

ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ’ਚ ਹਰ ਮਹੀਨੇ ਕੀਤੇ ਜਾਣ ਵਾਲੇ ਸਹਿਜ ਪਾਠ ਦਾ ਭੋਗ ਪਾਉਣ ਉਪ੍ਰੰਤ ਭਾਈ ਲਖਵਿੰਦਰ ਸਿੰਘ ਬਠਿੰਡੇ ਵਾਲੇ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਹਰਿਜਸ ਸ੍ਰਵਨ ਕਰਵਾਇਆ। ਸਮਾਪਤੀ ’ਤੇ ਅਰਦਾਸ ਉਪ੍ਰੰਤ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਚੰਗੀਆਂ ਪੁਸਤਕਾਂ ਮਨੁੱਖ ਦੀਆਂ ਬਹੁਤ ਵਧੀਆ ਮਿੱਤਰ ਹਨ। ਚੰਗੀਆਂ ਪੁਸਤਕਾਂ ਪੜ੍ਹਨ ਨਾਲ ਜਿੱਥੇ ਗਿਆਨ ਵਿੱਚ ਵਾਧਾ ਹੁੰਦਾ ਹੈ ਉਥੇ ਉਹ ਕਦੀ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਪੁਸਤਕਾਂ ਪੜ੍ਹਨ ਲਈ ਉਤਸ਼ਾਹਤ ਕਰਦਿਆਂ ਉਨ੍ਹਾਂ ਆਪਣੇ ਆਪ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਵਿਦਵਾਨ ਨਹੀਂ ਮੰਨਦੇ ਪਰ ਉਨ੍ਹਾਂ ਨੂੰ ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹਨ ਦਾ ਇਤਨਾ ਸ਼ੌਕ ਹੈ ਕਿ ਹਰ ਰੋਜ ਦੋ ਦੀਵਾਨ ਲਾਉਣ ਦੇ ਬਾਵਯੂਦ ਉਹ 200 ਪੰਨੇ ਦੀ ਪੁਸਤਕ ਇੱਕ ਦਿਨ ਵਿੱਚ ਹੀ ਹਰ ਰੋਜ ਪੜ੍ਹਦੇ ਹਨ ਇਸ ਤਰ੍ਹਾਂ ਉਹ ਮਹੀਨੇ ’ਚ 25 ਤੋਂ 30 ਪੁਸਤਕਾਂ ਪੜ੍ਹ ਲੈਂਦੇ ਹਨ। ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹਨ ਸਦਕਾ ਲੋਕ ਹੁਣ ਉਨ੍ਹਾਂ ਨੂੰ ਹੀ ਵਿਦਵਾਨ ਸਮਝਣ ਲੱਗ ਪਏ ਹਨ ਤੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ ਸਾਰੀ ਦੁਨੀਆਂ ਵਿੱਚੋਂ ਉਨ੍ਹਾਂ ਨੂੰ ਸੱਦੇ ਆਉਣ ਲੱਗ ਪਏ ਹਨ ਕਿ ਤੁਸੀਂ ਆ ਕੇ ਸਾਨੂੰ ਗੁਰਬਾਣੀ ਤੇ ਸਿੱਖ ਇਤਹਾਸ ਸੁਣਾਓ। ਇਸ ਤਰ੍ਹਾਂ ਜੇ ਤੁਸੀਂ ਵੀ ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਪਾ ਲਵੋ ਤਾਂ ਤੁਸੀਂ ਸਾਰੇ ਹੀ ਵਿਦਵਾਨ ਬਣ ਸਕਦੇ ਹੋ ਤੇ ਗੁਰਬਾਣੀ/ਇਤਹਾਸ ਸੁਣਨ ਲਈ ਕਿਸੇ ਦਾ ਮੁਥਾਜ ਨਹੀਂ ਹੋਣਾ ਪਏਗਾ। ਉਨ੍ਹਾਂ ਕਿਹਾ ਕਿ ਸਾਡੀ ਇਹ ਬਦਕਿਸਮਤੀ ਹੈ ਕਿ ਸਿੱਖ ਨੌਜਵਾਨ ਗੁਰਬਾਣੀ ਤੇ ਸਿੱਖ ਇਤਿਹਾਸ ਨਹੀਂ ਪੜ੍ਹਦੇ ਇਸੇ ਕਾਰਣ ਸਾਡੇ ਵਿੱਚੋਂ ਨਿਸ਼ਾਨ ਸਿੰਘ ਤੇ ਰਾਣਾ ਆਦਿਕ ਕੌਮ ਨੂੰ ਬਦਨਾਮ ਕਰਨ ਵਾਲੇ ਬਣ ਰਹੇ ਹਨ। ਜੇ ਕਦੀ ਇਨ੍ਹਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਇਤਿਹਾਸ ਪੜ੍ਹਿਆ ਹੁੰਦਾ ਤਾਂ ਕਦੀ ਵੀ ਇਹ ਆਪਣੇ ਤੇ ਆਪਣੀ ਕੌਮ ਲਈ ਕਲੰਕ ਨਾ ਖੱਟਦੇ। ਸਾਹਿਬਜ਼ਾਦਾ ਅਜੀਤ ਸਿੰਘ ਦਾ ਇਤਿਹਾਸ ਦੱਸਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਦਰਬਾਰ ਲਾ ਕੇ ਬੈਠੇ ਸਨ ਤਾਂ ਹੁਸ਼ਿਆਰਪੁਰ ਦੇ ਨੇੜੇ ਪਿੰਡ ਦੇ ਰਹਿਣ ਵਾਲੇ ਦੇਵਦਾਸ ਬ੍ਰਾਹਮਣ ਨੇ ਦਰਬਾਰ ’ਚ ਆ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਬੱਸੀ ਪਠਾਣਾ ਦਾ ਹਾਕਮ ਜ਼ਾਬਰ ਖ਼ਾਨ ਉਸ ਦੀ ਇਸਤਰੀ ਖੋਹ ਕੇ ਲੈ ਗਿਆ ਹੈ। ਮੇਰੀ ਇਸਤਰੀ ਵਾਪਸ ਦਿਵਾਉਣ ਲਈ ਤੁਹਾਥੋਂ ਬਗੈਰ ਹੋਰ ਕੋਈ ਆਸਰਾ ਨਹੀਂ ਦਿਸਦਾ। ਇਸ ਲਈ ਤੁਸੀਂ ਹੀ ਬਹੁੜੀ ਕਰੋ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵਕਤ ਸਾਹਿਬਜ਼ਾਦਾ ਅਜੀਤ ਸਿੰਘ ਨੂੰ 100 ਸਿੰਘਾਂ ਦੇ ਜਥੇ ਨਾਲ ਦੇਵਦਾਸ ਦੀ ਇਸਤਰੀ ਛਡਾਉਣ ਲਈ ਭੇਜਿਆ, ਜਿਨ੍ਹਾਂ ਨੇ ਬੱਸੀ ਪਠਾਣਾਂ ਦੇ ਹਾਕਮ ਜ਼ਾਬਰ ਖ਼ਾਨ ਨੂੰ ਜਾ ਘੇਰਿਆ ਤੇ ਦੇਵਦਾਸ ਦੀ ਇਸਤਰੀ ਛੁਡਵਾ ਕੇ ਉਸ ਨੂੰ ਵਾਪਸ ਕੀਤੀ ਤੇ ਉਸ ਨੂੰ ਜ਼ਬਰੀ ਲਿਜਾਣ ਵਾਲੇ ਜ਼ਾਬਰ ਖ਼ਾਨ ਨੂੰ ਉਸ ਦੇ ਕੀਤੇ ਦੀ ਸਜਾ ਦਿੱਤੀ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨੌਜਵਾਨ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਿਸੇ ਦੀ ਇਸਤਰੀ ਛੁਡਵਾਉਣ ਲਈ ਭੇਜੇ ਜਾਣ ਦੇ ਫੈਸਲੇ ਦਾ ਉਦੇਸ਼ ਨੌਜਵਾਨਾਂ ਨੂੰ ਇਹ ਪ੍ਰੇਰਣਾ ਦੇਣੀ ਸੀ ਕਿ ਇਸਤਰੀ ਭਾਵੇਂ ਕਿਸੇ ਦੀ ਵੀ ਹੋਵੇ ਸਿੱਖ ਨੌਜਵਾਨਾਂ ਨੇ ਉਸ ਦੀ ਇੱਜਤ ਦੀ ਰਾਖੀ ਕਰਨੀ ਹੈ। ਪਰ ਅਫਸੋਸ ਹੈ ਕਿ ਸਾਡੇ ਨੌਜਵਾਨਾਂ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ ਜਿਸ ਸਦਕਾ ਪਰਾਈਆਂ ਧੀਆਂ ਭੈਣਾਂ ਦੀ ਇੱਜਤ ਦੀ ਰਾਖੀ ਕਰਨ ਦੇ ਆਪਣੇ ਫਰਜ਼ ਅਦਾ ਕਰਨ ਦੀ ਥਾਂ ਨਿਸ਼ਾਨ ਸਿੰਘ, ਰਾਣਾ ਆਦਿਕ ਬਣ ਕੇ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਹਨ। ਭਾਈ ਸਾਧੂ ਸਿੰਘ ਵੱਲੋਂ ਲਾਇਬਰੇਰੀ ਖੋਲ੍ਹਣ ਦੇ ਕੀਤੇ ਉੱਦਮ ਦੀ ਸ਼ਾਲਾਘਾ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਿਰਫ ਲਾਇਬਰੇਰੀ ਖੋਲ੍ਹਣ ਨਾਲ ਹੀ ਕੰਮ ਨਹੀਂ ਸਰਨਾ ਇਸ ਦਾ ਪੂਰਾ ਪੂਰਾ ਲਾਹਾ ਖੱਟਣ ਲਈ ਪਿੰਡ ਵਾਸੀਆਂ ਨੂੰ ਲਾਇਬਰੇਰੀ ਵਿੱਚ ਆ ਕੇ ਵੱਧ ਤੋਂ ਵੱਧ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਤੇ ਆਪਣੇ ਬੱਚਿਆਂ ਨੂੰ ਪੜ੍ਹਾਉਣੀਆਂ ਚਾਹੀਦੀਆਂ ਹਨ। ਚੰਗਾ ਹੋਵੇ ਜੇ ਇਥੇ ਗੁਰਮਤਿ ਦੀਆਂ ਕਲਾਸਾਂ ਸ਼ੁਰੂ ਕਰਕੇ ਬੱਚਿਆਂ ਨੂੰ ਪੜ੍ਹਾਇਆ ਜਾਣਾ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਚੰਗੀਆਂ ਪੁਸਤਕਾਂ ਪੜ੍ਹਨ ਨਾਲ ਮਨੁੱਖ ਦੇ ਵੀਚਾਰ, ਆਚਾਰ ਤੇ ਵਿਵਹਾਰ ਚੰਗਾ ਬਣਦਾ ਹੈ ਜਿਸ ਕਾਰਣ ਬੀਮਾਰੀਆਂ ਤੇ ਅਪਰਾਧਾਂ ਦੀ ਗਿਣਤੀ ਘਟ ਸਕਦੀ ਹੈ। ਜਿਸ ਦਾ ਭਾਵ ਇਹ ਹੋਵੇਗਾ ਕਿ ਜਿੰਨੀਆਂ ਅਸੀਂ ਵੱਧ ਪੁਸਤਕਾਂ ਪੜ੍ਹਾਂਗੇ ਉਤਨਾਂ ਹੀ ਹਸਪਤਾਲਾਂ ਤੇ ਜੇਲ੍ਹਾਂ ਹੇਠ ਰਕਬਾ ਘਟ ਸਕਦਾ ਹੈ।
****
No comments:
Post a Comment