ਖੁਦਕਸ਼ੀ.......... ਨਜ਼ਮ/ਕਵਿਤਾ / ਕਰਨ ਭੀਖੀ

ਖੁਦਕੁਸ਼ੀ ਬੁਜ਼ਦਿਲੀ ਹੈ            
ਅਵਾਮ ਲਈ ਖੜਨਾ
ਹੱਕਾਂ ਲਈ ਲੜਨਾ
ਲੜਦਿਆਂ ਮਰਨਾ ਜਿੰਦਗੀ ਹੈ

ਕਿਰਤੀ ਹੱਡਾਂ ਚ ਵੀ
ਕਿਉਂ ਬੈਠ ਗਈ ਆਲਸ
ਹੱਕਾਂ ਦੀ ਆਵਾਂ ਕਿਉਂ ਪੈ ਗਈ ਮੱਧਮ

ਹਰ ਚਿਹਰਾ ਹੋ ਗਿਆ
ਵੇ ਵਕਤਾ
ਦੇਸ਼ ਦਾ ਨੇਤਾ
ਕਿਸੇ ਹੋਰ ਦੁਨੀਆਂ ਚ ਵੱਸਦਾ ਹੈ
ਹੱਸਦਾ ਹੈ
ਲੋਕਾਈ ਨੂੰ ਲਗਾਤਾਰ ਡੱਸਦਾ ਹੈ ।

ਆਤਮ ਹੱਤਿਆ ਹੱਲ ਨਹੀਂ
ਜਿੰਦਗੀ ਦਾ
ਕਿ ਚੱਲੋ ਤੁਰੋ
ਚੁੱਕੋ ਪਰਚਮ
ਲਹਿਰਾਓ ਹਵਾ ਵਿੱਚ
ਪਰਚਮ ਖੁਦ ਗਾਏਗਾ
ਬਰਾਬਾਰਤਾ ਦੇ ਸਮਾਜ ਦਾ ਗੀਤ
ਵਿਖੇਗਾ ਹਰ ਚਿਹਰੇ ਤੇ ਖੁਸ਼ੀ ਦਾ ਸੰਗੀਤ

ਕੀ ਹਿੰਮਤ ਧਾੜਵੀ ਦੀ
ਕਿ ਕਦਮ ਹੀ ਰੱਖ ਜਾਏ
ਇਸ ਸਰਜਮੀਂ ਤੇ
ਅੰਦਰੋਂ ਹੀ ਪੈਦਾ ਹੋ ਗਏ ਧਾੜਵੀ
ਧਾੜਵੀ ਜੋ ਦੇਸ਼ ਦੇ ਰਾਖੇ ਕਾਹਉਂਦੇ ਰਹੇ

ਆਓ
ਇਤਿਹਾਸਅ ਦੇ ਪੰਨੇ ਫਰੋਲੀਏ
ਪੰਨਿਆਂ ਚੋਂ
ਅੱਗ ਦੀ ਚਿਣਗ ਢੋਲੀਏ
ਤੇ ਦੱਸੀਏ
ਨਾਇਕ ਕੌਣ ਨੇ
ਤੇ ਨਾਇਕ ਕਦੇ ਵੀ
ਖੁਦਕੁਸ਼ੀ ਨਹੀਂ ਕਰਦੇ
ਉਹ ਤੱਤੀਆਂ ਹਵਾਵਾਂ ਖਿਲਾਫ
ਖੜਦੇ ਨੇ ਤੇ ਲੜਦੇ ਨੇ
ਲੜਦਿਆਂ ਮਰਦੇ ਨੇ
ਖੁਦਕੁਸ਼ੀ ਬੁਜ਼ਦਿਲੀ ਹੈ ।

****

No comments: