਮੋਹਨ ਸਿੰਘ ਸੰਧੂ ਕਸੂਰ ਦੇ ਜਮਾਤੀ ਸਨ। 193੦ ਵਿੱਚ ਉਹਨਾਂ ਇਕੱਠਿਆਂ ਦਸਵੀਂ ਕੀਤੀ ਸੀ। 1950 ਵਿੱਚ ਪਿਤਾ ਜੀ ਦੀ ਥਾਣੇ ਸਦਰ ਲੁਧਿਆਣੇ ਐਸ. ਐਚ. ਓ. ਦੀ ਪੋਸਟਿੰਗ ਹੋ ਗਈ। ਮੈਂ ਸਤੰਬਰ 1950 ਵਿੱਚ ਖ਼ਾਲਸਾ ਨੈਸ਼ਨਲ ਹਾਈ ਸਕੂਲ ਲੁਧਿਆਣੇ ਦਸਵੀਂ 'ਚ ਆ ਦਾਖ਼ਲ ਹੋਇਆ। ਸੀਤਲ ਹੋਰਾਂ ਦਾ ਛੋਟਾ ਬੇਟਾ ਰਘਬੀਰ ਸਿੰਘ ਮੇਰਾ ਜਮਾਤੀ ਸੀ। ਓਦੋਂ ਸੀਤਲ ਹੋਰਾਂ ਨਾਲ ਮੇਲ ਹੋਇਆਂ। ਮੈਂ ਨਾਂਵੀਂ ਜਮਾਤ ਡੀ. ਬੀ. ਹਾਈ ਸਕੂਲ ਅਟਾਰੀ ਤੋਂ ਉਰਦੂ ਫਾਰਸੀ ਨਾਲ ਕੀਤੀ ਸੀ। ਵੱਡੇ ਭਰਾ ਦੀ ਦੁਖਦਾਈ ਮੌਤ ਪਿੱਛੋਂ ਮੈਂ ਸਤੰਬਰ ਤਕ ਕਿਸੇ ਵੀ ਸਕੂਲ ਦਾਖਲ ਨਹੀਂ ਸਾਂ ਹੋਇਆ। ਖ਼ਾਲਸਾ ਨੈਸ਼ਨਲ ਹਾਈ ਸਕੂਲ ਲੁਧਿਆਣੇ ਵਿੱਚ ਉਰਦੂ ਫਾਰਸੀ ਪੜ੍ਹਾਉਣ ਦਾ ਕੋਈ ਪ੍ਰਬੰਧ ਨਹੀਂ ਸੀ। ਮੇਰੇ ਬੀਜੀ ਪੰਜਾਬੀ ਪੜ੍ਹਨੀ ਜਾਣਦੇ ਸਨ। ਉਹ ਪੰਜ ਗ੍ਰੰਥੀ ਚੋਂ ਪਾਠ ਕਰਦੇ ਹੁੰਦੇ ਸਨ। ਉਹਨਾਂ ਮੈਨੂੰ ਪੰਜਾਬੀ ਪੜ੍ਹਨੀ ਸਿਖਾਈ। ਸੀਤਲ ਹੋਰਾਂ ਕੋਲੋਂ ਮੈਂਨੂੰ 'ਦੁਖੀਏ ਮਾਂ ਪੁੱਤ' ਮਿਲ ਗਈ। ਪੰਜਾਬੀ ਦੀ ਇਹ ਪਹਿਲੀ ਕਿਤਾਬ ਸੀ ਜੋ ਮੈਂ ਹੌਲੀ ਹੌਲੀ ਪੜ੍ਹੀ। ਏਥੋਂ ਮੈਨੂੰ ਸਿੱਖ ਇਤਹਾਸ ਜਾਨਣ ਦਾ ਚੇਟਕ ਲੱਗਾ।
ਜਾਣਿਆਂ ਇਤਹਾਸ ਫਿਰ ਮੈਂ ਆਪਣੀ ਵੀ ਕੌਮ ਦਾ
ਨਾਨਕੋ  ਗੋਬਿੰਦ ਦੀ  ਰਾਹਾਂ  ਵਿਖਾਣੀ  ਜ਼ਿੰਦਗੀ।
ਇਸਤਰਾਂ ਹੀ ਦੇਸ਼ ਭਗਤੀ ਧਰਮ ਦਾ ਹਿੱਸਾ ਬਣੀ
ਵਾਂਗ ਸੀਤਲ ਧਰਮ ਦੀ ਸਿੱਖੀ ਹੰਡਾਣੀ ਜ਼ਿੰਦਗੀ।

1955 ਵਿੱਚ ਮੈਂ ਗੌਰਮਿੰਟ ਕਾਲਜ ਲੁਧਿਆਣੇ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ। ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਐਮ.ਏ. ਅੰਗ੍ਰੇਜ਼ੀ ਕਰਾਂ। ਓਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਹੋਇਆ ਸੀ ਤੇ ਮੈਨੂੰ ਕਲਗੀਧਰ ਗੁਰਦਵਾਰੇ ਸ਼ਾਮੀਂ ਦੀਵਾਨ ਸੁਣਨਣ ਤੇ ਸੀਤਲ ਹੋਰਾਂ ਦੀਆਂ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਸੀ। ਉਹਨਾਂ ਨਾਲ ਲਗਾਓ ਵਧਦਾ ਗਿਆ ਤੇ 3 ਦਸੰਬਰ 1960 ਨੂੰ ਮੇਰੀ ਸ਼ਾਦੀ ਉਹਨਾਂ ਦੀ ਬੇਟੀ ਮੁਹਿੰਦਰ ਕੌਰ ਨਾਲ ਹੋ ਗਈ। ਸੋਹਣ ਸਿੰਘ ਸੀਤਲ ਤੇ ਮੋਹਨ ਸਿੰਘ ਸੰਧੂ ਦੀ ਕਸੂਰ ਪੜ੍ਹਨ ਵੇਲੇ ਦੀ ਜਮਾਤੀਆਂ ਤੋਂ ਬਣੀ ਦੋਸਤੀ ਰਿਸ਼ਤੇਦਾਰੀ ਵਿੱਚ ਪਰਵਾਨ ਚੜ੍ਹੀ। ਇਸ ਪਰਵਾਰ ਤੋਂ ਮੈਨੂੰ ਬਹੁਤ ਪਿਆਰ ਮਿਲਿਆ। ਵੱਡੇ ਵੀਰ ਗੁਰਚਰਨ ਦੇ ਗੁਜ਼ਰ ਜਾਣ ਪਿੱਛੋਂ ਜੀਵਨ 'ਚ ਆਈ ਖਲਾ ਕਾਫੀ ਹੱਦ ਤਕ ਵੀਰ ਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਘਬੀਰ ਸਿੰਘ ਨੇ ਪੂਰੀ ਕੀਤੀ।

ਸੀਤਲ ਜੀ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਪੜ੍ਹਨ-ਲਿਖਣ ਵੱਲ ਸੀ। ਪਰ ਪਿੰਡ ਵਿੱਚ ਸਕੂਲ ਨਾ ਹੋਣ ਕਰਕੇ ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਅਤੇ ਅੱਖਰਾਂ ਦੀ ਪਹਿਚਾਣ ਕਰਨੀ ਸਿਖ ਲਈ । ਸੰਨ 1923 ਈ. ਵਿਚ 14 ਸਾਲ ਦੀ ਉਮਰੇ ਲਾਗਲੇ ਪਿੰਡ ਵਰਨ ਦੇ ਨਵੇਂ ਖੁੱਲੇ ਸਕੂਲ ਦੂਜੀ ਜਮਾਤ ਵਿਚ ਦਾਖਲਾ ਮਿਲ ਗਿਆ ਤੇ ਕੁਝ ਮਹੀਨੇ ਬਾਅਦ ਹੀ ਸਤੰਬਰ 1923 ਈ. ਵਿਚ ਉਨ੍ਹਾਂ ਨੂੰ ਚੌਥੀ ਜਮਾਤ ਵਿਚ ਕਰ ਦਿੱਤਾ ਗਿਆ ਅਤੇ 1924 ਈ. ਦੀਆਂ ਨਵੀਆਂ ਕਲਾਸਾਂ ਸ਼ੁਰੂ ਹੋਣ ਵੇਲੇ ਪੰਜਵੀਂ ਜਮਾਤ ਵਿਚ ਦਾਖ਼ਲਾ ਮਿਲ ਗਿਆ। 1930 ਈ. ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਸਾਇੰਸ ਅਤੇ ਪੰਜਾਬੀ ਦੇ ਵਿਸ਼ਿਆਂ ਨਾਲ ਦਸਵੀਂ ਫਸਟ ਡਵੀਜ਼ਨ ਵਿੱਚ ਪਾਸ ਕਰ ਲਈ। ਉਸ ਵੇਲੇ ਮੈਟ੍ਰਿਕ ਫਸਟ ਕਲਾਸ ਦੀ ਅੱਜ ਦੀ ਪੀ. ਐਚ. ਡੀ. ਜਿੰਨੀ ਕਦਰ ਹੁੰਦੀ ਸੀ।1931 ਈ. ਵਿਚ ਉਨ੍ਹਾਂ ਦੇ ਪਿਤਾ ਜੀ ਸ. ਖੁਸ਼ਹਾਲ ਸਿੰਘ ਪੰਨੂੰ ਅਕਾਲ ਚਲਾਣਾ ਕਰ ਗਏ। ਸੋ ਚੋਖੀ ਜ਼ਮੀਨ ਹੋਣ ਕਾਰਣ ਉਨ੍ਹਾਂ ਨੇ ਨੌਕਰੀ ਕਰਨ ਨਾਲੋਂ ਆਪਣੀ ਜ਼ਮੀਨ ਦੀ ਕਾਸ਼ਤ ਦਾ ਕੰਮ ਸਾਂਭ ਲਿਆ।

ਅਠਵੀਂ ਵਿਚ ਪੜ੍ਹਦਿਆਂ 10 ਸਤੰਬਰ 1927 ਨੂੰ ਸੀਤਲ ਜੀ ਦੀ ਸ਼ਾਦੀ ਬੀਬੀ ਕਰਤਾਰ ਕੌਰ ਨਾਲ ਹੋਈ। ਇਨ੍ਹਾਂ ਦੇ ਘਰ ਤਿੰਨ ਪੁੱਤਰ ਸ. ਰਵਿੰਦਰ ਸਿੰਘ ਪੰਨੂੰ (1929), ਸ. ਸੁਰਜੀਤ ਸਿੰਘ ਪੰਨੂੰ (1931), ਸ. ਰਘਬੀਰ ਸਿੰਘ ਸੀਤਲ (1935) ਅਤੇ ਇਕ ਬੇਟੀ (1937) ਮੁਹਿੰਦਰ ਕੌਰ ਨੇ ਜਨਮ ਲਿਆ (ਪਤਨੀ ਸ਼ਮਸ਼ੇਰ ਸਿੰਘ ਸੰਧੂ ਰੀ. ਡਿਪਟੀ ਡੀ. ਪੀ. ਆਈ., ਪੰਜਾਬ)। ਇਹ ਤਿੰਨੇ ਅੱਜਕਲ੍ਹ ਆਪਣੇ ਪਰਿਵਾਰਾਂ ਸਮੇਤ ਕੈਲਗਰੀ, ਕੈਨੇਡਾ ਰਹਿ ਰਹੇ ਹਨ।

ਸੀਤਲ ਜੀ ਨੇ 1933 ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1924 ਵਿਚ ਉਨ੍ਹਾਂ ਦੀ ਕਵਿਤਾ ਪਹਿਲੀ ਵਾਰ 'ਅਕਾਲੀ' ਅਖਬਾਰ ਵਿਚ ਛਪੀ। 1927 ਵਿੱਚ ਉਨ੍ਹਾਂ ਦੀ ਕਵਿਤਾ 'ਕੁਦਰਤ ਰਾਣੀ' ਕਲਕੱਤੇ ਤੋਂ ਛਪਣ ਵਾਲੇ ਪਰਚੇ 'ਕਵੀ' ਵਿਚ ਛਪੀ। ਇਹ ਕਵਿਤਾ ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ 'ਸੱਜਰੇ ਹੰਝੂ' ਵਿਚ ਸ਼ਾਮਲ ਹੈ। 1932 ਵਿੱਚ ਉਹਨਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ਉਨ੍ਹਾਂ ਦੀਆਂ ਕਹਾਣੀਆਂ 'ਕਦਰਾਂ ਬਦਲ ਗਈਆਂ', ਅਜੇ ਦੀਵਾ ਬਲ ਰਿਹਾ ਸੀ' ਅਤੇ 'ਜੇਬ ਕੱਟੀ ਗਈ' ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

1935 ਈ. ਵਿਚ ਉਨ੍ਹਾਂ ਨੇ ਆਪਣੇ ਹਾਣੀਆਂ ਨਾਲ ਰਲ ਕੇ ਇਕ ਢਾਡੀ ਜਥਾ ਬਣਾਇਆ। ਇਸ ਜਥੇ ਦੇ ਆਗੂ ਉਹ ਆਪ ਸਨ। ਕਾਦੀਵਿੰਡ ਤੋਂ ਸੱਤ-ਅੱਠ ਮੀਲ ਦੂਰ ਨਗਰ 'ਲਲਿਆਣੀ' ਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਪਾਸੋਂ ਸੀਤਲ ਜੀ ਤੇ ਉਨ੍ਹਾਂ ਦੇ ਜੋਟੀਦਾਰਾਂ ਨੇ ਢੱਡ ਤੇ ਸਾਰੰਗੀ ਦੀ ਵਿਧੀਵਤ ਸਿਖਲਾਈ ਲਈ। ਸੀਤਲ ਜੀ ਦਾ ਸਾਥੀ ਗੁਰਚਰਨ ਸਿੰਘ ਸਾਰੰਗੀ ਵਜਾਉਣ ਲੱਗ ਪਿਆ ਤੇ ਤਿੰਨੇ ਜਣੇ (ਸ. ਹਰਨਾਮ ਸਿੰਘ, ਸ ਅਮਰੀਕ ਸਿੰਘ ਤੇ ਸ. ਸੋਹਣ ਸਿੰਘ ਸੀਤਲ) ਢੱਡਾਂ।

ਉਹ ਦੂਜੇ ਸਾਥੀਆਂ ਨਾਲੋਂ ਨਾ ਸਿਰਫ ਵਧੇਰੇ ਪੜ੍ਹੇ-ਲਿਖੇ ਅਤੇ ਸਿੱਖ ਇਤਿਹਾਸ ਤੋਂ ਵੀ ਵਾਕਫ ਸਨ ਸਗੋਂ ਉਨ੍ਹਾਂ ਨੂੰ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਵੀ ਸੀ ਤੇ ਉਹ ਵਿਆਖਿਆ ਵੀ ਚੰਗੀ ਕਰ ਸਕਦੇ ਸਨ। ਇਸ ਤੋਂ ਇਲਾਵਾ ਉਹ ਇਕ ਚੰਗੇ ਕਵੀ ਵੀ ਸਨ। ਇਸ ਲਈ ਉਹ ਗਾਉਣ ਲਈ ਵਾਰਾਂ ਵੀ ਆਪ ਲਿਖਦੇ ਸਨ। ਉਨ੍ਹਾਂ ਦੀਆਂ ਲਿਖੀਆਂ ਵਾਰਾਂ ਵਿਚ ਬੜਾ ਜੋਸ਼ ਸੀ ਤੇ ਉਨ੍ਹਾਂ ਦਾ ਗਾਉਣ ਢੰਗ ਅਤੇ ਅਦਾਇਗੀ ਬੜੀ ਪ੍ਰਭਾਵਸ਼ਾਲੀ ਸੀ। ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਨੂੰ ਢਾਡੀ ਦੇ ਤੌਰ 'ਤੇ ਪ੍ਰਸਿੱਧੀ ਪ੍ਰਾਪਤ ਹੋ ਗਈ। ਆਪਣੇ ਗਿਆਨ ਤੇ ਅਣਥਕ ਮਿਹਨਤ ਸਦਕਾ ਢਾਡੀ ਬਣਕੇ ਉਹ ਸਟੇਜ ਦੇ ਬਾਦਸ਼ਾਹ ਬਣ ਗਏ।

ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਉਨ੍ਹਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਜਿਵੇਂ ਕਿ ਕਰਾਚੀ, ਕੋਇਟਾ, ਪਿਸ਼ਾਵਰ, ਕਸ਼ਮੀਰ, ਕਲਕੱਤਾ, ਮਦਰਾਸ, ਬੰਬਈ ਆਦਿ। 1947 ਵਿੱਚ ਮੁਲਕ ਦੀ ਵੰਡ ਹੋ ਗਈ। ਜਦ ਵੰਡ ਸਮੇਂ ਸੀਤਲ ਜੀ ਦਾ ਜੱਦੀ ਪਿੰਡ (ਕਾਦੀਵਿੰਡ) ਪਾਕਿਸਤਾਨ ਵਿਚ ਆ ਗਿਆ ਤਾਂ ਮੁਸਲਮਾਨ ਭਰਾਵਾਂ ਨੇ ਬਹੁਤ ਵੈਰਾਗ ਕੀਤਾ। ਸੀਤਲ ਜੀ ਲਿਖਦੇ ਹਨ:- "ਮੈਂ ਉਸ ਵੇਲੇ ਸੋਚ ਰਿਹਾ ਸਾਂ, ਜਿਹੜੀ ਇਨਸਾਨੀਅਤ ਸਧਾਰਨ ਮਨੁੱਖਾਂ ਵਿਚ ਹੈ, ਓਹਾ ਕਿਤੇ ਨੀਤੀਵਾਨਾਂ ਵਿਚ ਵੀ ਹੁੰਦੀ, ਤਾਂ ਇਹ ਮੁਲਕ ਟੁਕੜੇ ਨਾ ਹੁੰਦਾ। ਨੀਤੀਵਾਨਾਂ ਦੀ ਤੰਗਦਿਲੀ ਨੇ ਮੁਲਕ ਦੀ ਖ਼ੂਬਸੂਰਤੀ ਮਾਰ ਦਿੱਤੀ ਹੈ।" (ਪੰਨਾ 163)  ਦੇਸ਼ ਦੀ ਵੰਡ ਪਿੱਛੋਂ ਉਹਨਾਂ ਨੂੰ 40 ਕਿੱਲੇ ਅਮੀਨ ਜ਼ੀਰੇ ਅਲਾਟ ਹੋਈ ਪਰ 1948 ਵਿੱਚ ਉਹ ਲੁਧਿਆਣੇ ਆ ਵੱਸੇ।
ਉਹ ਹੌਲੀ ਹੌਲੀ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਸ਼੍ਰੋਮਣੀ ਢਾਡੀ ਬਣ ਗਏ। ਉਨ੍ਹਾਂ ਨੂੰ ਦੇਸ਼ ਵਿੱਚੋਂ ਵੱਖ ਵੱਖ ਥਾਂਵਾਂ ਦੇ ਨਾਲ-ਨਾਲ ਵਿਦੇਸ਼ ਤੋਂ ਵੀ ਸੱਦੇ ਆਉਣ ਲਗ ਪਏ। 1960 ਵਿਚ ਉਹਨਾਂ ਬ੍ਰਹਮਾ, ਥਾਈਲੈਂਡ, ਸਿੰਘਾਪੁਰ ਅਤੇ ਮਲੇਸ਼ੀਆ ਦੀਵਾਨ ਲਗਾਏ। 1977 ਵਿਚ ਫੇਰ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾ। ਇੰਗਲੈਂਡ ਵਿਚ ਉਨ੍ਹਾਂ ਨੇ ਵੁਲਵਰਹੈਂਪਟਨ, ਸਾਊਥੈਂਪਟਨ, ਵਾਲਸਲ, ਬਰਮਿੰਘਮ, ਡਡਲੀ, ਬਰੈਡ ਫੋਰਡ, ਕੁਵੈਂਟਰੀ, ਟੈਲਫੋਰਡ, ਲਮਿੰਗਾਨ, ਬਾਰਕਿੰਗ, ਸਮੈਦਿਕ ਅਤੇ ਸਾਉਥਹਾਲ ਦੀਆਂ ਥਾਵਾਂ 'ਤੇ ਦੀਵਾਨ ਕੀਤੇ। 1980 ਵਿਚ ਉਨ੍ਹਾਂ ਨੇ ਫੇਰ ਇੰਗਲੈਂਡ ਫੇਰਾ ਪਾਇਆ। 1981 ਵਿਚ ਉਨ੍ਹਾਂ ਨੇ ਤੀਜੀ ਵਾਰ ਇੰਗਲੈਂਡ ਅਤੇ ਕੈਨੇਡਾ ਦਾ ਚੱਕਰ ਲਾਇਆ 'ਤੇ ਦੀਵਾਨ ਕੀਤੇ ।

ਇਤਿਹਾਸਕ ਵਾਰਕਾਰ: ਗਿਆਨੀ ਸੋਹਣ ਸਿੰਘ ਸੀਤਲ ਦਾ ਨਾਂ ਇਕ ਇਤਿਹਾਸਕ ਵਾਰਕਾਰ ਦੇ ਤੌਰ 'ਤੇ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਸਿੱਖ ਇਤਿਹਾਸ ਸੰਬੰਧੀ 79 ਪ੍ਰਸੰਗ ਲਿਖੇ ਹਨ। ਸਭ ਤੋਂ ਪਹਿਲਾ ਪ੍ਰਸੰਗ ਸੀਤਲ ਜੀ ਨੇ 1 ਜਨਵਰੀ 1935 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਬਾਰੇ 'ਦਸਮੇਸ਼ ਆਗਮਨ' ਲਿਖਿਆ। ਇਸ ਪਿੱਛੋਂ ਸੀਤਲ ਜੀ 1979 ਈ. ਤਕ ਲਗਾਤਾਰ ਪ੍ਰਸੰਗ ਲਿਖਦੇ ਤੇ ਦੀਵਾਨਾਂ ਵਿੱਚ ਗਾਉਂਦੇ ਰਹੇ।ਇਸ ਦਾ ਵੇਰਵਾ ਇਸ ਪ੍ਰਕਾਰ ਹੈ:

1. ਦਮਸੇਸ਼ ਆਗਮਨ 1-1-1935
2. ਸ਼ਹੀਦ ਗੰਜ ਸਿੰਘਣੀਆਂ (ਲਾਹੌਰ) 2-4-1935
3. ਸ਼ਹੀਦੀ ਗੁਰੂ ਅਰਜਨ ਦੇਵ ਜੀ 15-5-1935
4. ਬੰਦੀ ਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ 2-6-1935
5. ਸਾਕਾ ਸਰਹਿੰਦ-ਸ਼ਹੀਦੀ ਛੋਟੇ ਸਾਹਿਬਜ਼ਾਦੇ 25-9-1935
6. ਗੁਰੂ ਨਾਨਕ ਦੇਵ ਜੀ ਤੇ ਨਮਾਜ਼ ਦੌਲਤ ਖਾਨ 11-10-1935
7. ਵਲੀ ਕੰਧਾਰੀ 30-10-1935
8. ਸਾਕਾ ਗੱਡੀ ਪੰਜਾ ਸਾਹਿਬ 5-1-1936
9. ਸਿੰਘਾਂ ਨੇ ਅਬਦਾਲੀ ਤੋਂ ਢੱਕਾਂ ਛੁਡਵਾਈਆਂ 10-1-1936
10. ਪਿਆਰੇ ਦਾ ਪਿਆਰਾ 9-11-1936
11. ਸ਼ਹੀਦੀ ਗੁਰੂ ਤੇਗ ਬਹਾਦਰ ਜੀ 12-12-1936
12. ਬਾਲਾ ਪ੍ਰੀਤਮ (ਗੁਰੂ ਗੋਬਿੰਦ ਸਿੰਘ ਜੀ) 24-12-1936
13. ਸ਼ਹੀਦੀ ਮਹਾਂ ਸਿੰਘ ਮੁਕਤਸਰ 4-1-1937
14. ਬੰਦਾ ਸਿੰਘ ਦੀ ਸਰਹਿੰਦ ਉੱਤੇ ਫ਼ਤਹਿ 1-3-1937
15. ਜੰਗ ਸੈਦ ਖ਼ਾਨ 1-8-1937
16. ਸ਼ਹੀਦੀ ਭਾਈ ਤਾਰੂ ਸਿੰਘ ਜੀ 21-8-1937
17. ਸੇਠ ਨਾਹਰੂ ਮੱਲ 3-12-937
18. ਸ਼ਹੀਦੀ ਸੁਬੇਗ ਸਿੰਘ ਸ਼ਾਹਬਾਜ ਸਿੰਘ 2-8-1938
19. ਗੁਰੂ ਨਾਨਕ ਦੇਵ ਜੀ ਦੀ ਰੁਹੇਲ ਖੰਡ ਯਾਤਰਾ 1-10-1941
20. ਸ਼ਹੀਦੀ ਸ. ਹਰੀ ਸਿੰਘ ਨਲੂਆ 5-10-1942
21. ਸ਼ਹੀਦੀ ਬਾਬਾ ਦੀਪ ਸਿੰਘ 23-11-1943
22. ਜੰਗ ਭੰਗਾਣੀ-ਗੁਰੂ ਗੋਬਿੰਦ ਸਿੰਘ 10-11-1944
23. ਸ਼ਹੀਦੀ ਬੰਦਾ ਸਿੰਘ 20-9-1946
24. ਵਾਰ ਬੀਬੀ ਸਾਹਿਬ ਕੌਰ 1-1-1947
25. ਸ਼ਹੀਦੀ ਅਕਾਲੀ ਫੂਲਾ ਸਿੰਘ 13-2-1948
26. ਜੰਗ ਚਮਕੌਰ 15-8-1948
27. ਜੰਗ ਮੁਲਤਾਨ- ਮੁਜ਼ੱਫਰ ਖਾਨ ਦੀ ਮੌਤ 6-10-1948
28. ਕਸੂਰ ਫ਼ਤਹਿ- ਕੁਤਬਦੀਨ ਨੂੰ ਜਾਗੀਰ 10-10-1948
29. ਚੋਣ ਪੰਜ ਪਿਆਰੇ 12-12-1948
30. ਸ਼ਹੀਦੀ ਭਾਈ ਤਾਰਾ ਸਿੰਘ 'ਵਾਂ' 1-3-1949
31. ਜੰਗ ਹਰਿਗੋਬਿੰਦਪੁਰਾ-ਛੇਵੇਂ ਗੁਰਾਂ ਨਾਲ 15-3-1949
32. ਡੱਲੇ ਦਾ ਸਿਦਕ ਬੰਦੂਕ ਪਰਖਣੀ 23-3-1949
33. ਮੱਸੇ ਰੰਘੜ ਦੀ ਮੌਤ 4-5-1949
34. ਚੌਧਰੀ ਨੱਥੇ ਦੀ ਬਹਾਦਰੀ 4-7-1949
35. ਵੱਡਾ ਘੱਲੂਘਾਰਾ 19-7-1949
36. ਜੰਗ ਪਿਪਲੀ ਸਾਹਿਬ (ਘੱਲੂਘਾਰੇ ਪਿੱਛੋਂ) 9-8-1949
37. ਸ਼ਹੀਦੀ ਭਾਈ ਬੋਤਾ ਸਿੰਘ 2-12-1949
38. ਛੋਟਾ ਘੱਲੂਘਾਰਾ 12-2-1950
39. ਕਸੂਰ ਮਾਰ ਕੇ ਪੰਡਤਾਣੀ ਛੁਡਾਈ 18-2-1950
40. ਜ਼ੈਨ ਖ਼ਾਨ ਸਰਹਿੰਦ ਦੀ ਮੌਤ 28-2-1950
41. ਅਹਿਮਦ ਸ਼ਾਹ ਦਾ ਅਠਵਾਂ ਹਮਲਾ 4-3-1950
42. ਜੰਗ ਸੰਗਰਾਣਾ ਸਾਹਿਬ (ਪਾ: 6) 29-3-1950
43. ਬਿਧੀ ਚੰਦ ਘੋੜੇ ਲਿਆਂਦੇ 2-4-1950
44. ਸ਼ਹੀਦੀ ਭਾਈ ਮਨੀ ਸਿੰਘ 4-4-1950
45. ਸ਼ਹੀਦੀ ਭਾਈ ਗੁਰਬਖਸ਼ ਸਿੰਘ 19-5-1950
46. ਸ਼ਾਹ ਜ਼ਮਾਨ ਦਾ ਆਖ਼ਰੀ ਹਮਲਾ 28-8-1950
47. ਕਸ਼ਮੀਰ ਫ਼ਤਹਿ 'ਸਿੱਖ ਰਾਜ' ਵਿਚ ਸ਼ਾਮਲ 7-10-1950
48. ਉੱਚ ਦਾ ਪੀਰ (ਦਸਮੇਸ਼ ਗੁਰੂ) 30-12-1950
49. ਜੰਗ ਲਲਾ ਬੇਗ (ਪਾ:6) 27-1-1951
50. ਬਾਬਰ ਦੀ ਚੱਕੀ-ਗੁਰੂ ਨਾਨਕ ਦੇਵ ਜੀ 8-2-1951
51. ਜੰਗ ਪੈਂਦੇ ਖਾਨ (ਪਾ:6) 15-2-1951
52. ਜਲਾਲਾਬਾਦ ਮਾਰ ਕੇ ਪੰਡਤਾਣੀ ਛੁਡਾਈ 25-6-1951
53. ਹਮਜ਼ਾ ਗੌਸ ਤੇ ਗੁਰੂ ਨਾਨਕ ਦੇਵ ਜੀ 11-7-1951
54. ਨਦੌਣ ਯੁੱਧ 30-5-1953
55. ਰੁਸਤਮ ਖਾਂ ਦੀ ਅਨੰਦਪੁਰ 'ਤੇ ਚੜ੍ਹਾਈ 1-7-1953
56. ਹੁਸੈਨੀ ਤੇ ਕਿਰਪਾਲ ਦੀ ਮੌਤ 2-1-1954
57. ਬਚਿੱਤਰ ਸਿੰਘ ਦਾ ਹਾਥੀ ਨਾਲ ਜੰਗ 10-3-1954
58. ਸਤਿਗੁਰ ਨਾਨਕ ਪ੍ਰਗਟਿਆ 21-3-1955
59. ਹਰਿਗੋਬਿੰਦ ਸਾਹਿਬ ਪ੍ਰਗਟੇ 20-4-1955
60. ਪ੍ਰਸੰਗ ਭਾਈ ਜੋਗਾ ਸਿੰਘ 26-4-1955
61. ਚਵਿੰਡੇ ਦੀਆਂ ਸਿੰਘਣੀਆਂ ਦੀ ਬਹਾਦਰੀ 5-7-1955
62. ਸ਼ਹੀਦੀ ਹਕੀਕਤ ਰਾਏ 9-7-1955
63. ਜੰਗ ਰਾਮ ਰਉਣੀ ਮੀਰ ਮੰਨੂ ਨਾਲ 12-7-1955
64. ਨਾਦਰ ਦਾ ਹਿੰਦ 'ਤੇ ਹਮਲਾ 11-9-1955
65. ਮਾਤਾ ਸੁਲੱਖਣੀ (ਪਾ:6) 1-8-1956
66. ਸੱਜਣ ਠੱਗ ਤੇ ਗੁਰੂ ਨਾਨਕ ਦੇਵ ਜੀ 5-8-1956
67. ਪਿੰਗਲਾ ਤੇ ਬੀਬੀ ਰਜਨੀ 9-8-1956
68. ਖਡੂਰ ਦਾ ਤਪਾ ਸ਼ਿਵਨਾਥ 10-8-1956
69. ਬਾਬਾ ਆਦਮ ਤੇ ਭਾਈ ਭਗਤੂ 30-12-1956
70. ਅਘੜ ਸਿੰਘ ਹੱਥੋਂ ਮੋਮਨ ਖਾਂ ਦੀ ਮੌਤ 18-1-1957
71. ਸੱਤਾ ਬਲਵੰਡ ਤੇ ਲੱਧਾ ਉਪਕਾਰੀ 8-6-1957
72. ਭਾਈ ਗੁਰਦਾਸ ਦੇ ਸਿਦਕ ਦੀ ਪਰਖ 13-6-1957
73. ਮੱਖਣ ਸ਼ਾਹ ਗੁਰੂ ਲਾਧੋ ਰੇ 27-6-1957
74. ਵਿਆਹ ਕੰਵਰ ਨੌਨਿਹਾਲ ਸਿੰਘ 18-8-1957
75. ਜੰਗ ਹਿੰਦ ਤੇ ਚੀਨ 25-12-1962
76. ਹੈਦਰਾਬਾਦ ਦੀ ਜਿੱਤ 20-9-1948
77. ਜੰਗ ਹਜ਼ਰੋ 29-8-1950
78. ਸ਼ਹੀਦੀ ਸ. ਕੇਵਲ ਸਿੰਘ,
79. ਸ਼ਹੀਦੀ ਸ. ਊਧਮ ਸਿੰਘ 2-12-1979

ਇਨ੍ਹਾਂ ਸਾਰੇ ਪ੍ਰਸੰਗਾਂ ਨੂੰ ਸੀਤਲ ਜੀ ਨੇ 18 ਪੁਸਤਕਾਂ ਵਿਚ ਪ੍ਰਕਾਸ਼ਿਤ ਕੀਤਾ।

1. ਸੀਤਲ ਕਿਰਣਾਂ         2. ਸੀਤਲ ਸੁਨੇਹੇ
3. ਸੀਤਲ ਹੰਝੂ            4. ਸੀਤਲ ਹੁਲਾਰੇ
5. ਸੀਤਲ ਤਰੰਗਾਂ          6. ਸੀਤਲ ਪ੍ਰਸੰਗ
7. ਸੀਤਲ ਪ੍ਰਕਾਸ਼          8. ਸੀਤਲ ਤਰਾਨੇ
9. ਸੀਤਲ ਵਾਰਾਂ             10. ਸੀਤਲ ਤਾਘਾਂ
11. ਸੀਤਲ ਵਲਵਲੇ        12. ਸੀਤਲ ਚੰਗਿਆੜੇ
13. ਸੀਤਲ ਚਮਕਾਂ        14. ਸੀਤਲ ਰਮਜ਼ਾਂ
15. ਸੀਤਲ ਉਮੰਗਾਂ        16. ਸੀਤਲ ਅੰਗਿਆਰੇ
17. ਸੀਤਲ ਮੁਨਾਰੇ         18. ਸੀਤਲ ਸੁਗਾਤਾਂ

ਇਕ ਨਾਵਲਕਾਰ ਦੇ ਪੱਖ ਤੋਂ ਵੀ ਗਿਆਨੀ ਸੋਹਣ ਸਿੰਘ ਸੀਤਲ ਦੀ ਦੇਣ ਬਹੁਤ ਮਹਾਨ ਹੈ। 1974 ਵਿਚ ਉਹਨਾਂ ਨੂੰ 'ਜੁੱਗ ਬਦਲ ਗਿਆ' ਨਾਵਲ ਵਾਸਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ ਮਿਲਿਆ। ਉਸ ਸਮੇਂ ਭਾਰਤ ਵਿੱਚ ਇਹ ਸਭ ਤੋਂ ਵੱਡਾ ਸਨਮਾਨ ਸੀ ਜੋ ਕਿਸੇ ਕਿਸੇ ਲੇਖਕ ਨੂੰ ਮਿਲ ਸਕਦਾ ਸੀ। ਪੰਜਾਬ ਵਿੱਚ ਕਾਲਜ ਪੱਧਰ ਤੇ ਉਹਨਾਂ ਦੇ ਕਈ ਨਾਵਲ ਬੀ. ਏ./ ਐਮ. ਏ. ਵਾਚ ਕੋਰਸ ਦਾ ਹਿੱਸਾ ਰਹੇ। ਉਨ੍ਹਾਂ ਦਾ ਨਾਵਲ 'ਤੂਤਾਂ ਵਾਲਾ ਖੂਹ' ਕੋਈ 20 ਸਾਲ ਨਾਵੀਂ ਦਸਵੀਂ ਦੇ ਕੋਰਸ ਵਿੱਚ ਲੱਗਾ ਰਿਹਾ। ਉਨ੍ਹਾਂ ਨੇ ਕੁਲ 22 ਨਾਵਲ ਲਿਖੇ ਹਨ।

1. ਈਚੋਗਿਲ ਨਹਿਰ ਤਕ,                2. ਸੁੰਞਾ ਆਹਲਣਾ,
3. ਮੁੱਲ ਦਾ ਮਾਸ,                           4. ਪਤਵੰਤੇ ਕਾਤਲ,
5. ਵਿਜੋਗਣ,                           6. ਦੀਵੇ ਦੀ ਲੋਅ,
7. ਬਦਲਾ,                             8. ਅੰਨ੍ਹੀ ਸੁੰਦਰਤਾ,
9. ਜੰਗ ਜਾਂ ਅਮਨ,                  10. ਤੂਤਾਂ ਵਾਲਾ ਖੂਹ,
11. ਜੁੱਗ ਬਦਲ ਗਿਆ,               12. ਕਾਲੇ ਪਰਛਾਵੇਂ,
13. ਪ੍ਰੀਤ ਤੇ ਪੈਸਾ,                  14. ਧਰਤੀ ਦੇ ਦੇਵਤੇ,
15. ਪ੍ਰੀਤ ਕਿ ਰੂਪ,                  16. ਧਰਤੀ ਦੀ ਬੇਟੀ,
17. ਮਹਾਰਾਣੀ ਜਿੰਦਾਂ,                18.ਮਹਾਰਾਜਾ ਦਲੀਪ ਸਿੰਘ
19. ਹਿਮਾਲਿਆ ਦੇ ਰਾਖੇ,                    20. ਸੁਰਗ ਸਵੇਰਾ,
21. ਸਭੇ ਸਾਝੀਵਾਲ ਸਦਾਇਨਿ,        22. ਜਵਾਲਾਮੁਖੀ।

ਸ. ਸੋਹਣ ਸਿੰਘ ਸੀਤਲ ਵੱਲੋਂ ਲਿਖੇ ਨਾਵਲਾਂ 'ਚੋਂ 'ਜੁੱਗ ਬਦਲ ਗਿਆ', 'ਤੂਤਾਂ ਵਾਲਾ ਖੂਹ' ਅਤੇ 'ਜੰਗ ਜਾਂ ਅਮਨ' ਕ੍ਰਾਂਤੀਕਾਰੀ ਨਾਵਲ ਵਿਸ਼ੇਸ਼ ਤੌਰ ਤੇ ਮਹੱਤਵ ਪੂਰਨ ਹਨ। ਡਾ. ਭੁਪਿੰਦਰ ਸਿੰਘ ਜੋ ਹੁਣ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿਚ ਸੀਨੀਅਰ ਲੈਕਚਰਾਰ ਹਨ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗਿਆਨੀ ਸੋਹਣ ਸਿੰਘ ਸੀਤਲ ਦੀ ਨਾਵਲਕਾਰੀ 'ਤੇ ਖੋਜ ਕਰਕੇ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ ਸੀ। ਆਪ ਦੀਆਂ ਦੋ ਪੁਸਤਕਾਂ 'ਸੀਤਲ ਦੇ ਸ੍ਰੇਸ਼ਟ ਨਾਵਲ' (1998) ਅਤੇ 'ਸੀਤਲ ਜੀ ਦੀ ਨਾਵਲਕਾਰੀ' (2004) ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋਈਆਂ।
ਇਸੇ ਤਰ੍ਹਾਂ ਉਨ੍ਹਾਂ ਦੀਆਂ ਇਤਿਹਾਸਕ ਲਿਖਤਾਂ

1. ਸਿੱਖ ਰਾਜ ਕਿਵੇਂ ਬਣਿਆ,    
2. ਸਿੱਖ ਮਿਸਲਾਂ ਤੇ ਸਰਦਾਰ ਘਰਾਣੇ,
3. ਸਿੱਖ ਰਾਜ ਤੇ ਸ਼ੇਰੇ ਪੰਜਾਬ,
4. ਸਿੱਖ ਰਾਜ ਕਿਵੇਂ ਗਿਆ,            
5. ਦੁਖੀਏ ਮਾਂ-ਪੁੱਤ,
6. ਮਹਾਰਾਣੀ ਜਿੰਦਾਂ,           
7. ਦਲੀਪ ਸਿੰਘ

ਸਿੱਖਾਂ ਕੌਮ ਦੀਆਂ ਪ੍ਰਪਤੀਆਂ ਅਪ੍ਰਾਪਤੀਆਂ ਅਤੇ ਦੁਖਾਂਤ, ਸੁਖਾਂਤ ਦੀ ਵਿਥਿਆ ਹਨ। ਇਹ ਲਿਖਤਾਂ ਸਿੱਖੀ ਜਜ਼ਬੇ ਦੀ ਕਹਾਣੀ ਹਨ ਤੇ ਰਾਜ-ਦਰਬਾਰਾਂ ਵਿਚ ਹੁੰਦੀਆਂ ਸਾਜ਼ਸ਼ਾਂ ਅਤੇ ਛੜਯੰਤਰਾਂ ਦੀ ਕਰੂਨਾਮਈ ਕਹਾਣੀ ਹਨ। ਇਹ ਲਿਖਤਾਂ ਕਲਾਸਿਕ ਹੋ ਨਿੱਬੜੀਆਂ ਹਨ ਜੋ ਹਮੇਸ਼ਾਂ-ਹਮੇਸ਼ਾਂ ਲਈ ਸਿੱਖ ਕੌਮ ਲਈ ਸਿੱਖਿਆਦਾਇਕ ਰਹਿਣਗੀਆਂ।

ਕਹਾਣੀ ਸੰਗ੍ਰਹਿ: ਕਦਰਾਂ ਬਦਲ ਗਈਆਂ, ਅੰਤਰਜਾਮੀ।
ਨਾਟਕ: ਸੰਤ ਲਾਧੋ ਰੇ।
ਕਵਿਤਾ: ਵਹਿੰਦੇ ਹੰਝੂ 1940, ਸੱਜਰੇ ਹੰਝੂ 1944, ਦਿਲ ਦਰਿਆ       1946
ਗੀਤ : 'ਕੇਸਰੀ ਦੁਪੱਟਾ' 1956, 'ਜਦੋਂ ਮੈਂ ਗੀਤ ਲ਼ਿਖਦਾ ਹਾਂ' 1958। ਉਹਨਾਂ ਦਾ ਲਿਖਿਆ 'ਕੀਮਾਂ ਮਲਕੀ', ਤੇ 'ਭਾਬੀ ਮੇਰੀ ਗੁੱਤ ਨਾ ਕਰੀ', ਤੇ 'ਅੱਜ ਸਾਡੇ ਓਸ ਆਉਣਾ' ਵਰਗੇ ਕਈ ਗੀਤ ਬਹੁਤ ਮਕਬੂਲ ਹੋਏ। ਪੰਜਾਬ ਦੇ ਹਰ ਮਿਆਰੀ ਕਲਚਰਲ ਪ੍ਰੋਗਰਾਮ ਵਿੱਚ ਉਹਨਾਂ ਦੇ ਗੀਤ ਗਾਏ ਜਾਂਦੇ ਸਨ।

ਇਨ੍ਹਾਂ ਲਿਖਤਾਂ ਨੇ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਨੂੰ ਅਮਰ ਬਣਾ ਦਿੱਤਾ ਹੈ।

ਇਨਾਮ ਤੇ ਸਨਮਾਨ :

1. ਸੀਤਲ ਜੀ ਨੇ ਬਚਪਨ 'ਚ ਹੀ ਟੱਪੇ ਜੜੋਨ ਤੇ ਕਵਿਤਾ-ਕਵੀਸ਼ਰੀ ਲਿਖਣੀ ਤੇ ਗਾਉਣੀ ਸ਼ੁਰੂ ਕਰ ਦਿੱਤੀ ਸੀ। ਸਿੱਖਿਆ ਤੇ ਉਸਤਾਦਾਂ ਦੀ ਸੁਹਿਰਦਤਾ ਨਾਲ ਰਚਨਾਤਮਿਕ ਪ੍ਰਤਿਭਾ ਵਿਚ ਹੋਰ ਵਾਧਾ ਹੋਇਆ ਅਤੇ ਵਿਦਿਆਰਥੀ ਸੋਹਣ ਸਿੰਘ ਨੇ ਅਠਵੀਂ 'ਚ ਪੜ੍ਹਦਿਆਂ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਕਰਵਾਏ ਗਏ ਲੇਖ-ਮੁਕਾਬਲੇ ਵਿਚ 'ਤੰਦਰੁਸਤੀ' ਵਿਸ਼ੇ ' ਤੇ ਲੇਖ ਲਿਖ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਉਨ੍ਹਾਂ ਦੀ ਕਾਬਲੀਅਤ ਦਾ ਪਹਿਲਾ ਸਨਮਾਨ ਸੀ।

2. ਸੰਨ 1962 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ 'ਕਾਲੇ ਪਰਛਾਵੇਂ' ਨਾਵਲ ਨੂੰ ਪੁਰਸਕ੍ਰਿਤ ਕੀਤਾ ਗਿਆ।

3. ਭਾਰਤ ਸਰਕਾਰ ਦੀ ਐਜੂਕੇਸ਼ਨ ਮਨਿਸਟਰੀ ਵਾਸਤੇ 'ਬਾਲਗ ਸਾਹਿਤ' ਲਈ ਲਿਖਵਾਏ ਗਏ, ਤਿੰਨ ਨਿੱਕੇ ਨਾਵਲਾਂ 'ਸੁਰਗ-ਸਵੇਰਾ', ਹਿਮਾਲਿਆ ਦੇ ਰਾਖੇ' ਅਤੇ 'ਸਭੇ ਸਾਝੀਵਾਲ ਸਦਾਇਨਿ' ਨੂੰ ਵਾਰੋ-ਵਾਰੀ 1962, 64, ਅਤੇ 1966ਵੇਂ ਵਰ੍ਹੇ, ਮੁਕਾਬਲਿਆਂ ਵਿਚ ਅਠਵੇਂ, ਦਸਵੇਂ ਤੇ ਬਾਰ੍ਹਵੇਂ ਸਥਾਨ 'ਪਰ ਇਨਾਮ ਦਿੱਤੇ ਗਏ ਸਨ।

4. ਉਹਨਾਂ ਨੂੰ ਸੰਨ 1974 ਵਿਚ 'ਜੁੱਗ ਬਦਲ ਗਿਆ' ਨਾਵਲ ਵਾਸਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ ਮਿਲਿਆ।

5. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੰਨ 1979 ਵਿਚ ਗਿ. ਸੋਹਣ ਸਿੰਘ ਸੀਤਲ ਨੂੰ 'ਸ਼੍ਰੋਮਣੀ ਢਾਡੀ' ਵਜੋਂ ਪੁਰਸਕਾਰਿਤ ਕੀਤਾ ਗਿਆ।

6. ਭਾਸ਼ਾ ਵਿਭਾਗ ਪੰਜਾਬ ਵੱਲੋਂ ਸੰਨ 1983 ਵਿਚ 'ਸ਼੍ਰੋਮਣੀ ਢਾਡੀ' ਵਜੋਂ' ਸਨਮਾਨ ਮਿਲਿਆ।

7. ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 1987 ਦਾ 'ਕਰਤਾਰ ਸਿੰਘ
ਧਾਲੀਵਾਲ' ਪੁਰਸਕਾਰ ਮਿਲਿਆ।

8. 1993 ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਸਨਮਾਨ ਮਿਲਿਆ।

9. 1994 'ਚ ਪੰਜਾਬੀ ਸੱਥ ਲਾਂਬੜਾਂ ਵੱਲੋਂ 'ਭਾਈ ਗੁਰਦਾਸ ਪੁਰਸਕਾਰ' ਪ੍ਰਦਾਨ ਕੀਤਾ ਗਿਆ।

10. ਹੋਰ ਅਨੇਕਾਂ ਸਾਹਿਤਕ, ਸਭਿਆਚਾਰਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਗਿ. ਸੋਹਣ ਸਿੰਘ ਸੀਤਲ ਜੀ ਦੀ ਸਖ਼ਸ਼ੀਅਤ ਨੂੰ ਅੰਤਾਂ ਦਾ ਸਤਿਕਾਰ ਅਤੇ ਮਾਨਾਂ ਸਨਮਾਨਾਂ ਨਾਲ ਸਲਾਹਿਆ ਤੇ ਵਡਿਆਇਆ ਗਿਆ ਹੈ।

ਸਿੱਖ ਇਤਿਹਾਸ ਨਾਲ ਸੰਬੰਧਿਤ ਗਿਆਨੀ ਸੋਹਣ ਸਿੰਘ ਸੀਤਲ ਦਾ ਸਭ ਤੋਂ ਖੋਜ ਭਰਪੂਰ ਕੰਮ 'ਸਿੱਖ ਇਤਿਹਾਸ ਦੇ ਸੋਮੇ' ਪੰਜ ਜਿਲਦਾਂ ਵਿਚ ਲਿਖਣਾ ਹੈ। ਸਿੱਖ ਇਤਿਹਾਸ ਨਾਲ ਸੰਬੰਧਿਤ ਗ੍ਰੰਥਾਂ 'ਸ੍ਰੀ ਗੁਰ ਸੋਭਾ' ਤੋਂ ਲੈ ਕੇ 'ਸੂਰਜ ਪ੍ਰਕਾਸ਼' ਤਕ ਦੇ ਗ੍ਰੰਥਾਂ ਵਿੱਚ ਸਮਾਂ ਪੈਣ 'ਤੇ ਸਭਨਾਂ ਵਿਚ ਰਲਾ ਪੈ ਗਿਆ। ਇਸ ਰਲੇ ਦਾ ਕਾਰਨ ਇਹ ਹੈ ਕਿ 1716 ਵਿਚ ਬਾਬਾ ਬੰਦਾ ਸਿੰਘ ਦੇ ਸ਼ਹੀਦ ਹੋਣ ਪਿੱਛੋਂ ਸਿੱਖ ਦੋ ਧੜਿਆਂ ਵਿਚ ਵੰਡੇ ਗਏ। ਗਰਮ ਖਿਆਲੀਆਂ ਨੇ ਮਨ ਬਣਾ ਲਿਆ ਕਿ ਕਿਸੇ ਵੀ ਕੀਮਤ ਉੱਤੇ ਸਰਕਾਰ ਨਾਲ ਸਮਝੌਤਾ ਨਹੀਂ ਕਰਨਾ। ਇਹ ਤੱਤ ਖਾਲਸਾ ਜੰਗਲਾਂ ਵਿਚ ਚਲਾ ਗਿਆ। ਦੂਜੇ ਪਾਸੇ ਨਰਮ-ਖਿਆਲੀਏ ਸਿੱਖ ਗੁਰਦੁਆਰਿਆਂ ਦੀ ਸੇਵਾ ਤਕ ਹੀ ਸੰਤੁਸ਼ਟ ਰਹਿ ਗਏ। ਸਹਿਜੇ-ਸਹਿਜੇ ਸਾਰੇ ਗੁਰਦੁਆਰਿਆਂ ਉੱਪਰ ਪੁਜਾਰੀ ਕਾਬਜ਼ ਹੋ ਗਏ। ਇਨ੍ਹਾਂ ਪੁਜਾਰੀਆਂ ਨੇ ਹਾਕਮਾਂ ਤੇ ਪੰਡਤਾਂ ਨੂੰ ਖੁਸ਼ ਰੱਖਣ ਲਈ ਸਿੱਖ ਧਰਮ ਦੇ ਅਸੂਲਾਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਤੇ ਇਸ ਪ੍ਰਕਾਰ ਬ੍ਰਾਹਮਣੀ ਰੀਤਾਂ ਸਿੱਖੀ ਵਿਚ ਦਾਖਲ ਹੋ ਗਈਆਂ।

ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਹਨ ਕਿ ਇਕ ਦਿਨ ਮੇਰੇ ਮਨ ਵਿਚ ਖ਼ਿਆਲ ਆਇਆ ਕਿ ਇਨ੍ਹਾਂ ਇਤਿਹਾਸਾਂ ਬਾਰੇ ਖੋਜ ਕਰਨੀ ਚਾਹੀਦੀ ਹੈ। ਸਿੱਖੀ ਦੇ ਖ਼ਿਲਾਫ ਜੋ ਅਸਰ ਪਾਉਣ ਦਾ ਕੋਝਾ ਜਤਨ ਕੀਤਾ ਗਿਆ, ਉਸ ਉੱਤੇ ਚਾਨਣਾ ਪਾਉਣਾ ਚਾਹੀਦਾ ਹੈ। ਮੈਂ ਮਨ ਬਣਾਇਆ ਕਿ 'ਸ੍ਰੀ ਗੁਰ ਸੋਭਾ' ਤੋਂ ਲੈ ਕੇ 'ਸੂਰਜ ਪ੍ਰਕਾਸ਼' ਤਕ ਖੋਜ ਕੀਤੀ ਜਾਵੇ। ਇਨ੍ਹਾਂ ਇਤਿਹਾਸਾਂ ਦੀ ਬੋਲੀ ਕਾਫੀ ਔਖੀ (ਬ੍ਰਿਜ ਭਾਸ਼ਾ) ਹੈ, ਜੋ ਆਮ ਪਾਠਕ ਦੀ ਸਮਝ ਤੋਂ ਬਾਹਰ ਹੈ। ਫਿਰ ਸੰਮਤ ਵੀ ਐਸੇ ਬਿਖੜੇ ਢੰਗ ਨਾਲ ਦਿੱਤੇ ਗਏ ਹਨ ਕਿ ਜੋ ਪੁਰਾਣ ਕਥਾਵਾਂ ਤੋਂ ਜਾਣੂ ਨਹੀਂ, ਉਹਦੇ ਵਾਸਤੇ ਸਮਝਣੇ ਔਖੇ ਹਨ। ਜਿਵੇਂ:- 'ਸੰਮਤ ਸੋਲਾ ਸੋ ਗ੍ਰਹਿ ਜਾਨੋ' (1609 ਬਿ:), 'ਸਸਿ ਖਟ ਰਿਤ ਗ੍ਰਹਿ ਸੰਮਤੋ' (1669), 'ਸਸਿ ਖਟ ਗ੍ਰਹਿ ਪੁਨ ਬੇਦ ਬਖਾਨੀ' (1694) ਆਦਿ। ਇਹ ਗ੍ਰੰਥ ਲਿਖੇ ਵੀ ਕਵਿਤਾ ਦੇ ਰੂਪ ਵਿਚ ਹਨ।

ਇਨ੍ਹਾਂ ਉਪਰੋਕਤ ਗੱਲਾਂ ਨੂੰ ਮੁੱਖ ਰੱਖ ਕੇ ਮੈਂ 'ਸਿੱਖ ਇਤਿਹਾਸ ਦੇ ਸੋਮੇ' ਨਾਮ ਦਾ ਗ੍ਰੰਥ ਲਿਖਿਆ, ਜਿਸ ਦੇ ਪੰਜ ਭਾਗ ਹਨ। 'ਸਿੱਖ ਇਤਿਹਾਸ ਦੇ ਸੋਮੇ' ਗ੍ਰੰਥ ਦੇ ਪੰਜ ਭਾਗਾਂ ਵਿਚ ਜੋ ਸਿੱਖ-ਇਤਿਹਾਸ ਨਾਲ ਸੰਬੰਧਿਤ ਗ੍ਰੰਥ ਆਏ ਹਨ ਉਸ ਦਾ ਵੇਰਵਾ ਇਸ ਪ੍ਰਕਾਰ ਹੈ-

ੳ) ਸਿੱਖ ਇਤਿਹਾਸ ਦੇ ਸੋਮੇ (ਭਾਗ ਪਹਿਲਾ) ਅਕਤੂਬਰ 1981, ਇਸ ਵਿਚ ਪੰਜ ਗ੍ਰੰਥ ਹਨ-
(1) ਸ੍ਰੀ ਗੁਰ ਸੋਭਾ ਕਰਤਾ ਸੈਨਾ ਪਤਿ
(2) ਗੁਰ ਬਿਲਾਸ ਕਰਤਾ ਕੁਇਰ ਸਿੰਘ
(3) ਗੁਰ ਬਿਲਾਸ ਪਾਤਸ਼ਾਹੀ ਛੇਵੀਂ
(4) ਬੰਸਾਵਲੀਨਾਮਾ ਕਰਤਾ ਕੇਸਰ ਸਿੰਘ (ਛਿੱਬਰ)
(5) ਗੁਰ ਬਿਲਾਸ ਕਰਤਾ ਸੁੱਖਾ ਸਿੰਘ

(ਅ) ਸਿੱਖ ਇਤਿਹਾਸ ਦੇ ਸੋਮੇ (ਭਾਗ ਦੂਜਾ) ਅਗਸਤ 1982 ਵਿੱਚ ਗ੍ਰੰਥ ਹਨ-
(1) ਗੁਰੂ ਨਾਨਕ ਮਹਿਮਾ ਕਰਤਾ ਸਰੂਪ ਦਾਸ ਭੱਲਾ।
(2) ਮਹਿਮਾ ਪ੍ਰਕਾਸ਼ ਕਰਤਾ ਸਰੂਪ ਦਾਸ ਭੱਲਾ।
(3) ਪਰਚੀਆਂ ਸੇਵਾ ਦਾਸ ਉਦਾਸੀ।
(4) ਨੌਂ ਗੁਰ ਪ੍ਰਣਾਲੀਆਂ।

(ੲ) ਸਿੱਖ ਇਤਿਹਾਸ ਦੇ ਸੋਮੇ (ਭਾਗ ਤੀਜਾ) - ਅਗਸਤ 1982
ਇਸ ਵਿਚ ਕਵੀ ਸੰਤੋਖ ਸਿੰਘ ਦੀ ਰਚਨਾ 'ਨਾਨਕ ਪ੍ਰਕਾਸ਼' ਹੈ।

(ਸ) ਸਿੱਖ ਇਤਿਹਾਸ ਦੇ ਸੋਮੇ (ਭਾਗ ਚੌਥਾ) - ਨਵੰਬਰ 1983
ਇਸ ਵਿਚ 'ਗੁਰ ਪ੍ਰਤਾਪ ਸੂਰਜ ਗ੍ਰੰਥ' ਦੀਆਂ ਪ੍ਰਥਮ ਦਸ ਰਾਸਾਂ ਹਨ।

(ਹ) ਸਿੱਖ ਇਤਿਹਾਸ ਦੇ ਸੋਮੇ (ਭਾਗ ਪੰਜਵਾਂ) - ਜਨਵਰੀ 1984,
ਇਸ ਵਿਚ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਬਾਕੀ ਭਾਗ ਹੈ।
ਸਿੱਖ ਇਤਿਹਾਸ ਦਾ ਇਹ ਕੰਮ ਸੀਤਲ ਜੀ ਨੇ ਅਥਾਹ ਲਗਨ ਤੇ ਮਿਹਨਤ ਨਾਲ ਕੀਤਾ। ਇਸ ਕੰਮ ਨੂੰ ਵੇਖ ਕੇ ਡਾ. ਮਹਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਜੇ. ਐੱਸ. ਗਰੇਵਾਲ ਨੂੰ ਕਿਹਾ ਸੀ ਕਿ ਸਾਨੂੰ ਗਿਆਨੀ ਸੋਹਣ ਸਿੰਘ ਸੀਤਲ ਨੂੰ ਡੀ.ਲਿਟ ਦੀ ਆਨਰੇਰੀ ਡਿਗਰੀ ਦੇਣੀ ਚਾਹੀਦੀ ਹੈ। ਪਰ ਅਫਸੋਸ! ਇਹ ਸੰਭਵ ਨਾ ਹੋ ਸਕਿਆ। 'ਸਿੱਖ ਇਤਿਹਾਸ ਦੇ ਸੋਮੇ' ਦੇ ਪੰਜਾਂ ਭਾਗਾਂ ਵਿਚ ਹੀ ਆਪ ਨੇ ਮੂਲ ਰਚਨਾ ਵਿਚ ਟਿੱਪਣੀਆਂ ਦੇ ਕੇ, ਜਿੱਥੇ ਜਿੱਥੇ ਸਿੱਖ ਸਿਧਾਂਤਾਂ ਦੀ ਅਵੱਗਿਆ ਹੋਈ, ਓਥੇ ਉਸਦੀ ਗੁਰਮਤ ਅਨੁਸਾਰ ਸੋਧ ਕੀਤੀ ਹੈ।

23 ਸਤੰਬਰ, 1998 ਨੂੰ ਸੀਤਲ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਕੀ ਗਿਆਨੀ ਸੋਹਣ ਸਿੰਘ ਸੀਤਲ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਦੇ ਸਨਮੁਖ ਆਸ ਕੀਤੀ ਜਾ ਸਕਦੀ ਹੈ ਕਿ ਉਹਨਾਂ ਨੂੰ ਡੀ.ਲਿਟ ਦੀ ਆਨਰੇਰੀ ਡਿਗਰੀ ਦੇਣ ਦੇ ਅਧੂਰੇ ਰਹਿ ਗਏ ਕਾਰਜ ਨੂੰ ਹੁਣ ਉਹਨਾਂ ਦੀ ਜਨਮ ਸ਼ਤਾਬਦੀ ਵਾਲੇ ਸਾਲ, ਮਰਨ ਉਪਰਾਂਤ ਡੀ.ਲਿਟ ਦੀ ਆਨਰੇਰੀ ਡਿਗਰੀ ਦੇਕੇ ਪੂਰਾ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਦਾਰੇ ਤੇ ਸੁਹਿਰਦ ਵਿਦਵਾਨ ਇਸ ਕੰਮ ਵਿੱਚ ਮਹੱਤਵ ਪੂਰਨ ਰੋਲ ਅਦਾ ਕਰ ਸਕਦੇ ਹਨ।

ਅਗਸਤ 2009 ਵਿਚ ਗਿਆਨੀ ਸੋਹਣ ਸਿੰਘ ਸੀਤਲ ਦੀ ਜਨਮ ਸ਼ਤਾਬਦੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਮੈਗਜ਼ੀਨ 'ਗੁਰਮਤਿ ਪ੍ਰਕਾਸ਼' ਦਾ ਅਗਸਤ 2009 ਦਾ ਅੰਕ ਗਿਆਨੀ ਸੋਹਣ ਸਿੰਘ ਸੀਤਲ ਵਿਸ਼ੇਸ਼ ਅੰਕ ਦੇ ਰੂਪ 'ਚ ਪ੍ਰਕਾਸ਼ਿਤ ਕੀਤਾ ਹੈ। ਇਸ ਉਦਮ ਦੁਆਰਾ ਪਾਠਕਾਂ ਨੂੰ ਜਿਥੇ ਗਿਆਨੀ ਸੋਹਣ ਸਿੰਘ ਸੀਤਲ ਦੇ ਜੀਵਨ ਬਾਰੇ ਪੁਨਰ ਜਾਣਕਾਰੀ ਮਿਲੇਗੀ, ਉਥੇ ਸਿੱਖ ਇਤਿਹਾਸ ਦੇ ਦੁਖਾਂਤਕ ਅਤੇ ਸੁਖਾਂਤਕ ਦੌਰ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋਵੇਗੀ। ਇਸ ਸ਼ਲਾਘਾਯੋਗ ਉੱਦਮ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ. ਅਵਤਾਰ ਸਿੰਘ ਜੀ ਅਤੇ 'ਗੁਰਮਤਿ ਪ੍ਰਕਾਸ਼' ਦੇ ਸੰਪਾਦਕ ਸ. ਸਿਮਰਜੀਤ ਸਿੰਘ ਅਤੇ ਸਮੂਹ ਅਦਾਰਾ ਅਤੇ ਵਿਦਵਾਨ ਲੇਖਕ ਸ਼ਲਾਘਾ ਦੇ ਪਾਤਰ ਹਨ।

ਇਸ ਮਹਾਨ ਕ੍ਰਾਂਤੀਕਾਰੀ, ਵਿਚਾਰਵਾਨ, ਢਾਡੀ, ਵਾਰਕਾਰ, ਕਵੀ,  ਇਤਿਹਾਸਕਾਰ, ਕਹਾਣੀਕਾਰ, ਨਾਵਲਕਾਰ ਗੁਰਸਿੱਖ ਸਾਹਿਤਕਾਰ ਦੀ ਯਾਦ ਵਿਚ ਗੁਰੂ ਪੰਥ ਵਿਚ ਢਾਡੀਆਂ ਦੇ ਜਨਮ ਦਾਤੇ-ਸਰਪ੍ਰਸਤ-ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ 'ਗੁਰੂ ਕੀ ਵਡਾਲੀ' ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਗਿਆਨੀ ਸੋਹਣ ਸਿੰਘ ਸੀਤਲ' ਯਾਦਗਾਰੀ ਢਾਡੀ ਅਤੇ ਕਵੀਸ਼ਰੀ ਕਾਲਜ ਉਸਾਰੀ ਅਧੀਨ ਹੈ।

'ਸੀਤਲ'  ਸਦਾ  ਜਹਾਨ 'ਤੇ ਜੀਂਵਦਾ ਏ,
ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ।
****

No comments: