ਲਿਖੀਆਂ ਅਨੇਕ ਗ਼ਜ਼ਲਾਂ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਲਿਖੀਆਂ ਅਨੇਕ ਗ਼ਜ਼ਲਾਂ ਦਮ ਨਾ ਕਿਸੇ ਦੇ ਅੰਦਰ
ਗਿਣਤੀ ਦਾ ਮੈਂ ਤੇ ਐਂਵੇਂ ਬੈਠਾ ਹਾਂ ਬਣ ਸਕੰਦਰ।

ਬਾਹਰ ਲਿਆ ਤੂੰ ਨਗ਼ਮੇਂ  ਦਿਲ ਦੀ ਆਵਾਜ਼ ਵਿੱਚੋਂ
ਮੁਸ਼ਕਲ ਸਮੇਂਵੀ ਸਾਥੀ ਰਹਿੰਦਾ ਜੋ ਦਿਲਦੇ ਅੰਦਰ

ਗ਼ਜ਼ਲਾਂ ਤੇ  ਗੀਤ  ਮੇਰੇ  ਹੌਕੇ  ਨੇ  ਮੇਰੇ  ਦਿਲ ਦੇ
ਗਿਣਤੀ ਗਣਾ  ਗਣਾਂ ਦੀ  ਐਂਵੇਂ ਨਾ ਬਣ ਪਤੰਦਰ।

ਜੋਗੀ  ਤਿਆਗ  ਕਰਦੇ  ਦੁਨੀਆਂ, ਹਰੇਕ  ਸ਼ੈ  ਦਾ
ਮਨ ਤੇ ਰਹੇ  ਨਾ ਕਾਬੂ  ਕਾਹਦਾ ਤੂੰ  ਹੈਂ ਮਛੰਦਰ।

ਐਂਵੇਂ   ਲਗਾ   ਟਪੂਸੀ   ਲੋਕੀਂ   ਲੁਭਾਣ   ਲੋਚੇਂ
ਸੂਖਮ ਕਲਾ ਹੈ ਸਾਹਿਤ ਡੁਗਡੁਗ ਨਾ ਨਾਚ ਬੰਦਰ।

ਕਰਨੇ  ਸਫੇ ਜੇ  ਕਾਲੇ  ਦਿਨ  ਰਾਤ  ਹੀ  ਬੇਹੂਦਾ
ਔਣੇ  ਕਿਸੇ  ਨਾ ਲੇਖੇ  ਝਾਤੀ  ਤੂੰ  ਮਾਰ  ਅੰਦਰ।

ਸੋਹਜ  ਸਵਾਦ  ਬਾਝੋਂ  ਸਾਹਿਤ  ਕਲਾ  ਨਾ  ਸੋਹੇ
ਹੀਣਾ  ਗੁਣਾ  ਤੋਂ  ਜਾਵੇ  ਕੂੜੇ ਦੇ  ਢੇਰ  ਅੰਦਰ।

ਸਾਹਿਤ ਕਲਾ ਦਾ ਰਸੀਆ  ਜੇਕਰ ਤੂੰ  ਯਾਰ ਹੋਣਾ
ਖ਼ੁਸ਼ਬੂ ਖਲੇਰ ਹਰ ਥਾਂ  ਦਿਲ ਨੂੰ ਬਣਾ ਤੂੰ ਮੰਦਰ।

ਜੀਵਨ ਦਾ  ਨਾਮ  ਸਾਂਝਾਂ,  ਸਾਂਝਾਂ  ਬਿਨਾ  ਅਧੂਰਾ
ਜੀਵਨ ਤੋਂ  ਭਾਂਜ ਖਾਕੇ  ਘਰ ਨੂੰ ਬਣਾ ਨਾ ਕੰਦਰ।

ਟੁੰਬੇ  ਨਾ  ਜੋ  ਮਨਾਂ  ਨੂੰ  ਜੀਵਨ  ਨਾ  ਸੇਧ  ਦੇਵੇ
ਕਾਹਦੀ ਉਹ ਫਿਰ ਕਲਾ ਹੈ ਜਾਪੇ ਕਲ੍ਹਾ ਕਲੰਦਰ।

****

No comments: