ਆਲ੍ਹਣਾ........... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਮਾਂ  ਤੋਂ ਪਰਦੇਸ, ਆਇਆ ਨਾ ਗਿਆ
ਮੈਥੋਂ ਵੀ ਦੇਸ, ਜਾਇਆ ਨਾ ਗਿਆ
ਇਕ ਵਾਰ ਜੋ ਟੁੱਟਿਆ ਸਾਡਾ ਆਲ੍ਹਣਾ
ਕੋਸਿ਼ਸ਼ਾਂ ਦੇ ਬਾਦ ਵੀ, ਬਣਾਇਆ ਨਾ ਗਿਆ

ਨੌਕਰੀ ਦੀ ਭਾਲ ਜੋ, ਲੱਗਾ ਕਰਨ
ਇਕ ਇਕ ਡਾਲਰ ‘ਤੇ, ਲੱਗਾ ਮਰਨ
ਖੂਬ ਡਾਲਰ ਕਮਾ ਕੇ ਕੋਠੀ ਬਣਾ ਲਈ
ਅਮੀਰੀ ਦੇ ਸਮੁੰਦਰ ਵਿਚ, ਲੱਗਾ ਤਰਨ

ਮੈਂ ਖੁਸ਼ ਸੀ ਕਿ ਮੈਨੂੰ, ਗੋਰੀ ਮੇਮ ਮਿਲ ਗਈ
ਸੋਹਣੀ ਵਹੁਟੀ ਪਾ ਕੇ, ਤਬੀਅਤ ਖਿਲ ਗਈ
ਗੋਰੇ ਬੱਚੇ ਦੇਖ ਮੇਰਾ ਮਨ ਅਸ਼-ਅਸ਼ ਕਰਦਾ
ਪਰ ਮੇਰੀ ਮਾਂ ਦੀਆਂ, ਆਸਾਂ ਦੀ ਨੀਂਹ ਹਿਲ ਗਈ

ਪੰਜਾਂ ਸਾਲਾਂ ਬਾਦ, ਸਾਰਾ ਨਸ਼ਾ ਲਹਿ ਗਿਆ
ਸੱਭਿਆਚਾਰ ਦਾ ਅੰਤਰ, ਲੈ ਦੇ ਕੇ ਬਹਿ ਗਿਆ
ਇਕ ਵਾਰ ਫਿਰ, ਅੱਜ ਟੁੱਟਿਆ ਮੇਰਾ ਆਲ੍ਹਣਾ
ਦਿਲ  ‘ਤੇ ਪੱਥਰ ਰੱਖ, ਇਹ ਵੀ ਸਹਿ ਗਿਆ

ਔਖੇ ਵੇਲੇ ਫਿਰ, ਮਾਂ ਹੀ ਚੇਤੇ ਆ ਗਈ
ਦੇਸ ਨੂੰ ਪਰਤਣ ਲਈ, ਟਿਕਟ ਕਟਾ ਲਈ
ਘਰ ਪਹੁੰਚ ਕੇ ਦੇਖਿਆ ਮਾਂ ਦੀ ਫੋਟੋ ‘ਤੇ ਹਾਰ
ਸੁੰਨ ਜਿਹਾ ਰਹਿ ਗਿਆ, ਯਾਦ ਉਸ ਦੀ ਖਾ ਗਈ

ਮਾਂ  ਤੋਂ ਪਰਦੇਸ ਆਇਆ ਨਾ ਗਿਆ
ਮੈਥੌਂ ਵੀ ਦੇਸ ਜਾਇਆ ਨਾ ਗਿਆ
ਇਕ ਵਾਰ ਜੋ ਟੁੱਟਿਆ ਸਾਡਾ ਆਲ੍ਹਣਾ
ਕੋਸਿ਼ਸ਼ਾਂ ਦੇ ਬਾਦ ਵੀ ਬਣਾਇਆ ਨਾ ਗਿਆ

****