ਆਕਲੈਂਡ : ਨਵੰਬਰ 1984 ਦੇ ਵਿਚ ਭਾਰਤ ਦੀ ਰਾਜਧਾਨੀ ਅਤੇ ਦੇਸ਼ ਦੀ ਸਰਵ ਉਚ ਨਿਆਂ ਪ੍ਰਣਾਲੀ ‘ਸੁਪਰੀਮ ਕੋਰਟ’ ਦੇ ਘਰ ਨਵੀਂ ਦਿੱਲੀ ਵਿਖੇ ਜਿਨ੍ਹਾਂ ਸਿੱਖ ਪਰਿਵਾਰਾਂ ਨੇ ਨਵੰਬਰ 1984 ਦੇ ਵਿਚ ਆਪਣੇ ਪਿੰਡਿਆਂ ’ਤੇ ਆਪਣੇ ਹੀ ਦੇਸ਼ ਦੇ ਵਿਚ ਇਨਸਾਨੀ ਜਿਸਮ ਵਿਚ ਰਹਿ ਰਹੇ ਹੈਵਾਨਾਂ ਦੀ ਦਰਿੰਦਗੀ ਨੂੰ ਹੰਢਾਇਆ ਹੈ, ਦੀਆਂ ਆਤਮਾਵਾਂ ਨੂੰ ਉਦੋਂ ਤੱਕ ਚੈਨ ਨਸੀਬ ਨਹੀਂ ਹੋ ਸਕਦਾ ਜਦੋਂ ਤੱਕ ਇਨ੍ਹਾਂ ਦੋਸ਼ੀਆਂ ਨੂੰ ਬਰਾਬਰ ਦੀਆਂ ਸਜ਼ਾਵਾਂ ਨਹੀਂ ਮਿਲ ਜਾਂਦੀਆਂ। ਇਨ੍ਹਾਂ ਹਿਰਦੇ ਵੇਧਕ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਭਾਈ ਸਤੰਵਤ ਸਿੰਘ ਦੇ ਛੋਟੇ ਭਰਾਤਾ ਸ. ਸਰਵਣ ਸਿੰਘ ਅਗਵਾਨ ਨੇ ਅੱਜ ਇਥੇ ਇਸ ਪੱਤਰਕਾਰ ਨਾਲ ਕੀਤਾ। ਉਨ੍ਹਾਂ ਨੇ 84 ਵੇਲੇ ਦੇ ਦਿਲ ਕੰਬਾਊ ਹਾਲਾਤਾਂ ਨੂੰ ਆਪਣੇ ਜ਼ਿਹਨ ਵਿਚ ਉਤਾਰਦਿਆਂ ਆਖਿਆ ਹੈ ਉਨ੍ਹਾਂ ਹਜ਼ਾਰਾਂ ਬੇਦੋਸ਼ੇ ਸਿੱਖ ਪਰਿਵਾਰਾਂ ਦੀਆਂ ਉਸ ਵੇਲੇ ਪੈਦਾ ਹੋਈਆਂ ਅਵਸਥਾਵਾਂ ਨੂੰ ਬੜੇ ਨੇੜਿਓ ਹੋ ਕੇ ਵੇਖਿਆ ਹੈ। ਉਨ੍ਹਾਂ ਦੇ ਪਰਿਵਾਰ ਦੇ ਉਤੇ ਵੀ ਅਕਹਿ ਤੇ ਅਸਹਿ ਦੁੱਖ ਆਏ ਹਨ, ਪਰ ਭਾਰਤ ਦੀ ਨਿਆਂ ਪ੍ਰਣਾਲੀ ਨੇ 28 ਸਾਲ ਬੀਤ ਜਾਣ ਬਾਅਦ ਵੀ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਕੇ ਇਕ ਤਰ੍ਹਾਂ ਭਾਰਤ ਦੀ ਨਿਆਂ ਪ੍ਰਣਾਲੀ ਉਤੇ ਕਲੰਕ ਲਾਇਆ ਹੈ। ਇਸ ਕਲੰਕ ਦੇ ਚਰਚੇ ਹੁਣ ਭਾਰਤ ਤੋਂ ਬਾਹਰਲੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿਚ ਵੀ ਹੋਣ ਲੱਗੇ ਹਨ।
ਆਸਟਰੇਲੀਆ ਵਿਖੇ ਇਹ ਪਹਿਲ ਹੋ ਚੁੱਕੀ ਹੈ, ਨਿਊਜ਼ੀਲੈਂਡ ਦੇ ਵਿਚ ਵੀ ਜਲਦੀ ਹੀ ਹੋਵੇਗੀ ਅਤੇ ਬਾਕੀ ਦੇਸ਼ਾਂ ਵਿਚ ਵੀ ਅਜਿਹੇ ਉਦਮ ਹੋਣੇ ਚਾਹੀਦੇ ਹਨ। ਭਾਈ ਸਰਵਣ ਸਿੰਘ ਨੇ ਗਾਂਧੀ ਪਰਿਵਾਰ ਨਾਲ ਗਹਿਰਾ ਗਿਲਾ ਕਰਦਿਆਂ ਕਿਹਾ ਹੈ ਕਿ ਗਾਂਧੀ ਪਰਿਵਾਰ ਗੰਭੀਰਤਾ ਨਾਲ ਸਿੱਖ ਦੰਗਿਆਂ ਦੇ ਕਾਰਨਾਂ ਦੀ ਆਪਣੀ ਅੰਤਰ ਆਤਮਾ ਦੇ ਨਾਲ ਪੜਚੋਲ ਕਰਕੇ ਨਿਰਪੱਖਤਾ ਵਾਲਾ ਕਿਰਦਾਰ ਨਿਭਾਵੇ। ਅਜਿਹਾ ਕਰਨ ਨਾਲ ਸਾਰੇ ਦੋਸ਼ੀ ਉਨ੍ਹਾਂ ਦੇ ਇਰਦ-ਗਿਰਦ ਹੀ ਵਟਾਏ ਹੋਏ ਭੇਸ ਵਿਚ ਘੁੰਮਦੇ ਨਜ਼ਰ ਆਉਣਗੇ। ਇਨ੍ਹਾਂ ਲੋਕਾਂ ਨੂੰ ਸਖਤ ਸਜ਼ਾਵਾਂ ਦੇ ਕੇ ਦੇਸ਼ ਦੀ ਨਿਆਂ ਪ੍ਰਣਾਲੀ ਦੇ ਵਿਚ ਲੋਕਾਂ ਦਾ ਵਿਸ਼ਵਾਸ਼ ਕਾਇਮ ਰੱਖਿਆ ਜਾਵੇ।ਭਾਈ ਸਤਵੰਤ ਸਿੰਘ ਦੀ ਸ਼ਹੀਦੀ ਦੇ ਸੰਦਰਭ ਵਿਚ ਉਨ੍ਹਾਂ ਆਖਿਆ ਹੈ ਕਿ ਉਨ੍ਹਾਂ ਦੇ ਵੱਡੇ ਵੀਰ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ, ਸਿੱਖਾਂ ਦੇ ਸਰਵ ਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ, ਸਰਬ ਸਾਂਝੇ ਅਸਥਾਨ ਸ੍ਰੀ ਦਰਾਬਰ ਸਾਹਿਬ ਨੂੰ ਗੋਲੀਆਂ ਨਾਲ ਨੁਕਸਾਨ ਪਹੁੰਚਾਉਣ ਵਰਗੇ ਭਾਰਤ ਸਰਕਾਰ ਦੀ ਫੌਜ ਦੇ ਘਿਣਾਉਣੇ ਕਾਰੇ ਨੂੰ ਸਿੱਖ ਕੌਮ ਲਈ ਵੰਗਾਰ ਮੰਨਦਿਆਂ ਜਿਥੇ ਜ਼ਾਲਮ ਹੁਕਮਰਾਨ ਦਾ ਖਾਤਮਾ ਕੀਤਾ ਹੈ ਉਥੇ ਖਾਲਸੇ ਦੀ ਚੜ੍ਹਦੀ ਕਲਾ ਦਾ ਹੋਕਾ ਦੇ ਕੇ ਆਉਣ ਵਾਲੀਆਂ ਹੁਕਮਰਾਨ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਸੀ। ਉਨ੍ਹਾਂ ਦਾ ਪਰਿਵਾਰ ਅੱਜ ਵੀ ਨਵੰਬਰ 84 ਦੇ ਦੰਗਿਆਂ ਵਿਚ ਸ਼ਹੀਦ ਹੋਏ ਪਰਿਵਾਰਾਂ ਦੇ ਮੈਂਬਰਾਂ ਨਾਲ ਗਹਿਰੇ ਦਿਲ ਤੋਂ ਹਮਦਰਦੀ ਪ੍ਰਗਟ ਕਰਦਾ ਹੈ। ਬਹੁਤ ਸਾਰੇ ਪਰਿਵਾਰਾਂ ਦਾ ਉਨ੍ਹਾਂ ਦੇ ਨਾਲ ਰਾਬਤਾ ਵੀ ਬਣਿਆ ਰਹਿੰਦਾ ਹੈ ਪਰ ਜ਼ਾਲਮ ਸਰਕਾਰਾਂ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਜੋ ਗੁਜ਼ਾਰੀ ਹੈ, ਉਹ ਵੀ ਇਕ ਲੰਬੀ ਦਰਦਨਾਕ ਕਹਾਣੀ ਹੈ। ਉਨ੍ਹਾਂ ਸਿੱਖ ਵਿਰੋਧੀ ਦੰਗਿਆ ਦਾ ਅਦਾਲਤੀ ਕੇਸ ਲੜ ਰਹੀਆਂ ਜਥੇਬੰਦੀਆਂ ਅਤੇ ਕਾਨੂੰਨੀ ਮਾਹਿਰਾਂ ਉਤੇ ਤੱਸਲੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਇਹ ਕਾਨੂੰਨੀ ਲੜਾਈ ਇਕ ਨਾ ਇਕ ਦਿਨ ਨਵੰਬਰ 84 ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਵਿਚ ਕਾਮਯਾਬੀ ਹਾਸਿਲ ਕਰੇਗੀ ਅਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾਂ ਸਿੱਖ ਕੌਮ ਦੇ ਲਈ ਹਰ ਸੇਵਾ ਲਈ ਤਿਆਰ ਬਰ ਤਿਆਰ ਰਹੇਗਾ। ਬੀਤੇ ਦਿਨੀਂ ਨਵੀਂ ਦਿੱਲੀ ਦੇ ਜੰਤਰ-ਮੰਤਰ ਚੌਂਕ ਵਿਖੇ ਸਿੱਖ ਨੌਜਵਾਨਾਂ ਅਤੇ ਸਿੱਖ ਦੰਗਿਆ ਦਾ ਸੰਤਾਪ ਭੋਗ ਰਹੇ ਪਰਿਵਾਰਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਇਕੱਤਰ ਹੋ ਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਇਕ ਵੱਡਾ ਉਦਮ ਕੀਤਾ ਹੈ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਉਹ ਕੁੰਭਕਰਨੀ ਨੀਂਦ ਤੋਂ ਉਠੇ ਤੇ ਸਿੱਖ ਭਾਵਨਾਵਾਂ ਦੀ ਸਤਿਕਾਰ ਕਰਦਿਆਂ ਦੋਸ਼ੀਆਂ ਦੀਆਂ ਸਜਾਵਾਂ ਵੱਲ ਧਿਆਨ ਦੇਣ।
ਇਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਬੀਤੇ ਸ਼ੁੱਕਰਵਾਰ ਨਿਊਜ਼ੀਲੈਂਡ ਦੇ ਵਿਚ ਵੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਨਵੰਬਰ 84 ਦੇ ਵਿਚ ਸ਼ਹੀਦੀਆਂ ਪਾ ਗਏ ਸਿੰਘ-ਸਿੰਘਣੀਆਂ ਦੀ ਯਾਦ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਅਰਦਾਸ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਬਹਾਦਰੀ ਨੂੰ ਵੀ ਯਾਦ ਕੀਤਾ ਗਿਆ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ ਗਈ।
****
No comments:
Post a Comment