ਸੋਚਦੇ ਹੀ ਰਹਿ ਗਏ .......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਸੋਚਦੇ ਹੀ ਰਹਿ ਗਏ ਤੂੰ  ਮਿਲ ਕਦੀ ਆ ਬੈਠ ਪਾਸ
ਜਿ਼ੰਦਗੀ ਨੂੰ  ਬਾਝ ਤੇਰੇ  ਮਿਲ ਸਕੇਗਾ  ਨਾ ਨਿਘਾਸ।

ਚੀਰਕੇ  ਪੱਥਰ  ਜਹੇ  ਟੀਂਡੇ  ਹੈ ਖਿੜਦੀ  ਜਾਂ ਕਪਾਸ
ਵੇਲਣੇ ਤੇ  ਚਰਖ਼ ਚੜ੍ਹਨਾ ਫਿਰ ਨ ਹੋਣਾ ਪਰ ਉਦਾਸ।

ਵੇਲ   ਵੇਲਣ  ਤੁੰਬ  ਤੂੰਬੇ   ਤੱਕਲੇ  ਤੇ  ਫਿਰ  ਚੜ੍ਹੇ
ਰਾਂਗਲੀ  ਚਰਖੀ  ਤੇ ਨੱਚੇ  ਤੰਦ  ਤਾਣੀ  ਦੇ ਲਿਬਾਸ।

ਚਰਖਿਆਂ ਦੀ  ਘੂਕ ਉੱਤੇ  ਗੀਤ  ਗਾਵੇ  ਜਦ  ਕੁੜੀ
ਯਾਦ ਮਾਹੀ  ਦੀ ਸਤਾਵੇ  ਕਰ ਗਿਆ ਹੈ  ਜੋ ਅਵਾਸ।

ਨਾ ਫਜ਼ਾ  ਨਾ ਰੰਗ  ਰਲੀਆਂ  ਬਾਝ  ਤੇਰੇ  ਮਹਿਰਮਾ
ਬਰਫਬਾਰੀ  ਤੇ ਉਦਾਸੀ  ਕਦ  ਬੁਝਾਵੇਗੀ  ਪਿਆਸ।

ਸੜ ਗਏ  ਨੇ ਖੇਤ  ਫਸਲਾਂ  ਬਿਰਛ  ਅਧਮੋਏ  ਜਹੇ
ਬਣ ਗਏ ਨੇ ਮੇਘ ਅਜਕਲ ਕਿਸ ਤਰ੍ਹਾਂ ਮੌਕਾਸ਼ਨਾਸ।

ਖਾਰੀਆਂ  ਨਦੀਆਂ  ਦੇ ਵਾਂਗੂੰ  ਹੈ ਸੁਭਾ  ਚੰਚਲ ਤਿਰਾ
ਪਿਆਰ ਐਸਾ ਸੁਹਣਿਆਂ ਵੇ ਨਾ ਕਦੇ ਆਵੇਗਾ ਰਾਸ।

ਇਹ  ਪਿਆਸੇ  ਹੋਂਟ  ਮੇਰੇ  ਤਰਸਦੇ ਹੀ  ਰਹਿਣਗੇ
ਤਿੜਕ ਚੁੱਕੀ  ਹੈ ਸੁਰਾਹੀ  ਤੇ ਨਿਰਾਸੀ  ਫੇਰ ਆਸ।

****

No comments: