ਇੱਕ ਸਾਹਿਤਕ ਸਮਾਗਮ ਦੇ ਸ੍ਰੋਤਿਆਂ ਦੀ ਸਿਫ਼ਤ.......... ਅਭੁੱਲ ਯਾਦਾਂ / ਤਰਲੋਚਨ ਸਿੰਘ ਦੁਪਾਲਪੁਰ

ਇਸ ਨੂੰ ਪੜ੍ਹਿਆਂ-ਗੁੜ੍ਹਿਆਂ ਦੀ ‘ਅਨਪੜ੍ਹਤਾ‘ ਕਹਿਣਾ ਹੈ ਕਿ ਕਾਹਲ ਜਮ੍ਹਾਂ ਆਪਾ-ਧਾਪੀ ਦੇ ਝੰਬੇ ਹੋਏ ਅਮਰੀਕਾ ਵਸਦੇ ਪੰਜਾਬੀਆਂ ਦੀ ਅਣਗਹਿਲੀ ਦਾ ਕਮਾਲ? ਇਹ ਫੈਸਲਾ ਪਾਠਕਾਂ ਉਪਰ ਸੁੱਟ ਕੇ ਕਿੱਸਾ ਬਿਆਨ ਕਰਦਾ ਹਾਂ।ਕਹਿੰਦੇ ਨੇ ਜ਼ੁਬਾਨੀ-ਕਲਾਮੀ ਸੁਣੀ ਕੋਈੇ ਗੱਲ ਝੱਟ ਭੁੱਲ ਜਾਂਦੀ ਹੈ ਪਰ ਉਸ ਦਾ ਲਿਖਤੀ ਰੂਪ ਦਿਲ ਦਿਮਾਗ ਵਿੱਚ ਪੱਕਾ ਵੱਸ ਜਾਂਦਾ ਹੈ।ਇਸ ਵਿਸ਼ਵਾਸ਼ ਦੀ ਉਪਮਾ ਕਰਦਾ ਅਖਾਣ ਹੈ, ‘ਧਰਿਆ ਭੁੱਲੇ, ਲਿਖਿਆ ਨਾ ਭੁੱਲੇ‘, ਪਰ ਲਿਖਿਆ ਹੋਇਆ ਵੀ ਉਹੋ ਨਾ-ਭੁੱਲਣ ਯੋਗ ਹੋ ਸਕਦਾ ਹੈ ਜੋ ਕਿਸੇ ਨੇ ‘ਅੰਦਰਲੀਆਂ ਅੱਖਾਂ’ ਨਾਲ ਪੜ੍ਹਿਆ ਹੋਵੇ! ਬਾਹਰਲੀਆਂ ਅੱਖਾਂ ਤਾਂ ਸਾਰਾ ਦਿਨ ਕੁੱਝ ਚੰਗੇ ਦੇ ਨਾਲ-ਨਾਲ ਖੇਹ-ਸੁਆਹ ਵੀ ਪੜ੍ਹਦੀਆਂ ਰਹਿੰਦੀਆਂ ਨੇ। ਕੀ ਕੀ ਯਾਦ ਰੱਖਣ? ਨਿੱਤ ਦਿਨ ਵਧਦੀ ਜਾਂਦੀ ਤੇਜ਼ ਰਫ਼ਤਾਰੀ ਨੇ ਇਸ ਅਖਾਣ ਦਾ ਸੱਤਿਆਨਾਸ ਕਿਵੇਂ ਮਾਰ ਦਿੱਤਾ ਹੈ, ਇਹ ਤੁਸੀਂ ਅਗਲੀਆਂ ਸਤਰਾਂ ਪੜ੍ਹ ਕੇ ਜਾਣ ਜਾਉਗੇ।
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਨੇ ਫਰੀਮਾਂਟ ਸ਼ਹਿਰ ਵਿਚ ਦੋ ਰੋਜ਼ਾ ਪੰਜਾਬੀ ਕਾਨਫ਼ਰੰਸ ਆਯੋਜਿਤ ਕਰਵਾਈ। ਇਸ ਵਿਚ ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਸ਼ਾਇਰ ਡਾ. ਸੁਰਜੀਤ ਸਿੰਘ ਪਾਤਰ, ਡਾ. ਗੁਰਭਜਨ ਸਿੰਘ ਗਿੱਲ, ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਪੱਤਰਕਾਰ ਤੇ ਲੇਖਕ ਸਿੱਧੂ ਦਮਦਮੀ ਦੇ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਪੱਚੀ-ਛੱਬੀ ਅਗਸਤ, ਯਾਨਿ ਸਨਿਚਰਵਾਰ ਅਤੇ ਐਤਵਾਰ ਨੂੰ ਹੋਈ ਇਸ ਕਾਨਫੰਰਸ ਦੀ ਸਮੁੱਚੀ ਰੂਪ-ਰੇਖਾ, ਖ਼ਾਸ ਕਰ ਕੇ ਸਮੇਂ-ਸਥਾਨ ਦੀ ਪੂਰੀ ਜਾਣਕਾਰੀ, ਤਿੰਨ ਦਿਨ ਪਹਿਲਾਂ ਛਪੀਆਂ ਦਰਜਨ ਤੋਂ ਵੱਧ ਸਥਾਨਕ ਪੰਜਾਬੀ ਅਖ਼ਬਾਰਾਂ ਵਿਚ  ਅੰਗਰੇਜੀ  ਵਿੱਚ ਵੀ ਛਪੀ। ਰੇਡੀਓ ਇਸ਼ਤਿਹਾਰਬਾਜ਼ੀ ਵੱਖਰੀ ਹੋਈ। ਪ੍ਰਬੰਧਕਾਂ ਨੇ ਇਸ ਮਹੱਤਵਪੂਰਨ ਸਮਾਗਮ ਦੀ ਮੁਨਾਦੀ ਕਰਨ ਲਈ ਪੂਰਾ ਟਿੱਲ ਲਾਇਆ। ਸਾਹਿਤਕ ਮੱਸ ਰੱਖਣ ਵਾਲੇ ਭੱਦਰਪੁਰਸ਼ਾਂ ਨੂੰ ਲੇਲ੍ਹੜੀਆਂ ਕੱਢਣ ਵਾਂਗ ਫੋਨ ‘ਤੇ ਵੀ ਸਮਾਂ ਸਥਾਨ ਦੱਸਿਆ ਗਿਆ। ਸਮਾਗਮ ਵਿਚ ਪੰਜਾਬੀ ਪਿਆਰਿਆਂ ਦੀ ਸ਼ਿਰਕਤ ਯਕੀਨੀ ਬਣਾਉਣ ਲਈ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵਾਲਿਆਂ ਨੇ ਜੀਅ-ਤੋੜ ਮਿਹਨਤ ਕੀਤੀ। ਇਸ ਸਾਰੇ ਕੁੱਝ ਦਾ ਪਹਿਲੇ ਦਿਨ ਯਾਨਿ ਪੱਚੀ ਅਗਸਤ ਵਾਲੇ ਸਮਾਗਮ ਵਿਚ ਸ਼ਾਮਲ ਹੋਏ ਸਰੋਤਿਆਂ ਨੇ ਕਿੰਨਾ ਕੁ ਜਾਂ ਕਿਹੋ ਜਿਹਾ ਅਸਰ ਕਬੂਲਿਆ? ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ। ਹਾਂ, ਦੂਜੇ ਦਿਨ ਦੇ ਸਮਾਗਮ ਵਿਚ ਖੁਦ ਸ਼ਾਮਲ ਹੋਇਆ ਹੋਣ ਕਰ ਕੇ ਇਸ ਦਿਨ ਦੀ ਆਪ-ਬੀਤੀ, ਅੱਖੀਂ ਦੇਖੀ ਅਤੇ ਕੰਨੀਂ ਸੁਣੀ ਦਾ ਵਰਣਨ ਕਰ ਰਿਹਾਂ।
ਪਹਿਲਾਂ ਆਪਣੇ ਅਕਲਦਾਨ ਜਾਂ  ‘ਉੱਦਮੀ’ ਹੋਣ ਦਾ ਸਬੂਤ ਦੇ ਦਿਆਂ! ਦੋਵੇਂ ਦਿਨ ਹਾਜ਼ਰੀ ਭਰਨੀ ਚਾਹੁੰਦਿਆਂ ਵੀ ਘਰ  ਦੇ  ਰੋਟੀ-ਪਾਣੀ ਦੀ ਚਿੰਤਾ ਕਾਰਨ ਸਿਰਫ਼ ਇੱਕੋ ਦਿਨ ਛੱਬੀ ਅਗਸਤ ਦੀ ਛੁੱਟੀ ਲਈ। ਅਖ਼ਬਾਰ ਵਿਚੋਂ ਸਮਾਗਮ ਦਾ ਐਡਰੈਸ ਕੱਟ ਕੇ ਜੇਬ ‘ਚ ‘ਅੱਜ ਪਾਉਨਾ-ਕੱਲ੍ਹ ਪਾਉਨਾ’ ਤਿੰਨੇ ਦਿਨ ਕਰਦਾ ਰਿਹਾ। ਛੱਬੀ ਅਗਸਤ ਐਤਵਾਰ ਨੂੰ ਸਵੇਰੇ ਦਸ ਵਜੇ ਘਰੋਂ ਤੁਰਨ ਲੱਗਿਆਂ ਪਹਿਲਾਂ ਬਣਾਏ ਪ੍ਰੋਗਰਾਮ ਅਨੁਸਾਰ ਆਪਣੇ ਸਾਹਿਤਕਾਰ ਦੋਸਤ ਡਾ.ਬਰਸਾਲ ਨੂੰ ਫੋਨ ਖੜਕਾਇਆ ਕਿ  ਮੈ ਤੁਹਾਡੇ ਕੋਲ  ਆ ਰਿਹਾਂ ।  “ਕਾਨਫਰੰਸ ਹੋ ਭਲਾ ਕਿੱਥੇ ਰਹੀ ਐ?” ਅੱਗਿਉਂ  ਡਾ. ਬਰਸਾਲ ਦਾ ਇਹ ਸਵਾਲ ਸੁਣ ਕੇ ਆਪਣੀ ਘੌਲ਼ ‘ਤੇ ਪਛਤਾਉਂਦਿਆਂ ਮੈਂ ਆਖਿਆ ਕਿ ਤੁਹਾਡੇ ਕੋਲ ਕੋਈ ਅਖ਼ਬਾਰ ਪਈ ਹੋਣੀ ਐ, ਉਹ ਨਾਲੇ ਚੁੱਕ ਲਉ।
“ਉਹ ਤਾਂ ਸਾਰੀਆਂ ਗਾਰਬੇਜ਼ ਵਿਚ ਸੁੱਟ ਦਿੱਤੀਆਂ।” ਇਹ ਜਵਾਬ ਦੇ ਕੇ ਨਾਲ ਹੀ ਉਨ੍ਹਾਂ ‘ਐਡਰੈਸ‘ ਲੱਭਣ ਦਾ ਆਪੇ ਹੱਲ ਕੱਢ ਲਿਆ, “ਕੋਈ ਨਾ, ਤੁਸੀਂ ਮੇਰੇ ਕੋਲ ਆ ਜਾਉ, ਮੈਂ ‘ਨੱੈਟ’ ਤੋਂ ਕੋਈ ਅਖ਼ਬਾਰ ਕੱਢ ਕੇ ਦੇਖ ਲੈਨਾਂ।”
ਘਰ ਗਏ ਨੂੰ ਉਹ ਕਹਿਣ ਲੱਗੇ ਕਿ ਪ੍ਰੋਗਰਾਮ ਤਾਂ ਗਿਆਰਾਂ ਬਾਰਾਂ ਵਜੇ ਸ਼ੁਰੂ ਹੋਣੈ, ਠਹਿਰ ਕੇ ਚੱਲਦੇ ਆਂ। ਸਹੁਰੀਂ ਵੱਸਦੀ ਕੁੜੀ ਦੇ ਮਨ ਵਿੱਚ ਪੇਕਿਆਂ ਤੋਂ ਆਇਆਂ ਨੂੰ ਮਿਲਣ ਦੇ ਚਾਅ ਵਾਂਗ ਮੈਂ ਸਮਾਗਮ ਵਿਚ ਪਹੁੰਚਣ ਵਾਲੇ ਮਹਾਨ ਸਾਹਿਤਕਾਰਾਂ ਦੇ ਨਾਂ ਗਿਣਾ ਕੇ ਆਖਿਆ ਕਿ ਪਹਿਲਾਂ ਚੱਲ ਕੇ ਆਪਾਂ ਉਨ੍ਹਾਂ ਨਾਲ ੁਖੱਲ੍ਹੀਆਂ ਗੱਲਾਂ ਬਾਤਾਂ ਕਰ ਲਵਾਂਗੇ। ਇਸ ਲਈ ਪਹਿਲੋਂ ਈ ਜਾਣਾ ਠੀਕ ਹੈ। ਇੱਕੋ ਗੱਡੀ ਵਿਚ ਹਲਕੀਆਂ ਫੁਲਕੀਆਂ ਗੱਲਾਂ ਮਾਰਦੇ ਅਸੀਂ ਸਮਾਗਮ ਸਥਾਨ ‘ਤੇ ਜਾ ਪਹੁੰਚੇ। ਉਥੇ ‘ਸੁੰਨ-ਮੁਨ ਨਗਰੀ ਭਈ‘ ਵਾਲਾ ਵਰਤਾਰਾ ਵਰਤਿਆ ਪਿਆ! ਕੋਈ ਕਾਂ ਨਾ ਕਵਿੱਤਰੀ!!
ਬਿਲਡਿੰਗ ਦੇ ਚਾਰੇ ਪਾਸੇ ਪਰਿਕਰਮਾ ਕਰਦਿਆਂ ਇੱਥੇ ਪੰਜਾਬੀਆਂ ਦੇ ਕਿਸੇ ਇਕੱਠ ਦਾ ਕੋਈ ‘ਲੱਲ੍ਹ-ਚੱਜ’ ਨਾ ਦੇਖ ਕੇ ਸਾਨੂੰ ਲੱਗਿਆ ਕਿ ਅਸੀਂ ਗਲਤ ਜਗ੍ਹਾ ਆ ਗਏ ਹਾਂ। ਡਾ. ਬਰਸਾਲ ਨੇ ਕਿਸੇ ਸਾਹਿਤਕਾਰ ਨੂੰ ਫੋਨ ‘ਤੇ ਪੁੱਛਿਆ । ਜਾਣਕਾਰੀ ਮਿਲੀ ਕਿ ਪਹਿਲੇ ਦਿਨ ਦਾ ਪ੍ਰੋਗਰਾਮ ਤਾਂ ਇੱਥੇ ਈ ਸੀ (ਜਿੱਥੇ ਅਸੀਂ ਖੜ੍ਹੇ ਸਾਂ) ਪਰ ਅੱਜ ਦਾ ਸ਼ਾਇਦ ਚਾਂਦਨੀ ਰੈਸਟੋਰੈਂਟ ‘ਚ ਹੈ। ਇਸ ਸੂਚਨਾ ਵਿਚਲੇ ‘ਸ਼ਾਇਦ‘ ਨੂੰ ਅਣਡਿੱਠ ਕਰ ਕੇ ਅਸੀਂ ਚਾਂਦਨੀ ਰੈਸਟੋਰੈਂਟ ਪਹੁੰਚੇ। ਅੱਗੇ ਚਾਂਦਨੀ ਦੇ ਵੀ ਕਿਵਾੜ ਬੰਦ! ਰੂੰਆਂ ਨਾ ਧੂੰਆਂ!! ਸਾਨੂੰ ਚਾਂਦਨੀ ਵੱਲ ਭੇਜਣ ਵਾਲਾ ਸਾਹਿਤਕਾਰ, ਡਾ. ਬਰਸਾਲ ਤੇ ਮੈਂ, ਤਿੰਨੇ ਹੀ ਆਪਣੇ ਆਪ ਨੂੰ ‘ਪੜ੍ਹੇ ਲਿਖੇ’ ਸਮਝਣ ਵਾਲੇ, ਅਖ਼ਬਾਰਾਂ ਦੇ ਪੱਕੇ ਪਾਠਕ! ਅੱਜ ਤਿੰਨੇ ਹੀ ਭੰਬਲਭੂਸੇ ‘ਚ ਪਏ ਹੋਏ ਸਾਂ ਕਾਨਫੰਰਸ ਦੇ ਸਥਾਨ ਬਾਰੇ!!
ਇੱਕ ਹੋਰ ਪੰਜਾਬੀ ਲਿਖਾਰੀ ਪਾਸੋਂ ਫੋਨ ‘ਤੇ ਮਿਲੀ ਹਦਾਇਤ ਅਨੁਸਾਰ ਅਸੀਂ ਘੁੰਮ-ਘਿਰ ਕੇ ਮੁੜ ਪਹਿਲੇ ਸਥਾਨ ‘ਤੇ ਹੀ ਆ ਪਹੁੰਚੇ। ਹੁਣ ਉਥੇ ਸਾਡੇ ਸਾਹਮਣੇ ਆ ਕੇ ਰੁਕੀ ਕਾਰ ਵਿਚੋਂ ਨਿਕਲੀ ਇੱਕ ਪੰਜਾਬਣ ‘ਲਗਦੀ‘ ਬੀਬੀ ਸਾਡੇ ਨਜ਼ਰੀਂ ਪਈ। ਦਿਲ ਵਿਚ ‘ਥਾਂ ਸਿਰ‘ ਪਹੁੰਚ ਜਾਣ ਦਾ ਕੁੱਛ-ਕੁੱਛ ਅਹਿਸਾਸ ਜਾਗਿਆ। ਹੌਲੀ-ਹੌਲੀ ਪਾਰਕਿੰਗ ਲਾਟ ਵਿਚ ਰੁਕਦੀਆਂ ਕਾਰਾਂ ਵਿਚੋਂ ਪੱਗਾਂ ਵਾਲੇ ਸਰਦਾਰ ਅਤੇ ਰੰਗ-ਬਰੰਗੀਆਂ ਚੁੰਨੀਆਂ ਵਾਲੀਆਂ ਬੀਬੀਆਂ ਉਤਰਨ ਲੱਗੀਆਂ। ਚੌਗਿਰਦੇ ਵਿਚ ‘ਸਾ-ਸਰੀ -ਕਾਲਾਂ‘ ਗੂੰਜਣ ਲੱਗੀਆਂ...ਘੁੱਟ-ਘੁੱਟ ਗਲਵੱਕੜੀਆਂ ਪੈਣ ਲੱਗ ਪਈਆਂ...ਕਹਿਕਹੇ-ਠਹਾਕੇ ਵੱਜਣ ਲੱਗੇ, ‘ਪਾਤਰ ਸਾਬ੍ਹ ਆ ਗਏ?‘, ‘ਗਿੱਲ ਸਾਬ੍ਹ-- ਸੰਧੂ ਸਾਬ੍ਹ ਕਿੱਥੇ ਨੇ?‘ ਵਰਗੇ ਨਿੱਕੇ-ਨਿੱਕੇ ਸਵਾਲ ਸੁਣਾਈ ਦੇਣ ਲੱਗੇ, ਚਹਿਲ ਪਹਿਲ ਵਧਦੀ ਗਈ।
ਲਖ਼ਨਵੀ ਸ਼ਾਇਰਾਂ ਵਾਂਗ ਬੰਦ ਗਲੇ ਦਾ ਕੋਟ ਪਾਈ ਪ੍ਰਵਾਸੀ ਕਵੀ ਸੁਰਿੰਦਰ ‘ਸੀਰਤ’ ਨੂੰ ਹਾਲ ਵਿਚ ਸ੍ਰੋਤਿਆਂ ਲਈ ਖ਼ੁਦ ਕੁਰਸੀਆਂ ਡਾਹੁੰਿਦਆਂ ਦੇਖ ਕੇ ਬੜੀ ਹੈਰਾਨੀ ਹੋਈ! ਸਾਹਿਤ ਸਭਾ ਦੇ ਕਰਤੇ-ਧਰਤੇ ਸੁਖਵਿੰਦਰ ‘ਕੰਬੋਜ’ ਕੁਲਵਿੰਦਰ ਅਤੇ ਰੇਸ਼ਮ ਸਿੰਘ ਵੀ ਸੀਰਤ ਨਾਲ ਹੱਥ ਵਟਾ ਰਹੇ ਸਨ।ਕਵੀ ਤੇ ਕਹਾਣੀਕਾਰ ਚਰਨਜੀਤ ਸਿੰਘ ‘ਪੰਨੂੰ’ ਕੈਮਰਾ ਫੜੀ ਤਿਆਰ ਬਰ ਤਿਆਰ ਘੁੰਮ ਰਹੇ ਸਨ । ਸਾਊਂਡ ਸਿਸਟਮ ਸੱੈਟ ਹੁੰਦਿਆਂ ਹੀ ਕਵੀ ਸੀਰਤ ਨੇ ਨਿਵੇਕਲੇ ਸੰਗੀਤਕ ਅੰਦਾਜ਼ ਨਾਲ ਚਾਹ ਪੀ ਰਹੇ ਸਰੋਤਿਆਂ ਨੂੰ ਕੁਰਸੀਆਂ ‘ਤੇ ਸਜਣ ਦੀ ਬੇਨਤੀ ਕੀਤੀ। ਚੱਲ ਰਹੇ ਦੇਸੀ ਮਹੀਨੇ ਭਾਦੋਂ ਦਾ ਖ਼ਿਆਲ ਕਰਦਿਆਂ ਪਹਿਲਾਂ ਉਸ ਨੇ ਰਾਗ ‘ਮੀਆਂ ਕੀ ਮਲਹਾਰ‘ ਵਿਚ ਅਲਾਪ ਲਿਆ, ‘ਪਿਆਰੇ ਦੋਸਤੋ! ਚਾਹ-ਪਕੌੜੇ ਛਕ ਕੇ ਹਾਲ ‘ਚ ਬੈਠਣ ਦੀ ਕ੍ਰਿਪਾਲਤਾ ਕਰੋ ਜੀ!’ ਇਸ ਵਾਰਤਕ ਪੰਕਤੀ ਨੂੰ ਵੀ ਸੀਰਤ ਨੇ ਤਰੰਨਮ ਵਿਚ ਬਾ-ਕਮਾਲ ਗਾ ਕੇ ਸੁਰ-ਬੱਧ ਸ਼ਾਇਰ ਹੋਣ ਦਾ ਸਬੂਤ ਪੇਸ਼ ਕੀਤਾ।
‘ਇੰਡੋ-ਯੂ.ਐਸ. ਡਾਇਲਾਗ‘ ਦੇ ਕੁਲਦੀਪ ਧਾਲੀਵਾਲ ਨੇ ਪਹਿਲੇ ਸੈਸ਼ਨ ਦਾ ਆਗਾਜ਼ ਕਰਦਿਆਂ ਮਾਈਕ ਫੜਿਆ। ਦੋਵੇਂ ਸ਼ਾਇਰਾਂ ਡਾ. ਪਾਤਰ ਅਤੇ ਡਾ. ਗਿੱਲ ਦੇ ਨਾਲ-ਨਾਲ ਕਹਾਣੀਕਾਰ ਵਰਿਆਮ ਸੰਧੂ ਨੂੰ ‘ਜੀਉ ਆਇਆਂ’ ਆਖਦਿਆਂ ਧਾਲੀਵਾਲ ਨੇ ਪ੍ਰਵਾਸੀ ਪੰਜਾਬੀ ਪੱਤਰਕਾਰੀ ਬਾਰੇ ਸੰਕੋਚਵੀਆਂ ਗੱਲਾਂ ਕਹੀਆਂ; ਕਿਉਂਕਿ ਪਹਿਲੇ ਸੈਸ਼ਨ ਦਾ ਵਿਸ਼ਾ ਇਹੋ ਸੀ। ਪ੍ਰਧਾਨਗੀ ਮੰਡਲ ਵਿਚ ਡਾ. ਗੁਰਭਜਨ ਸਿੰਘ ਗਿੱਲ, ‘ਪੰਜਾਬ ਮੇਲ‘ ਦੇ ਸੰਪਾਦਕ ਜੀ.ਐਸ.ਸਿੰਘ ਰੰਧਾਵਾ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਬਿਠਾਇਆ ਗਿਆ।
ਡਾ. ਗਿੱਲ ਨੇ ਪ੍ਰਵਾਸੀ ਪੰਜਾਬੀ ਪੱਤਰਕਾਰੀ ਦੇ ਅਰੰਭਲੇ ਦਿਨਾਂ ਦਾ ਇਤਿਹਾਸ ਫ਼ੋਲਦਿਆਂ ਅੱਜ ਦੀ ਪੱਤਰਕਾਰੀ ਵਿਚੋਂ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਮਨਫ਼ੀ ਦੱਸਿਆ। ਉਹ ਆਪਣਾ ਖੋਜ-ਭਰਪੂਰ ਪਰਚਾ ਪੜ੍ਹਦਿਆਂ ਜਦੋਂ ਵਿਦੇਸ਼ਾਂ ‘ਚ ਮੁਫ਼ਤ ਮਿਲਦੀਆਂ ਪੰਜਾਬੀ ਅਖ਼ਬਾਰਾਂ ਬਾਰੇ ਇੱਕ ਵਿਅੰਗਮਈ ਟਿੱਪਣੀ ਕਰ ਰਹੇ ਸਨ ਤਾਂ ਮੇਰੇ ਫੋਨ ਦੀ ਰਿੰਗ ਵੱਜੀ। ਸਪੀਕਰ ਚਲਦੇ ਹੋਣ ਕਾਰਨ ਸੁਣਿਆਂ ਤਾਂ ਮੈਨੂੰ ਕੁੱਝ ਨਾ, ਪਰ ਮੈਂ ਨੰਬਰ ਅਤੇ ਨਾਮ ਪੜ੍ਹ ਕੇ ਇੱਕ ਪਾਸੇ ਨੂੰ ਮੂੰਹ ਕਰਦਿਆਂ ਕਿਹਾ, ‘ਰਜਿੰਦਰ ਸਿੰਘ ਭਰਾ ਜੀ ਪ੍ਰੋਗਰਾਮ ਚੱਲ ਰਿਹਾ ਹੈ, ਜਲਦੀ ਆ ਜਾਉ...ਪਾਤਰ, ਗਿੱਲ ਤੇ ਸੰਧੂ ਸਾਹਿਬ ਆਏ ਹੋਏ ਨੇ।‘
ਪੰਜਾਬ ਤੋਂ ਆਏ ਤਿੰਨਾਂ ਸਾਹਿਤਕਾਰਾਂ ਦੇ ਨਾਂ ਮੈਂ ਇਸ ਕਰ ਕੇ ਲਏ ਕਿਉਂਕਿ ਦੋ ਦਿਨ ਪਹਿਲਾਂ ਮੇਰਾ ਇਹ ਦੋਸਤ ਮੈਥੋਂ ਪੁੱਛ ਰਿਹਾ ਸੀ ਕਿ ਇਨ੍ਹਾਂ ਦਾ ਪਹੁੰਚਣਾ ਪੱਕਾ ਹੈ ਕਿ ਨਹੀਂ? ਆਪਣੀ ਵਾਰੀ ਆਈ ‘ਤੇ ਸਟੇਜ ਤੋਂ ਬੋਲ ਕੇ ਮੈਂ ਸੀਟ ‘ਤੇ ਬੈਠਣ ਲੱਗਿਆਂ ਅਚਾਨਕ ਆਪਣਾ ਫੋਨ ਦੇਖਿਆ। ਉਤੇ ‘ਮੈਸਿਜ‘ ਆਇਆ ਹੋਇਆ ਸੀ, ਉਸੇ ਦੋਸਤ ਰਜਿੰਦਰ ਸਿੰਘ ਟਾਂਡਾ ਦਾ, ‘ਕ੍ਰਿਪਾ ਕਰਕੇ ਸਾਨੂੰ ਕਾਨਫਰੰਸ ਵਾਲੀ ਥਾਂ ਦਾ ਐਡਰੈਸ ਭੇਜ ਦਿਉ!‘
ਸਿਰ ਖੁਰਕਣ ਦਾ ਵੀ ਵਿਹਲ ਨਾ ਹੋਣ ਦੇ ਬਾਵਜੂਦ ‘ਕੀਰਤਨ  ਸੋਹਿਲੇ’ ਦਾ ਪਾਠ ਕਰਨ ਤੋਂ ਪਹਿਲਾਂ ਹਰ ਹਾਲਤ ਵਿਚ ਖ਼ਾਸ-ਖ਼ਾਸ ਪੰਜਾਬੀ ਅਖ਼ਬਾਰਾਂ ਨੀਝ ਨਾਲ ਪੜ੍ਹਨ ਵਾਲੇ ਟਾਂਡੇ ਭਰਾ ਦਾ ‘ਆਪਣੇ ਵਾਲਾ ਈ‘ ਹਾਲ ਦੇਖ ਕੇ ਮੈਂ ਮਨ ਹੀ ਮਨ ਬਹੁਤ ਹੱਸਿਆ।
ਪਹਿਲੇ ਸੈਸ਼ਨ ਵਿਚ ਹੀ ਉਘੇ ਪੱਤਰਕਾਰ ਸਿੱਧੂ ਦਮਦਮੀ ਨੇ ਵੀ ਆਪਣਾ ਪਰਚਾ ਪੜ੍ਹਨਾ ਸੀ, ਪਰ ਉਹ ਬਹੁਤ ਲੇਟ ਪਹੁੰਚੇ। ਦੇਵਨੇਤ ਨਾਲ ਉਨ੍ਹਾਂ ਨੂੰ ਵੀ ਮੇਰਾ ਇੱਕ ਨਿੱਘਾ ਦੋਸਤ ਭੁਪਿੰਦਰ ਸਿੰਘ ਪੰਧੇਰ ਫਰਿਜ਼ਨੋ ਸ਼ਹਿਰ ਤੋਂ ਨਾਲ ਲੈ ਕੇ ਆਇਆ। ਪੰਧੇਰ ਵਰਗਾ ਦੂਜਾ ਅਖ਼ਬਾਰੀ-ਪੜ੍ਹਾਕੂ ਸ਼ਾਇਦ ਹੀ ਕੋਈ ਹੋਵੇ; ਕਿਉਂਕਿ ਉਹ ਪੰਜਾਬੀ ਅਖ਼ਬਾਰਾਂ ਵਿਚ ਛਪਦੀ ਸਾਹਿਤਕ ਸਮੱਗਰੀ ਦੇ ਨਾਲ-ਨਾਲ ਐਡਾਂ ਤੱਕ ਦੀ ਇਬਾਰਤ ਵੀ ਮੇਰੇ ਨਾਲ ‘ਡਿਸਕਸ‘ ਕਰਦਾ ਰਹਿੰਦਾ ਹੈ। ਅਖ਼ਬਾਰਾਂ-ਸੰਭਾਲੂ ਵੀ ਇੰਨਾ ਕਿ ਉਹ ਪਹਿਲੇ ਹਫ਼ਤੇ ਦੀਆਂ ਅਖ਼ਬਾਰਾਂ ਉਦੋਂ ਸੁੱਟਦਾ ਹੈ, ਜਦ ਨਵੀਆਂ ਆ ਜਾਣ। ਪੂਰਾ ਸਾਹਿਤ ਰਸੀਆ! ਨਿੱਠ ਕੇ ਪੜ੍ਹਨ ਵਾਲਾ  ਉੱਦਮੀਂ  ਅਤੇ ਗੰਭੀਰ ਪਾਠਕ!
ਸਰੋਤਿਆਂ ‘ਚ ਬੈਠੇ ਪੰਧੇਰ ਕੋਲ ਜਾ ਕੇ ਮੈਂ ਉਸ ਨੂੰ ਲੇਟ ਹੋਣ ਦਾ ਕਾਰਨ ਪੁੱਛਿਆ। ਉਸ ਦੀ ‘ਸਟੋਰੀ‘ ਸਾਡੇ ਨਾਲੋਂ ਵੀ ਕਿਤੇ ਵੱਧ ਦਿਲਚਸਪ ਸੀ। ਸਿੱਧੂ ਦਮਦਮੀ ਅਤੇ ਇੱਕ ਹੋਰ ਲੇਖਕ ਨੂੰ ਫਰਿਜ਼ਨੋ ਤੋਂ ਨਾਲ ਲੈ ਕੇ ਉਹ ਤੁਰ ਤਾਂ ਟਾਈਮ ਸਿਰ ਹੀ ਪਿਆ, ਪਰ ਉਹ ਸਮਾਗਮ ਵਾਲਾ ਸ਼ਹਿਰ ਫਰੀਮਾਂਟ ਟੱਪ ਕੇ ਸੈਨ ਹੋਜ਼ੇ ਜਾ ਪਹੁੰਚਿਆ! ਉਥੇ ਜਾ ਕੇ ਕਿਸੇ ਗੈਸ-ਸਟੇਸ਼ਨ ਦੇ ਪੰਜਾਬੀ ਕਾਮੇ ਨੂੰ ਕਾਨਫਰੰਸ ਵਾਲੀ ਥਾਂ ਬਾਰੇ ਪੁੱਛਿਆ। ਉਹ ਅੱਗਿਉਂ ਬੋਲਿਆ ਕਿ ਮੈਨੂੰ ਤਾਂ ਸੈਨ ਹੋਜ਼ੇ ਦੇ ਗੁਰਦੁਆਰੇ ਦਾ ਵੀ ਪਤਾ ਨਹੀਂ ਕਿ ਕਿੱਧਰ ਹੈ। ਘੁੰਮਣ-ਘੇਰੀਆਂ ‘ਚ ਫਸੇ ਪੜ੍ਹਾਕੂ ਪੰਧੇਰ ਨੇ ਆਖ਼ਰ ਆਪਣੀ ਬੇਟੀ ਨੂੰ ਫੋਨ ਕਰ ਕੇ ਫਰੀਮਾਂਟ ਦੀ ‘ਡਾਇਰੈਕਸ਼ਨ‘ ਲਈ ਤਾਂ ਕਿਤੇ ਜਾ ਕੇ ਉਹ ਕਾਨਫਰੰਸ ਵਿਚ ਪਹੁੰਚੇ।
ਸਾਹਿਤ-ਪ੍ਰੇਮੀਆਂ ਦੇ ਜੁੜੇ ਇਸ ਇਕੱਠ ਵਿਚ ਸੁੱਖ-ਸੁਨੇਹਿਆਂ ਦਾ ਦੇਣ-ਲੈਣ ਹੋਇਆ। ਸਥਾਨਕ ਅਤੇ ਪੰਜਾਬ ਤੋਂ ਆਏ ਸ਼ਾਇਰਾਂ, ਲਿਖਾਰੀਆਂ, ਕਲਾਕਾਰਾਂ ਅਤੇ ਪੱਤਰਕਾਰਾਂ ਨੇ ਆਪਸ ਵਿਚੀਂ ਨਿੱਘੀਆਂ ਗਲਵੱਕੜੀਆਂ ਪਾਈਆਂ। ਹਾਸੇ-ਮੁਸ਼ਕੂਲੇ ਹੋਏ। ਕਿਤਾਬਾਂ ਮੈਗਜ਼ੀਨਾਂ ਦੀ ਘੁੰਡ-ਚੁਕਾਈ ਹੋਈ। ਲੇਖਕਾਂ ਨੇ ਆਪਣੀਆਂ ਕਿਤਾਬਾਂ ਦੇ ਸਟਾਲ ਵੀ ਲਗਾਏ। ਮਾਣ-ਸਨਮਾਨ ਵਜੋਂ ਮੋਮੈਂਟੋ ਵੀ ਦਿੱਤੇ ਗਏ। ਜਦੋਂ ‘ਪੰਜਾਬ ਟਾਈਮਜ਼‘ ਦੇ ਸੰਪਾਦਕ ਸ੍ਰੀ ਅਮੋਲਕ ਸਿੰਘ ਜੰਮੂ ਦਾ ਵਿਸ਼ੇਸ਼ ਸਨਮਾਨ ਲੈਣ ਲਈ ਮੈਨੂੰ ਸਟੇਜ ‘ਤੇ ਸੱਦਿਆ ਗਿਆ, ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕੜਾਹੇ ਦਾ ਸਨਮਾਨ-ਚਿੰਨ੍ਹ ਪ੍ਰਾਪਤ ਕਰਨ ਲਈ ਕਿਸੇ  ਕੌਲੀ ਨੂੰ ਬੁਲਾਇਆ ਗਿਆ  ਹੋਵੇ ! ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆਂ ਦੇ ਪ੍ਰਬੰਧਕਾਂ ਵਲੋਂ ਕੀਤੇ ਗਏ ਸ਼ੋਭਨੀਕ ਪ੍ਰਬੰਧਾਂ ਅਧੀਨ ਹੋਏ ਇਸ ਸਾਹਿਤਕ ਸਮਾਗਮ ਵਿਚ ਬਰਫ਼ੀ, ਚਾਹ-ਪਕੌੜਿਆਂ ਤੋਂ ਚਾਰ ਕੁ ਘੰਟੇ ਮਗਰੋਂ ਸਵਾਦੀ ਲੰਗਰ ਪ੍ਰੋਸਿਆ ਗਿਆ। ਮੈਂ ਆਪਣੀ ਪਲੇਟ ਲੈ ਕੇ ਇੱਕ ਪਾਸੇ ਨੂੰ ਜਾ ਰਿਹਾ ਸਾਂ ਤਾਂ ਇੱਕ ਬੀਬੀ ਮੇਰੇ ਚਿਹਰੇ ਵੱਲ  ਦੇਖ ਕੇ- ‘ਤੁਸੀਂ ਦੁਪਾਲਪੁਰ ਭਾਅ ਜੀ ਹੋ ਨਾ?‘ ਕਹਿ ਕੇ ਮੈਨੂੰ ਪੁੱਛਣ ਲੱਗੀ ਕਿ ‘ਪਾਤਰ’ ਹੁਣੀਂ ਇੱਥੇ ਆਏ ਹੋਏ ਨੇ? ਮੈਂ ਹੈਰਾਨ ਹੁੰਦਿਆਂ ਕਹਿ ਬੈਠਾ ਕਿ ਬੀਬੀ, ਹੁਣੇ ਉਹ ਸਟੇਜ ਦੇ ਲਾਗੇ ਬੈਠੇ ਸਨ, ਤੁਸੀਂ ਦੇਖਿਆ ਨਹੀਂ? ਉਹ ਕੋਲੇ ਖੜ੍ਹੇ ਆਪਣੇ ਘਰਵਾਲੇ ਵੱਲ ਇਸ਼ਾਰਾ ਕਰ ਕੇ ਬਿੱਫਰ ਪਈ, “ਐਨ੍ਹਾਂ ਨੇ ਮੇਰੀ ਇੱਕ ਨ੍ਹੀਂ ਸੁਣੀ, ਅਖੇ ਅੱਜ ਦੀ ਕਾਨਫਰੰਸ ਫਰੀਮਾਂਟ ਨਹੀਂ, ਯੂਨੀਅਨ ਸਿਟੀ ਦੇ ‘ਰਾਜਾ ਸਵੀਟਸ‘ ਵਿਚ ਹੈ।...ਉਧਰੋਂ ਖੱਜਲ-ਖੁਆਰ ਹੁੰਦੇ, ਹੁਣੇ ਜਿਹੇ ਇੱਥੇ ਪਹੁੰਚੇ  ਆਂ ।”   ਮੋਹਰੇ ਭਿੱਜੀਉ ਬਿੱਲੀ ਬਣੇ ਖੜ੍ਹੇ ਪਤੀ ‘ਸ੍ਰੀਮਾਨ’ ਨੂੰ, ਝਈਆਂ ਲੈ-ਲੈ ਪੈ ਰਹੀ  ਉਸ ‘ਬੀਬੀ’ਵੱਲ ਦੇਖ ਕੇ ਮੈਂ ਲੱਖ-ਲੱਖ ਸ਼ੁਕਰ ਮਨਾ ਰਿਹਾ ਸਾਂ ਕਿ ਅੱਜ ਅਸੀਂ ਆਪਣੀਆਂ ਪਤਨੀਆਂ ਨੂੰ ਨਾਲ ਲੈ ਕੇ ਨਹੀਂ ਆਏ!
                      
****


No comments: