ਤਲਾਸ਼ੀ.......... ਮਿੰਨੀ ਕਹਾਣੀ / ਜਸਵਿੰਦਰ ਸਿੰਘ ਰੁਪਾਲ

ਮੈਟਰਿਕ ਦੇ ਇਮਤਿਹਾਨ ਹੋ ਰਹੇ ਸਨ।  ਮੈਂ ਇੱਕ ਪਬਲਿਕ ਸਕੂਲ ਵਿੱਚ ਬਣੇ ਸੈਟਰ ਵਿਖੇ ਨਿਗਰਾਨ ਵਜੋਂ ਡਿਊਟੀ ਦੇ ਰਿਹਾ ਸੀ। ਸ਼ਾਮ ਦਾ ਪੇਪਰ ਸੀ। ਬੱਚੇ ਵੀ ਪ੍ਰਾਈਵੇਟ ਸਨ ਅਤੇ ਪੇਪਰ ਵੀ ਅੰਗਰੇਜ਼ੀ ਦਾ। ਚੈਕਿੰਗ ਹੋਣ ਦੀ ਪੂਰੀ ਪੂਰੀ ਸੰਭਾਵਨਾ ਸੀ। ਅਸੀਂ ਸਾਰੇ ਪੂਰੀ ਤਰਾਂ ਚੇਤੰਨ ਸਾਂ। ਇੱਕ ਵਾਰ ਪਰਚੀਆਂ ਪਾਕਟਾਂ ਬਾਹਰ ਕੱਢੀਆਂ ਜਾ ਚੁੱਕੀਆਂ ਸਨ। ਮੁੱਖ-ਅਧਿਆਪਕ ਸਾਹਿਬ, ਜਿਹੜੇ ਕੇਂਦਰ ਕੰਟਰੋਲਰ ਵੀ ਸਨ, ਨਕਲ ਦੇ ਪੂਰੀ ਤਰਾਂ ਵਿਰੁੱਧ ਵੀ ਸਨ, ਚੰਗੀ ਤਰਾਂ ਜਾਇਜਾ ਲੈ ਰਹੇ ਸਨ।  ਉਨ੍ਹਾਂ ਮੈਨੂੰ ਵੀ ਇਸ਼ਾਰਾ ਕੀਤਾ ਕਿ ਇੱਕ ਵਾਰੀ ਤਲਾਸ਼ੀ ਹੋਰ ਲੈ ਲਈ ਜਾਵੇ। ਮੈਂ ਤਲਾਸ਼ੀ ਲੈਣੀ ਦੁਬਾਰਾ ਸ਼ੁਰੂ ਕਰ ਦਿੱਤੀ। ਉਹ ਆਪ ਵੀ ਤਲਾਸ਼ੀ ਲੈਣ ਲੱਗ ਪਏ। ਅਸੀਂ ਜੇਬਾਂ, ਬਟੂਏ, ਡੈਸਕ, ਜੁੱਤੀਆਂ ਆਦਿ ਸਭ ਚੈੱਕ ਕਰਨੀਆਂ ਸੁਰੂ ਕਰ ਦਿੱਤੀਆਂ। ਇੱਕ ਵਿਦਿਆਰਥੀ ਦੀ ਪੈਂਟ ਦੀ ਅੰਦਰਲੀ ਜ਼ੇਬ ਵਿਚ ਮੈਨੂੰ ਕੁਝ ਹੋਣ ਦਾ ਸ਼ੱਕ ਪਿਆ। ਮੈਂ ਉਸ ਨੂੰ ਘੁਰ ਕੇ ਪੁੱਛਿਆ,
“ਕੱਢ ਇਹ ਕੀ ਐ?”
“ਜੀ ਇਹ ਤਾਂ ਡੱਬੀ ਐ। ”
“ਡੱਬੀ-ਕਾਹਦੀ?? ਦਿਖਾ ਜ਼ਰਾ”
“ਜ਼ਰਦਾ ਏ ਜੀ । ”
“ਹੈਂ ?? ਤੂੰ ਜ਼ਰਦਾ ਖਾਨਾਂ ਏ ?”, ਮੈਂ ਉਸ ਨੂੰ ਸਿਰ ਤੋਂ ਪੈਰਾਂ ਤੱਕ ਦੇਖ ਰਿਹਾ ਸੀ। ਚਿਹਰੇ ਤੇ ਦਾੜ੍ਹੀ ਤਾਂ ਅਜੇ ਨਹੀਂ ਸੀ ਆਈ,ਪਰ ਉਸ ਦੇ ਸੀਸ ਤੇ ਦਸਤਾਰ ਬੰਨ੍ਹੀ ਹੋਈ ਸੀ।  ਮੇਰਾ ਸਿਰ ਸ਼ਰਮ ਨਾਲ਼ ਨੀਵਾਂ ਹੋ ਰਿਹਾ ਸੀ,ਜਿਵੇਂ ਮੈਂ ਕੋਈ ਗੁਨਾਹ ਕਰ ਬੈਠਾ ਹੋਵਾਂ........।
****


No comments: