ਬੀਤੇ ਦਿਨੀਂ ਪੰਜਾਬੀ ਦੀ ਇੱਕ ਫਿਲਮ 'ਸਿਰਫਿਰੇ' ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਪੰਜਾਬ ਦੀ ਧਰਤੀ ਤੋਂ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਦੇ ਨਾਂ 'ਤੇ ਬਣਾਈ ਇਸ 'ਪਰਿਵਾਰਕ' ਦੱਸੀ ਜਾਂਦੀ ਫਿਲਮ ਦੀ ਟੀਮ ਦੀ ਪਤਾ ਨਹੀਂ ਕੀ ਮਜ਼ਬੂਰੀ ਹੋਵੇਗੀ ਕਿ ਪੂਰੀ ਫਿਲਮ ਵਿੱਚ ਕਿਸੇ ਡਾਇਰੈਕਟਰ, ਪ੍ਰੋਡਿਊਸਰ ਜਾਂ ਕਲਾਕਾਰ ਆਦਿ ਦਾ ਨਾਂ ਵੀ ਪੰਜਾਬੀ ਵਿੱਚ ਨਹੀਂ ਦਿਖਾਈ ਦਿੱਤਾ। ਸ਼ੁਰੂਆਤ ਦੇਖ ਕੇ ਇਉਂ ਲਗਦੈ ਜਿਵੇਂ ਇਹ ਪੰਜਾਬੀ ਫਿਲਮ ਸ਼ੁੱਧ ਗੋਰਿਆਂ ਨੂੰ ਹੀ ਦਿਖਾਉਣ ਲਈ ਬਣਾਈ ਹੋਵੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਪਰਿਵਾਰਕ ਫਿਲਮ ਹੋਣ ਦਾ ਭਰਮ ਪਹਿਲੇ ਚਾਰ ਕੁ ਮਿੰਟ ਦੀ ਫਿਲਮ ਲੰਘਣ 'ਤੇ ਹੀ ਟੁੱਟ ਜਾਂਦੈ ਜਦੋਂ ਇੱਕ ਅੱਧਢਕੀ ਜਿਹੀ ਬੀਬੀ ਦੇ ਪੱਟਾਂ 'ਤੇ ਕੈਮਰਾ ਘੁਮਾਇਆ ਜਾਂਦੈ ਤੇ ਤਿੰਨ ਮੁਸ਼ਟੰਡੇ ਉਹਨੂੰ ਪੁਰਜਾ, ਮੋਟਰ, ਬੰਬ ਅਤੇ 'ਚੈੱਕ ਤਾਂ ਕਰੀਏ ਮੋਟਰ ਕਿੰਨੇ ਹਾਰਸ ਪਾਵਰ ਦੀ ਆ' ਆਦਿ ਨਾਵਾਂ ਨਾਲ ਪੁਕਾਰਦੇ ਹਨ ਤੇ ਬੀਬੀ ਵੀ ਮੁੰਡਿਆਂ ਨੂੰ 'ਸਾਲਿਆਂ' ਸ਼ਬਦ ਨਾਲ ਸੰਬੋਧਨ ਕਰਦੀ ਹੋਈ ਚਕਮਾ ਸਿੱਧੀ ਫਿਲਮ ਦੇ ਇੱਕ ਹੀਰੋ ਪ੍ਰੀਤ ਦੇ ਦਰਵਾਜੇ ਮੂਹਰੇ ਮੋਟਰਸਾਈਕਲ ਦੀ 'ਟੀ-ਟੀ' ਮਾਰਦੀ ਐ ਤੇ ਹੀਰੋ ਸਾਬ੍ਹ ਮੋਟਰਸਾਈਕਲ 'ਤੇ ਬਹਿੰਦਿਆਂ ਹੀ ਬੀਬੀ ਦੇ ਪਿੰਡੇ 'ਤੇ ਐਨਾ ਕੁ ਰਗੜ ਕੇ ਹੱਥ ਫੇਰਦੇ ਹਨ ਜਿੰਨਾ ਸ਼ਾਇਦ ਕੋਈ ਕਾਮਾ ਲੋਹੇ ਤੋਂ ਜੰਗਾਲ ਲਾਹੁਣ ਲੱਗਾ ਰੇਗਮਾਰ ਵੀ ਨਾ ਮਾਰੇ। ਫਿਰ ਕਾਲਜ ਪਹੁੰਚ ਕੇ ਹੀਰੋ ਸਾਬ੍ਹ 'ਤੇ ਉਹਨਾਂ ਦੀ ਜੁੰਡਲੀ ਜਿਆਦਾਤਰ ਪੰਜਾਬੀ ਫਿਲਮਾਂ ਦੀ ਰੀਸੇ ਅਧਿਆਪਕ ਨੂੰ ਬੁੱਧੂ ਬਣਾਉਂਦੀ ਹੈ। 'ਕੁੜੀ 'ਚ ਕਰੰਟ ਤਾਂ ਪੂਰਾ' 'ਮਿਰਚੀ ਵੀ ਕੁਛ ਜਿਆਦਾ ਈ ਲਗਦੀ ਆ' ਫਿਕਰਿਆਂ ਦੇ ਨਾਲ ਨਾਲ ਸ਼ੁਰੂ ਹੁੰਦੀ ਐ ਕਾਲਜੀਏਟ ਮੁੰਡਿਆਂ ਵੱਲੋਂ ਫਲੈਟ ਵਿੱਚ ਬੀਅਰਾਂ ਪੀਣ, 'ਦੂਜਾ ਸਮਾਨ' ਤੇ ਰਾਤ ਨੂੰ ਮੁੰਡਿਆਂ ਕੋਲ ਬਿਸਤਰ ਗਰਮ ਕਰਾਉਣ ਆਈ ਬੀਬੀ ਬਾਰੇ ਬੇਲੋੜੀ ਚਰਚਾ।
ਦੁਨਿਆਵੀ ਤੌਰ 'ਤੇ ਡਾਕਟਰ ਜਾਂ ਨਰਸ ਨੂੰ ਰੱਬ ਦੇ ਦੂਜੇ ਰੂਪ ਵਜੋਂ ਖਿਆਲ ਕੀਤਾ ਜਾਂਦੈ ਤੇ ਫਿਲਮ ਦੇ ਹਾਸਰਸ ਪਾਤਰ ਨਾਲ ਗੱਲ ਕਰਦੀ ਬੀਬੀ ਪੁੱਛਦੀ ਐ ਕਿ "ਤੂੰ ਨਰਸਿੰਗ ਕਾਲਜ਼ ਵੱਲ ਬੜੀਆਂ ਗੇੜੀਆਂ ਮਾਰਦੈਂ?" ਪ੍ਰਤੀਤ ਹੁੰਦੈ ਕਿ ਨੌਜ਼ਵਾਨ ਮੁੰਡਿਆਂ ਨੂੰ ਅੱਵਲ ਦਰਜ਼ੇ ਦੀ ਸਿੱਖਿਆ ਦੇਣ ਲਈ ਉਕਤ ਹਾਸਰਸ ਕਲਾਕਾਰ ਹਾਸੇ ਦੇ ਨਾਂ 'ਤੇ ਜਿਹੜਾ ਚਗਲ ਸੰਵਾਦ ਬੋਲਦੈ ਉਹ ਸੁਣ ਕੇ ਤੁਹਾਨੂੰ ਲੱਗੇਗਾ ਕਿ ਕੋਈ ਮਾਂ ਪਿਓ ਆਪਣੀ ਧੀ ਨੂੰ ਨਰਸ ਬਣਨ ਲਈ ਕਦੇ ਵੀ ਪੜ੍ਹਾਈ ਕਰਨ ਨਹੀਂ ਤੋਰੇਗਾ। ਜਦੋਂ ਕਲਾਕਾਰ ਸਾਬ੍ਹ ਨੂੰ ਇਹ ਕਹਿੰਦਿਆਂ ਸੁਣੇਗਾ ਕਿ 'ਦੋਸਤੀ ਨਰਸ ਦੀ, ਦੁਨੀਆ ਤਰਸਦੀ।' ਉਹਦੇ ਬੋਲਣ ਸਾਰ ਹੀ ਪ੍ਰੀਤ ਸਾਬ੍ਹ ਬੋਲਦੇ ਹਨ ਕਿ ਮੁਹਾਵਰਾ ਤਾਂ ਠੀਕ ਕਰ?... ਹਾਸਰਸ ਕਲਾਕਾਰ ਸਾਬ੍ਹ ਫਿਰ ਬੋਲਦੇ ਹਨ ਕਿ "ਜੇ ਮੈਂ ਮੁਹਾਵਰਾ ਠੀਕ ਕਰ ਲਿਆ ਤਾਂ ਫਿਲਮ 'ਚ 'ਟੂੰਅਅਅ' ਕਰਕੇ ਲੰਘਾ ਦੇਣਗੇ।" ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਸੇ 'ਚ ਲਪੇਟ ਕੇ ਦਰਸ਼ਕਾਂ ਨੂੰ ਕੀ ਦਿੱਤਾ ਗਿਐ। ਸੁਹਿਰਦ ਪਾਠਕ ਜਾ ਦਰਸ਼ਕ ਜਾਣਦੇ ਹੋਣਗੇ ਕਿ ਫਿਲਮਾਂ ਵਿੱਚ ਕਿਹੜੀਆਂ ਗੱਲਾਂ ਨੂੰ ਟੂੰਅਅ ਕਰਕੇ ਲੰਘਾ ਦੇਣ ਦੀ ਲੋੜ ਹੁੰਦੀ ਹੈ। ਤੇ ਇਹ ਟੋਲਾ ਲੋਕਾਂ ਦੀਆਂ ਨਰਸ ਧੀਆਂ ਬਾਰੇ ਕਿਹੋ ਜਿਹੀ 'ਸੁੱਚੀ' ਸੋਚ ਰੱਖਦੇ ਹਨ? ਇੱਥੋਂ ਤੱਕ ਫਿਲਮ ਸਿਰਫ 16 ਮਿੰਟ ਹੀ ਲੰਘੀ ਹੈ। ਨਾਲ ਹੀ ਓਹੀ ਹਾਸਰਸ ਕਲਾਕਾਰ ਆਪਣੇ ਸਾਥੀਆਂ ਨੂੰ 'ਕੁੜੀ ਟਿਕਾਉਣ' ਬਾਰੇ ਦੱਸਦੈ ਤੇ ਉਹਨਾਂ ਤੋਂ ਦੋ ਘੰਟੇ ਲਈ ਕਮਰੇ ਦੀ ਮੰਗ ਕਰਦੈ। ਅਗਲੇ ਦੋ ਮਿੰਟਾਂ 'ਚ ਹੀ ਓਹੀ ਹਾਸਰਸ ਕਲਾਕਾਰ ਦਾ ਪ੍ਰੀਤ ਸਾਬ੍ਹ ਨੂੰ ਫੋਨ ਆਉਂਦੈ ਤੇ ਉਹ ਅਸਿੱਧੇ ਤੌਰ 'ਤੇ ਕਹਿ ਰਿਹਾ ਹੁੰਦੈ ਕਿ ਕੁੜੀ ਉਸਦੇ ਨਾਲ ਹੈ ਤੇ ਉਹ ਉਸ ਲਈ ਕੰਡੋਮ ਪਹੁੰਚਦੇ ਕਰਨ। ਫਿਰ ਸ਼ੁਰੂ ਹੁੰਦਾ ਹੈ ਅਜਿਹੇ ਸ਼ਬਦ ਦਾ ਚੱਕਰੀ ਗੇੜ ਜਿਸਨੂੰ ਲਿਖਣ ਲੱਗਿਆਂ ਵੀ ...ਦੂ ਲਿਖਣਾ ਪੈਂਦੈ ਤਾਂ ਕਿ ਆਪਣੇ ਪੜ੍ਹਨ ਵਾਲਿਆਂ ਅੱਗੇ ਸ਼ਰਮਿੰਦਗੀ ਨਾ ਉਠਾਉਣੀ ਪੈ ਜਾਵੇ ਪਰ ਫਿਲਮ ਦਾ ਮੁੱਖ ਪਾਤਰ ਪ੍ਰੀਤ ਸਾਬ੍ਹ ਇਹ ਭੁੱਲ ਕੇ ਹੀ ਲਗਾਤਾਰ '...ਦੂ ਖਿੱਚਣਾ' ਸ਼ਬਦ ਸ਼ਰੇਆਮ ਬੋਲਦੇ ਹਨ ਕਿ ਕੱਲ੍ਹ ਨੂੰ ਇਹ ਫਿਲਮ ਉਹਨਾਂ ਦੀ ਜਾਣੂੰ ਪਛਾਣੂੰ ਔਰਤ ਵੀ ਭੁੱਲ ਭੇਲੇਖੇ ਦੇਖ ਸਕਦੀ ਹੈ। ਅਗਲੇ 4 ਮਿੰਟ ਵੀ ਫਿਲਮ ਉਸੇ ਚੱਕਰ 'ਚ ਹੀ ਉਲਝੀ ਹੋਈ ਹੈ ਕਿ ਜਦੋਂ ਹਾਸਰਸ ਕਲਾਕਾਰ ਸਾਬ੍ਹ ਉਸ ਕੁੜੀ ਨੂੰ ਲੇ ਕੇ ਕਮਰੇ 'ਚ ਵੜਦੇ ਹਨ ਤਾਂ ਭੁਲੇਖਾ ਪੈਂਦੈ ਕਿ ਜਿਵੇਂ ਇਹ ਪੰਜਾਬੀ ਫਿਲਮ ਨਾ ਹੋਵੇ ਸਗੋਂ ਹਿੰਦੀ ਦੀ ਕੋਈ ਭੂਤਾਂ ਵਾਲੀ ਫਿਲਮ ਹੋਵੇ ਜਿਸ ਵਿੱਚ ਬਿਨਾਂ ਵਜ੍ਹਾ ਹੀ ਭੂਤ ਵੱਲੋਂ ਕੁੜੀਆਂ ਨਾਲ ਬਿਸਤਰ ਸਾਂਝੇ ਕਰਨ ਦੇ ਸੀਨ ਫਿਲਮਾਏ ਗਏ ਹੁੰਦੇ ਹਨ। ਕਹਿੰਦੇ ਹਨ ਕਿ 'ਪਿੰਡ ਦਾ ਪਤਾ ਤਾਂ ਗਹੀਰਿਆਂ ਤੋਂ ਲੱਗ ਜਾਂਦੈ' ਸੋ ਆਪਾਂ ਵੀ ਇਹ ਫਿਲਮ ਕਿੰਨੇ ਕੁ ਪਾਣੀ 'ਚ ਹੈ ਬਾਰੇ ਜਾਣ ਕੇ ਪਹਿਲੇ 45 ਕੁ ਮਿੰਟ ਦੇਖਕੇ ਹੀ ਕੁਰਸੀ ਛੱਡਣੀ ਬਿਹਤਰ ਸਮਝੀ ਜਦੋਂ ਫਿਲਮ ਦੇ ਮੁੱਖ ਪਾਤਰ ਆਪਣੇ ਕਾਲਜ ਦੇ ਗੁੰਡਾ ਜਿਹੇ ਦਿਸਦੇ ਮੁੰਡਿਆਂ ਨੂੰ ਰੰਗਰਲੀਆਂ ਮਨਾਉਂਦੇ ਪੁਲਸ ਨੂੰ ਫੜਾ ਦਿੰਦੇ ਹਨ। ਪੰਜਾਬੀ ਗਾਇਕੀ ਦਾ ਪਾਇਰੇਸੀ ਵੱਲੋਂ ਠੂਠਾ ਮੂਧਾ ਮਾਰ ਦੇਣ ਕਾਰਨ ਅੱਜ ਕੱਲ੍ਹ ਹੋੜ ਜਿਹੀ ਲੱਗ ਗਈ ਹੈ ਕਿ ਜਣੇ ਖਣੇ ਨੂੰ ਵਹਿਮ ਪਿਆ ਹੋਇਐ ਕਿ ਉਹ ਹੀਰੋ ਐ। ਬਿਲਕੁਲ ਉਹੀ ਵਹਿਮ ਜਿਵੇਂ ਕਿਸੇ ਕੱਟੇ ਨੂੰ ਵਹਿਮ ਪੈ ਜਾਵੇ ਕਿ ਉਹ ਸ਼ੇਰ ਐ। ਫਿਲਮ ਦੇਖ ਚੁੱਕੇ ਵੱਖ ਵੱਖ ਦੋਸਤਾਂ ਤੋਂ ਫਿਲਮ ਦੇ ਪਰਿਵਾਰਕ ਹੋਣ ਬਾਰੇ ਵਿਚਾਰ ਜਾਨਣੇ ਚਾਹੇ ਤਾਂ ਜਗਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ "ਫਿਲਮ ਦੀ ਟੀਮ ਜਿੱਥੇ ਵੀ ਗਈ ਉੱਥੇ ਇਹੀ ਰੌਲਾ ਪਾਇਆ ਗਿਆ ਕਿ ਫਿਲਮ ਪਰਿਵਾਰਕ ਹੈ। ਹੁਣ ਫਿਲਮ ਦੇਖਕੇ ਦੁਭਿਧਾ 'ਚ ਹਾਂ ਕਿ ਇਹਨਾਂ ਵੀਰਾਂ ਦੇ ਕਿਹੋ ਜਿਹੇ ਪਰਿਵਾਰ ਹੋਣਗੇ ਜੋ ਇਹੋ ਜਿਹਾ ਗੰਦ ਵੀ ਇਕੱਠੇ ਬੈਠਕੇ ਦੇਖ ਲੈਂਦੇ ਹੋਣਗੇ?" ਕੈਨੇਡਾ ਤੋਂ ਗੁਰਪ੍ਰੀਤ ਸਿੰਘ ਸਹੋਤਾ ਦਾ ਕਹਿਣਾ ਸੀ ਕਿ "ਕੈਨੇਡਾ ਵਸਦੇ ਜਾਗਰੂਕ ਲੋਕਾਂ ਨੇ ਪਹਿਲਾ ਅਖੌਤੀ ਸਾਧ ਸਿੱਧੇ ਕੀਤੇ ਹਨ, ਹੁਣ ਵਾਰੀ ਇਹੋ ਜਿਹਾ ਕੰਜਰਪੁਣਾ ਕਰਨ ਵਾਲਿਆਂ ਦੀ ਹੈ।" ਰਾਜਦੀਪ ਲਾਲੀ ਦਾ ਕਹਿਣਾ ਸੀ ਕਿ "ਇਹਨਾਂ ਦੇ ਹੌਸਲੇ ਵਧਣ ਦਾ ਕਾਰਨ ਇਹ ਵੀ ਹੈ ਕਿ ਮੀਡੀਆ ਵਾਲੇ ਇਹਨਾਂ ਖਿਲਾਫ ਇਸ ਕਰਕੇ ਨਹੀਂ ਖੁੱਲ੍ਹ ਕੇ ਬੋਲਦੇ ਕਿਉਂਕਿ ਇਸ਼ਤਿਹਾਰ ਜੋ ਮਿਲਦੇ ਹਨ।" ਪਵਨ ਕੁਮਾਰ ਝੱਲੀ ਦਾ ਕਥਨ ਸੀ ਕਿ "ਮੈਂ ਫਿਲਮ ਦੇਖਣ ਤਾਂ ਲੱਗ ਗਿਆ, ਮੈਨੂੰ ਕੱਲੇ ਨੂੰ ਸ਼ਰਮ ਆਈ ਜਾਵੇ ਕਿ ਪੰਜਾਬ ਦੀਆਂ ਕੁੜੀਆਂ ਵੀ ...ਦੂ-..ਦੂ ਕਰਨ ਲੱਗ ਗਈਆਂ ਹਨ?"
ਹੁਣ ਸੋਚਣਾ ਇਹ ਬਣਦਾ ਹੈ ਕਿ ਕੀ ਪੰਜਾਬ ਵਿੱਚੋਂ ਵਿਸ਼ੇ ਮੁੱਕ ਗਏ ਹਨ ਜੋ ਇਹਨਾਂ ਗਾਇਕ ਕਲਾਕਾਰਾਂ ਨੇ ਕੈਸੇਟਾਂ ਰਾਹੀਂ ਲੋਕਾਂ ਦੀ ਧੀ-ਭੈਣ 'ਇੱਕ' ਕਰਨ ਨਾਲੋਂ ਫਿਲਮਾਂ ਰਾਹੀਂ ਬਾਕੀ ਕਸਰ ਕੱਢਣੀ ਸ਼ੁਰੂ ਕਰ ਦਿੱਤੀ ਹੈ? ਅੱਜ ਪੰਜਾਬ ਦੇ ਨੌਜ਼ਵਾਨਾਂ ਨੂੰ ਨਸਿ਼ਆਂ ਦੀ ਦਲਦਲ ਵਿੱਚੋਨ ਕੱਢਣ ਦੀ ਲੋੜ ਹੈ ਨਾ ਕਿ ਪਹਿਲਾਂ ਸਾਰੀ ਫਿਲਮ 'ਚ ਨਸਿ਼ਆਂ ਦੇ ਗੁਣ ਗਾਈ ਜਾਵੋ ਤੇ ਅਖੀਰ 'ਚ 'ਜਗਤ-ਰਵੀਰੇ' ਵਜੋਂ ਸਿੱਖਿਆ ਦੇਣ ਲਈ ਅੰਤ ਕਰ ਦਿੱਤਾ ਜਾਵੇ। ਕਾਲਜ਼ ਸਕੂਲ ਧਾਰਮਿਕ ਸਥਾਨ ਵਾਂਗ ਸਤਿਕਾਰ ਦੇ ਪਾਤਰ ਹਨ ਅਤੇ ਉਸ ਤੋਂ ਕਿਤੇ ਵਧੇਰੇ ਅਧਿਆਪਕ ਪਰ ਧੜਾਧੜ ਆ ਰਹੀਆਂ ਫਿਲਮਾਂ ਵਿੱਚ ਕਾਲਜ਼ਾਂ ਨੂੰ ਆਸ਼ਕੀ ਦੇ ਅੱਡੇ ਅਤੇ ਅਧਿਆਪਕਾਂ ਨੂੰ 'ਬੂਝੜ' ਜਿਹੇ ਬਣਾ ਕੇ ਹੀ ਪੇਸ਼ ਕੀਤਾ ਜਾ ਰਿਹੈ। ਸਾਰਾ ਦਿਨ ਹੱਡ ਗਾਲ ਕੇ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਦੇ ਚਾਹਵਾਨ ਮਾਪੇ ਆਵਦੇ ਬੱਚਿਆਂ ਨੂੰ ਕਾਲਜਾਂ 'ਚ ਪੜ੍ਹਨੋਂ ਇਸੇ ਗੱਲੋਂ ਵੀ ਇਨਕਾਰੀ ਹੋ ਸਕਦੇ ਹਨ ਕਿ ਕਾਲਜਾਂ ਵਿੱਚ ਜਾਂ ਤਾਂ ਨਸ਼ੇ ਚਲਦੇ ਹਨ ਜਾਂ ਫਿਰ 'ਸਿਰਫਿਰਿਆਂ' ਵਾਂਗ ਕੰਡੋਮਾਂ ਦੇ ਲਿਫਾਫੇ ਹੀ ਕੋਲ ਰੱਖਦੇ ਹੋਣਗੇ ਕਾਲਜੀਏਟ ਮੁੰਡੇ? ਮੈਂ ਖੁਦ ਵੀ ਇਸੇ ਗੱਲੋਂ ਹੈਰਾਨ ਹਾਂ ਕਿ ਫਿਲਮ ਦੀ ਟੀਮ ਨੇ ਕੀ ਇਹ ਫਿਲਮ ਸਚਮੁੱਚ ਹੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਦੇਖੀ ਹੋਵੇਗੀ ਜਾਂ ਫਿਰ ਲੋਕਾਂ ਦੇ ਧੀਆਂ ਪੁੱਤਾਂ ਨੂੰ ਦਿਖਾਉਣ ਲਈ ਹੀ ਬਣਾਈ ਹੈ?
****
No comments:
Post a Comment