ਐਡੀਲੇਡ : ਪੰਜਾਬੀ ਫ਼ਿਲਮ ‘ਸਾਡੀ ਵੱਖਰੀ ਹੈ ਸ਼ਾਨ’ ਗਿਆਰਾਂ ਅਕਤੂਬਰ ਨੂੰ ਦੇਸ਼ ਵਿਦੇਸ਼ ਵਿਚ ਰਿਲੀਜ਼ ਲਈ ਤਿਆਰ ਹੈ। ਇਸ ਸਿਲਸਿਲੇ ਵਿਚ ਐਡੀਲੇਡ ਦੇ ਇੰਪੀਰੀਅਲ ਕਾਲਜ ਵਿਚ ਇੱਕ ਭਰਵੇਂ ਇਕੱਠ ਦੌਰਾਨ ਰਿਟਾਇਰਡ ਕਰਨਲ ਸ. ਬਿੱਕਰ ਸਿੰਘ ਬਰਾੜ ਅਤੇ ਪਾਕਿਸਤਾਨ ਤੋਂ ਡਾ ਮੁਹੰਮਦ ਅਫ਼ਜ਼ਲ ਮਹਿਮੂਦ (ਐਸੋਸੀਏਟ ਡੀਨ ਯੂਨੀਵਰਸਿਟੀ ਆਫ਼ ਐਡੀਲੇਡ) ਦੁਆਰਾ ਫ਼ਿਲਮ ਦਾ ਸੰਗੀਤ ਜਾਰੀ ਕੀਤਾ ਗਿਆ। ਇਸ ਮੌਕੇ ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਬੀ ਐਮ ਜੀ ਫਿਲਮਜ਼ ਦੇ ਕਰਤਾ ਧਰਤਾ ਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਫ਼ਿਲਮ ‘ਸਾਡੀ ਵੱਖਰੀ ਹੈ ਸ਼ਾਨ’ ਗਿਆਰਾਂ ਅਕਤੂਬਰ ਨੂੰ ਦੇਸ਼ ਵਿਦੇਸ਼ ਵਿਚ ਵੱਡੇ ਪੱਧਰ ਤੇ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਪੰਜਾਬੀ ਕਲਚਰ ਦੀਆਂ ਕਦਰਾਂ ਕੀਮਤਾਂ ਦੇ ਮਿਆਰ ਨੂੰ ਕਾਇਮ ਰੱਖਦੀ ਹੋਈ ਇੱਕ ਰੋਮਾਂਟਿਕ ਲਵ ਸਟੋਰੀ ਹੈ। ਜੋ ਨੌਜਵਾਨਾ ਨੂੰ ਖ਼ਾਸ ਤੌਰ ਤੇ ਪਸੰਦ ਆਵੇਗੀ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਡਾਇਰੈਕਟਰ ਗੁਰਬੀਰ ਗਰੇਵਾਲ ਅਤੇ ਪ੍ਰੋਡਿਊਸਰ ਇੰਦਰ ਘੁਮਾਣ, ਸੁਖਪਾਲ ਮਾਂਗਟ, ਬਿਕਰਮਜੀਤ ਗਿੱਲ ਨੇ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ।
ਇਸ ਮੌਕੇ ਮੁਹੰਮਦ ਅਫ਼ਜ਼ਲ ਮਹਿਮੂਦ ਨੇ ਪੁਰਾਣੇ ਪੰਜਾਬ ਦੀਆਂ ਸਾਂਝਾਂ ਅਤੇ ਯਾਦਾਂ ਤਾਜ਼ਾ ਕਰਦਿਆਂ ਹੋਇਆਂ ਕਿਹਾ ਕਿ ਕਿਸੇ ਵੇਲੇ ਪੰਜਾਬੀ ਸਿਨੇਮੇ ਦੀ ਵੱਖਰੀ ਸ਼ਾਨ ਹੋਇਆ ਕਰਦੀ ਸੀ। ਪਰ ਇਸ ਤਰ੍ਹਾਂ ਦੇ ਉਪਰਾਲੇ ਪੰਜਾਬੀ ਸੁਨਹਿਰੀ ਸਮੇਂ ਨੂੰ ਫਿਰ ਵਾਪਸ ਲਿਆ ਸਕਦੇ ਹਨ। ਇਸ ਮੌਕੇ ਸ ਬਿੱਕਰ ਸਿੰਘ ਬਰਾੜ ਨੇ ਬੋਲਦਿਆਂ ਹੋਇਆਂ ਕਿਹਾ ਕਿ ਫ਼ਿਲਮਾਂ ਇੱਕ ਐਸਾ ਮਨੋਰੰਜਨ ਹੈ ਜੋ ਤਿੰਨ ਘੰਟਿਆਂ ਵਿੱਚ ਪੂਰੀ ਜਿੰਦਗੀ ਬਿਆਨ ਕਰ ਸਕਦਾ ਹੈ। ਇਹ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਇਹ ਸਿੱਖਿਆ ਭਰਪੂਰ ਵੀ ਹੋਣਾ ਚਾਹੀਦਾ ਹੈ। ਇਸ ਮੌਕੇ ਇੰਪਿਰਿਆਲ ਕਾਲਜ ਦੇ ਕਰਤਾ ਧਰਤਾ ਨਵਤੇਜ ਸਿੰਘ ਬਲ ਨੇ ਸਾਰੀਆਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਅਤੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮਹਿੰਗਾ ਸਿੰਘ ਸੰਘਰ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਬਾਖ਼ੂਬੀ ਨਿਭਾਈ। ਇਸ ਮੌਕੇ ਹੋਰਨਾ ਤੋ ਇਲਾਵਾ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ, ਮਿਸ ਕੋਂਨੀ ਕਾਲਿੰਗ (ਪੀ ਆਰ ਐਂਡ ਮਾਰਕੀਟਿੰਗ ਮੈਨੇਜਰ), ਭੁਪਿੰਦਰ ਸਿੰਘ ਮਨੇਸ਼, ਰੌਬੀ ਬੈਨੀਪਾਲ ਰਾਬਤਾ ਰੇਡੀਉ, ਗੁਰਮੀਤ ਸਿੰਘ ਵਾਲੀਆ, ਸਾਰੂ ਰਾਣਾ, ਵੀਰ ਭੰਗੂ, ਜਸਦੀਪ ਢੀਂਡਸਾ, ਸੁਲੱਖਣ ਸਿੰਘ ਸਹੋਤਾ, ਦਵਿੰਦਰ ਧਾਲੀਵਾਲ, ਰਣਜੀਤ ਸੇਖੋਂ, ਜੌਲੀ ਗਰਗ, ਇੰਦਰ ਗਿੱਲ, ਅਮਨਦੀਪ ਸਿੰਘ ਸਹੋਤਾ, ਵਿੱਪੀ ਢਿੱਲੋਂ, ਲਾਲੀ ਗੁਰਨਾ, ਦੀਪ ਘੁਮਾਣ, ਦੀਪੀ ਗਿੱਲ, ਕਮਲਜੀਤ ਸੰਧੂ, ਬਹਾਲ ਸਿੰਘ ਗਿੱਲ ਅਤ ਲਹਿੰਦੇ ਪੰਜਾਬ ਤੋਂ ਸਿਰਾਜ ਹੱਕ ਆਦਿ ਮੌਜੂਦ ਸਨ। ਹੁਣ ਦੇਖਣਾ ਹੋਵੇਗਾ ਕਿ ਪੰਜਾਬੀ ਦੀਆਂ ਧੜਾ ਧੜ ਆ ਰਹੀਆਂ ਫ਼ਿਲਮਾਂ ਵਿੱਚੋਂ ਇਹ ਫ਼ਿਲਮ ਦਰਸ਼ਕਾਂ ਲਈ ਕੀ ਵੱਖਰਾ ਲੈ ਕੇ ਆ ਰਹੀ ਹੈ।
****
No comments:
Post a Comment