ਭਟਕਣ.......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਕਿਹੜੀ ਕਿਹੜੀ ਯਾਦ ਦਾ ਕੱਪੜਾ
ਕਿਨੀ ਦੇਰ ਹੰਡਾਵਾਂ

ਕਿਹੜਾ  ਕੱਪੜਾ ਪਾ ਕੇ  ਰਖਾਂ
ਕਿਹੜਾ ਮੈਂ  ਲਾਹ  ਪਾਵਾਂ

ਟੁਕੜੇ  ਟੁਕੜੇ ਹੋ ਕੇ ਜੀਉਣਾ
ਭਟਕਣ  ਵਾਂਗ  ਹਵਾਵਾਂ 

ਇਸ ਜੀਵਨ ਦੀ ਦਿਸ਼ਾ  ਲੱਭਣ ਲਈ
ਕਿਹੜੀ  ਖੇਡ  ਰਚਾਵਾਂ

ਕਿਉਂ  ਨਾਂ ਡੁੱਬਦੇ  ਸੂਰਜ ਨਾਲ
ਅੱਜ ਹੀ  ਮੈਂ ਮਰ  ਜਾਵਾਂ

ਕੱਲ ਦਾ ਉਗਦਾ  ਸੂਰਜ ਤਕਕੇ
ਨਵਾਂ  ਜਨਮ ਮੈਂ  ਪਾਵਾਂ

ਸੂਰਜ ਲਾਲੀ ਪਿੰਡੇ  ਮੱਲਾਂ
ਧੁੱਪਾਂ ਨਾਲ ਨਹਾਵਾਂ

ਟੁਕੜੇ ਟੁਕੜੇ ਬਦਲ ਸਿਉਂਕੇ
ਪੱਲੂ ਨਵਾਂ ਬਣਾਵਾਂ

ਉਸ ਪੱਲੂ ਵਿਚ ਬਣ ਖੁਸ਼ਬੋਆਂ
ਸਭ ਥਾਂ ਵੰਡਦਾ ਜਾਵਾਂ

ਅੱਧ ਅਧੂਰੇ ਖਾਬ ਨਾਂ ਦੇਖਾਂ
ਪੂਰਨਤਾ ਨੂੰ  ਪਾਵਾਂ

ਮਨ ਚਾਹੀ ਮੇਰੀ ਦੁਨੀਆਂ ਹੋਵੇ
ਮਨ ਚਾਹਾ ਸਰਨਾਵਾਂ

ਕੱਲ ਦੀਆਂ ਲੀਕਾਂ ਸਭ ਮਿਟਾ ਕੇ
ਅੱਜ ਨੂੰ  ਅੱਜ ਹੰਡਾਵਾਂ

****

No comments: