
ਦੇਸ਼ ਵੰਡ ਸਮੇਂ ਉਹ ਪਰਿਵਾਰ ਦੇ ਨਾਲ ਹੀ ਗਾਜ਼ੀਆਬਾਦ (ਦਿੱਲੀ) ਆ ਵੱਸੀ ਅਤੇ ਫੇਰ ਮੁੰਬਈ । ਓਥੇ ਉਸਨੇ 1948 ਵਿਚ ਪਿਠਵਰਤੀ ਗਾਇਕਾ ਵਜੋਂ ਫਿਲਮ “ਸ਼ਹੀਦ” ਲਈ ਯਾਦਗਾਰੀ ਗੀਤ “ਬਦਨਾਮ ਨਾ ਹੋ ਜਾਏ ਮੁਹਬਤ ਕਾ ਫ਼ਸਾਨਾ” ਰਿਕਾਰਡ ਕਰਵਾਇਆ। ਸੰਨ 1952 ‘ਚ ਵਾਪਸ ਦਿੱਲੀ ਪਰਤੀ ਸੁਰਿੰਦਰ ਦਾ ਵਿਆਹ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਸਾਹਿਤ ਦੇ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ ਗਿਆ। ਜੋ ਉਸਦਾ ਵਿਸ਼ੇਸ਼ ਸਹਾਇਕ ਅਤੇ ਸਹਿਯੋਗੀ ਬਣਿਆ । ਆਪ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ, ਜਿੰਨ੍ਹਾ ਵਿੱਚੋਂ ਵੱਡੀ ਡੌਲੀ ਗੁਲੇਰੀਆ ਪੰਜਾਬੀ ਦੀ ਨਾਮਵਰ ਗਾਇਕਾ ਹੈ।
* ਚੰਨ ਕਿਥਾਂ ਗੁਜਾਰੀ ਆ ਰਾਤ ਵੇ, * ਲੱਠੇ ਦੀ ਚਾਦਰੂ, * ਸ਼ੌਂਕਣ ਮੇਲੇ ਦੀ, * ਗੋਰੀ ਦੀਆਂ ਝਾਂਜਰਾਂ, * ਸੜਕੇ-ਸੜਕੇ ਜਾਂਦੀਏ ਮੁਟਿਆਰੇ, * ਮਾਵਾਂ ਤੇ ਧੀਆਂ, * ਜੁੱਤੀ ਕਸੂਰੀ ਪੈਰੀ ਨਾ ਪੂਰੀ, * ਮਧਾਣੀਆਂ, * ਇਹਨਾਂ ਅੱਖੀਆਂ ‘ਚ ਪਾਵਾਂ ਕਿਵੇਂ ਕਜਲਾ, * ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ, * ਸੂਹੇ ਵੇ ਚੀਰੇ ਵਾਲਿਆ ਵਰਗੇ ਕਈ ਯਾਦਗਾਰੀ ਗੀਤ ਵੀ ਰਿਕਾਰਡ ਕਰਵਾਏ। ਇਹੋ ਜਿਹੇ ਸਦਾ ਬਹਾਰ ਗੀਤਾਂ ਦੀ ਗਾਇਕਾ ਨੇ ਬਾਬਾ ਬੁਲੇ ਸ਼ਾਹ ਦੀਆਂ ਕਾਫ਼ੀਆਂ ਤੋਂ ਇਲਾਵਾ ਨੰਦ ਲਾਲ ਨੂਰਪੁਰੀ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੁੰ ਪ੍ਰਮੁੱਖਤਾ ਦਿੱਤੀ।
ਆਸਾ ਸਿੰਘ ਮਸਤਾਨਾ, ਕਰਨੈਲ ਗਿੱਲ, ਹਰਚਰਨ ਗਰੇਵਾਲ , ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਦੋ-ਗਾਣਿਆਂ ਸਮੇਤ 2000 ਤੋਂ ਵਧੇਰੇ ਗੀਤ ਰਿਕਾਰਡ ਕਰਵਾਉਣ ਵਾਲੀ ਅਤੇ ਕਈ ਮੁਲਕਾਂ ਦੇ ਸਫ਼ਲ ਟੂਰ ਲਾਉਣ ਵਾਲੀ ਸੁਰਿੰਦਰ ਦੇ ਗੀਤਾਂ ਦੀ ਉਦੋਂ ਲੈਅ ਹੀ ਬਦਲ ਗਈ, ਜਦ 1975 ਵਿੱਚ ਉਸ ਦੇ ਪਤੀ ਨੂੰ ਮੌਤ ਨੇ ਦਬੋਚ ਲਿਆ। ਪਰ ਉਹ ਕਸੀਸ ਵੱਟ ਇਹਨਾਂ ਹਾਲਾਤਾਂ ਵਿੱਚ ਆਪਣੀ ਬੇਟੀ ਰੁਪਿੰਦਰ ਕੌਰ (ਡੌਲੀ ਗੁਲੇਰੀਆ) ਅਤੇ ਦੋਹਤੀ ਸੁਨੈਨਾ ਨਾਲ ਮਿਲਕੇ ਗਾਉਂਦੀ ਰਹੀ। “ਸੁਰਿੰਦਰ ਕੌਰ: ਦ ਥ੍ਰੀ ਜਨਰੇਸ਼ਨਜ਼” ਨਾਂਅ ਦੀ ਐਲਬਮ ਵੀ 1995 ਵਿਚ ਰਿਲੀਜ਼ ਹੋਈ।
ਪੰਜਾਬ ਦੀ ਕੋਇਲ, ਸੰਗੀਤ ਨਾਟਕ ਅਕੈਡਮੀ ਐਵਾਰਡ (1984), ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ (2002), ਇੰਡੀਅਨ ਨੈਸ਼ਨਲ ਅਕੈਡਮੀ ਸੰਗੀਤ ਡਾਨਸ ਅਤੇ ਥਿਏਟਰ ਵਰਗੇ ਐਵਾਰਡ-ਸਨਮਾਨ ਹਾਸਲ ਕਰਨ ਵਾਲੀ ਸੁਰਿੰਦਰ ਕੌਰ ਆਪਣੀ ਮਿੱਟੀ ਦੇ ਮੋਹ ਦੀ ਮਾਰੀ 2004 ਵਿੱਚ ਪੰਚਕੂਲਾ ਜਾ ਵਸੀ। ਉਸ ਨੇ ਜੀਰਕਪੁਰ ਵਿਖੇ ਵੀ ਘਰ ਬਣਾਇਆ। ਪਰ 22 ਦਸੰਬਰ 2005 ਨੂੰ ਉਹ ਹਰਟ ਅਟੈਕ ਦਾ ਸ਼ਿਕਾਰ ਹੋ ਗਈ ਅਤੇ ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਠੀਕ ਹੋਣ ਉਪਰੰਤ ਦਿੱਲੀ ਵਿਖੇ ਜਨਵਰੀ 2006 ਵਿੱਚ ਉਹ ਪਦਮ ਸ਼੍ਰੀ ਐਵਾਰਡ ਹਾਸਲ ਕਰਨ ਲਈ ਵੀ ਪਹੁੰਚੀ। ਸਿਹਤ ਦੀ ਖ਼ਰਾਬੀ ਸਦਕਾ 2006 ਵਿੱਚ ਉਸ ਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਧੀਆਂ ਕੋਲ ਜਾਣਾ ਪਿਆ। ਜਿੱਥੇ ਉਸ ਨੂੰ ਨਿਊ ਜਰਸੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਪਰ ਹਸਪਤਾਲ ਵਿੱਚ ਹੀ ਪੰਜਾਬ ਦੀ ਇਸ ਮਹਾਨ ਗਾਇਕਾ ਨੇ 15 ਜੂਨ 2006 ਨੂੰ ਆਖ਼ਰੀ ਸਾਹ ਲਿਆ। ਅੱਜ ਉਹ ਜਿਸਮਾਨੀ ਤੌਰ ‘ਤੇ ਤਾਂ ਭਾਵੇਂ ਸਾਡੇ ਵਿੱਚ ਨਹੀਂ ਰਹੀ, ਪਰ ਚੇਤਿਆਂ ਵਿੱਚੋਂ ਦੂਰ ਨਹੀਂ ਜਾ ਸਕਦੀ। ਖ਼ਾਸਕਰ ਉਤਨੀ ਦੇਰ, ਜਿਤਨੀ ਦੇਰ ਤੱਕ ਸਾਫ਼-ਸੁਥਰੀ ਗਾਇਕੀ ਗਾਉਣ ਅਤੇ ਸੁਣਨ ਵਾਲੇ ਮੌਜੂਦ ਹਨ ।
****
No comments:
Post a Comment