ਹਾਲ……… ਨਜ਼ਮ/ਕਵਿਤਾ / ਕਰਨ ਬਰਾੜ

ਹੁਣ ਜਦ ਵੀ ਪਰਦੇਸਾਂ ਦੇ ਵਿੱਚ
ਛੋਟੀ ਭੈਣ ਦੀ ਰੱਖੜੀ ਆਵੇ
ਰੱਖੜੀ ਚੋਂ ਨਿੱਕਲ ਕੇ ਸੁਣਿਓ
ਭੈਣ ਕਿੱਦਾਂ ਦਿਲ ਦਾ ਹਾਲ ਸੁਣਾਵੇ
ਵੀਰੇ ਅੱਜ ਮੈਂ ਤੇਰੇ ਨਾਲ ਨੀਂ ਲੜਦੀ
ਨਾਲੇ ਦੱਸਾਂ ਕਿੰਨਾ ਹੋਰ ਹਾਂ ਪੜ੍ਹਗੀ
ਬਾਪੂ ਸਵਖਤੇ ਉਠ ਕੇ ਖੇਤ ਹੈ ਜਾਂਦਾ
ਪਰ ਖਿਝਿਆ ਮੁੜਦਾ ਲੌਢੇ ਵੇਲੇ
ਨਾਲੇ ਵੱਡੀ ਮਹਿੰ ਦੀ ਛੋਟੀ ਕੱਟੀ
ਹੁਣ ਤਾਂ ਮਿਲਦੀ ਬੜੇ ਕਵੇਲੇ
ਵਾੜੇ ਵਾਲੇ ਨਲਕੇ ਦੀ ਵੀ ਕੋਈ
ਮਰ ਜਾਣਾ ਹੱਥੀ ਲਾਹ ਕੇ ਲੈ ਗਿਆ
ਮੋਨਾ ਡਾਕਟਰ ਬੇਬੇ ਦੀ ਦਵਾਈ ਦਾ
ਬਿੱਲ ਦੋ ਹਜ਼ਾਰ ਬਣਾ ਕੇ ਬਹਿ ਗਿਆ
ਤਾਏ ਕੀ ਸੋਨੂੰ ਦੇ ਹੋਈ ਕੁੜੀ ਤੋਂ
ਉਹਨਾਂ ਬਾਹਲਾ ਸ਼ਗਨ ਮਨਾਇਆ
ਆਪਣੇ ਬਾਹਰਲੇ ਘਰ ਵਾਲਿਆਂ ਦਾ
ਹੁਣ ਤਾਂ ਛੱਪੜ ਵੀ ਗਿਆ ਵਿਆਹਿਆ
ਸੁਣ ਸੁਣ ਰੋਂਦੀਆਂ ਅੱਖਾਂ ਧੋਵਾਂ
ਨਾਲੇ ਆਪਣਿਆਂ ਦਾ ਚੇਤਾ ਆਊਂ
ਭੈਣ ਮੇਰੀਏ ਹੁਣ ਤੂੰ ਮੁੜ ਜਾ ਘਰ ਨੂੰ
ਮੈ ਤਾਂ ਜੌਬ ਤੋਂ ਕੱਲ ਨੂੰ ਵਾਪਿਸ ਆਊਂ
ਪਿੰਡ ਬੇਬੇ ਨੂੰ ਜਾ ਕੇ ਦੇ ਦੇਈਂ ਸਨੇਹਾ
ਕਹਿ ਹੁਣ ਆਵੇਂ ਛੱਡ ਦੇ ਰੋਣਾ ਧੋਣਾ
ਇਸ ਪਰਦੇਸੀ ਪੂਰਨ ਦੇ ਆਉਣ ਨਾਲ
ਹੁਣ ਤੇਰਾ ਬਾਗ ਹਰਾ ਨੀ ਹੋਣਾ
****

No comments: